ਗੁਰਦੁਆਰਾ ਬ੍ਰਹਮ ਕੁੰਡ, ਅਯੋਧਿਆ, ਉਤਰ ਪ੍ਰਦੇਸ਼              Gurudwara, Bramhkund, Ayodhya, Uttar Pradesh

ਗੁਰਦੁਆਰਾ ਬ੍ਰਹਮ ਕੁੰਡ, ਅਯੋਧਿਆ, ਉਤਰ ਪ੍ਰਦੇਸ਼ Gurudwara, Bramhkund, Ayodhya, Uttar Pradesh

Average Reviews

Description

ਅਯੋਧਿਆ, ਉੱਤਰ ਪ੍ਰਦੇਸ਼ ਦੇ ਜ਼ਿਲਾ ਫੈਜ਼ਾਬਾਦ ਵਿਚ ਦਰਿਆ ਸੁਰਜੂ ਦੇ ਸੱਜੇ ਕੰਢੇ ਆਬਾਦ ਹੈ, ਜਿਸ ਦਰਿਆ ਨੂੰ ਘੱਗਰ ਵੀ ਆਖਿਆ ਜਾਂਦਾ ਹੈ। ਅਯੋਧਿਆ ਨੂੰ ਹਿੰਦੂ ਰਾਮ ਚੰਦਰ ਦੀ ਜਨਮ-ਭੂਮੀ ਵੀ ਮੰਨਦੇ ਹਨ।

ਸੁਰਜੂ ਕੰਢੇ ਬ੍ਰਹਮ ਕੁੰਡ ‘ਤੇ ਤਿੰਨ ਅਸਥਾਨਾਂ ਦੀਆਂ ਨਿਸ਼ਾਨਦੇਹੀਆਂ

ਇਸ ਪੁਰਾਤਨ ਸ਼ਹਿਰ ਵਿਚ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨ ਪਏ ਹਨ। ਇਥੇ ਤਿੰਨ ਗੁਰਦੁਆਰੇ ਇਕ ਦੂਜੇ ਤੋਂ 50 ਮੀਟਰ ਦੀ ਦੂਰੀ ‘ਤੇ ਹਨ। ਬ੍ਰਹਮ ਕੁੰਡ, ਜੋ ਸੁਰਜੂ ਦੇ ਕੰਢੇ ‘ਤੇ ਹਨ, ਜਿਨ੍ਹਾਂ ਨੂੰ ਸਮੁੱਚੇ ਤੌਰ ‘ਤੇ ‘ਗੁਰਦੁਆਰਾ ਬ੍ਰਹਮਾ ਕੁੰਡ’ ਆਖਿਆ ਜਾਂਦਾ ਹੈ।

ਖੱਬੇ ਹੱਥ ਗੁਰੂ ਨਾਨਕ ਦੇਵ ਜੀ ਅਤੇ ਸਾਹਮਣੇ ਬਿਲ ਦੇ ਰੁੱਖ ਓਹਲੇ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ
ਗੁਰੂ ਗੋਬਿੰਦ ਸਿੰਘ ਜੀ ਦੇ ਅਸਥਾਨ ਦੀ ਡਿਓਢੀ

ਗੁਰੂ ਨਾਨਕ ਸਾਹਿਬ ਸੋਲਵੀਂ ਸਦੀ ਦੇ ਸ਼ੁਰੂ ਵਿਚ ਇਥੇ ਆਏ ਸਨ। ੧੯੭੨ ਵਿਚ ਛੋਟੇ ਜਿਹੇ ਥੜੇ ‘ਤੇ ਕੇਸਰੀ ਨਿਸ਼ਾਨ ਸਾਹਿਬ ਝੱਲਦਾ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ੧੬੭੦ ਨੂੰ ਅਯੋਧਿਆ ਆਏ ਸਨ ਜਦੋਂ ਗੁਰੂ ਸਾਹਿਬ ਪੂਰਬੀ ਹਿੱਸਿਆਂ ਤੋਂ ਪੰਜਾਬ ਵੱਲ ਜਾ ਰਹੇ ਸਨ। ਗੁਰੂ ਸਾਹਿਬ ਉਸ ਸਮੇਂ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲ ਨੂੰ ਅਦਬ ਸਹਿਤ ਸੀਸ ਨਿਵਾ ਕੇ ਉਥੇ ਹੀ ਬੈਠ ਕੇ ੪੮ ਘੰਟੇ ਨਾਮ-ਸਿਮਰਨ ਲਗਾਤਾਰ ਕਰਦੇ ਰਹੇ। ਜਦੋਂ ਗੁਰੂ ਸਾਹਿਬ ਪੰਜਾਬ ਵੱਲ ਜਾਣ ਲੱਗੇ ਤਾਂ ਧਰਮਸ਼ਾਲਾ ਦਾ ਬ੍ਰਾਹਮਣ ਪੁਜਾਰੀ ਗੁਰੂ ਸਾਹਿਬ ਨੂੰ ਕੋਈ ਯਾਦ ਚਿੰਨ ਦੇਣ ਲਈ ਬੇਨਤੀ ਕਰਨ ਲੱਗਾ ਤਾਂ ਗੁਰੂ ਸਾਹਿਬ ਨੇ ‘ਲੱਕੜ ਦੀਆਂ ਖੜਾਵਾਂ ਨਿਸ਼ਾਨੀ ਵਜੋਂ ਪੁਜਾਰੀ ਨੂੰ ਦੇ ਦਿੱਤੀਆਂ।

ਇਹ ਜੋੜਾ ਖੜਾਵਾਂ ਦਾ ਅੱਜ ਵੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਵਿਚ ਮੌਜੂਦ ਹੈ। ਇਸ ਦੇ ਉੱਪਰ ਇਕ ਕਮਰਾ ੧੯੭੫ ਵਿਚ ਫੈਜ਼ਾਬਾਦ ਛਾਉਣੀ ਦੇ ਸਿੱਖ ਫੌਜੀਆਂ ਨੇ ਬਣਾਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਬਚਪਨ ਵਿਚ ਪਟਨੇ ਤੋਂ ਪੰਜਾਬ ਜਾਣ ਸਮੇਂ ੧੬੭੦ ਵਿਚ ਅਯੋਧਿਆ ਠਹਿਰੇ ਸਨ। ਗੁਰੂ ਸਾਹਿਬ ਦੀ ਯਾਦ ਵਿਚ ‘ਥੜਾ’ ਕਾਇਮ ਕੀਤਾ ਗਿਆ ਸੀ। ਇਨ੍ਹਾਂ ਅਸਥਾਨਾਂ ਦੀ ਨਿਗਰਾਨੀ ਬਾਹਮਣ ਸ਼ਰਧਾਲੂ ਉਨੀਵੀਂ ਸਦੀ ਦੇ ਅੱਧ ਤਕ ਕਰਦੇ ਰਹੇ। ਅਖੀਰ ਬਾਬਾ ਗੁਲਾਬ ਸਿੰਘ ਇਕ ਕਸ਼ਮੀਰੀ ਸਿੱਖ ਇਥੇ ਆਏ ਜਿਨ੍ਹਾਂ ਇਨ੍ਹਾਂ ਸਾਰੇ ਅਸਥਾਨਾਂ ਨੂੰ ਆਪਣੇ ਪ੍ਰਬੰਧ ਵਿਚ ਕੀਤਾ। ਇਮਾਰਤ ੧੮੯੯ ਈ.  ਵਿਚ ਬਣਾਈ ਗਈ।
ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ ਤੇ ਗੁਰਮੁਖੀ ਵਿਚ ਲਿਖਿਆ ਇਕ ਯਾਦ ਪੱਥਰ ਵੀ ਲੱਗਿਆ ਹੋਇਆ ਹੈ।

ਗੁਰਦੁਆਰਾ ਰਮਣੀਕ ਥਾਂ ‘ਤੇ ਹੈ, ਜਿਸ ਦੇ ਪਿੱਛੇ ਦਰਿਆ ਸੁਰਜੂ ਦੀ ਚਾਲ ਮੱਧਮ ਦਿੱਸਦੀ ਹੈ। ਗੁਰਦੁਆਰੇ ਦੀ ਇਮਾਰਤ ਵਿਚ ਕੇਂਦਰੀ ਗੁੰਬਦ-ਨੁਮਾ ਕਮਰਾ ਜੋ ਅੱਠ ਸਿਰਿਆਂ ਵਾਲਾ ਹੈ ਅਤੇ ਫਰਸ਼ ਸੰਗਮਰਮਰ ਦਾ ਬਣਿਆ ਹੋਇਆ ਹੈ। ਇਸ ਨੂੰ ‘ਸਿੰਘਾਸਨ ਸਥਾਨ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ। ਇਸ ਦੇ ਸਾਹਮਣੇ ਇਕ ਚਕੋਰ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ‘ਸਿੰਘਾਸਨ ਸਥਾਨ’ ਵਿਚ ਜੋ ਗੁਰੂ ਸਾਹਿਬਾਨ ਪਵਿੱਤਰ ਨਿਸ਼ਾਨੀਆਂ ਮੌਜੂਦ ਹਨ, ਉਨ੍ਹਾਂ ਵਿਚ ਦੀ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਖੜਾਵਾਂ ਦੀ ਜੋੜੀ, ਸਟੀਲ ਦੇ ਤੀਰ, ਇਕ ਕਟਾਰ, ਇਕ ਚੱਕਰ ਸ਼ਾਮਲ ਹਨ।

ਕਟਾਰ

ਤੀਰ
ਚੱਕਰ

ਗੁਰਦੁਆਰੇ ਵਿਚ ਦੋ ਹੱਥ-ਲਿਖਤ ਬੀੜਾਂ ਵੀ ਮੌਜੂਦ ਹਨ, ਜਿਸ ਵਿਚ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਉਤਾਰਾ ੧੮੩੮ ਬਿਕਰਮੀ (੧੭੮੧ਈ:) ਨੂੰ ਹੋਇਆ ਹੈ ਅਤੇ ਦੂਜੀ ‘ਦਸਮ ਗ੍ਰੰਥ ਸਾਹਿਬ’ ਦੀ ਬੀੜ ਹੈ।

