ਗੁਰਦੁਆਰਾ ਛੇਵੀਂ ਪਾਤਸ਼ਾਹੀ, ਪਢਾਣਾ, ਜਿਲ੍ਹਾ ਲਾਹੌਰ, ਲਹਿੰਦਾ ਪੰਜਾਬ         Gurudwara Patshahi Chevi, Padhana, Lahore, Lehnda Punjab

ਗੁਰਦੁਆਰਾ ਛੇਵੀਂ ਪਾਤਸ਼ਾਹੀ, ਪਢਾਣਾ, ਜਿਲ੍ਹਾ ਲਾਹੌਰ, ਲਹਿੰਦਾ ਪੰਜਾਬ Gurudwara Patshahi Chevi, Padhana, Lahore, Lehnda Punjab

Average Reviews

Description

ਪਢਾਣਾ ਪਿੰਡ, ਜਿਲ੍ਹਾ ਅਤੇ ਤਹਿਸੀਲ ਲਾਹੌਰ ਵਿਚ ਆਉਂਦਾ ਹੈ ਜੋ ਥਾਣਾ ਬਰਕੀ ਦਾ ਪਿੰਡ ਹੈ। ਬਰਕੀ ਤੋਂ ਪਢਾਣਾ ਚੜ੍ਹਦੇ ਵਾਲੇ ਪਾਸੇ ਸੜਕੀ ਰਸਤੇ ਰਾਹੀਂ ਲਗਭਗ ੧੫ ਕਿਲੋਮੀਟਰ ਹੈ। ਪਢਾਣਾ ਦੋਹਾਂ ਪੰਜਾਬਾਂ ਨੂੰ ਵੰਡਦੀ ਸਰਹੱਦ ਦੇ ਬਿਲਕੁਲ ਨਾਲ ਹੈ। ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਪਿੰਡ ਹੁਡਿਆਰਾ ਇਸ ਪਿੰਡ ਤੋਂ ਉਤਰ ਪੱਛਮ ਵਾਲੇ ਪਾਸੇ ਲਗਭਗ ੧੦ ਕਿਲੋਮੀਟਰ ‘ਤੇ ਹੈ।

ਗੁਰਦੁਆਰਾ ਸਾਹਿਬ ਦਾ ਬਾਹਰੀ ਦ੍ਰਿਸ਼

ਇਤਿਹਾਸ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਲਹਿੰਦੇ ਵਾਲੇ ਪਾਸੇ ੬ ਕਿਲੋਮੀਟਰ ‘ਤੇ ਪਿੰਡ ਢਿਲਵਾਂਝੱਲੀਆਂ ਤੋਂ ਚੱਲ ਕੇ ਪਿੰਡ ਵਾਸੀਆਂ ਦੇ ਪ੍ਰੇਮ ਕਰਕੇ ਇੱਥੇ ਆਏ ਸਨ। ਇੱਥੇ ਜੱਲਣ ਜੱਟ ਜੋ ਕਿ ਇਸ ਇਲਾਕੇ ਦਾ ਪ੍ਰਸਿੱਧ ਜਮੀਂਦਾਰ ਭਗਤ ਸੀ, ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਹੋਈ। ਇਸੇ ਮਿਠੀ ਯਾਦ ਵਿਚ ਪਹਿਲਾਂ ਇਥਾ ਗੁਰਦੁਆਰਾ ਸਾਹਿਬ ਸਾਧਾਰਨ ਹਾਲਤ ਵਿੱਚ ਸੀ।
ਬਾਅਦ ਵਿਚ ਇੱਥੋਂ ਦੇ ਸਰਦਾਰ ਅਤਰ ਸਿੰਘ ਪਢਾਣਾ ਜੀ ਨੇ ਗੁਰਦੁਆਰਾ ਸਾਹਿਬ ਸੇਵਾ ਅਰੰਭੀ ਅਤੇ ਪਿੰਡ ਦੀ ਸੰਗਤ ਨੇ ਉੱਦਮ ਕਰਕੇ ਸੁੰਦਰ ਦਰਬਾਰ ਬਣਾਇਆ। ਇੱਥੋਂ ਦੀ ਇੱਕ ਮੁਕਾਮੀ ਕਮੇਟੀ ਗੁਰਦੁਆਰਾ ਸਾਹਿਬ ਵਿਚ ਲੰਗਰ ਦਾ ਪ੍ਰਬੰਧ ਕਰਦੀ ਸੀ। ੪੭ ਦੇ ਉਜਾੜਿਆਂ ਤੋਂ ਬਾਅਦ ਸਭ ਕੁਝ ਹੀ ਬਦਲ ਗਿਆ। ਸਾਂਭ ਸੰਭਾਲ ਲਈ ਇਕ ਵੀ ਸਿਖ ਨਾ ਰਿਹਾ। ਹੁਣ ਇਸ ਪਾਵਨ ਅਸਥਾਨ ਅੰਦਰ ਮੇਵਾਤ ਤੋਂ ਆਏ ਹੋਏ ਸ਼ਰਨਾਰਥੀ ਵਸਦੇ ਹਨ। ਇਮਾਰਤ ਚੰਗੀ ਹਾਲਾਤ ਵਿਚ ਹੈ। ਸੇਵਾ ਸੰਭਾਲ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਚੰਗੀ ਹਾਲਤ ਵੀ ਹੌਲੀ  ਹੌਲੀ ਮਾੜੀ ਹੋ ਸਕਦੀ ਹੈ।

