ਗੁਰਦੁਆਰਾ ਬਾਉਲੀ ਸਾਹਿਬ, ਲਾਹੌਰ
ਗੁਰਦੁਆਰਾ ਪ੍ਰਕਾਸ਼ ਅਸਥਾਨ ਗੁਰੂ ਰਾਮਦਾਸ ਜੀ, ਚੂਨਾ ਮੰਡੀ ਤੋਂ ਇਸ ਅਸਥਾਨ ਦੀ ਦੂਰੀ ਲਗਭਗ ਪੰਜ ਸੌ ਮੀਟਰ ਹੈ। ਇਹ ਦੋਨੋ ਅਸਥਾਨ ਹੀ ਲਾਹੌਰ ਦੀ ਚਾਰਦੁਆਰੀ ਵਾਲੇ ਅੰਦਰੂਨ ਸ਼ਹਿਰ ਵਿਚ ਹਨ। ਗੁਰਦੁਆਰਾ ਬਾਉਲੀ ਸਾਹਿਬ ਸੁਨਹਿਰੀ ਮਸਜਿਦ ਦੇ ਪੱਛਮ ਵੱਲ ਬਿਲਕੁਲ ਨਾਲ ਸਥਿਤ ਹੈ। ਜਿਥੇ ਕਿਸੇ ਸਮੇਂ ਪਾਣੀ ਦੇ ਪੱਧਰ ਤੱਕ ਉਤਰਨ ਵਾਲੀਆਂ ਪੌੜੀਆਂ ਵਾਲੀ ਬਾਉਲੀ ਮੌਜੂਦ ਸੀ।
ਸ਼ਹਿਰ ਲਾਹੌਰ ਡੱਬੀ ਬਾਜ਼ਾਰ ਵਿੱਚ ਬਾਉਲੀ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬਣਵਾਈ ਅਤੇ ਸਮਾਂ ਪਾਇ ਕਾਜ਼ੀ ਨੇ ਢੁਹਾਇ ਉੱਪਰ ਆਪਣਾ ਘਰ ਬਣਾਕੇ ਨਿਵਾਸ ਕੀਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ – ਪ੍ਰਤਾਪ ਦਾ ਸਮਾਂ ਸੀ ਤਾਂ ਇਕ ਦਿਨ ਬਾਬਾ ਬੀਰ ਸਿੰਘ ਜੀ ਦੇ ਦਰਸ਼ਨ ਨੂੰ ਨੁਰੰਗਾਬਾਦ ਆਏ ਤਾਂ ਬਾਬੇ ਜੀ ਦੇ ਲੰਗਰੋਂ ਪ੍ਰਸ਼ਾਦ ਛਕ, ਭੇਟਾ ਧਰ ਤੁਰਨ ਲੱਗੇ ਤਾਂ ਕਿਹਾ, ਬਾਬਾ ਜੀ! ਕੋਈ ਸੇਵਾ ਦੱਸੋ। ਇਹ ਰਾਜਾ ਦੀ ਬੇਨਤੀ ਸੁਣ ਬਾਬਾ ਜੀ ਬਚਨ ਕੀਤਾ, ਡੱਬੀ ਬਾਜ਼ਾਰ ਸੁਨਿਹਰੀ ਮਸੀਤ ਦੇ ਪਾਸ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਾਉਲੀ ਗੁਰਦੁਆਰਾ ਕਾਜ਼ੀ ਹੰਕਾਰੀ ਦਬਾਇ ਉੱਪਰ ਘਰ ਬਣਾਇ ਵੱਸਦਾ ਹੈ, ਤੁਸੀਂ ਇਹ ਸੇਵਾ ਕਰ ਕੇ ਆਪਣਾ ਜਨਮ ਸਫਲ ਕਰੋ। ਸ਼ੇਰੇ – ਪੰਜਾਬ ਨੇ ਸੁਣ ‘ਸਤਿ ਬਚਨ ਕਹਿ ਲਾਹੌਰ ਪਹੁੰਚ ਕੇ ਖੋਜ ਕਰ ਕਾਜ਼ੀ ਨੂੰ ਬੁਲਾਇ ਕਿਹਾ, ਇਹ ਜਗ੍ਹਾ ਛੋੜ ਦਿਉ, ਏਥੇ ਸਾਡੇ ਸਤਿਗੁਰਾਂ ਦਾ ਗੁਰਦੁਆਰਾ ਹੈ। ਕਾਜ਼ੀ ਨੇ ਛੱਡ ਦਿੱਤਾ ਅਤੇ ਘਰ ਢਹਾਇ ਹੇਠੋਂ ਬਉਲੀ ਗੁਰੂ ਕੀ ਬਣੀ ਬਣਾਈ ਨਿਕਲੀ ਅਤੇ ਰਾਜ ਮਜੂਰ ਲਾਇ ਆਪਣੇ ਪਹਿਰੇ ਬੈਠਾਇ ਸੰਮਤ 1885 ਮਹੀਨੇ ਕੱਤਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੂਮਧਾਮ ਨਾਲ ਅਸਥਾਪਨ ਕਰ 5000 ਜਾਗੀਰ ਲਗਾ ਗੁਰੂ ਕਾ ਦਰਬਾਰ ਬਣਾ, ਨਿਸ਼ਾਨ ਸਾਹਿਬ ਝੁਲਾਇ ਧੌਂਜੇ ਵਜਵਾਇ , ਪੂਜਾ ਹੇਤ ਕਰਤਾਰਪੁਰੀਏ ਸੋਢੀ ਸਾਹਿਬ ਦੇ ਸਪੁਰਦ ਕਰ ਦਿੱਤਾ। ਜੋ ਕਿ ੧੯੪੭ ਦੇ ਉਜਾੜਿਆਂ ਤਕ ਕਰਤਾਰਪੁਰ ਸਾਹਿਬ ਵਾਲੇ ਸੋਢੀ ਹੀ ਕਾਬਜ਼ ਸਨ। ਬਹੁਤ ਦੁਕਾਨਾਂ ਅਤੇ ਮਕਾਨ ਪੁਖਤਾ ਗੁਰੂ ਕੀ ਬਾਉਲੀ ਸਾਹਿਬ ਜੀ ਦੇ ਨਾਮ ਸਨ। ਨਿੱਤ ਸ੍ਰੀ ਆਸਾ ਜੀ ਦੀ ਵਾਰ ਅਤੇ ਕਥਾ ਕੀਰਤਨ , ਧੂਪ ਦੀਪ ਪੁਸ਼ਪ ਆਦਿ ਦੀ ਸੰਗਤ ਲਾਹੌਰ ਵੱਲੋਂ ਸੇਵਾ ਕੀਤੀ ਜਾਂਦੀ ਸੀ। ਸੰਤਾਲੀ ਦੇ ਉਜਾੜਿਆਂ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਵਾਲਾ ਵੀ ਕੋਈ ਨਾ ਰਿਹਾ।
ਸਾਈਕਲ ਯਾਤਰਾ ਭਾਈ ਧੰਨਾ ਸਿੰਘ ਨੇ ੨੩ ਮਾਰਚ ੧੯੩੧ ਨੂੰ ਇਸ ਅਸਥਾਨ ਦੀ ਯਾਤਰਾ ਕੀਤੀ। ਉਸ ਸਮੇਂ ਦੇ ਦੇਖੇ ਹਾਲਾਤ ਅਤੇ ਸੰਬੰਧਤ ਇਤਿਹਾਸ ਜੋ ਉਹਨਾਂ ਨੇ ਲਿਖਿਆ ਉਹ ਹੇਠ ਲਿਖੇ ਅਨੁਸਾਰ ਹੈ।-
ਏਹ ਗੁਰਦਵਾਰਾ ਸ੍ਰੀ ਪੰਚਮ ਪਾਤਿਸ਼ਾਹੀ ਜੀ ਦਾ ਡੱਬੀ ਬਾਜ਼ਾਰ ਵਿਖੇ ਹੈ। ਇਥੇ ਪੰਜਵੇਂ ਪਿਤਾ ਜੀ ਨੇ ਲਾਹੌਰ ਦੇ ਪ੍ਰਸਿੱਧ ਛੱਜੂ ਭਗਤ ਅਤੇ ਇੱਕ ਪਠਾਨ ਦੀ ਅਮਾਨਤ ਦਾ ਨਿਆਂ ਕੀਤਾ ਸੀ। ਪਠਾਨ ਨੇ ਸਤਿਗੁਰਾਂ ਨੂੰ ਜੋ ਮੋਹਰਾਂ ਅਰਦਾਸ ਕਰਾਈਆਂ ਸਨ, ਸਤਿਗੁਰੂ ਜੀ ਨੇ ਉਸ ਦੇ ਦਾਨ ਨੂੰ ਸਫਲ ਕਰਨ ਵਾਸਤੇ ਇਹ ਬਾਉਲੀ ਤਿਆਰ ਕੀਤੀ। ਵਾਹਿਗੁਰੂ ਜੀ, ਪੈਹਲੇ ਏਹ ਬਾਉਲੀ ਸਾਹਿਬ ਕਰਤਰਾਪੁਰ ਬੇਦੀਆਂ ਦੇ ਕਬਜ਼ੇ ਵਿੱਚ ਸੀ। ਬੇਦੀਆਂ ਦੇ ਵਕਤ ਵਿੱਚ ਬਾਉਲੀ ਸਾਹਿਬ ਜੀ ਨੂੰ ਏਹ ਮਕਾਨ ਸਨ – ਜੋ ਕੇ ੪ ਮਕਾਨ/ਹਵੇਲੀਆਂ ਤਾਂ ਗੁਰਦੁਆਰਾ ਬਾਉਲੀ ਸਾਹਿਬ ਦੇ ਪਾਸ ਹੀ ਪੱਛਮ ਦੀ ਤਰਫ ਸਨ ਜੋ ਕਸੇਰੇ ਬਾਜ਼ਾਰ ਵਿੱਚ ਹਨ। ਤੇ ਚਾਰ ਮਕਾਨ ਪੂਰਬ ਦੀ ਤ੍ਰਫ ਡੱਬੀ ਬਾਜ਼ਾਰ ਵਿੱਚ ਹਨ। ਡੱਬੀ ਬਾਜ਼ਾਰ ਵਿੱਚ ਹੋਰ ਮਕਾਨ ਸੀ ਜੋ ਕਿ ਬਾਉਲੀ ਸਾਹਿਬ ਤੋਂ ਪਾਸ ਹੀ ਉੱਤਰ ਦੀ ਤਫ ਹੈ, ਜਿਸ ਵਿੱਚ ਅਜ ਕਲ ਹਿੰਦੂਆਂ ਦਾ ਠਾਕਰਦੁਆਰਾ ਬਨਾ ਹੋਇਆ ਹੈ। ਇਹ ਸਭ ਮਕਾਨ ਬੇਦੀ ਖਾ ਗਏ ਤੇ ਮਕਾਨ ਵੇਚ ਸਿੱਟੇ। ਅਜ ਕਲ ਗੁਰਦਵਾਰੇ ਨੂੰ ੮੨ ਦੁਕਾਨਾਂ ਹੈ, ਜੋ ਕੇ ਗੁਰਦਵਾਰੇ ਦੇ ਚੁਫੇਰੇ ਆਲੇ-ਦੁਆਲੇ ਹੈ, ਜਿਨ੍ਹਾਂ ਦਾ ਮਹੀਨੇ ਦਾ ਕਿਰਾਇਆ ਕਰੀਬਨ ੧੧-੧੨ ਸੌ ਆਉਂਦਾ ਹੈ। ਅਜ ਕਲ ਤਾਂ ਏਹ ਦੁਕਾਨਾਂ ਗੁਰਦੁਆਰੇ ਨੂੰ ਰਹਿ ਗਈਆਂ ਹਨ ਤੇ ਬੇਦੀਆਂ ਨਾਲ ਖਾਲਸੇ ਦਾ ਮੁਕੱਦਮਾ ਚੱਲਦਾ ਹੈ ਤੇ ਇੱਕ ਹੋਰ ਹਵੇਲੀ ਬੇਦੀ ਦੱਬੀ ਬੈਠੇ ਹਨ, ਜਿਸ ਦੇ ਨਾਲ ਬਹੁਤ ਸਾਰੀਆਂ ਦੁਕਾਨਾਂ ਹੈ, ਜਿਨ੍ਹਾਂ ਦਾ ਕਿਰਾਇਆ ਵੀ ੧੪-੧੫ ਸੌ ਮਹੀਨੇ ਦਾ ਆਉਂਦਾ ਹੈ। ਲੰਗਰ ਤੇ ਰਹੈਸ਼ ਹੈ। ਅਜ ਕਲ ਬਾਉਲੀ ਸਾਹਿਬ ਜੀ ਗੁਰਦਵਾਰੇ ਦੇ ਹੇਠਾਂ ਹੈ। ਸ਼ਬਦ ਚੌਂਕੀ ਤੇ ਕਥਾ ਹਰ ਰੋਜ਼ ਹੁੰਦੀ ਹੈ। ਗ੍ਰੰਥੀ ਕਰਮ ਸਿੰਘ ਹੈ। ਵਾਹਿਗੁਰੂ ਜੀ