ਬੀੜਾਂ ਦੇ ਦਰਸ਼ਨ

ਇਸ ਅਸਥਾਨ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਤੇਗ ਸਾਹੀਬ ਜੀ ਦੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਪਹਿਲਾਂ ਏਥੇ ਦੋ ਮੰਜੀਆਂ ਬਣੀਆਂ ਹੋਈਆਂ ਸਨ ਤੇ ਨਿਸ਼ਾਨ ਸਾਹਿਬ ਝੂਲਦੇ ਸਨ। ਹੁਣ ਕਾਰਸੇਵਾ ਰਾਹੀਂ ਨੇ ਆਲੀਸ਼ਾਨ ਦਰਬਾਰ ਬਣਾ ਦਿੱਤੇ ਹਨ।

ਭਾਈ ਧੰਨਾ ਸਿੰਘ ਅਨੁਸਾਰ ਇਹਨਾਂ ਤਿੰਨੋ ਗੁਰਦੁਆਰੇ ਬ੍ਰਹਮ ਕੁੰਡ ਦੇ ਨਾਂ ੪੦੦ ਬਿਗਾ ਜਮੀਨ ਹੈ ਜੋ ਕਿ ਅਯੋਧਿਆ ਤੋਂ ੧੦-੧੨ ਮੀਲ ਤੇ ਪਿੰਡ ਚੱਕਰੀ ਪਰੋਆ ਜਿਲ੍ਹਾ ਗੌਡੇ ਵਿਚ ਹੈ। ਪ੍ਰੰਤੂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮਹੰਤ ਬਲਜੀਤ ਸਿੰਘ ਦੇ ਅਨੁਸਾਰ ਹੁਣ ਜਮੀਨ ਏਨੀਂ ਨਹੀਂ ਹੈ।

ਸਭ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਖੋਜ ਕਰਨ ਅਤੇ ਨਿਸ਼ਾਨ ਸਾਹਿਬ ਲਗਾਉਣ ਦੀ ਸੇਵਾ ਬਾਬਾ ਗੁਲਾਬ ਸਿੰਘ ਨੇ ੧੭੮੫ ਕੀਤੀ । ਉਸ ਤੋਂ ਬਾਅਦ ਬਾਬਾ ਸ਼ਤਰੂਜੀਤ ਸਿੰਘ ਨੇ 1846 ਵਿਚ ਗੁਰਦੁਆਰਾ ਸਾਹਿਬ ਦੀ ਕੱਚੀ ਪੱਕੀ ਇਮਾਰਤ ਬਣਵਾਈ। ਬਾਬਾ ਵਿਚ ਨਿਹੰਗ ਬਾਬਾ ਜਸਵੰਤ ਸਿੰਘ(੧੯੧੯-੧੯੩੧), ਬਾਬਾ ਨਰਾਇਣ ਸਿੰਘ(੧੯੩੧-੧੯੯੯), ਹਰਭਜਨ ਸਿੰਘ(੧੯੯੯-੨੦੦੩) ਤੇ ਹੁਣ ਮਹੰਤ ਬਲਜੀਤ ਸਿੰਘ ਸੇਵਾ ਕਰ ਰਹੇ ਹਨ।

ਇਤਿਹਾਸਿਕ ਸ੍ਰੋਤ

ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ ਹਰਿਦਦੁਆਰ ਤੋਂ ਜਗਨ ਨਾਥ ਜਾਂਦੇ ਹੋਏ ਸੰਮਤ ੧੫੫੭ ਬਿਕਰਮੀ ਨੂੰ ਅਯੋਧਿਆ ਆਏ ਅਤੇ ਸੁਰਜੂ ਨਦੀ ਦੇ ਕੰਢੇ ਬਹਿ ਕੇ ਪੰਡਿਤਾਂ ਨੂੰ ਉਪਦੇਸ ਦੇਣ ਦਾ ਜਿਕਰ ‘ਨਾਨਕ ਪ੍ਰਕਾਸ’ ਉਤ੍ਰਾਧ ਧਿਆਇ ੮ ਵਿਚ ਇਸ ਪ੍ਰਕਾਰ ਦਿਤਾ ਗਿਆ ਹੈ

ਦੋਹਰਾ-ਕਰਤ ਬਚਨ ਬਿਲਾਸ ਕੋ ਦੁਖ ਨਾਸਕ ਸੁਖਦਾਇ ॥
ਨਗਰ ਅਜੁਧਿਆ ਜਹ ਤੇ ਛਿਨ ਮਹਿ ਪਹੁਚੈ ਆਇ ॥
ਚੌਪਈ- ਸਰਿਤਾ ਪਰ ਬੰਨ ਗੁਰ ਪੂਰਨ॥ ਜਗ ਮਹਿ ਦੰਭ ਕੀਨ ਜ਼ਿਨ ਚੂਰਨ
ਸੁਨ ਸ੍ਰੀ ਨਾਨਕ ਨਾਮਕ੍ਰਿਪਾਲਾ॥ ਪਰਤੇ ਨੇਰ ਆਏ ਤਤਕਾਲ ਹੁਤੇ ਜਹਾਂ ਬੇਦੀ ਕੁਲ ਦੀਪਾ ॥ ਬੈਠੇ ਪੰਡਿਤ ਆਨ ਸਮੀਪਾ

