ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ Gurudwara Godri Sahib Faridkot

ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ Gurudwara Godri Sahib Faridkot

Average Reviews

Description

ਇਹ ਅਸਥਾਨ ਗੁਰਦੁਆਰਾ ਚਿੱਲਾ ਬਾਬਾ ਫਰੀਦ ਤੋਂ ਲਗਭਗ ਸਾਢੇ ਤਿੰਨ ਕਿਲੋਮੀਟਰ ਦੂਰ ਫਰੀਦਕੋਟ-ਕੋਟਕਪੂਰਾ ਸੜਕ ਤੋਂ 100 ਕ ਮੀਟਰ ਪਿਛੇ ਹਟਵਾਂ ਹੈ। ਸੜਕ ਤੋਂ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਉਪਰ ਬਣੇ ਗੋਲਾਕਾਰ ਗੇਟ ਵਿਚ ਦੀ ਹੋ ਕੇ ਜਾਣਾ ਪੈੰਦਾ ਹੈ।
807 ਸਾਲ ਪਹਿਲਾਂ ਸੰਨ 1215 ਦੇ ਅੱਸੂ ਮਹੀਨੇ ਦੇ ਚੰਦ੍ਰਮਾ ਦੀ ਸੱਤਵੀਂ ਸੁਦੀ ਵਾਲੇ ਦਿਨ ਫਰੀਦਕੋਟ ਸ਼ਹਿਰ ਦੀ ਜੂਹ ਦੇ ਭਾਗ ਜਾਗੇ ਜਦ ਬਾਬਾ ਸ਼ੇਖ ਫ਼ਰੀਦ ਭ੍ਰਮਣ ਕਰਦੇ ਹੋਏ ਏਥੋਂ ਦੇ ਬਸ਼ਿੰਦਿਆਂ ਉੱਪਰ ਰਹਿਮ ਸਾਜ਼ ਹੋ ਕੇ ਆਏ। ਫ਼ਕੀਰ ਨੇ ਇਸ ਮਾਰੂਥਲ ਦੇ ਸਭ ਤੋਂ ਉੱਚੇ ਟਿੱਲੇ ਤੇ ਆਪਣੀ ਰੰਗ ਬਿਰੰਗੀਆਂ ਲੀਰਾਂ ਦੀ ਬਣੀ ਹੋਈ ਚਾਦਰ ਵਣ ਦੇ ਰੁੱਖ ਉੱਤੇ ਟੰਗ ਕੇ ਦੂਰ ਤੱਕ ਦਿਸਦਾ ਆਪਣੇ ਆਗਮਨ ਦਾ ਨਿਸ਼ਾਨ ਸਥਾਪਤ ਕੀਤਾ। ਸਮਾਂ ਪਾਕੇ ਇਹ ਅਸਥਾਨ “ਲੀਰ ਮਾਲ੍ਹ" ਦੇ ਨਾਂ ਨਾਲ ਪ੍ਰਸਿਧ ਹੋਇਆ। ਇਥੋਂ ਹੀ ਭਗਤ ਬਾਬਾ ਫਰੀਦ ਜੀ ਚਿਲਾ ਬਾਬਾ ਫਰੀਦ (ਕਿਲਾ) ਵਾਲੀ ਥਾਂ ‘ਤੇ ਗਏ ਸਨ। ਮਾਲ੍ਹ ਦੇ ਉਸ ਮੁਬਾਰਕ ਰੁੱਖ ਉੱਪਰ ਸੁੱਖਾਂ ਮੰਗਣ ਲਈ ਲੀਰਾਂ ਚੜ੍ਹਾਉਣ ਦੀ ਪੁਰਾਤਨ ਪ੍ਰੰਪਰਾ ਜਿੰਮੀਦਾਰਾਂ ਵੱਲੋਂ 1960 ਦੇ ਕਰੀਬ ਉਹ ਰੁੱਖ ਵੱਢ ਦੇਣ ਦੇ ਨਾਲ ਹੀ ਖਤਮ ਹੋ ਚੁੱਕੀ ਹੈ। ਉਹ ਮਾਲ੍ਹ ਦਾ ਰੁੱਖ ਹੀ ਏਥੋਂ ਦੇ ਬਸ਼ਿੰਦਿਆਂ ਦਾ ਸਦੀਆਂ ਤੋਂ ਧਰਮ ਅਸਥਾਨ ਸੀ ਜਿੱਥੇ ਹਿੰਦੂ ਮੁਸਲਮਾਨ ਸਭ ਬਾਬਾ ਫ਼ਰੀਦ ਪ੍ਰਤੀ ਅਕੀਦਤ ਪੇਸ਼ ਕਰਨ ਆਉਂਦੇ ਸਨ। ਸ਼ਾਇਦ ਮਾਲ ਰਿਕਾਰਡ ਦੇ ਕਾਰਨ ਹੁਣ ਇਸ ਅਸਥਾਨ ਦਾ ਨਾਮ " ਗੋਦੜੀ ਟਿੱਲਾ ਬਾਬਾ ਫ਼ਰੀਦ" ਹੋ ਗਿਆ ਹੈ।

ਗੁਰਦੁਆਰਾ ਗੋਦੜੀ ਸਾਹਿਬ (ਲੀਰ ਮਾਲ੍ਹ) ਦਾ ਪੁਰਾਤਨ ਸਰੂਪ। ਜਿਥੇ ਮਨੋਕਾਮਨਾ ਪੂਰੀ ਹੋਣ ‘ਤੇ ਸ਼ਰਧਾਲੂ ਮਾਲ੍ਹ ਦੇ ਰੁਖ ਨਾਲ ਲੀਰਾਂ ਬੰਨ੍ਹਦੇ ਸਨ।

ਜਦ ਭਾਈ ਧੰਨ ਸਿੰਘ ਸਾਇਕਲ ਯਾਤਰੀ 3 ਅਕਤੂਬਰ 1931 ਨੂੰ ਇਸ ਅਸਥਾਨ ‘ਤੇ ਆਏ ਤਾਂ ਇਸ ਤਰ੍ਹਾਂ ਦਾ ਵਾਕਿਆ ਲਿਖਦੇ ਹਨ ‘ਸ਼ੈਹਰ ਦੇ ਪੂਰਬ ਦੀ ਤਫ 2 ਮੀਲ ਤੇ ਕੋਟ ਕਪੂਰੇ ਵਾਲੀ ਮੋਟਾਂ ਦੀ ਛੜਕ ਦੇ ਉਤੇ ਭਗਤ ਫਰੀਦ ਜੀ ਦੀ ਜਗ੍ਹਾ ਹੈ। ਇਸ ਜਗ੍ਹਾ ਭਗਤ ਜੀ ਨੇ ਆਪਣੀ ਗੋਦੜੀ ਸਿੱਟੀ ਸੀ। ਆਪ ਸ਼ੈਹਰ ਵਿਚ ਚਲੇ ਗਏ ਸਨ। ਤੇ ਪਿਛੇ ਤੇ ਗੋਦੜੀ ਪਾਲੀਆਂ ਨੇ ਪਾੜ ਸਿੱਟੀ ਸੀ। ਅਜ ਕਲ ਉਸ ਗੋਦੜੀ ਵਾਲੀ ਜਗ੍ਹਾ ਝਾੜੀਆਂ ਦੇ ਉਤੇ ਤੇ ਬਾਣ ਦੇ ਦਖਤ ਦੇ ਉਤੇ ਲੋਕ ਲੀਰਾਂ ਝੜਾਉਂਦੇ ਹਨ ਤੇ ਸੁੱਖਾ ਪੂਰੀਆਂ ਹੁੰਦੀਆਂ ਹਨ।’
ਮੌਜੂਦਾ ਹਲਾਤ ਅਤੇ ਪ੍ਰਬੰਧ – ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੀ ਬਾਬਾ ਫਰੀਦ ਜੀ ਨਾਲ ਸੰਬੰਧਤ ਲੋਕਲ ਕਮੇਟੀ ਕੋਲ ਹੈ। ਦਰਬਾਰ ਸਾਹਿਬ ਦਾ ਪ੍ਰਵੇਸ਼ ਦੁਆਰ ਉਤਰ ਵਾਲੇ ਪਾਸੇ ਨੂੰ ਹੈ। ਇਹ ਇਮਾਰਤ ਮੂਹਰਲੇ ਪਾਸਿਓ ਗੋਲਾਕਾਰ ਅਤੇ ਪਿਛਲੇ ਪਾਸਿਓ ਚੌਰਸ ਹੈ। ਜਿਸਦੇ ਤਿੰਨ ਪਾਸੇ ਬਰਾਂਡੇ ਪਾਏ ਹੋਏ ਸਨ।ਸਾਹਮਣੇ ਨਿਸ਼ਾਨ ਸਾਹਿਬ ਲਗਿਆ ਹੋਇਆ ਹੈ। ਅੰਦਰ ਸੁੰਦਰ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਜਾ ਪ੍ਰਕਾਸ਼ ਹੈ। ਇਸ ਇਮਾਰਤ ਦਾ ਨੀਂਹ ਪੱਥਰ 23 ਸਤੰਬਰ 1981 ਨੂੰ ਬਾਬਾ ਰਾਸ਼ਦ ਫਰੀਦੀ ਵੱਲੋਂ ਰਖਿਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਵਿਚ ਇਕ ਸਿਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨਾਲ ਵੀ ਸੰਬੰਧਿਤ ਹੈ ਜਿਸ ਉਪਰ ਲਿਖਿਆ ਹੈ
ੴ ਸਤਿਗੁਰ ਪ੍ਰਸਾਦਿ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੇ ਜੇਹਲ ਯਾਤਰਾ ਤੋਂ ਉਪਰੰਤ ਪਹਿਲੀ ਵਾਰ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸ਼ਕਰ ਗੰਜ ਦੀ ਸ਼ਰਧਾਮਈ ਯਾਤਰਾ ਦੀ ਯਾਦ ਵਿੱਚ 20 ਨਵੰਬਰ 1981 ਨੂੰ ਰੱਖਿਆ।

ਉਪਰੋਕਤ ਸੰਬੰਧਤ ਸਿਲ

ਹੁਣ ਵੱਡਾ ਦਰਬਾਰ ਸਾਹਿਬ ਸਾਹਿਬ ਉਸਾਰਿਆ ਗਿਆ ਜੋ ਮੁਖ ਮਾਰਗ ਤੋਂ ਗੋਦੜੀ ਸਾਹਿਬ ਨੂੰ ਆਉਂਦੀ ਸੜਕ ਦੇ ਲਗਭਗ ਸਾਹਮਣੇ ਹੈ।
ਗੁਰਦੁਆਰਾ ਸਾਹਿਬ ਦੀ ਉਸਾਰੀ ਦੇ ਜੋ ਵਾਕਿਆ ਵਕੀਲ ਇੰਦਰਜੀਤ ਸਿੰਘ ਸੇਖੋਂ ਨੇ ਆਪਣੀ ਕਿਤਾਬ ‘ਕੁਝ ਅਣਫੋਲੀਆਂ ਪਰਤਾਂ’ ਵਿਚ ਲਿਖਿਆ ਹੈ ਉਹ ਇਸ ਤਰ੍ਹਾਂ ਹੈ
"ਇਸ ਸਥਾਨ ‘ਤੇ ਦੋ ਚਬੂਤਰੇ, ਇੱਕ ਮਾਲ ਦਾ ਦਰੱਖ਼ਤ, ਇੱਕ ਟਾਹਲੀ, ਤਿੰਨ ਖੰਡਰ ਹੋਏ ਕਮਰੇ ਸਨ ਜਿਨ੍ਹਾਂ ਵਿੱਚੋਂ ਦੋ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ, ਇੱਕ ਦੀ ਅੱਧੀ ਡਿੱਗੀ ਹੋਈ ਸੀ। ਇਸ ਤੋਂ ਇਲਾਵਾ ਕਮਰੇ ਵਿੱਚ ਇੱਕ ਬਿਨ੍ਹਾਂ ਤਖਤਿਆਂ ਤੋਂ ਅਲਮਾਰੀ ਵਿੱਚ ਮੈਲੇ ਕੱਪੜੇ ਵਿੱਚ ਲਪੇਟ ਕੇ ਰੱਖੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਪੁਰਾਣੀ ਬੀੜ ਸੀ। ਸਾਰੀ ਥਾਂ ਛੇ ਕਨਾਲ ਤਿੰਨ ਮਰਲੇ ਸੀ।ਲੋਕ ਇਸ ਨੂੰ ਲੀਰ ਮਾਲ੍ਹ ਦੇ ਨਾਮ ਨਾਲ ਜਾਣਦੇ ਸਨ ਕਿਉਂਕਿ ਜਿਸ ਮਨੁੱਖ ਦੀ ਕੋਈ ਸ਼ਰਧਾ ਪੂਰੀ ਹੁੰਦੀ ਸੀ ਉਹ ਮਾਲ੍ਹ ਦੇ ਦਰਖੱਤ ਨਾਲ ਲੀਰ ਬੰਨ ਜਾਂਦਾ ਸੀ। ਆਉਣ ਜਾਣ ਵਾਲੇ ਲੋਕ ਇਹਨਾਂ ਨੂੰ ਬਾਬੇ ਦਾ ਲੀਰ ਮਾਲ ਵਾਲਾ ਅਸਥਾਨ ਹੀ ਕਹਿੰਦੇ ਸਨ।
ਇਕ ਬੀਬੀ ਪ੍ਰਕਾਸ਼ ਕੌਰ ਤਲਾਅ ਮੁਹਲੇ ਦੀ ਰਹਿਣ ਵਾਲੀ ਸੀ ਜਿਸ ਨੇ ਜੋ ਕੋਈ ਆਸ ਮੁਰਾਦ ਮੰਨਤ ਮੰਗੀ ਸੀ। ਪੂਰਾ ਹੋਣ ‘ਤੇ ਉਹਨਾਂ ਕਮਰਿਆਂ ਦੀਆਂ ਛੱਤਾਂ ਪੁਆਈਆਂ ਅਤੇ ਇੱਕ ਨਿਸ਼ਾਨ ਸਾਹਿਬ ਵੀ ਲਗਵਾ ਦਿੱਤਾ। ਇਸ ਸਥਾਨ ਦੇ ਚਾਰੇ ਪਾਸੇ ਹਿੰਦੂ ਵੀਰਾਂ ਦੀਆਂ ਜ਼ਮੀਨਾਂ ਸਨ। ਜਿੰਨ੍ਹਾਂ ਨੇ ਉਹ ਨਿਸ਼ਾਨ ਸਾਹਿਬ ਪੁੱਟ ਦਿੱਤਾ। ਬੀਬੀ ਨੇ ਨਿਸ਼ਾਨ ਸਾਹਿਬ ਫ਼ਿਰ ਲੁਆਇਆ ਅਤੇ ਤਿੰਨਾਂ ਦਿਨਾਂ ਬਾਅਦ ਉਹ ਫਿਰ ਪੁੱਟ ਦਿੱਤਾ ਗਿਆ। ਬੀਬੀ ਪ੍ਰਕਾਸ਼ ਕੌਰ ਕਮੇਟੀ ਕੋਲ ਗਈ ਜੋ ਇਸ ਅਸਥਾਨ  ਦਾ ਪ੍ਰਬੰਧ ਕਰਦੀ ਸੀ ਤੇ ਇਹ ਸਾਰੀ ਗਾਥਾ ਸੁਣਾਈ ਪਰ ਕਿਸੇ ਵੀ ਮੈਂਬਰ ਨੇ ਕੋਈ ਗੌਰ ਨਾ ਕੀਤੀ। ਆਖ਼ਰਕਾਰ ਪ੍ਰਕਾਸ਼ ਕੌਰ ਇੱਕ ਸਵੇਰ ਮੇਰੇ (ਇੰਦਰਜੀਤ ਸਿੰਘ ਸੇਖੋਂ) ਪਾਸ ਆਈ ਅਤੇ ਸਾਰੀ ਗਾਥਾ ਸੁਣਾਈ। ਤਦ ਮੈਂ ਇਸ ਸਥਾਨ ਦੇ ਦਰਸ਼ਨ ਕਰਨ ਗਿਆ ਤਾਂ ਦੇਖਿਆ ਕਿ ਨਿਸ਼ਾਨ ਸਾਹਿਬ ਅੱਧ ਵਿਚ ਵੱਢਿਆ ਹੋਇਆ ਸੀ। ਫਰੀਦਕੋਟ ਸ਼ਹਿਰ ਆਕੇ ਨਵਾਂ ਨਿਸ਼ਾਨ ਸਾਹਿਬ ਖ਼ਰੀਦ ਕੇ ਉਥੇ ਨੇੜੇ ਰਹਿੰਦੇ ਮਿਸਤਰੀ ਤੋਂ ਲਗਵਾਇਆ ਅਤੇ ਇਹ ਐਲਾਨ ਕੀਤਾ ਕਿ ਇਸ ਅਸਥਾਨ ਦੀ ਸੇਵਾ ਹੁਣ ਨਵੀਂ ਕਮੇਟੀ ਕਰੇਗੀ। ਮੈਨੂੰ ਲਗਦਾ ਸੀ ਕਿ ਸ਼ਹਿਰ ਦੇ ਕੁਝ ਸ਼ਰਾਰਤੀ ਅਨਸਰ ਹਿੰਦੂ ਸਿਖ ਮਸਲਾ ਬਣਾਉਣਗੇ। ਪ੍ਰੰਤੂ ਅਗਲੇ ਦਿਨ ਦੇ ਸਵੇਰੇ ਸ਼ਹਿਰ ਫਰੀਦਕੋਟ ਦੇ ਲਗਭਗ ੧੦੦ ਨਾਮਵਰ ਹਿੰਦੂ ਲਾਲਾ ਹਰਕ੍ਰਿਸ਼ਨ , ਲਾਲਾ ਕਸੂਰ ਚੰਦ, ਕੁਝ ਬੀ.ਜੇ.ਪੀ.  ਦੇ ਕਈ ਹੋਰ ਲੀਡਰ ਸ਼ਾਮਲ ਸਨ ਮੇਰੇ ਘਰ ਆਏ। ਆਖ਼ਰਕਾਰ ਸਮਝੌਤਾ ਹੋਇਆ ਕਿ ਕੁਝ ਜਮੀਨ ਮੰਦਰ ਨੂੰ ਦਿਤੀ ਜਾਵੇਗੀ। ਉਸੇ ਸ਼ਾਮ ਦੋਵੇਂ ