ਗੁ. ਚਿੱਲਾ ਬਾਬਾ ਫਰੀਦ ਫਰੀਦਕੋਟ Gurudwara Chilla Baba Farid Faridkot

ਗੁ. ਚਿੱਲਾ ਬਾਬਾ ਫਰੀਦ ਫਰੀਦਕੋਟ Gurudwara Chilla Baba Farid Faridkot

Average Reviews

Description

ਚਿੱਲਾ ਬਾਬਾ ਫਰੀਦ ਦੀ ਪੁਰਾਤਨ ਤਸਵੀਰ

ਕਿਸੇ ਸਮੇਂ ਰਿਆਸਤ ਰਹੇ ਅਤੇ ਅਜੋਕੇ ਸਮੇਂ ਪੰਜਾਬ ਦੇ ਜਿਲ੍ਹਾ ਫਰੀਦਕੋਟ ਨੂੰ ਭਗਤ ਬਾਬਾ ਫਰੀਦ ਜੀ ਨੇ ਤੇਰਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਭਾਗ ਲਾਏ। ਬਾਬਾ ਫਰੀਦ ਜੀ ਦੇ ਨਾਲ ਸੰਬੰਧਿਤ ਇਥੇ ਦੋ ਅਸਥਾਨ ਹਨ ਗੁਰਦੁਆਰਾ ਚਿੱਲਾ ਬਾਬਾ ਫਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ

ਬਾਬਾ ਫ਼ਰੀਦ ਜੀ ਪਾਕਪਟਨ ਤੋਂ ਆ ਕੇ ਹਜ਼ਰਤ ਬਖ਼ਤਿਆਰ ਕਾਕੀ ਨਾਲ ਕੁਝ ਸਮਾਂ ਦਿੱਲੀ ਰਹੇ ਅਤੇ ਉਥੋਂ ਆਪਣੇ ਸ਼ਗਿਰਦ ਸ਼ੇਖ ਜ਼ਮਲਉਦੀਨ ਹਾਂਸਵੀ ਨਾਲ ਹਾਂਸੀ ਵੀ ਰਹੇ। ਇਹਨਾਂ ਸਮਿਆਂ ਦੌਰਾਨ ਬਾਬਾ ਫ਼ਰੀਦ ਜੀ ਦੇ ਪਾਕਪਟਨ ਤੋਂ ਦਿੱਲੀ ਆਉਣ – ਜਾਣ ਜਾਂ ਪਾਕਪਟਨ ਤੋਂ ਹਾਂਸੀ ਆਉਣ-ਜਾਣ ਦੇ ਰਸਤੇ ਦਾ ਇਕ ਪੜਾਅ ਫ਼ਰੀਦਕੋਟ ਬਣਦਾ ਸੀ। ਇਕ ਵਾਰ ਬਾਬਾ ਜੀ ਇਸ ਰਸਤਿਓਂ ਜਾਂਦੇ ਹੋਏ ਮੋਕਲਹਰ ਨਗਰ ਤੋਂ ਡੇਢ ਕੁ ਮੀਲ ਦੂਰ ਆਪਣੀ ਗੋਦੜੀ ਇਕ ਵਣ ਦੇ ਦਰੱਖਤ ਤੇ ਲਟਕਾ ਕੇ, ਆਪ ਇਸ ਨਗਰ ਵਿਚ ਗਏ। ਜਿਥੇ ਆਪ ਦੇ ਪਵਿੱਤਰ ਚਰਨ ਪੈਣ ਨਾਲ ਸ਼ਹਿਰ ਦਾ ਨਾਂ ਮੋਕਲਹਰ ਤੋਂ ਆਪ ਦੇ ਨਾਂ ਤੇ ਫ਼ਰੀਦਕੋਟ ਪੈ ਗਿਆ। ਬਾਬਾ ਫ਼ਰੀਦ ਜੀ ਦੀ ਇਸ ਜਗ੍ਹਾ ਆਮਦ ਬਾਰੇ ਮੈਕਾਲਿਫ਼ ਆਪਣੀ ਕਿਤਾਬ ਦੀ ਸਿੱਖ ਰਿਲੀਜਨ’ (The Sikh Religion ) ਵਿਚ ਜ਼ਿਕਰ ਕਰਦਾ ਹੋਇਆ ਦੱਸਦਾ ਹੈ ਕਿ ਬਾਬਾ ਫ਼ਰੀਦ ਜੀ ਨੇ ਮੋਕਲਹਰ ਦੀ ਯਾਤਰਾ ਵੀ ਕੀਤੀ ਸੀ ਜਿਸਨੂੰ ਉਹਨਾਂ ਦੇ ਸਤਿਕਾਰ ਵਿਚ ਫ਼ਰੀਦਕੋਟ ਕਿਹਾ ਜਾਂਦਾ ਹੈ। ਉਸ ਵੇਲੇ ਉਥੋਂ ਦਾ ਹਾਕਮ ਮੋਕਲ ਸੀ। ਮੋਕਲ ਆਪਣੀ ਰਾਜਧਾਨੀ ਬਣਵਾ ਰਿਹਾ ਸੀ ਜਦੋਂ ਬਾਬਾ ਫ਼ਰੀਦ ਜੀ ਉਥੇ ਆਏ ਤਾਂ ਉਹ ਹਰ ਯਾਤਰੀ ਨੂੰ ਦਬਕਾ ਕੇ ਕੰਮ ‘ਤੇ ਲਾ ਦਿੰਦਾ ਸੀ। ਭਾਵੇਂ ਬਾਬਾ ਫ਼ਰੀਦ ਜੀ ਨੇ ਇਕ ਦਰਵੇਸ਼ ਦਾ ਇਕ ਫਟਿਆ ਚੋਲਾ ਪਾਇਆ ਹੋਇਆ ਸੀ ਤਾਂ ਵੀ ਉਹਨਾਂ ਨੂੰ ਜ਼ਬਰਦਸਤੀ ਕੰਮ ਤੇ ਲਾਇਆ ਗਿਆ। ਸਿਰ ਤੋਂ ਉਪਰ ਉੱਚੀ ਟੋਕਰੀ ਉਠੀ ਦੇਖ ਰਾਜ ਮਿਸਤਰੀ ਤੇ ਮਜ਼ਦੂਰ ਜਦੋਂ ਬਾਬਾ ਫ਼ਰੀਦ ਜੀ ਬਾਰੇ ਜਾਣ ਗਏ ਤਾਂ ਉਹਨਾਂ ਨੇ ਨਮਸਕਾਰ ਕੀਤੀ ਤੇ ਉਹਨਾਂ ਅੱਗੇ ਅਰਦਾਸ ਕੀਤੀ ਕਿ ਉਹ ਉਹਨਾਂ ਦੇ ਪਾਪ ਮਾਫ਼ ਕਰ ਦੇਣ। ਰਾਜਾ ਵੀ ਉਹਨਾਂ ਮਗਰ ਹੀ ਬਾਬਾ ਫ਼ਰੀਦ ਜੀ ਦੇ ਦਰਸ਼ਨ ਕਰਨ ਗਿਆ, ਭੁਲ ਬਖਸ਼ਾਈ ਅਤੇ ਕਈ ਦਿਨ ਖੁਦ ਉਹਨਾਂ ਦੀ ਸੇਵਾ ਵਿਚ ਰਿਹਾ। ਬਾਬਾ ਫ਼ਰੀਦ ਜੀ ਦੇ ਪੁੱਛਣ ਤੇ ਕਿ ਕੀ ਨਾਮ ਰੱਖ ਰਹੇ ਹੋ ਤਾਂ ਰਾਜਾ ਬੋਲਿਆ ‘ਮੋਕਲਹਰ’ ਤਦ ਬਾਬਾ ਫ਼ਰੀਦ ਜੀ ਨੇ ਕਿਹਾ , “ਬੇਰੂੰ ਖੈਰ ਵ ਅੰਦਰੂੰ ਦਾਰ" ਭਾਵ ਬਾਹਰੋਂ ਤਾਂ ਠੀਕ ਹੈ ਅੰਦਰੋਂ ਖੰਡਰ ਹੈ, ਦਰਵੇਸ਼ ਦਾ ਭਾਵ ਸੀ ਇਹ ਸ਼ਹਿਰ ਕਦੀ ਵੀ ਪੂਰਾ ਨਹੀਂ ਵਸੇਗਾ। ਰਾਜੇ ਨੇ ਆਪਣੀ ਬਦਕਿਸਮਤੀ ਬਾਬਾ ਜੀ ਨੂੰ ਬਿਆਨ ਕੀਤੀ ਤੇ ਕਿਹਾ ਕਿ ਭਾਵੇਂ ਹਜ਼ਾਰਾਂ ਰੁਪੈ ਖਰਚ ਕੀਤੇ ਹਨ ਪਰ ਇਥੇ ਕੋਈ ਵੀ ਵਸਣ ਲਈ ਨਹੀਂ ਆਇਆ। ਅਗਰ ਮਹਾਪੁਰਸ਼ੋ ਤੁਸੀ ਰਹਿਮਤ ਕਰੋ ਤਾਂ ਇਹ ਸ਼ਹਿਰ ਪੂਰੀ ਤਰ੍ਹਾਂ ਵਸ ਜਾਵੇਗਾ। ਬਾਬਾ ਫ਼ਰੀਦ ਜੀ ਨੇ ਕਿਹਾ ਕਿ ਉਹ ਸ਼ਹਿਰ ਦਾ ਨਾਂ ਬਦਲ ਕੇ ਆਪ ਇਸ ਸ਼ਹਿਰ ਵਿਚ ਵਾਸ ਕਰੇ। ਮੋਕਲ ਨੇ ਸ਼ਹਿਰ ਦਾ ਨਾਂ ਆਪਣੇ ਦਰਵੇਸ਼ ਮਹਿਮਾਨ ਦੀ ਵਡਿਆਈ ਵਿਚ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ। ਬਾਬਾ ਫ਼ਰੀਦ ਜੀ ਨੇ ਕਿਹਾ ਜਾਓ ਸਭ ਤੋਂ ਉੱਚਾ ਅੱਲਾਹ ਤੈਨੂੰ ਤੇ ਤੇਰੇ ਵਾਰਿਸਾਂ ਨੂੰ ਏਥੇ ਵਸਾਵੇਗਾ।

ਭਗਤ ਬਾਬਾ ਫਰੀਦ ਜੀ ਦੀ ਇਸ ਜਗ੍ਹਾ ਆਮਦ ਬਾਰੇ ਪਹਿਲਾ ਦਸਤਾਵੇਜ਼ੀ ਵੇਰਵਾ ਭਾਸ਼ਾ ਵਿਭਾਗ , ਪੰਜਾਬ ਦੇ ਖਰੜਾ ਨੰਬਰ 359 (ਜਿਸ ਨੂੰ 1653-54 ਦੀ ਰਚਨਾ ਦੱਸਿਆ ਜਾਂਦਾ ਹੈ) ਵਿੱਚੋਂ ਮਿਲਦਾ ਹੈ। ਇਸ ਰਚਨਾ ਵਿਚ ਲਿਖਿਆ ਹੋਇਆ ਹੈ, “ ਹੁਕਮ ਅਲਹ ਦਾ ਹੋਇਆ ਇਕ ਦਿਨਿ ਸੇਖੁ ਫਰੀਦੁ ਚਲਿਆ ਜਾਂਦਾ ਹੈ ਇਕਸੁ ਨਗਰ ਵਿਚਿ ਜਾਇ ਵੜਿਆ। ਮੋਕਲ ਰਾਹਰ ਦੇ ਵਿਚਿ। ਮੋਕਲ ਰਾਹਰ ਜੁ ਸਾਹਿਬੁ ਥਾ ਸੁ ਉਸ ਦਿਆ ਲੋਕਾ ਵੇਗਾਰਿ ਪਕੜਿ ਖੜਿਆ " ( ਪੱਤਰਾ 220 ਬੀ)। ਇਸ ਹਵਾਲੇ ਵਿਚ ਪੁਰਾਣੇ ਫ਼ਰੀਦਕੋਟ ਦਾ ਜ਼ਿਕਰ ਹੈ । ਇਸ ਹਵਾਲੇ ਦਾ ਵਿਸਤ੍ਰਿਤ ਰੂਪ, ਫ਼ਰੀਦਕੋਟ ਦੀ ਇਕ ਦੰਦ – ਕਥਾ ਵਿਚ ਵੀ ਮਿਲਦਾ ਹੈ।

ਗੁਰਦੁਆਰਾ ਚਿੱਲਾ ਬਾਬਾ ਫਰੀਦ ਦੀ 1970 ਦੇ ਲਗਭਗ ਖਿਚੀ ਦੁਰਲਭ ਤਸਵੀਰ। ਇਤਿਹਾਸਕ ਵਣ ਮੌਜੂਦ ਹੈ ਅਤੇ ਹਰੇ ਭਰਿਆ ਦਿਖਾਈ ਦੇ ਰਿਹਾ ਹੈ। ਉੱਚਾ ਕਿਲ੍ਹਾ ਅਤੇ ਨਾਲ ਲਗਦੀ ਮਸੀਤ ਵੀ ਦੇਖੇ ਜਾ ਸਕਦੇ ਹਨ।

ਬਾਬਾ ਫ਼ਰੀਦ ਜੀ ਨਾਲ ਸੰਬੰਧਤ ਚਿੱਲਾ ਬਾਬਾ ਫ਼ਰੀਦ ਸ਼ਕਰਗੰਜ ਕਿਲ੍ਹੇ ਦੇ ਦਖਣ-ਪੂਰਬੀ ਬਾਹੀਆਂ ਦੀ ਗੁੱਠ ਵਾਲੇ ਪਾਸੇ ਬਣਿਆ ਹੋਇਆ ਹੈ। ਅਜੋਕੇ ਸਮੇਂ ਇਸਨੂੰ ‘ਟਿੱਲਾ ਬਾਬਾ ਫਰੀਦ’ ਕਰਕੇ ਜਾਣਿਆ ਜਾਂਦਾ ਹੈ ਪ੍ਰੰਤੂ ਡਾ. ਫੌਜਾ ਸਿੰਘ ਨੇ ਇਸ ਅਸਥਾਨ ਨੂੰ ‘ਚਿੱਲਾ ਬਾਬਾ ਫਰੀਦ’ ਲਿਖਿਆ ਹੈ। ਸਥਾਨਿਕ ਮਾਨਤਾ ਵੀ ਇਹੋ ਹੀ ਹੈ ਕਿ ਬਾਬਾ ਫਰੀਦ ਜੀ ਨੇ ਇਥੇ ਚਾਲੀ ਦਿਨਾਂ ਦਾ ਚਿੱਲਾ ਕੱਟਿਆ ਸੀ ਜਿਸ ਕਾਰਨ ਚਿੱਲਾ ਬਾਬਾ ਫਰੀਦ ਕਿਹਾ ਜਾਂਦਾ ਸੀ। ਇਹ ਚਿੱਲ੍ਹਾ ਇੱਕ ਸਾਦੀ ਜਿਹੀ ਗੁੰਬਦਦਾਰ ਚੌਰਸ ਨਿਕੀ ਇੱਟ ਦੀ ਬਣਿਆ ਹੋਇਆ ਹੈ। ਚੌਹਦਵੀਂ ਸਦੀ ਦੇ ਲੇਖਕ, ਅਮੀਰ ਖ਼ੁਰਦ ਕਿਰਮਾਨੀ ਦੀ ਕਿਤਾਬ ਸਿਆਰ ਅਲ-ਔਲੀਆ ਦੇ ਆਧਾਰ ‘ਤੇ ਪ੍ਰੋਫ਼ੈਸਰ ਰਿਚਰਡ ਐੱਮ ਈਟਨ ਲਿਖਦਾ ਹੈ ਕਿ ‘ਚੌਹਦਵੀਂ ਸਦੀ ਵਿਚ ਕੇਂਦਰੀ ਪੰਜਾਬ ਦੇ ਸਾਰੇ ਇਲਾਕਿਆਂ ਵਿਚ ਬਾਬਾ ਫ਼ਰੀਦ ਦੀਆਂ ਛੋਟੀਆਂ ਛੋਟੀਆਂ ਯਾਦਗਾਰਾਂ ਉਸਰ ਗਈਆਂ ਸਨ।’ ਜਿਨ੍ਹਾਂ ਵਿਚੋਂ ਇਹ ਵੀ ਇਕ ਹੈ। ਅਜੋਕੇ ਸਮੇਂ ਇਸ ਇਮਾਰਤ ‘ਤੇ ਪਥਰ ਦੀਆਂ ਟਾਇਲਾਂ ਚੜ੍ਹਾ ਦਿਤੀਆਂ ਗਈਆਂ ਹਨ। ੧੯੪੭ ਦੇ ਉਜਾੜੇ ਤੋਂ ਪਹਿਲਾਂ ਇਸ ਦੀ ਸਾਂਭ ਸੰਭਾਲ ਮੁਸਲਮਾਨ ਫਕੀਰ ਕਰਦਾ ਸੀ। ਬਾਅਦ ਵਿਚ ਇਸਦਾ ਪ੍ਰਬੰਧ ਇਕ ਮਹੰਤ ਕਰਤਾਰ ਸਿੰਘ ਕੋਲ ਚਲਾ ਗਿਆ ਜਿਸਨੇ ਆਪਹੁਦਰੀਆਂ ਸ਼ੁਰੂ ਕਰ ਦਿਤੀਆਂ ਗਈ। 1970 ਦੇ ਲਗਭਗ ਸ਼ਹਿਰ ਦੇ ਮੋਹਤਬਰਾਂ ਨੇ ਮਿਲਕੇ ਇਸ ਮਹੰਤ ਨੂੰ ਬਾਹਰ ਕੱਢਿਆ ਅਤੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਲਈ ਕਮੇਟੀ ਕਾਇਮ ਕੀਤੀ। ਜਿਸਦੇ ਮੋਢੀ ਸ. ਇੰਦਰਜੀਤ ਸਿੰਘ ਸੇਖੋਂ(95)ਹਨ। ਅਜਕਲ ਇਸ ਦਾ ਪ੍ਰਬੰਧ ਬਾਬਾ ਫਰੀਦ ਜੀ ਦੇ ਨਾਂ ‘ਤੇ ਬਣੀ ਇਸ ਕਮੇਟੀ ਕੋਲ ਹੀ ਹੈ।

ਗੁਰਦੁਆਰਾ ਸਾਹਿਬ ਦੇ ਮੁਖ ਦਰਵਾਜ਼ੇ ਦੀਆਂ ਦੋ ਵਖ ਵਖ ਸਮੇਂ ਦੀਆਂ ਤਸਵੀਰਾਂ

ਭਾਈ ਧੰਨਾ ਸਿੰਘ ਸਾਇਕਲ ਯਾਤਰੀ ਨੇ 3 ਅਕਤੂਬਰ 1931 ਨੂੰ ਅਸਥਾਨ ਦੇ ਦਰਸ਼ਨ ਕੀਤੇ ਸਨ ਅਤੇ ਜੋ ਵਾਕਿਆ ਲਿਖਿਆ ਹੈ ਹੇਠ ਲਿਖੇ ਅਨੁਸਾਰ ਹੈ –
  “ਇਕ ਜਗ੍ਹਾ ਭਗਤ ਜੀ ਦੀ ਸ਼ੈਹਰ ਦੇ ਵਿਚ ਹੈ। ਇਸ ਜਗ੍ਹਾ ਰਾਜਾ ਮੋਕਲਾ ਦਾ ਕਿਲਾ ਬਨ ਰਿਹਾ ਸੀ ਤੇ ਸ਼ੈਹਰ ਦਾ ਨਾਮ ਭੀ ਮੋਕਲਾ ਹੀ ਸੀ ਤਾਂ ਜਿਸ ਵਕਤ ਭਗਤ ਜੀ ਆਏ ਸੀ ਤਾਂ ਗ੍ਰਿਫਤਾਰ ਹੋ ਕੇ ਬਗਾਰ ਵਿਚ ਕਿਲੇ ਦੇ ਬਨਣ ਵਿਚ ਗਾਰਾ ਮਿੱਟੀ ਸਟਵਾਉਨੇ ਲਗ ਗੇ। ਤਾਂ ਭਗਤ ਜੀ ਦਾ ਮਿੱਟੀ ਦਾ ਤਸਲਾ, ਸਿਰ ਤੋਂ ਦੋ ਹੱਥ ਉੱਚਾ ਹੀ ਰਹਿਆ ਕਰੇ। ਤਾਂ ਰਾਜਾ ਤੇ ਸਾਰਾ ਸ਼ੈਹਰ ਚਰਨੀ ਪਿਆ ਤੇ ਮਾਫੀ ਲੱਗੀ। ਉਸੀ ਦਿਨ ਤੇ ਰਾਜੇ ਦਾ ਹੁਕਮ ਹੋਆ ਕੇ ਇਸ ਕਿਲੇ ਦਾ ਨਾਮ ਫਰੀਦਕੋਟ ਹੀ ਰਖਿਆ ਜਾਵੇ। ਤਾਂ ਕਰਕੇ ਸ਼ੈਹਰ ਦਾ ਨਾਮ ਫਰੀਦਕੋਟ ਹੀ ਪਿਆ ਹੈ। ਜਿਸ ਵਕਤ ਭਗਤ ਜੀ ਤੋਂ ਰਾਜੇ ਨੇ ਮਾਫੀ ਮੰਗੀ ਤਾਂ ਭਗਤ ਜੀ ਨੇ ਗਾਰੇ ਦੇ ਹੱਥ ਲਿਬੜੇ ਹੋਏ ਇਕ ਬਾਣ ਦੀ ਲਕੜੀ ਪਈ ਸੀ, ਉਸਦੇ ਵਿਚ ਗਾਰੇ ਦਾ ਲਿਬੜੇਆ ਹੋਆ ਪੰਜਾਂ ਮਾਰਿਆ। ਜੋ ਕੇ ਲਕੜੀ ਵਿਚ ਸਣੇ ਗਾਰੇ ਦੇ ਖੁਬ ਗਿਆ ਸੀ। ਜੋ ਕੇ ਅਜ ਤਕ ਉਸ ਲਕੜ ਦੇ ਦਸ਼ਨ ਹੁੰਦੇ ਹੈ ਤੇ ਜੋ ਗਾਰੇ ਦਾ ਤਸਲਾ ਭਗਤ ਜੀ ਦਾ ਸੀ, ਉਹ ਹੁਨ ਤਕ ਗਾਰੇ ਦਾ ਭਰੇਆ ਹੋਆ ਪਿਆ ਹੈ ਜੋ ਕੇ ਸਰਕਾਰ ਫਰੀਦਕੋਟ ਦੇ ਮਹਲਾਂ ਵਿਚ ਹੈ। ਹੁਨ ਤੱਕ ਪੂਜਾ ਹੁੰਦੀ ਹੈ ਪਰ ਦਰਸਨ ਨਹੀਂ ਹੁੰਦੇ ਹੈ ਤੇ ਇਕ ਦਾਤਨ ਬਾਣ ਦੀ ਕਰਕੇ ਭਗਤ ਜੀ ਨੇ ਗੱਡ ਦਿੱਤੀ ਸੀ। ਜੋ ਕੇ ਹਰੀ ਹੋ ਕੇ ਅਜ ਕਲ ਬਾਣ ਦਾ ਦਰਖਤ ਹੋਆ ਖੜਾ ਹੈ। ਜ਼ਮੀਨ 15 ਘੁਮਾ ਹੈ ਤੇ ਰਿਆਸਤ ਦੀ ਤਰ੍ਫ ਸੇ ਬਹੁਤ ਹੀ ਮਦਦ ਮਿਲਦੀ ਹੈ। ਜੋ ਕੇ ਸਾਰਾ ਸ਼ੈਹਰ ਮਨਦਾ ਹੈ ਤੇ ਰਾਜਾ ਸਾਹਿਬ ਜੀ ਬਹੁਤ ਮਨਦੇ ਹੈ ਤੇ ਸੇਵਾਦਾਰ ਪੀਰ ਗੌਸਮ ਹੈ। ਮੁਸਲਮਾਨਾਂ ਦਾ ਪੈਰਾ ਹੈ। ਅਸੂ ਦੀ ਸੱਤਮੀ ਨੂੰ ਮੇਲਾ ਲਗਦਾ ਹੈ।"

ਕਿਲੇ ਦੇ ਸਾਹਮਣੇ ਤੋਂ ਲਈ ਇਕ ਪੁਰਾਤਨ ਤਸਵੀਰ ਜਿਸਦੇ ਖੱਬੇ ਹਥ ਵਾਲਾ ਦਰਵਾਜਾ ਬਾਬਾ ਫਰੀਦ ਨੂੰ ਜਾਂਦਾ ਹੈ ਅਤੇ ਸੱਜ ਹਥ ਵਾਲਾ ਜੈਨ ਸਕੂਲ ਨੂੰ। ਅਜੋਕੇ ਸਮੇਂ ਇਹਨਾਂ ਦਰਵਾਜਿਆਂ ਦੀ ਹੋਂਦ ਨਹੀਂ ਹੈ।

ਅਜੋਕ ਹਲਾਤ ਅਤੇ ਪ੍ਰਬੰਧ – ਗੁਰਦੁਆਰਾ ਸਾਹਿਬ ਤੰਗ ਗਲੀ ਦੇ ਵਿਚ ਸਥਿਤ ਹੈ ਜਿਥੇ ਜਾਣ ਲਈ 50 ਕ ਮੀਟਰ ‘ਤੇ ਵਹੀਕਲ ਠੱਲ੍ਹ ਕੇ ਪੈਦਲ ਜਾਣਾ ਪੈਂਦਾ ਹੈ। ਦਰਸ਼ਨੀ ਡਿਓਡੀ ਬਣੀ ਹੋਈ ਹੈ ਜਿਸਦੇ ਆਸਪਾਸ ਬਹੁਤੀਆਂ ਸ਼ੱਕਰ ਅਤੇ ਮਿਸ਼ਰੀ ਦੇ ਪ੍ਰਸ਼ਾਦਿ ਦੀਆਂ ਦੁਕਾਨਾਂ ਹਨ। ਡਿਉਢੀ ਤੋਂ ਅੰਦਰ ਦਾਖਲ ਹੁੰਦਿਆਂ ਸੱਜੇ ਹਥ ਜੋੜਾ ਘਰ ਹੈ। ਸਾਹਮਣੇ ਵਣ ਦੇ ਦੋਵੇਂ ਰੁਖ ਹਨ। ਚਿਲਾ ਬਾਬਾ ਫਰੀਦ ਦੇ ਦਰਬਾਰ ਅੰਦਰ ਮਿਸ਼ਰੀ ਅਤੇ ਸ਼ਕਰ ਦਾ ਪ੍ਰਸ਼ਾਦਿ ਮਿਲਦਾ ਹੈ। ਸਾਹਮਣੇ ਬਾਬਾ ਫਰੀਦ ਜੀ ਦੇ ਸਿਰ ਉਪਰ ਉੱਚੀ ਉੱਠੀ ਟੋਕਰੀ ਵਾਲੀ ਕਾਪਨਿਕ ਪੇਟਿੰਗ ਲਗਾਈ ਗਈ ਹੈ। ਇਸਦੇ ਪਿਛਲੇ ਪਾਸੇ ਨਵੀਂ ਬਣਾਈ ਹੋਈ ਲੰਗਰ ਦੀ ਇਮਾਰਤ ਹੈ ਜਿਥੇ ਸਵੇਰ ਤੋਂ ਸ਼ਾਮ ਤਕ ਲੰਗਰ ਦਾ ਪ੍ਰਬੰਧ ਹੈ। ਦੱਖਣ ਵਾਲੇ ਪਾਸੇ ਬਹੁਤ ਹੀ ਆਲੀਸ਼ਾਨ ਦਰਬਾਰ ਬਣਾਇਆ ਹੋਇਆ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਪ੍ਰਬੰਧ ਦਾ ਮੁਖ ਸੇਵਾਦਾਰ ਮਹੀਪਿੰਦਰ ਸਿੰਘ ਸੇਖੋਂ ਹੈ।

ਰਵਾਇਤ – ਹਰ ਵੀਰਵਾਰ ਸੰਗਤਾਂ ਗੁਰਦੁਆਰਾ ਟਿੱਲਾ ਬਾਬਾ ਫਰੀਦ ਆਉਂਦੀਆਂ ਹਨ ਅਤੇ ਸੁੱਖਾਂ ਸੁਣਦੀਆਂ ਹਨ। ਸ਼ੱਕਰ ਅਤੇ ਮਿਸ਼ਰੀ ਦਾ ਪ੍ਰਸ਼ਾਦਿ ਚੜ੍ਹਾਇਆ ਹੈ। ਸਾਰੀ ਦਿਹਾੜੀ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਹਰ ਸਾਲਾ 21-22-23 ਸਤੰਬਰ ਨੂੰ ਬਾਬਾ ਫਰੀਦ ਜੀ ਦੀ ਯਾਦ ਵਿਚ ਮੇਲਾ ਕਰਵਾਇਆ ਜਾਂਦਾ ਹੈ ਜਿਸ ਮੌਕੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤਕ ਨਗਰ ਕੀਰਤਨ ਕਢਿਆ ਜਾਂਦਾ ਹੈ।

ਰੁਖ – ਬਾਬਾ ਫਰੀਦ ਜੀ ਦੇ ਮੁਬਾਰਕ ਹੱਥਾਂ ਦੀ ਛੋਹ ਪ੍ਰਾਪਤ ਜੋ ਵਣ ਦਾ ਰੁਖ ਸੀ ਉਹ ਪਿਛਲੇ ਸਮੇਂ ਵਿਚ ਸੁੱਕ ਗਿਆ ਹੈ। ਜਿਸਦਾ ਕਾਰਨ ਤੇਲ ਦੇ ਚਿਰਾਗ ਇਸ ਰੁਖ ਦੇ ਮੁਢ ਵਿਚ ਬਾਲੇ ਜਾਂਦੇ ਹਨ। ਤੇਲੇ ਹਥ ਵਣ ਦੇ ਮੁੱਢ ਅਤੇ ਟਾਹਣਿਆਂ ਨੂੰ ਲਗਾਏ ਜਾਂਦੇ ਰਹੇ। ਵਣ ਦਾ ਸੁਕਿਆ ਮੁੱਢ ਅਜ ਵੀ ਉਸੇ ਜਗ੍ਹਾ ‘ਤੇ ਪੜ੍ਹਾ ਹੈ।