ਦੋਹਰਾ-ਤਬ ਪੰਡਿਤ ਬੂਝਨ ਕਿਯੋ ਗੁਰੂ ਕਿਤਕ ਪਰਕਾਰ ॥ ਉੱਤਰ ਦੋਨੇ ਹੇਤ ਤਵ ਬੋਲੇ ਗੁਰੂ ਉਦਾਰ ॥

ਚੌਪਈ- ਇਕ ਪੰਡਿਤ ਗੁਰੂ,ਏਕ ਅਵਧੂਤਾ ॥ ਮਹਾਂ ਪੁਰਖ ਇਕ ਜੋ ਮਤ ਪੂਤਾ
ਲਖਨ ਸੁਨਹੁਭਿਨ ਮਮ ਮਾਨਹੁ ॥ ਜੇ ਪੰਡਿਤ ਤਿਨਕਉ ਇਉ ਜਾਨਹੁ
ਆਪ ਨ ਕਰਹਿ ਦੇਤ ਉਪਦੇਸ਼ਾਂ ॥ਪੰਡਤ ਗੁਰੂ ਜਾਨਹੁ ਤੁਮ ਔਸ॥

ਦੋਹਰਾ-ਪੁੰਨਿ ਮਿਲਨ ਕੋ ਜਾਨੀਏ ਹੋਤ ਨ ਰਿਦੈ ਗਿਆਨ ॥
ਪੁਨ ਜੋ ਹੈ ਅਵਧੂਤ ਗੁਰ ਵਿਦਿਆ ਤੇ ਅਨਜ਼ਾਨ॥
ਚੌਪਈ-ਮਿਲਾਸੰਤ ਕੋ ਜੋ ਗਹਿ ਪਾਯੋ ॥
ਭਇਓ ਗਿਆਨ ਉਰ ਮੋਹਮਿਟਾਯੋ ॥
ਆਨ ਤਰੈ ਭਵਸਾਗਰ ਸੋਇ॥ ਔਰ ਉਧਾਰ ਨ ਤਿਹ ਤੇ ਹੋਇ।।

ਚੌਪਾਈ-ਪੁਨਜੇ ਮਹਾਂਪੁਰਖ ਗੁਰਜ਼ਾਨਹੁ॥
ਸਭ ਵਿਦਯਾ ਮਹਿ ਨਿਪੁੰਨ ਪਛਾਨਹੁ॥
ਨਰ ਜਿਹ ਪਾਰ ਲੰਘਾਵਨ ਹੋਇ॥
ਪਾਰ ਕਰੈ ਖੇਵਟ ਸਮ ਸੋਇ ॥

ਚੌਪਈ-ਤਿਨਕੀ ਦੇਖ ਦੀਨਤਾ ਦਯਾਲਾ ॥ ਦੇਤ ਭਏ ਉਪਦੇਸ ਰਸਾਲਾ ਜਗਤ ਜਾਨੀਏ ਰਿਦੇ ਅਨਿੱਤਾ ॥
ਸਤਿਨਾਮ ਸਿਮਰਹੁ ਨਿਤ ਚਿੱਤਾ ਮਨ ਰੋਕਨ ਕੋ ਕਰ ਅਭਿਆਸਾ ॥
ਹ੍ਵੈ ਤੁਮ ਕੋ ਪ੍ਰਾਪਤ ਸੁਖ ਰਾਸਾ ਜਬ ਹੀ ਜਗਤ ਅਸਤੱਯ ਪਛਾਨੋ॥ ਮਨ ਸੰਕਲਪ ਸੁਖੇਨੰ ਹਾਨੂੰ

ਇਸ ਪ੍ਰਕਾਰ ਕੇ ਦੇ ਉਪਦੇਸਾ ॥ ਆਗੇ ਗਮਨ ਕੀਨ ਜਗਤੇਸ਼ਾ
ਕਾਸੀ ਵਿਖੇ ਜਾਇ ਕੀਆ ਡੇਰਾ॥ ਤਟ ਸੁਰਸਰ ਜ਼ਹ ਸੁੰਦਰ ਹੇਰਾ॥

ਦਿੱਲੀ ਤੋਂ ਤੁਰ ਕੋਇਲ, ਮਥੁਰਾ, ਬਿੰਦ੍ਰਾਬਨ, ਆਗਰਾ, ਅਟਾਏ, ਕਾਨਪੁਰ, ਲਖਨਊ, ਅਜੁਧਿਆ, ਪ੍ਰਯਾਗ, ਮਿਰਜਾਪੁਰ ਆਦਿਕ ਅਨੇਕ ਸ਼ਹਿਰਾਂ ਦਾ ਸੈਲ ਕੀਤਾ। ( ਤਵਾਰੀਖ ਗੁਰੂ ਖਾਲਸਾ ਰਚਿਤ ਭਈ ਗਿਆਨ ਸਿੰਘ ਜੀ ਭਾਗ ੧ )
ਜਿਸ ਜਗ੍ਹਾ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ ਪਹਿਲਾਂ ਤਾਂ ਉਸ ਥਾਂ ‘ਤੇ ਕੇਵਲ ਨਿਸ਼ਾਨ ਸਾਹਿਬ ਲਗੇ ਸਨ, ਹੁਣ ਨਵਾਂ ਦਰਬਾਰ ਬਣਾ ਦਿੱਤਾ ਗਿਆ।

ਗੁਰਦੁਆਰਾ ਸਹਿਬ ਦਾ ਇਤਿਹਾਸ ਅਤੇ ਸੇਵਾ ਸੰਭਾਲ ਕਰਨ ਵਾਲੇ ੬ ਮਹੰਤ

ਗੁਰੂ ਤੇਗ ਬਹਾਦਰ ਸਾਹਿਬ

ਆਸਾਮ ਤੋਂ ਆਨੰਦਪੁਰ ਜਾਣ ਵੇਲੇ ਸੰਮਤ ੧੭੨੮ ਬਿਕ੍ਰਮੀ ਵਿਚ ਜਿਸ ਜਗ੍ਹਾ ਗੁਰੂ ਨਾਨਕ ਪਾਤਿਸ਼ਾਹ ਬਿਰਾਜੇ ਸਨ, ਮੰਜੀ ਸਾਹਿਬ ਤੇ ਮੱਥਾ ਟੇਕ ਕੇ ਸਾਹਮਣੇ ਬੈਠ ਕੇ ਦੋ ਦਿਨ ਅਖੰਡ ਤਪ ਕੀਤਾ ਅਤੇ ਚਰਨ ਕਵਲ ਦੀ ਯਾਦਗਾਰ ਵਿਚ ਇੱਥੋਂ ਦੇ ਇਕ ਪਰਿਵਾਰ ਨੂੰ ਖੜਾਵਾਂ ਬਖਸ਼ੀਸ਼ ਕਰ ਗਏ ਜਿਸ ਦਾ ਦਰਸ਼ਨ ਅਜੇ ਵੀ ਗੁਰਦੁਆਰਾ ਸਾਹਿਬ ਵਿਚ ਹੁੰਦਾ ਹਨ।

ਕਾਸ਼ੀ ਉਤਰ ਕੇ ਅਜੁਧਿਯਾ, ਲਖਨਊ, ਫਰੂਖਾਬਾਦ, ਮੁਰਾਦਾਬਾਦ, ਮੇਰਠ, ਗੰਗਾਜੀ, ਹਰਿਦਵਾਰ ਜ਼ਾਇ ਇਸ਼ਨਾਨ ਕੀਤਾ। (ਤਵਾਰੀਖ ਗੁਰੂ ਖਾਲਸਾ ਰਚਿਤ ਭਾਈ ਗਿਆਨਸਿੰਘ ਜੀ ਭਾਗ ੧)

ਪ੍ਰਕਸ਼ ਅਸਥਾਨ ਦੀ ਪੁਰਾਤਨ ਤਸਵੀਰ

ਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਬਿੰਦ ਸਿੰਘ ਜੀ ਸੰਮਤ ੧੭੨੬ ਬਿਕ੍ਰਮੀ ਛੇਵੇ ਸਾਲ ਦੀ ਉਮਰ ਵਿਚ ਪਟਨੇ ਸਾਹਿਬ ਤੋਂ ਅਨੰਦਪੁਰ ਜਾਣ ਵੇਲੇ ਦੋਹਾਂ ਗੁਰੂਆਂ ਦੇ ਮੰਜੀ ਸਾਹਿਬ ਤੇ ਮੱਥਾ ਟੇਕ ਕੇ ਪਾਸ ਹੀ ਬਿਰਾਜੇ
ਜਿਸਦਾ ਹਵਾਲਾ  ਗੁਰ ਬਿਲਾਸ ਰਚਿਤ ਭਾਈ ਸੁੱਖਾ ਸਿੰਘ ਧਿਆਇ ੪ ਵਿਚ ਇਓਂ ਹੈ-
ਸਵੈਯਾ- ਦੀਨ-ਦਿਆਲ ਦਯਾਨਿਧਿ ਸਾਹਿਬ ਆਵਤ ਹੈਂ ਇਮ ਕੂਚ ਸੁ ਕੀਨੇ ਸ੍ਰੀ ਅਵਧੇਸ਼ ਕੇ ਦੇਸਨ ਮੈ ਨਿਜ ਆਨ ਧਸੇ ਜਗਨਾਥ ਪ੍ਰਬੀਨੇ॥ ਅਵਧ ਪੁਰੀ ਸਰਜੂ ਤਟ ਪਾਵਨ ਆਨ ਪ੍ਰਭੂ ਪਦ ਪੰਕਜ ਦੀਨੇ ॥ ਆਨੰਦ ਭਯੋ ਦੁਖ ਦੰਦ ਮਿਟੈ ਪੁਨ ਤੀਰਥਰਾਜ ਦੀਦਾਰ ਸੁ ਲੀਨੇ॥

‘ਤੀਰਥਰਾਜ਼’ ਘਾਟ ਦਾ ਪ੍ਰਾਚੀਨ ਨਾਮ ਹੈ, ਤ੍ਰੇਤੇ ਵਿਚ ਬ੍ਰਹਮਾ ਜੀ ਘਾਟ ਤੇ ਤਪ ਕਰਨ ਕਰਕੇ ਇਸਦਾ ਨਾਂ ਬ੍ਰਹਮ ਕੁੰਡ ਪੈ ਗਿਆ।

ਗੁਰਬਿਲਾਸ ਪਾਤਿਸ਼ਹੀ ਦਸਵੀਂ ਵਿਚ ਭਾਈ ਸੁੱਖਾ ਦਸਮ ਪਿਤਾ ਦੇ ਅਯੋਧਿਆ ਵਿਚ ਚਰਨ ਪਾਉਣ ਬਾਰੇ ਦਸਦਾ ਹੈ

ਚੌਪਈ
ਉਤਰੇ ਤਹੀ ਆਇ ਜਗਨਾਥਾ || ਸਿਖ ਸਖਾ ਲੀਏ ਅਧਿਕ ਸੂ ਸਾਥਾ
ਸ੍ਰੀ ਸਤਿਗੁਰ ਦਰਸ਼ਨ ਹਿਤ ਧਾਰੀ।। ਉਮਡੀ ਪੁਗੇ ਅਜੁਧਿਆ ਸਾਰੀ
ਸੰਗਤ ਸਰਬ ਸਹਰ ਕੀ ਆਈ ॥ ਜਥਾ ਜੌਗ ਭੇਟਨ ਸੰਗ ਲਾਈ
ਇਤਨੇ ਮੈ ਤਿਹ ਠੌਰ ਮੰਝਾਰਾ ॥ ਆਏ ਕਪਿ ਕੁਲ ਅਧਿਕ ਹਜ਼ਾਰਾ
ਨਾਚਤ ਕੂਦਤ ਰੁਦਨ ਦਿਖਾਵਤ ॥ ਆਵਤ ਡਾਰ ਚਤੁਰ ਦਿਸ ਧਾਵਤ
ਤਿਨਕਰ ਨਿਰਖ, ਕ੍ਰਿਪਾਨਿਧਿ ਤਾਹੀ। ਬਿਗਸੇ ਅਧਿਕ ਬਰਨੇ ਨਹਿ ਜਾਹੀ॥

ਸਵੈਯਾ
ਭੋਜਨ ਬਿੰਜਨ ਪਾਕ ਚਨੇ ਨਿਜ ਲੈ ਕਰ ਮੈਂ ਤਿਨ ਕੇ ਗੁਰ ਪਾਵਤ॥
ਚੰਚਲ ਕੂਦਤ ਆਵਤ ਹੈ ਇਕ ਦੇਖ ਤਿਨੈ ਮਨ ਮੋਦ ਬਢਾਵਤ॥
ਏਕ ਲਰੈਂ, ਏਕ ਚੀਕ ਫਿਰੈਂ, ਇਕ ਲੈ ਤਿਨ ਕੋ ਰਦ ਕਾਢ ਖਿਝਾਵਤ ॥
ਦੇਖ ਚਰਿਤ੍ਰ ਸੁ ਕੀਨ ਕੇ ਜਗਦੀਸ ਮਨੈ ਮਨ ਮੈਂ ਮੁਸਕਾਵਤ

ਚੌਪਈ –
ਪੁਨ ਸੰਗਤ ਕੋ ਆਇਸ ਪਾਈ॥ ਕਰਯੋ ਪਯਾਨ ਨਾਥ ਚਿਤ ਲਾਈ
ਔਰ ਸਾਧ ਸਿਖ ਸਰਬ ਹਟਾਏ॥ ਕਪੁ ਨਹਿ ਫਿਰਤ ਚਤੁਰ ਦਿਸ ਆਏ
ਕੇਤਕ ਪੁਰ ਕੀ ਸੀੜ ਲੰਘਾਈ॥ ਫਿਰੇ ਪਿਸ਼ਟ ਕਹ ਨਿਜ ਸੁਧ ਪਾਈ
ਕੇਤਕ ਆਏ ਸਾਬ ਹੀ ਸਾਥਾ॥ ਤਿਨ ਕੀ ਖਬਰ ਲੇਤ ਜੰਗਨਾਥਾ

ਗੁਰਦੁਆਰਾ ਸਾਹਿਬ ਦੀ ਪੁਰਾਤਨ ਚਿਤਰ ਜੋ ਦਰਿਆ ਵਾਲੇ ਪਾਸਿਓ ਲਿਆ ਗਿਆ।

ਦਸਮ ਪਾਤਿਸ਼ਾਹ ਦੇ ਬ੍ਰਹਮ ਕੁੰਡ ਤੇ ਆਗਮਨ ਦੇ ਪ੍ਰਥਾਇ ਨੂੰ ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸ ੧੨ ਅੱਸੂ ੪੫ ਇਓ ਵਰਨਣ ਕਰਦਾ ਹੈ

ਚੌਪਈ –
ਰਾਮ ਚੰਦ ਕੀ ਨਗਰੀ ਐਧ ॥ ਬਸੇ ਜਹਾਂ ਬਹੁ ਬੀਤੀ ਅੰਧ ਹਰਖਤ ਸਭਿ ਦਰਸ਼ਨ ਕਹੁ ਕਰੈਂ । ਜਥਾ ਸਕਤਿ ਭੇਟਨਿ ਕੋ ਧਰੈਂ
ਇਤਨੇ ਮਹਿੰ ਬੰਦਰ ਗਨ ਆਏ ॥ ਤਿਨ ਕੋ ਦੇਖਿ ਪ੍ਰਭੁ ਬਿਕਸਾਏ
ਨਿਕਟਿ ਹੇਰਬੇ ਹੇਤੁ ਤਮਾਸ਼ਾ ॥ ਚਨੇ ਗਿਰਾਵਤਿ ਭੇ ਤਿਨ ਪਾਸਾ
ਖੇਬੇ ਹੋਤੁ ਪਾਇ ਮਿਲ ਗਏ ॥ ਕੋ ਆਪਸ ਮਹਿ ਲਰਤੇ ਭਏ ਤਬ ਸਤਿਗੁਰ ਗੁੜ ਕੋ ਮੰਗਵਾਇ ॥ ਪਿਖਨ ਲਈ ਦਿਯੋ ਧਰਾਇ
ਤਬ ਕਪਿ ਕੁਦ ਪਰੇ ਬਲਵੰਤੇ ॥ ਇਕ ਕਾਟਤਿ ਇਕ ਭਾਜ ਚਲੰਤੇ ਇਕ ਚੀਕਤ ਬਡ ਸਬਦ ਉਠਾਵੈ ॥ ਇਕ ਲਰ ਪਰੈ ਛੀਨ ਇਕ ਖ਼ਾਵੈਂ
ਦੰਤ ਨਖਨ ਕੋ ਕਰਹਿੰ ਪ੍ਰਹਾਰਾ॥ ਨਿਕਸ਼ਾਯੋ ਸ੍ਰੋਣਿਤ ਕਿਸ ਤਨ ਫਾਰਾ
ਬਦਨ ਨਿਤੰਬ ਲਾਲ ਜਿਨ ਰੰਗ ॥ ਕ੍ਰਧੱਤਿ ਆਪਸ ਮਹਿ ਕਰਿ ਜੰਗ
ਦੇਖ ਦੇਖ ਸ੍ਰੀ ਗੁਰ ਬਿਕਸਾਵੈ॥ ਮਾਤੁਲ ਸੰਗ ਕਹੈ ਦਿਖਰਾਵੈ
ਦ੍ਵੈ ਘਟਕਾ ਲਗਿ ਪਰਚੇ ਰਹੈ | ਇਤ ਉਤ ਬਿਚਰਤਿ ਪੁਨ ਥਿਰ ਬਹੈ
ਜਥਾ ਜੋਗ ਸੰਗਤ ਕੇ ਜਾਥ ।। ਕ੍ਰਿਪਾ ਕਰਤਿ ਬੋਲੇ ਗੁਰਨਾਥ
ਪੁਨਹਿ ਪ੍ਰਾਤ ਕੋ ਜਾਗ ਸਨਾਨੇ॥ ਕਰ ਤਿਯਾਰੀ ਮਾਰਗ ਪ੍ਰਸਥਾਨੇ॥

ਮਿਰਜਾਪੁਰ ਤੋਂ ‘ਅਜੁਧਿਆ’ ਬਸਿਸਟ ਕੁੰਡ ਤੋਂ ਉੱਤਰ ਵਲ ਜਾ ਠਹਿਰੇ , ਫੇਰ ਸੂਰਜ ਕੁੰਡ , ਹਨੂਮਾਨ ਗੜ੍ਹੀ, ਰਾਮਚੰਦ੍ਰ ਦੇ ਮੰਦਰ, ਸੀਤਾ ਦੀ ਰਸੋਈ ਤੇ ਸ੍ਵਰਗ ਦਵਾਰੀ, ਗੁਪਤਾਰ ਘਾਟ ਜਾ ਸਰਜੂ ਦੇ ਇਸਨਾਨ ਕੀਤੇ ।
(ਤਵਾਰੀਖ ਗੁਰੂ ਖਾਲਸਾ ਰਚਿਤ ਭਾਈ ਗਿਆਨ ਸਿੰਘ ਭਾਗ ੧)

੧੯੭੫ ਵਿਚ ਗੁਰੂ ਤੇਗ ਬਹਾਦਰ ਸਾਹਿਬ ਦਾ ੩੦੦ ਸਾਲਾ ਗੁਰਦੁਆਰਾ ਬ੍ਰਹਮ ਕੁੰਡ ਵਿਖੇ ਸ਼ਹੀਦੀ ਦਿਹਾੜਾ ਮਨਾਉਣ ਸਮੇਂ ਦਾ ਚਿਤਰ

ਸ਼ਾਸ਼ਤਰ
੧. ਖੜ੍ਹਾਵਾਂ — ਗੁਰਤੇਗ ਬਹਾਦਰ ਸਾਹਿਬ
੨. ਤੀਰ — ਦਸਮੇਸ਼ ਜੀ ਦੇ ਹੱਥਾਂ ਦੀ ।
੩. ਖੰਜਰ– ਦਸ਼ਮੇਸ਼ ਪਿਤਾ ਦੇ ਗਾਤਰੇ ਦੀ।
੪. ਚੱਕਰ- ਦਸਮੇਸ਼ ਜੀ ਦਾ ।