ਸਰਹੱਦ ਦੇ ਨਾਲ ਲਗਦਾ ਪਿੰਡ ਪਢਾਣਾ


* ਇਤਿਹਾਸ ਵਿਚ ਇਸ ਗਲ ਦਾ ਵੀ ਜਿਕਰ ਹੈ ਕਿ ਜਦ ਭਾਈ ਤਾਰੂ ਸਿੰਘ ਨੂੰ ਪੂਹਲੇ ਪਿੰਡ ਤੋਂ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਜਾ ਰਿਹਾ ਸੀ ਤਾਂ ਰਾਤ ਪਢਾਣੇ ਪਿੰਡ ਦੇ ਇਸ ਗੁਰਦੁਆਰਾ ਸਾਹਿਬ ਵਿਚ ਰਖਿਆ ਗਿਆ ਸੀ। ਮੁਕਾਮੀ ਸਿਖਾਂ ਨੇ ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਅਤੇ ਬੇਨਤੀ ਕੀਤੀ ਕਿ ਭਾਈ ਸਾਹਿਬ ਅਗਰ ਤੁਸੀਂ ਹੁਕਮ ਕਰੋ ਤਾਂ ਤੁਹਾਨੂੰ ਮੋਮਨ ਖਾਨ ਦੀ ਕੈਦ ਵਿਚੋਂ ਛੁਡਵਾ ਲੈਂਦੇ ਹਾਂ ਤਾਂ ਭਾਈ ਤਾਰੂ ਸਿੰਘ ਨੇ ਕਿਹਾ ਸੀ ਭਾਈ ਨਹੀਂ, ਸਾਨੂੰ ਤੁਸੀਂ ਛੁਡਵਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਸਾਡੀ ਸ਼ਹੀਦੀ ਜਰੂਰੀ ਹੈ। ਸਾਡੀ ਸ਼ਹਾਦਤ ਨਾਲ ਕੌਮ ਵਿਚ ਰੰਗ ਆਵੇਗਾ।

ਇਮਾਰਤ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਵੀਂਹਵੀ ਸਦੀ ਦੇ ਤੀਜੇ ਦਹਾਕੇ ਵਿਚ ਸ਼ੁਰੂ ਹੋਕੇ ਚੌਥੇ ਦਹਾਕੇ ਤਕ ਬਣਦੀ ਰਹੀ ਹੈ। ਮਹਾਨ ਕੋਸ਼(੧੯੩੦ ਈ.) ਵਿਚ ਨਵੀਂ ਇਮਾਰਤ ਬਣਨ ਦਾ ਜਿਕਰ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਵਾਈ ਵਾਲੀਆਂ ਲੱਗਿਆਂ ਸਿਲਾਂ ਤੋਂ ਪਤਾ ਲਗਦਾ ਹੈ ਜਿਨ੍ਹਾਂ ਉਪਰ ੧੯੯੩ ਬਿਕਰਮੀ(੧੯੩੬ ਈ.) ਲਿਖਿਆ ਹੋਇਆ। ਇਹ ਸਿਲਾਂ ਇਮਾਰਤ ਦੀ ਉਸਾਰੀ ਤੋਂ ਬਾਅਦ ਕੰਧਾਂ ਵਿਚ ਲੱਗੀਆਂ ਹੋਣਗੀਆਂ। ਪੁਰਾਣੀ ਇਮਾਰਤ ਦੀਆਂ ਨਾਨਕਸ਼ਾਹੀ ਛੋਟੀਆਂ ਇੱਟਾਂ ਵੀ ਬਾਅਦ ਵਿਚ ਉਸਾਰੀ ਗਈ ਇਮਾਰਤ ਵਿਚ ਲਗਾਇਆਂ ਗਈਆਂ ਹਨ। ਪਲੱਸਤਰ ਨਾ ਹੋਣ ਕਾਰਨ ਇਹ ਇੱਟਾਂ ਅਜ ਵੀ ਨਜ਼ਰੀਂ ਪੈਂਦੀਆਂ।


ਅਜ ਵੀ ਗੁੰਬਦਾਂ ਉਪਰ ਕਲਸ ਲੱਗੇ ਹੋਏ ਹਨ। ਇਮਾਰਤ ਦੇ ਚਾਰੋਂ ਤਰਫ ਤਿੰਨ-ਤਿੰਨ ਦਰਵਾਜੇ ਹਨ। ਕੁਲ ਬਾਰਾਂ ਹਨ। ਜਿਨ੍ਹਾਂ ਦੀਆਂ ਚੁਗਾਠਾਂ ਸੰਗਮਰਮਰ ਦੀਆਂ ਹਨ। ਸਾਰੀ ਇਮਾਰਤ ਦੀ ਉਸਾਰੀ ਚੂਨੇ ਨਾਲ ਹੋਈ ਹੈ। ਦਰਬਾਰ ਸਾਹਿਬ ਦੇ ਅੰਦਰ ਕਾਲੇ ਅਤੇ ਚਿੱਟੇ ਰੰਗ ਦਾ ਡੱਬੀਦਾਰ ਪੱਥਰ ਲੱਗਿਆ ਹੋਇਆ ਹੈ।

ਸਥਾਨਿਕ ਲੋਕ ਦਸਦੇ ਹਨ ਕਿ ਇਸ ਗੁਰਦੁਆਰਾ ਸਾਹਿਬ ਦਾ ੧੯੪੭ ਅਤੇ ੬੫ ਵਿਚ ਕਾਫੀ ਨੁਕਸਾਨ ਹੋਇਆ ਸੀ।


ਦੂਰਬੀਨ ਰਾਹੀਂ ਦਰਸ਼ਨ ਚੜ੍ਹਦੇ ਪੰਜਾਬ ਦੇ ਪਿੰਡ ਨੌਸ਼ਹਿਰਾ ਢਾਲਾ ਤੋਂ ਗੁਰਦੁਆਰਾ ਬਾਬਾ ਜੱਲ੍ਹਣ ਦਾਸ ਦੀ ਛੱਤ ਤੋਂ ਖੜ੍ਹਕੇ ਤੋਂ ਖੜ੍ਹ ਕੇ ਲਹਿੰਦੇ ਪੰਜਾਬ ਦੇ ਇਸ ਗੁਰਦੁਆਰਾ ਪਢਾਣਾ ਦੇ ਦੂਰਬੀਨ ਰਾਹੀਂ ਦਰਸ਼ਨ ਹੋ ਜਾਂਦੇ ਹਨ।

ਪਧਿਆਣੇ ਗੁਰਦੁਆਰਾ ਸਾਹਿਬ ਦੀ ਛਤ ਤੋਂ ਸਰਹੱਦ ਪਾਰ ਦਿਖਾਈ ਦਿੰਦਾ ਚੜ੍ਹਦੇ ਪੰਜਾਬ ਦਾ ਗੁਰਦੁਆਰਾ

ਲਾਂਘਾ – ਇਹ ਗੁਰਦੁਆਰਾ ਸਾਹਿਬ ਵੀ ਸਰਹੱਦ ਦੇ ਬਹੁਤ ਨਜਦੀਕ ਹੈ। ਕਰਤਾਰਪੁਰ ਦੇ ਲਾਂਘੇ ਵਾਂਗ ਚੜ੍ਹਦੇ ਪੰਜਾਬ ਦੀ ਸੰਗਤ ਨੂੰ ਇਸ ਅਸਥਾਨ ਦੇ ਵੀ ਖੁਲ੍ਹੇ ਦਰਸ਼ਨ ਦੀਦਾਰਿਆਂ ਦੀ ਖੁਲ੍ਹ ਮਿਲਣੀ ਚਾਹੀਦੀ ਹੈ।

ਗੁਰਧਾਮ ਦੀਦਾਰ (੧੯੨੫ ਈ.)ਵਿਚ ਇਸ ਅਸਥਾਨ ਦਾ ਇੰਦਰਾਜ ਇਸ ਤਰ੍ਹਾਂ ਹੈ –
“ਇਸ ਪਿੰਡ ਦੀ ਵਸੋਂ ਦੇ ਨਾਲ ਹੀ ਉੱਤਰ ਦੇ ਪਾਸੇ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦਵਾਰਾ ਹੈ। ਗੁਰੂ ਜੀ ਨੇ ਇੱਥੇ ਚੌਧਰੀ ਜਲੂਣ ਜੱਟ ਨਾਲ ਚਰਚਾ ਕੀਤੀ ਸੀ ਜੋ ਇਸ ਇਲਾਕੇ ਵਿੱਚ ਚੰਗੀ ਬਰਕਤ ਵਾਲਾ ਭਗਤ ਸੀ। ਦਰਬਾਰ ਬਹੁਤ ਚੰਗਾ ਬਣਿਆ ਹੋਇਆ ਹੈ। ਲੋਕਲ ਕਮੇਟੀ ਦੇ ਹੱਥ ਪ੍ਰਬੰਧ ਹੈ। ਰੇਲਵੇ ਸਟੇਸ਼ਨ ਅਟਾਰੀ ਤੋਂ ਦੱਖਣ ਦੇ ਪਾਸੇ ੭ ਮੀਲ ਕੱਚੀ ਸੜਕ ਜਾਂਦੀ ਹੈ। ਸਵਾਰੀ ਲਈ ਟਾਂਗੇ ਘੋੜੇ ਮਿਲਦੇ ਹਨ, ਇੱਥੋਂ ਦਾ ਥਾਨਾ ਬਰਕੀ ਤੇ ਡਾਕਖਾਨਾ ਪਢਾਣਾ ਹੈ ॥”

Photos