ਵਣ ਦਾ ਸੁਕਿਆ ਮੁੱਢ

ਦੂਸਰੇ ਵਣ ਦਾ ਪੁਰਾਤਨ ਰੁਖ ਕੋਲ ਹੀ ਹਰਿਆ ਭਰਿਆ ਪੜ੍ਹਾ ਹੈ। ਜਿਸਨੂੰ ਬਚਾਉਣ ਲਈ ਤੇਲ ਆਦਿ ਪਾਉਣ ਦੀ ਮਨਾਹੀ ਕੀਤੀ ਗਈ ਹੈ। ਮਾਹਿਰਾਂ ਰਾਹੀਂ ਉਸਦੀ ਦੇਖਭਾਲ ਕੀਤੀ ਜਾਂਦੀ ਹੈ।

ਨਿਸ਼ਾਨੀਆਂ – ਗਾਰੇ ਦੇ ਲਿਬੜੇ ਹਥ ਜਿਸ ਵਣ ਦੀ ਲਕੜ ਨਾਲ ਭਗਤ ਜੀ ਨੇ ਪੁੰਝੇ ਸਨ ਉਹ ਅਜ ਵੀ ਸ਼ੀਸ਼ਿਆ ਵਿਚ ਜੜ੍ਹੀ ਹੋਈ ਗੁਰਦੁਆਰਾ ਟਿੱਲਾ ਬਾਬਾ ਫਰੀਦ ਵਿਚ ਮੌਜੂਦ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ।

ਇਸ ਤੋਂ ਇਲਾਵਾ ਜੋ ਰਿਆਸਤ ਦੇ ਤੋਸ਼ੇਖਾਨੇ ਵਿਚ ਬੇਸ਼ਕੀਮਤੀ ਵਸਤਾਂ ਮੌਜੂਦ ਸਨ ਉਹਨਾਂ ਬਾਰੇ ਫ਼ਰੀਦਕੋਟ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਰਿਆਸਤ ਫਰੀਦਕੋਟ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਨਾਲ 1975 ਈ : ਵਿਚ ਹੋਈ ਇਕ ਮੁਲਾਕਾਤ ਵਿਚ ਉਹਨਾਂ ਦੱਸਿਆ ਕਿ ਫ਼ਰੀਦਕੋਟ ਦਰਬਾਰ ਵਿਚ ਦੋ ਪੁਰਾਤਨ ਮਾਲਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ। ਜਿਸ ਬਾਰੇ ਉਹਨਾਂ ਦਾ ਖਿਆਲ ਹੈ ਕਿ ਉਹਨਾਂ ਵਿਚ ਇਕ ਮਾਲਾ ਬਾਬਾ ਫ਼ਰੀਦ ਜੀ ਦੀ ਹੈ। ਇਸ ਤੋਂ ਇਲਾਵਾ ਰਿਆਸਤ ਕੋਲ ਸ. ਕਪੂਰ ਸਿੰਘ ਬਰਾੜ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਇਕ ਢਾਲ ਅਤੇ ਖੜਗ ਵੀ ਮੌਜੂਦ ਸੀ। ਕਿਹਾ ਜਾਂਦਾ ਹੈ ਕਿ 1985 ਈ. ਦੇ ਲਗਭਗ ਮਹਾਰਾਜਾ ਰਾਜਾ ਹਰਿੰਦਰ ਸਿੰਘ ਦੀ ਮੌਤ ਤੋਂ 3-4 ਸਾਲ ਪਹਿਲਾਂ ਇਹ ਬੇਸ਼ਕੀਮਤੀ ਸਸ਼ਤਰ ਚੋਰੀ ਹੋ ਗਏ। ਰਿਆਸਤ ਦੀ ਵਿਰਾਸਤ ਨੂੰ ਸੰਭਾਲ ਵਾਲਾ ਮਹਾਰਾਜਾ ਹਰਿੰਦਰ ਸਿੰਘ ਵਾਂਗ ਕੋਈ ਜ਼ਿੰਮੇਵਾਰ ਨਹੀਂ ਰਿਹਾ। ਜਿਸ ਕਰਕੇ ਰਿਆਸਤ ਦੀਆਂ ਬਹੁਤ ਸਾਰੀਆਂ ਬੇਸ਼ਕੀਮਤੀ ਚੀਜ਼ਾਂ ਜਾਂ ਤਾਂ ਚੋਰੀ , ਖੁਰਦ – ਬੁਰਦ ਹੋ ਗਈਆਂ ਜਾਂ ਸਮੇਂ ਦੀ ਧੂੜ ਵਿਚ ਗੁਆਚ ਗਈਆਂ।

Photos