ਗੁਰਦੁਆਰਾ ਛੇਵੀਂ ਪਾਤਿਸ਼ਾਹੀ ਹੁਡਿਆਰਾ, ਜ਼ਿਲਾ ਲਾਹੌਰ, ਲਹਿੰਦਾ ਪੰਜਾਬ                  Gurudwara Patshahi Chevi, Hudiara, Lahore, Lehnda Panjab

ਗੁਰਦੁਆਰਾ ਛੇਵੀਂ ਪਾਤਿਸ਼ਾਹੀ ਹੁਡਿਆਰਾ, ਜ਼ਿਲਾ ਲਾਹੌਰ, ਲਹਿੰਦਾ ਪੰਜਾਬ Gurudwara Patshahi Chevi, Hudiara, Lahore, Lehnda Panjab

Average Reviews

Description

ਗੁਰਦੁਆਰਾ ਸਾਹਿਬ ਦਾ ਮੌਜੂਦਾ ਚਿਤਰ

ਲਹਿੰਦੇ ਪੰਜਾਬ ਦੇ ਲਾਹੌਰ-ਖਾਲੜਾ ਸੜਕ ‘ਤੇ ਲਾਹੌਰ ਤੋਂ ੨੦ ਕਿਲੋਮੀਟਰ ਦੱਖਣ ਪੂਰਬ ਵੱਲ ਹੁਡਿਆਰਾ ਪਿੰਡ ਆਉਂਦਾ ਹੈ। ਲਾਹੌਰੋਂ ਇਸ ਪਿੰਡ ਨੂੰ ਜਾਣ ਲਈ ਬਰਕੀ ਤੋਂ ਹੋਕੇ ਜਾਣਾ ਪੈਂਦੇ ਹੈ। ਦੋਵੇਂ ਪੰਜਾਬ ਨੂੰ ਵੰਡਦੀ ਸਰਹੱਦ ਤੋਂ ਇਸ ਪਿੰਡ ਦੀ ਦੂਰੀ ਲਗਭਗ ਚਾਰ ਕਿਲੋਮੀਟਰ ਹੈ। 
ਹਡਿਅਰਾ ਪਿੰਡ ਅੰਦਰ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਪਾਵਨ ਅਸਥਾਨ ਹੈ। ਜਦੋਂ ਆਪ ਜੀ ਲਾਹੌਰ ਤੋਂ ਅੰਮ੍ਰਿਤਸਰ ਜਾ ਰਹੇ ਸਨ ਤਾਂ ਇੱਥੇ ਆਪ ਜੀ ਨੇ ਸੰਗਤ ਦਾ ਪ੍ਰੇਮ ਦੇਖ ਕੇ ਚਰਨ ਪਾਏ ਸਨ। ਝੱਲੀ ਪਿੰਡੋਂ ਤੁਰ, ਮਹਾਰਾਜ ਜੀ ਹੁਡਿਆਰੇ ਆਏ ਸਨ। ਇਥੇ ਸਤਿਗੁਰੂ ਜੀ ਨੇ ਰਾਤ ਦਾ ਨਿਵਾਸ ਕੀਤਾ ਸੀ।

ਵਲੀਉਲਹਾ ਖਾਨ ਦੁਆਰਾ ੧੯੬੨ ਈ. ਵਿਚ ਲਿਆ ਗੁਰਦੁਆਰਾ ਸਾਹਿਬ ਦਾ ਚਿਤਰ


ਪਿੰਡ ਅੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਸਭ ਤੋਂ ਉੱਚੀ ਹੈ, ਜੋ ਦੂਰੋਂ ਹੀ ਨਜ਼ਰ ਆਉਦੀ ਹੈ । ਇਮਾਰਤ ਬਹੁਤ ਹੀ ਸੁੰਦਰ ਤੇ ਮਜ਼ਬੂਤ ਹੈ। ਉਪਰ ਇਕ ਵੱਡਾ ਗੁੰਬਦ ਹੈ ਜਿਸ ਦੇ ਹੇਠਾਂ ਛੋਟੇ ਚਾਰ ਗੁੰਬਦ ਅੱਜ ਵੀ ਮੌਜੂਦ ਹਨ। ਇਕ ਛੋਟਾ ਗੁੰਬਦ ਸਮੇਂ ਨਾਲ ਟੁਟ ਗਿਆ ਸੀ। ਜੋ ਬਾਅਦ ਵਿਚ ਮੁਰੰਮਤ ਕੀਤਾ ਗਿਆ। ਇਮਾਰਤ ‘ਤੇ ਸੀਮੈਂਟ ਦੀ ਨਕਾਸ਼ੀ ਕੀਤੀ ਹੋਈ ਹੈ। ਸੇਵਾ ਸੰਭਾਲ ਕੋਈ ਨਹੀਂ। ਕਦੇ ਹਰ ਰੋਜ਼ ਪ੍ਰਕਾਸ਼ ਹੁੰਦਾ ਸੀ। ਪੁਜਾਰੀ ਸਿੰਘ ਹੋਇਆ ਕਰਦੇ ਸਨ।

