ਗੁਰਦੁਆਰਾ ਪਾਤਸ਼ਾਹੀ ਛੇਵੀਂ, ਚੁੰਗੀ ਅਮਰ ਸਿੱਧੂ, ਜ਼ਿਲ੍ਹਾ ਲਾਹੌਰ, ਲਹਿੰਦਾ ਪੰਜਾਬ        Gurudwara Patshahi Chevi Amar Sidhu, Lahore

ਗੁਰਦੁਆਰਾ ਪਾਤਸ਼ਾਹੀ ਛੇਵੀਂ, ਚੁੰਗੀ ਅਮਰ ਸਿੱਧੂ, ਜ਼ਿਲ੍ਹਾ ਲਾਹੌਰ, ਲਹਿੰਦਾ ਪੰਜਾਬ Gurudwara Patshahi Chevi Amar Sidhu, Lahore

Average Reviews

Description

ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਸਿਖੀ ਦੇ ਪ੍ਰਚਾਰ ਪ੍ਰਸਾਰ ਲਈ ਜਦ ਪੰਜਾਬ ਤੋਂ ਕਸ਼ਮੀਰ ਦੀ ਯਾਤਰਾ ‘ਤੇ ਗਏ ਸਨ ਤਾਂ ਵਾਪਸੀ ‘ਤੇ ਆਪ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖ਼ਸ਼ਦੇ ਹੋਏ ਲਾਹੌਰ, ਮੁਜੰਗ ਤੋਂ ਹੁੰਦੇ ਹੋਏ ਅੰਮ੍ਰਿਤਸਰ ਨੂੰ ਜਾਂਦਿਆਂ ਰਸਤੇ ਵਿਚ ‘ਅਮਰ ਸਿੱਧੂ’ ਦੇ ਅਸਥਾਨ ‘ਤੇ ਰੁਕੇ ਸਨ।

ਜਨਾਬ ਵਲੀਉਲਹਾ ਖਾਨ ਦੁਆਰਾ 1962 ਵਿਚ ਗੁਰਦੁਆਰਾ ਸਾਹਿਬ ਦੀ ਖਿਚੀ ਇਕ ਤਸਵੀਰ

ਲਾਹੌਰ-ਕਸੂਰ ਸੜਕ ‘ਤੇ ਲਾਹੌਰ ਸ਼ਹਿਰ ਦੇ ਬਾਹਰਵਾਰ ਪੈਂਦੀ ਤਿਕੋਣੀ ਤੋਂ ਚੜ੍ਹਦਾ ਵਲ ਲਗਭਗ ਦੋ ਢਾਈ ਕਿਲੋਮੀਟਰ ‘ਤੇ ਸਥਿਤ ਹੈ। ਲਾਹੌਰ ਸ਼ਹਿਰ ਤੋਂ ਇਸ ਅਸਥਾਨ ਦੀ ਦਿਸ਼ਾ ਦੱਖਣ ਪੂਰਬ ਹੈ। ਨੇੜਲੇ ਗੁਰਦੁਆਰਾ ਮਾਂਗਟ ਵਾਲੇ ਅਸਥਾਨ ਤੋਂ ਚਲ ਕੇ ਗੁਰੂ ਜੀ ਇਥੇ ਆਏ ਸਨ। ਉਹਨਾਂ ਦੀ ਇਸ ਜਗ੍ਹਾ ਆਮਦ ਦੀ ਯਾਦ ਵਿਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਉਸਾਰਿਆ ਗਿਆ ਜੋ ਪਿੰਡ ਦੇ ਪੂਰਬ ਵੱਲ ਬਾਹਰਵਾਰ ਸਥਿਤ ਹੋਇਆ ਕਰਦਾ ਸੀ ਪ੍ਰੰਤੂ ਹੁਣ ਵਸੋਂ ਵਿਚ ਆ ਚੁਕਿਆ ਹੈ। 

ਗੁਰਦੁਆਰਾ ਸਾਹਿਬ ਦੀ ਮੌਜੂਦਾ ਤਸਵੀਰ

ਗੁਰਧਾਮ ਦੀਦਾਰ’ ਦੇ ਕਰਤਾ ਅਨੁਸਾਰ , “ਗੁਰੂ ਜੀ ਮਾਂਗਟ ਤੋਂ ਇੱਥੇ ਆਏ । ਪਹਿਲਾਂ ਇੱਥੇ ਸਧਾਰਨ ਅਸਥਾਨ ਸੀ , ਹੁਣ ਸੰਮਤ ੧੯੮੦ ਵਿੱਚ ਭਾਈ ਮੋਹਨ ਸਿੰਘ ਜੀ ਪੁਜਾਰੀ ਅਕਾਲੀ ਦੇ ਉੱਦਮ ਨਾਲ ਲਾਹੌਰ ਦੀ ਸੰਗਤ ਨੇ ਬਹੁਤ ਸੁੰਦਰ ਦਰਬਾਰ ਬਣਾਇਆ ਹੈ । ਜਿਸ ਵਿੱਚ ਸੇਵਾ ‘ਚ ਚ ਬਹੁਤ ਸਾਰਾ ਹਿੱਸਾ ਰਾਇ ਸਾਹਿਬ ਸਰ ਗੰਗਾ ਰਾਮ ਜੀ ਲਾਹੌਰ ਦਾ ਹੈ । ਨਾਲ ੧੭ ਕਨਾਲ਼ ਜ਼ਮੀਨ ਹੈ । ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਹੋ ਸਕਦਾ ਹੈ। ਰੇਲਵੇ ਸਟੇਸ਼ਨ ‘ਕੋਟ ਲਖਪਤ’ ਤੋਂ ਪੂਰਬ ਦੇ ਪਾਸੇ ੧ ਮੀਲ ਕੱਚਾ ਰਸਤਾ ਹੈ। “

ਇਸ ਅਸਥਾਨ ਦਾ ਇਤਿਹਾਸ ਬੀਬੀ ਕੌਲਾਂ ਜੀ ਨਾਲ ਵੀ ਜੁੜਦਾ ਹੈ। ਗੁਰੂ ਸਾਹਿਬ ਕਸ਼ਮੀਰ ਤੋਂ ਵਾਪਸ ਆਉੰਦੇ ਹੋਏ ਲਾਹੌਰ ਤੋਂ ਮੁਜੰਗ , ਮਾਂਗਟ ਹੁੰਦਿਆਂ ਜਦੋਂ ਇਸ ਸਥਾਨ ਤੇ ਪਹੁੰਚੇ ਸਨ ਤਾਂ ਬੀਬੀ ਕੌਲਾਂ ਜੀ ਵੀ ਹੋਰ ਸੰਗਤ ਸਮੇਤ ਉਹਨਾਂ ਦੇ ਨਾਲ ਸਨ । ਇਸ ਤੋਂ ਅੱਗੇ ਗੁਰੂ ਸਾਹਿਬ ਇਲਾਕੇ ਦੇ ਹੋਰ ਪਿੰਡਾਂ ਦੀ ਸੰਗਤ ਨੂੰ ਦਰਸ਼ਨ ਬਖ਼ਸ਼ਦੇ ਹੋਏ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ।

ਥੜ੍ਹਾ ਸਾਹਿਬ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਕਰਦਾ ਸੀ, ਜਿਥੇ ਕਦੇ ਗੁਰੂ ਸਾਹਿਬ ਜੀ ਨੇ ਆਸਣ ਲਗਾਇਆ ਸੀ।

ਪਹਿਲਾਂ ਗੁਰੂ ਜੀ ਦੇ ਆਸਨ ਲਗਾਉਣ ਵਾਲੇ ਅਸਥਾਨ ‘ਤੇ ਥੜ੍ਹਾ ਸਾਹਿਬ ਹੁੰਦਾ ਸੀ। ਬਾਅਦ ਵਿਚ ਇਸ ਅਸਥਾਨ ਦੀ ਇਮਾਰਤ ਦੀ ਉਸਾਰੀ 1922 ਈਸਵੀ ਵਿੱਚ ਇਕ ਬਾਗ ਦੇ ਵਿਚਕਾਰ ਕੀਤੀ ਗਈ। ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਥਾਨਕ ਸੰਗਤ ਦੇ ਸਪੁਰਦ ਸੀ। 1947 ਦੀ ਵੰਡ ਵੇਲੇ ਫ਼ਸਾਦੀਆਂ ਵੱਲੋਂ ਇਸ ਅਸਥਾਨ ਦਾ ਕਾਫ਼ੀ ਨੁਕਸਾਨ ਕੀਤਾ ਗਿਆ । ਵੰਡ ਵੇਲੇ ਜਦੋਂ ਸਾਰੇ ਸਿੱਖ ਮਜਬੂਰਨ ਲਹਿੰਦੇ ਪੰਜਾਬ ਤੋਂ ਚੜ੍ਹਦੇ ਵੱਲ ਆ ਗਏ ਤਾਂ ਇਹ ਇਤਿਹਾਸਕ ਅਸਥਾਨ ਸੇਵਾ ਸੰਭਾਲ਼ ਤੋਂ ਸੱਖਣਾ ਹੋ ਗਿਆ।

ਨਿਹੰਗ ਸਿੰਘ ਭਾਈ ਸੋਹਣ ਸਿੰਘ ਅਕਾਲੀ ਦੁਆਰਾ ਕਰਵਾਈ ਸੇਵਾ ਸੰਬੰਧੀ ਸਿਲ
ਚੁਠਾਗ ‘ਤੇ ਸੇਵਾ ਕਰਵਾਉਣ ਵਾਲੇ ਗੁਰਸਿੱਖ ਸੰਬੰਧੀ ਸਿਲ
ਸ਼ਾਹਮੁਖੀ ‘ਚ ਫਰਸ਼ ‘ਤੇ ਲਗੀਆਂ ਕੁਝ ਸਿਲਾਂ

ਮੌਜੂਦਾ ਹਾਲਾਤ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੁੰਦਰ ਬਣੀ ਹੋਈ ਸੀ। ਦਰਬਾਰ ਸਾਹਿਬ ਦੇ ਬਿਲਕੁਲ ਉੱਪਰ ਸੁੰਦਰ ਗੁੰਬਦ ਅਤਾ ਇਮਾਰਤ ਤੇ ਆਲੇ ਦੁਆਲੇ ਬਰਾਂਡਾ ਬਣਿਆ। ਗੁੰਬਦ ਹੇਠ ਥੜ੍ਹਾ ਸਾਹਿਬ ਅਜ ਵੀ ਸ਼ਸ਼ੋਬਿਤ ਹੈ। ਜਿਸਦੇ ਆਸ ਪਾਸ ਲੱਗੀ ਫਰਸ਼ ਦੇ ਪੱਧਰਾਂ ‘ਤੇ ਸੇਵਾ ਕਰਨ ਵਾਲੇ ਗੁਰਸਿੱਖਾਂ ਦੇ ਨਾਂ ਗੁਰਮੁਖੀ ਅਤੇ ਸ਼ਾਹਮੁਖੀ ‘ਚ ਲਿਖੇ ਮਿਲਦੇ ਹਨ। ਹਾਲੇ ਵੀ ਚੁਗਾਠਾਂ ਅਤੇ ਕੰਧਾਂ ਉਪਰ ਸੇਵਾ ਕਰਵਾਉਣ ਵਾਲੇ ਗੁਰਸਿੱਖਾਂ ਦੇ ਨਾਮ ਦੀਆਂ ਸਿਲਾਂ ਲਗੀਆਂ ਦੇਖੀਆਂ ਜਾ ਸਕਦੀਆਂ। ਪਰ ਹੁਣ ਇਹ ਇਮਾਰਤ ਖਸਤਾ ਹਾਲਤ ਵਿੱਚ ਹੈ। ਨਾਲ ਲੱਗਦਾ ਸਰੋਵਰ ਹੁਣ ਪੂਰ ਦਿੱਤਾ ਗਿਆ ਅਤੇ ਨਾਲ ਲੱਗਦੀ ਜ਼ਮੀਨ ਉੱਪਰ ਵੀ ਕਬਜ਼ੇ ਕਰਕੇ ਮਕਾਨ ਉਸਾਰ ਲਏ ਗਏ ਹਨ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਿਆ ਸੀ ਅਤੇ ਲਾਹੌਰ ਸ਼ਹਿਰ ਦੀ ਸਥਾਨਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਇਸ ਦਾ ਪ੍ਰਬੰਧ ਕੀਤਾ ਜਾਂਦਾ ਸੀ।
ਇਸ ਵੇਲੇ ਇਹ ਅਸਥਾਨ ਕਿਸੇ ਮੁਸਲਮਾਨ ਪਰਿਵਾਰ ਦੇ ਕਬਜ਼ੇ ਵਿੱਚ ਹੈ। ਜਿਸਨੇ ਇੱਥੇ ਇਕ ਪੀਰ ਦਾ ਕਬਰ ਬਣਾ ਰੱਖੀ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਗੁੰਬਦਾਂ ਨੂੰ ਰੰਗ ਬਿਰੰਗਾ ਰੰਗ ਕੀਤਾ ਗਿਆ ਹੈ। ਇਸ ਅਸਥਾਨ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਕੇ ਮੁੜ ਤੋਂ ਸਾਂਭ ਸੰਭਾਲ਼ ਦੀ ਜ਼ਰੂਰਤ ਹੈ।
ਰੁਖ– ਬੋਹੜ ਦਾ ਪੁਰਾਤਨ ਰੁਖ ਅਜ ਵੀ ਗੁਰਦੁਆਰਾ ਸਾਹਿਬ ਦੀ ਚਾਰਦੁਆਰੀ ਅੰਦਰ ਮੌਜੂਦ ਹੈ। 

Photos