ਸ਼ਸ਼ਤਰ
੧. ਸੁਨਹਰੀ ਬੀੜ – ਸੰਮਤ ੧੮੩੮ ਬਿ: ਦੀ ਆਦਿ ਲਿਖਤ। ੨. ਦਸਮ ਬੀੜ–ਸ੍ਰੀ ਦਸਮੇਸ਼ ਪਿਤਾ ਜੀ ਜਦੋਂ ੩੨ ਸਾਲ ਦੀ ਅਵਸਥਾ ਵਿਚ ਸਨ ਉਦੋਂ ਸ੍ਰੀ ਆਨੰਦਪੁਰ ਵਿਚ ਉਨ੍ਹਾਂ ਦੀ ਹਜੂਰੀ ਲਿਖਾਰੀ ਨੇ ਹਾੜ ਸੁਦੀ ੧ ਸੰਮਤ ੧੬੫੫ ਬਿਕਰਮੀ ਵਿਚ ਲਿਖਿਆ। ਜਿਸ ਵਿਚ ਸ੍ਰੀ ਦਸਮੇਸ਼ ਜੀ ਦੇ ਸ਼ਸ਼ਤਰ -ਖੰਜਰ, ਚੱਕਰ, ਤੀਰ, ਅੱਖਰਾਂ ਵਿਚ ਲਿਖਾਰੀ ਨੇ ਬਨਾਯਾ ਹੈ।

ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਤਾਂ ਗੁਰਦੁਆਰਾ ਸਾਹਿਬ ਵਿਚ ਕੀਤੇ ਜਾ ਸਕਦੇ ਹਨ ਪ੍ਰੰਤੂ ਦੋਵੇਂ ਬੀੜਾਂ ਦੇ ਦਰਸ਼ਨ ਮਹੰਤ ਜੀ ਵੱਲੋਂ ਆਮ ਤੌਰ ਤੇ ਨਹੀਂ ਕਰਵਾਏ ਜਾਂਦੇ।

ਰੁੱਖ– ਇਤਿਹਾਸਿਕ ਬਿੱਲ ਦਾ ਰੁੱਖ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਖੜ੍ਹਾ ਹੈ।

ਇਤਿਹਾਸਿਕ ਖੂਹ- ਗੁਰਦੁਆਰਾ ਗੁਰੂ ਗੋਬਿੰਦ ਸਿੰਘ ਤੇ ਸੁਰਜੂ ਦਰਿਆ ਦੇ ਘਾਟ ਦੇ ਵਿਚਾਲੇ ਸਥਿਤ ਹੈ।

ਰਿਹਾਇਸ਼ ਤੇ ਲੰਗਰ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ।

ਅਜੋਕੇ ਹਾਲਾਤ – ਸੁਰਜੂ ਦਰਿਆ ‘ਤੇ ਬੰਨ੍ਹ ਲਾਏ ਜਾਣ ਕਾਰਨ ਬ੍ਰਹਮ ਕੁੰਡ ਵਾਲੇ ਪਾਸੇ ਪਾਣੀ ਸੁੱਕ ਗਿਆ ਹੈ ਜਿਸ ਕਾਰਨ ਇਸ ਘਾਟ ਦਾ ਉਹ ਦ੍ਰਿਸ਼ ਖਤਮ ਹੋ ਰਿਹਾ ਹੈ ਜੋ ਗੁਰੂ ਸਾਹਿਬਾਨ ਦੇ ਸਮੇਂ ਸੀ। ਗੁਰਦੁਆਰੇ ਦੀ ਸੇਵਾ ਸੰਭਾਲ, ਜਮੀਨ ਤੋਂ ਆਉਦੀਂ ਆਮਦਨ ਦਾ ਹਿਸਾਬ ਮਹੰਤ ਬਲਜੀਤ ਸਿੰਘ ਕੋਲ ਹੈ।

ਮਹੰਤ ਬਲਜੀਤ ਸਿੰਘ

ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਲਿਖੀ ਗੁਰਬਾਣੀ ਅਤੇ ਇਤਿਹਾਸ ਦਰਸਾਉਂਦੇ ਬੋਰਡ ਜਿਆਦਾਤਰ ਹਿੰਦੀ ਵਿਚ ਹੀ ਹਨ।

ਅਯੋਧਿਆ ਸ਼ਹਿਰ ਵਿਚਲੇ ਗੁਰਦੁਆਰੇ
ਗੁਰਦੁਆਰਾ ਬ੍ਰਹਮ ਕੁੰਡ
ਗੁਰਦੁਆਰਾ ਸੁਆਰਗ ਦੁਆਰ ਘਾਟ
ਗੁਰਦੁਆਰਾ ਵਸ਼ਿਸ਼ਟ ਕੁੰਡ
ਗੁਰਦੁਆਰਾ ਹਨੂੰਮਾਨ ਗੜ੍ਹੀ , ਗੁਰਦੁਆਰਾ ਨਜ਼ਰਬਾਗ ਸਾਹਿਬ

ਹਵਾਲੇ
ਸਾਇਕਲ ਯਾਤਰਾ
ਗੁਰਧਾਮ ਦੀਦਾਰ
ਗੁਰਧਾਮ ਸੰਗ੍ਰਿਹ
ਟਰੈਕਟ ਬ੍ਰਹਮ ਕੁੰਡ ਅਯੋਧਿਆ
ਮਹਾਨ ਕੋਸ਼

Photos