ਗੁਰਦੁਆਰਾ ਸਾਹਿਬ ਦੇ ਹਲਾਤ
੧੯੪੭ ਵਿਚ ਬੀਬੀ ਜੰਨਤ ਖਾਤੂਨ ੧੦ ਸਾਲ ਦੀ ਸੀ ਜਦੋਂ ਪੰਜਾਬ ਦਿ ਵੰਡ ਦੇ ਪੈਣੇ ਸ਼ੁਰੂ ਹੋਏ ਸਨ। ਤਰਨਤਾਰਨ ਵਿਚ ਉਨ੍ਹਾਂ ਦੇ ਪਿੰਡ ਦੇ ਸਿਖ ਪਰਿਵਾਰਾਂ ਨੇ ਲਗਭਗ ਤਿੰਨ ਮਹੀਨਿਆਂ ਤੱਕ ਉਨ੍ਹਾਂ ਦੀ ਰੱਖਿਆ ਕੀਤੀ ਅਤੇ ਜਦੋਂ ਇਨ੍ਹਾਂ ਮੁਸਲਮਾਨ ਪਰਿਵਾਰਾਂ ਨੇ ਲਹਿੰਦੇ ਪੰਜਾਬ ਜਾਣ ਦਾ ਫੈਸਲਾ ਕੀਤਾ, ਤਾਂ ਸਿਖਾਂ ਦੇ ਇਕ ਜਥੇ ਨੇ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਅੰਮ੍ਰਿਤਸਰ ਦੇ ਫੌਜੀ ਕੈਂਪ ਵਿੱਚ ਪਹੁੰਚਾਇਆ। ਇਥੋਂ ਉਹ ਅੱਗੇ ਚਲੇ ਗਏ।
ਬੀਬੀ ਜੰਨਤ ਦਾ ਪਰਿਵਾਰ ਪਹਿਲਾਂ ਮੁਲਤਾਨ ਚਲਾ ਗਿਆ, ਪਰ ਨਵੇਂ ਮਾਹੌਲ ਵਿਚ ਰਹਿਣ ਤੋਂ ਅਸਮਰੱਥ ਹੋਣ ਕਰਕੇ, ਉਹ ਹੁਡਿਆਰਾ ਪਿੰਡ ਵਿੱਚ ਆ ਵਸੇ ਕਿਉਂਕਿ ਉਹਨਾਂ ਲਈ ਇਹ ਜਾਣਿਆ-ਪਛਾਣਿਆ ਮਾਹੌਲ ਸੀ ਜੋ ਨਵੀਂ ਬਣੀ ਸਰਹੱਦ ਤੋਂ ਪਾਰ ਉਨ੍ਹਾਂ ਦੇ ਜੱਦੀ ਪਿੰਡ ਤੋਂ ਬਹੁਤ ਦੂਰ ਨਹੀਂ ਸੀ।

੧੯੯੮ ਦਾ ਚਿਤਰ

ਗੁਰਦੁਆਰਾ ਸਾਹਿਬ ਦੇ ਅਹਾਤੇ ਵਿਚ ਵਸੇ ਹੋਣ ਕਾਰਨ ਆਸਪਾਸ ਇਲਾਕੇ ਦੇ ਲੋਕ ਇਹਨਾਂ ਪਰਿਵਾਰਾਂ ਨੂੰ ਅਜ ਵੀ ‘ਗੁਰਦੁਆਰੀਏ’ ਕਹਿੰਦੇ ਹਨ। ਗੁਰਦੁਆਰਾ ਸਾਹਿਬ ਵਿਚ ਰਹਿੰਦੀ ਬਜੁਰਗ ਮਾਤਾ ਜੰਨਤ ਖਾਤੂਨ ਜੀ ਦਸਦੇ ਹਨ ਕਿ ਪਹਿਲਾਂ ਦਰਬਾਰ ਸਾਹਿਬ ਅੰਦਰ ਥੜ੍ਹਾ ਸਾਹਿਬ ਬਣਿਆ ਹੋਇਆ ਸੀ। ਜੋ ਅਜ ਨਹੀਂ ਹੈ।

ਗੁਰਦੁਆਰਾ ਸਾਹਿਬ ਨੂੰ ਮੁਸਲਮਾਨ ਪਰਿਵਾਰ ਵੱਲੋਂ  ‘ਸਟੋਰ ਰੂਮ’ ਵਜੋਂ ਵਰਤਿਆ ਜਾ ਰਿਹਾ ਹੈ। ਕਈ ਵਰ੍ਹਿਆਂ ਤੱਕ ਉਹ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਰਿਹਾਇਸ਼ੀ ਕਮਰੇ ਬਣਾਉਣ ਤੋਂ ਪਹਿਲਾਂ ਅੰਦਰ ਰਹਿੰਦੇ ਸਨ।
੧੯੬੫ ਦੀ ਜੰਗ ਬਜੁਰਗ ਮੁਸਲਮਾਨ ਬੀਬੀ ਦਸਦੇ ਹਨ ਕਿ ੧੯੬੫ ਦੀ ਭਾਰਤ-ਪਾਕਿ ਜੰਗ ਦੌਰਾਨ ਗੋਲਾਬਾਰੀ ਕਾਰਨ ਗੁਰਦੁਆਰੇ ਦਾ ਗੁੰਬਦ ਨੁਕਸਾਨਿਆ ਗਿਆ ਸੀ।

ਸਰਹੱਦੀ ਰੇਖਾ ਦੇ ਨਾਲ ਲੱਗਦੇ ਗੁਰਦੁਆਰਿਆਂ, ਜਿਵੇਂ ਕਿ ਹੁਡਿਆਰਾ, ਪਧਾਣਾ ਅਤੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਿਆਂ ਦੀ ਵਰਤੋਂ ਪਾਕਿਸਤਾਨੀ ਫੌਜ ਨੇ ਆਪਣੀਆਂ ਫੌਜਾਂ ਲਈ ਕੀਤੀ ਸੀ। ਬੀਬੀ ਜੰਨਤ ਖਾਤੂਨ ਦੇ ਅਨੁਸਾਰ, ਜਦੋਂ ਭਾਰਤੀ ਫੌਜ ਬਰਕੀ ਵਿੱਚ ਦਾਖਲ ਹੋਈ ਤਾਂ ਉਹਨਾਂ ਦਾ ਪਰਿਵਾਰ ਗੁਰਦੁਆਰਾ ਸਾਹਿਬ ਖਾਲੀ ਕਰਕੇ ਲਾਹੌਰ ਚਲਾ ਗਿਆ। ਅੱਠ ਮਹੀਨਿਆਂ ਬਾਅਦ, ਜਦੋਂ ਭਾਰਤੀ ਫੌਜ ਪਿੱਛੇ ਹਟ ਗਈ, ਜੰਨਤ ਦਾ ਪਰਿਵਾਰ ਪਿੰਡ ਵਾਪਸ ਆਇਆ ਅਤੇ ਦੇਖਿਆ ਕਿ ਨੁਕਸਾਨੇ ਗਏ ਗੁੰਬਦ ਦੀ ਮੁਰੰਮਤ ਭਾਰਤੀ ਸਿਖ ਸੈਨਿਕਾਂ ਦੁਆਰਾ ਕੀਤੀ ਗਈ ਸੀ। ਉਨ੍ਹਾਂ ਨੇ ਗੁਰਦੁਆਰੇ ਦੀ ਛੱਤ ‘ਤੇ ਨਿਸ਼ਾਨ ਸਾਹਿਬ ਵੀ ਲਾਇਆ ਹੋਇਆ ਸੀ।
ਕੰਧ ਚਿਤਰ

ਕੰਧ ਚਿਤਰਾਂ ਦੀ ਖਸਤਾ ਹਾਲਤ
ਇਸ ਗੁਰਦੁਆਰਾ ਸਾਹਿਬ ਕੰਧ ਚਿਤਰਾਂ ਲਈ ਮਸ਼ਹੂਰ ਸੀ।
ਗੁਰਦੁਆਰੇ ਨੂੰ ਕਈ ਸਾਲਾਂ ਤੋਂ ਰਿਹਾਇਸ਼ ਵਜੋਂ ਵਰਤਣ ਨਾਲ ਇਸ ਦੇ ਅੰਦਰੂਨੀ ਹਿੱਸੇ ਵਿੱਚ ਕੀਮਤੀ ਕਲਾਕ੍ਰਿਤੀਆਂ, ਕੰਧ ਚਿਤਰਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਜ਼ਿਆਦਾਤਰ ਪੋਟਰੇਟ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ ਧੂੰਏ ਨਾਲ ਧੂੰਆਂਖੇ ਗਏ ਹਨ ਯਾ ਸੁਲਾਭ ਨਾਲ ਖਰਾਬ ਹੋ ਗਏ ਹਨ, ਜਿਸ ਕਾਰਨ ਸਪੱਸ਼ਟ ਤਸਵੀਰਾਂ ਲੈਣੀਆਂ ਬਹੁਤ ਮੁਸ਼ਕਲ ਹਨ। ਇਹਨਾਂ ਚਿਤਰਾਂ ਵਿਚ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰਬਾਣੀ ਦੇ ਸ਼ਿਲਾਲੇਖਾਂ ਦੇ ਚਿਤਰ ਸ਼ਾਮਲ ਹਨ। ਕਈ ਕਲਾਕ੍ਰਿਤੀਆਂ ਦੇ ਰੰਗ ਅਜੇ ਵੀ ਚਮਕਦਾਰ ਅਤੇ ਆਕਰਸ਼ਕ ਹਨ।


ਇਹਨਾਂ ਵਿਚ ਗੁਰੂ ਨਾਨਕ ਸਾਹਿਬ ਦਾ ਮੱਕਾ ਘੁਮਾਉਣ ਦਾ ਚਿਤਰ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਕਰਤਾਰਪੁਰ ਦੀ ਜੰਗ ਵਿਚ ਪੈਂਦੇ ਖਾਂ ਨਾਲ ਯੁਧ ਦੇ ਚਿਤਰ ਜਿਕਰਯੋਗ ਹਨ।

ਮੌਜੂਦਾ ਸਮੇਂ ਗੁੰਬਦ ਉਪਰ ਕੀਤਾ ਪਲੱਸਤਰ ਉਤਰ ਰਿਹਾ ਹੈ। ਸਥਾਨਿਕ ਪਰਿਵਾਰ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਾਲ ਲਗਦਾ ਹੀ ਆਪਣਾ ਰਿਹਾਇਸ਼ ਮਕਾਨ ਬਣਾ ਲਿਆ ਹੈ। ਜਿਸਦੀ ਪਹਿਲੀ ਮੰਜ਼ਿਲ ਤੋਂ ਪਾਉੜੀ ਰਾਹੀਂ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ ‘ਤੇ ਪਹੁੰਚਿਆ ਜਾਂਦਾ ਹੈ।

ਗੁਰਦੁਆਰਾ ਸਾਹਿਬ ਦੀਆਂ ਕੰਧਾਂ ਉਪਰ ਸੇਵਾ ਕਰਨ ਵਾਲੇ ਪਰਿਵਾਰਾਂ ਦੇ ਨਾਂ ਪੱਥਰਾਂ ਦੀਆਂ ਸਿਲਾਂ ਉਪਰ ਉਕਰੇ ਅਜ ਵੀ ਮਿਲ ਜਾਂਦੇ ਹਨ।
ਮੇਲਾ – ਦੇਸ ਪੰਜਾਬ ਦੀ ਵੰਡ ਤੋ ਪਹਿਲਾਂ ਇਥੇ ਹਰ ਮਾਘੀ ਨੂੰ ਭਾਰੀ ਜੋੜ-ਮੇਲਾ ਭਰਦਾ ਸੀ।
ਜਗੀਰ–  ਗੁਰਦੁਆਰਾ ਸਾਹਿਬ ਦੇਨਾਂ ੧੦੦ ਘੁਮਾਉਂ ਜ਼ਮੀਨ ਖਾਲਸਾ ਰਾਜ ਦੇ ਸਮੇਂ ਤੋਂ ਹੈ। ੪੭ ਦੇ ਉਜਾੜਿਆ ਤੋਂ ਪਹਿਲਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ।

ਲਾਂਘਾ

ਇਹ ਅਸਥਾਨ ਵੀ ਸਰਹੱਦ ਤੋਂ ਬਹੁਤਾ ਦੂਰ ਨਹੀਂ ਹੈ। ਕਰਤਾਰਪੁਰ ਦੇ ਲਾਂਘੇ ਵਾਂਗ ਇਸ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਸਿਖ ਸੰਗਤਾਂ ਨੂੰ ਦਿਤੇ ਜਾਣੇ ਚਾਹੀਦੇ ਹਨ।

ਬੋਹੜ ਦੇ ਰੁਖ

ਸਥਾਨਿਕ ਨਿਵਾਸੀ ਨਜੀਰ ਅਹਿਮਦ ਜੱਟ ਦਸਦੇ ਨੇ ਕਿ ਹੁਡਿਆਰਾ ਬਹੁਗਿਣਤੀ ਸਿਖਾਂ ਦਾ ਪਿੰਡ ਸੀ। ਨਜੀਰ ਅਨੁਸਾਰ ਪਿੰਡ ਦੇ ਨੇੜੇ ਹੀ ਲੱਗੇ ਵੱਡੇ ਬੋਹੜ ਦੇ ਰੁੱਖ ਸਿਖਾਂ ਵੱਲੋਂ ਲਗਾਏ ਗਏ ਸਨ ਜੋ ਅਜ ਬੜੀ ਹੀ ਸ਼ਾਨ ਨਾਲ ਆਪਣੇ ਅਤੀਤ ਨੂੰ ਸਾਂਭੀ ਬੈਠੇ ਹਨ।

Photos