ਗੁਰਦੁਆਰਾ ਛੇਵੀਂ ਪਾਤਿਸ਼ਾਹੀ ਢਿਲਵਾਂ, ਜ਼ਿਲਾ ਲਾਹੌਰ  Gurudwara Patshahi Chevi Dhilwan, Near Barki, Lahore

ਗੁਰਦੁਆਰਾ ਛੇਵੀਂ ਪਾਤਿਸ਼ਾਹੀ ਢਿਲਵਾਂ, ਜ਼ਿਲਾ ਲਾਹੌਰ Gurudwara Patshahi Chevi Dhilwan, Near Barki, Lahore

Average Reviews

Description

ਢਿਲਵਾਂ ਨਾਮੀ ਇਹ ਪਿੰਡ ਲਹਿੰਦੇ ਪੰਜਾਬ ਵਿਚਲੇ ਜਿਲ੍ਹਾ ਲਾਹੌਰ ਦੇ ਥਾਣਾ ਬਰਕੀ ਵਿਚ ਪੈਂਦਾ ਹੈ। ਇਹ ਪਿੰਡ ਬਰਕੀ ਤੋਂ ਪੂਰਬ ਵਾਲੇ ਪਾਸੇ ਲਗਭਗ ੪‐੫ ਕਿਲੋਮੀਟਰ ‘ਤੇ ਹੈ। ਪੱਕੀ ਸੜਕ ਇਸ ਪਿੰਡ ਨੂੰ ਜਾਂਦੀ ਹੈ ।

ਗੂਗਲ ਮੈਪ ‘ਤੇ ਢਿਲਵਾਂ ਪਿੰਡ ਦੀ ਸਥਿਤੀ

ਇਸ ਪਿੰਡ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਮੰਜੀ ਸਾਹਿਬ ਹੈ। ਗੁਰੂ ਸਾਹਿਬ ਜੀ ਅਨੇਕਾਂ ਪਿੰਡਾਂ ਦਾ ਉਧਾਰ ਕਰਦੇ ਹੋਏ ਲਾਗਲੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪਿੰਡ ਝੱਲੀਆਂ ਤੋਂ ਚੱਲ ਕੇ ਇੱਥੇ ਆਏ ਸਨ। ਝੱਲੀਆਂ ਪਿੰਡ ਢਿਲਵਾਂ ਦੇ ਬਿਲਕੁਲ ਨਾਲ ਲਗਵਾਂ ਹੀ ਹੈ। ਗੁਰੂ ਜੀ ਦੇ ਆਸਣ ਲਗਾਉਣ ਵਾਲੇ ਅਸਥਾਨ ਉੱਤੇ ਮੰਜੀ ਸਾਹਿਬ ਬਣਾ ਕੇ ਛੋਟਾ ਜਿਹਾ ਦਰਬਾਰ ਸਾਹਿਬ ਬਣਾਇਆ ਗਿਆ ਸੀ।ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਪ੍ਰੰਤੂ ੪੭ ਦੇ ਉਜਾੜਿਆਂ ਤੋਂ ਬਾਅਦ ਸਭ ਕੁਝ ਹੀ ਬਦਲ ਗਿਆ। ਇਸ ਅਸਥਾਨ ਦੇ ਨਾਂ ਪਿੰਡ ਦੀ ਸੰਗਤ ਵੱਲੋਂ ੮ ਘੁਮਾਂ ਜ਼ਮੀਨ ਲਗਾਈ ਗਈ ਸੀ ਜੋ ਹੁਣ ਵੀ ਗੁਰਦੁਆਰਾ ਸਾਹਿਬ ਦੇ ਨਾਂ ਬੋਲਦੀ ਹੈ।

ਮਹਾਨ ਕੋਸ਼ ਵਿਚ ਇਸ ਗੁਰਦੁਆਰਾ ਸਾਹਿਬ ਦਾ ਇੰਦਰਾਜ ਇਸ ਤਰ੍ਹਾਂ ਹੈ – ”ਢਿਲਵਾਂ, ਜਿਲ੍ਹਾ ਤਹਸੀਲ ਲਹੌਰ, ਥਾਣਾ ਬਰਕੀ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ। ਇਸ ਦੇ ਦੱਖਣ ਵੱਲ ਪਾਸ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦਾਰਾ ਹੈ। ਸਤਿਗੁਰੂ ਜੀ ਅਨੇਕ ਪਿੰਡਾਂ ਦਾ ਉੱਧਾਰ ਕਰਦੇ ਝੱਲੀਆਂ ਤੋਂ ਇੱਥੇ ਇੱਕ ਪਿੱਪਲ ਹੇਠ ਆ ਬੈਠੇ ਜੋ ਹੁਣ ਸੁੱਕਾ ਹੋਇਆ ਮੌਜੂਦ ਹੈ, ਛੋਟਾ ਜਿਹਾ ਗੁਰਦਾਰਾ ਬਣਿਆ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਅੱਠ ਘੁਮਾਉਂ ਜਮੀਨ ਇਸੇ ਪਿੰਡ ਗੁਰਦਾਰੇ ਦੇ ਨਾਉਂ ਹੈ। ਰੇਲਵੇ ਸਟੇਸ਼ਨ ਅਟਾਰੀ ਤੋਂ ੮ ਮੀਲ ਦੱਖਣ ਪੱਛਮ ਹੈ।”

ਰੁੱਖ – ਮਹਾਨ ਕੋਸ਼ ਅਨੁਸਾਰ ਗੁਰੂ ਜੀ ਨੇ ਇਕ ਪਿਪਲ ਦੇ ਰੁਖ ਹੇਠ ਆਸਣ ਲਗਾਇਆ ਪ੍ਰੰਤੂ ਮਹਾਨ ਕੋਸ਼ (੧੯੩੦ਈ.) ਤਿਆਰ ਕਰਨ ਸਮੇਂ ਸੁੱਕਾ ਹੋਇਆ ਸੀ। ਬਾਅਦ ਵਿਚ ਕੋਈ ਤਨਾ ਹਰਾ ਹੋਇਆ ਜਾਂ ਨਹੀਂ, ਕੁਝ ਵੀ ਪਤਾ ਨਹੀਂ ਹੈ।

ਗੁਰਦੁਆਰਾ ਸਾਹਿਬ ਦੀ ਇਮਾਰਤ

ਮੌਜੂਦਾ ਹਾਲਾਤ ਇਕਬਾਲ ਕੇਸਰ ਹੁਰਾਂ ਨੇ ਆਪਣੀ ਕਿਤਾਬ ਵਿਚ  ਇਸ ਗੁਰਦੁਆਰਾ ਸਾਹਿਬ ਦਾ ਇਕ ਚਿਤਰ ਵੀ ਲਗਾਇਆ ਹੈ ਅਤੇ ਮੌਜੂਦਾ ਹਾਲਾਤ ਬਾਰੇ ਦਸਿਆ ਮੌਜੂਦਾ(੨੦੦੦ ਈ.) ਸਮੇਂ ਇਸ ਵਿਚ ਜਗ੍ਹਾ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਾ ਦਿੱਤੀ ਗਈ ਹੈ।
ਇਮਾਰਤ ਜਿਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਹਨਾਂ ਤਸਵੀਰ ਲਗਾਈ ਹੈ ਉਸ ਵਿਚ ਦਰਬਾਰ ਚੰਗੀ ਹਾਲਤ ਵਿਚ ਹੈ। ਛੋਟਾ ਜਿਹਾ ਦਰਬਾਰ ਸਾਹਿਬ ਹੈ ਜੋ ਨਾਨਕ ਸ਼ਾਹੀ ਇਟ ਦਾ ਬਣਿਆ ਹੋਇਆ ਹੈ। ਪਲੱਸਤਰ ਨਹੀਂ ਹੈ। ਕੰਧਾਂ ਚੌੜੀਆਂ ਹਨ। ਮੁਖ ਦਰਵਾਜੇ ਦੇ ਉਪਰ ਗੋਲਾਈ ਹੈ। ਚਾਰੇ ਹੀ ਪਾਸੇ ਕੰਧਾਂ ਉਪਰ ਇੱਟਾਂ ‘ਚ ਕਲਾਕ੍ਰਿਤੀਆਂ ਕਰਕੇ ਗੁੰਬਦ ਨੁਮਾ ਬਣਾਏ ਗਏ ਹਨ। ਦਰਬਾਰ ਦੇ ਆਸਪਾਸ ਪਾਥੀਆਂ ਪੱਥੀਆਂ ਦਿਖ ਰਹੀਆਂ ਹਨ। ਪਿਛਲੇ ਪਾਸੇ ਕੁਝ ਕਮਰੇ ਦਿਖ ਰਹੇ ਹਨ ਜੋ ਸ਼ਾਇਦ ਗੁਰਦੁਆਰਾ ਸਾਹਿਬ ਦੇ ਰਿਹਾਇਸ਼ੀ ਹੋਣ।
ਬੇਨਤੀ ਛੇਵੇਂ ਪਾਤਿਸ਼ਾਹ ਦੇ ਇਤਿਹਾਸਕ ਗੁਰਦੁਆਰਾ ਪਢਾਣਾ ਤੋਂ ਇਸ ਅਸਥਾਨ ਦੀ ਦੂਰੀ ਲਗਭਗ ੬ ਕਿਲੋਮੀਟਰ ਪੱਛਮ ਵਾਲੇ ਪਾਸੇ ਅਤੇ ਅਤੇ ਗੁਰਦੁਆਰਾ ਪਾਤਿਸ਼ਾਹੀ ੬, ਹਡਿਆਰਾ ਤੋਂ ਉਤਰ ਵਾਲੇ ਪਾਸੇ ਲਗਭਗ ੫ ਕਿਲੋਮੀਟਰ ਹੈ। ਪਿਛਲੇ ਸਮਿਆਂ ਵਿਚ ਕੋਈ ਵੀ ਸਿਖ ਯਾਤਰੂ ਜਾਂ ਖੋਜੀ ਇਸ ਅਸਥਾਨ ‘ਤੇ ਨਹੀਂ ਗਿਆ। ਜਿਸ ਕਾਰਨ ਮੌਜੂਦਾ ਹਾਲਾਤ ਇਸ ਅਸਥਾਨ ਦੇ ਕਿਹੋ ਜਿਹੇ ਹਨ, ਕੁਝ ਵੀ ਪਤਾ ਨਹੀਂ ਲਗਦਾ। ਜੋ ਵੀ ਯਾਤਰੀ ਲਾਹੌਰੋਂ ਪਢਾਣਾ ਜਾਂ ਹਡਿਆਰਾ  ਗੁਰਦੁਆਰਾ ਦੇ ਦਰਸ਼ਨਾਂ ਨੂੰ ਜਾਵੇ ਉਹ ਝੱਲੀਆਂ-ਢਿਲਵਾਂ ਪਿੰਡਾਂ ਦੇ ਦੋਵੇਂ ਅਸਥਾਨ ਦਾ ਸਾਰ ਪਤਾ ਲੈਕੇ ਆਵੇ। ਗੁਰਦੁਆਰਾ ਪੀਡੀਆ ਨਾਲ ਸੰਪਰਕ ਕੀਤਾ ਜਾਵੇ ਜੀ। gurudwarapedia@gmail.com

Pic- Iqbal kesar, Google Map

Photos