ਸਿੰਘ ਸਭਾ ਲਹਿਰ ਅਤੇ ਸੰਤਾਲੀ ਦੀ ਵੰਡਸਿੰਘ ਸਭਾ ਲਹਿਰ ਦਾ ਵੀ ਇਹ ਅਸਥਾਨ ਵੱਡਾ ਕੇਂਦਰ ਰਿਹਾ ਹੈ। ੧੯੦੩ ਈ: ਵਿੱਚ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਨੇ ਇੱਥੇ ਹਫ਼ਤਾਵਾਰੀ ਸਮਾਗਮ ਸ਼ੁਰੂ ਕੀਤੇ ਸਨ। ਜਦੋਂ ਭਾਈ ਅਤਰ ਸਿੰਘ ੧੯੧੧ ਈ: ਵਿਚ ਇਸ ਗੁਰਦੁਆਰੇ ਵਿਚ ਆਏ ਤਾਂ ਉਨ੍ਹਾਂ ਨੇ ਰੋਜ਼ਾਨਾ ਆਸਾ ਦੀ ਵਾਰ ਦਾ ਪਾਠ ਸ਼ੁਰੂ ਕੀਤਾ। ਸੰਨ ੧੯੨੭ਈ: ਵਿਚ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਆ ਗਿਆ ਪਰ ਗੁਰਪੁਰਬਾਂ ਸਮੇਂ ਸੰਗਤਾਂ ਦੀ ਇਕੱਤਰਤਾ ਸਿੰਘ ਸਭਾ ਲਾਹੌਰ ਕਰਦੀ ਸੀ। ਸੰਤਾਲੀ ਦੀ ਵੰਡ ਸਮੇਂ ਇਥੇ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ। ਵੰਡ ਸਮੇਂ ਹੀ ਭਾਈ ਦਲੀਪ ਸਿੰਘ ੧੧ ਅਗਸਤ ੧੯੪੭ ਨੂੰ ਇੱਥੇ ਸ਼ਹੀਦ ਹੋਏ ਸਨ।
ਅਜੋਕਾ ਹਲਾਤਗੁਰਦੁਆਰਾ ਸਾਹਿਬ ਦੀ ਹੋਂਂਦ ਖਤਮ ਹੋੋੋ ਦੇ ਕੰਢੇ ‘ਤੇ ਹੈ। ਇੱਕ ਥੜ੍ਹਾ ਅਜੇ ਵੀ ਇੱਕ ਬਚੇ ਹੋਏ ਹਿੱਸੇ ਵਜੋਂ ਖੜ੍ਹਾ ਹੈ ਪਰ ੧੯੪੭ ਦੀ ਵੰਡ ਤੋਂ ਬਾਅਦ ਬਾਉਲੀ ਦੀ ਬੇਅਦਬੀ ਕੀਤੀ ਗਈ ਹੈ। ਇਹ ਬਾਉਲੀ ਇੱਕ ਵਾਰ ਫਿਰ ਗਾਇਬ ਹੋ ਗਈ ਹੈ। ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦੁਕਾਨਾਂ ਹਨ। ਨਾਲ ਹੀ ਇੱਕ ਛੋਟਾ ਜਿਹਾ ਬਾਗ ਬਚਿਆ ਹੈ ਜਿੱਥੇ ਲੋਕ ਆਰਾਮ ਕਰਦੇ ਹਨ। ਵਿਹੜੇ ਵਿਚ ਇਕ ਵੱੱਡਾ ਬੋਹੜ ਦਾ ਰੁਖ ਹੈ।
ਸ੍ਰੀ ਬਾਉਲੀ ਸਾਹਿਬ ਨੂੰ ਬਾਉਲੀ ਬਾਗ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਥੋ ਦੇ ਹਰੇ ਭਰੇ ਬਾਗ ਨੂੰ ਇਕ ਪਾਰਕ ਵਜੋਂ ਬਦਲ ਦਿਤਾ ਗਿਆ ਹੈ।
Near Me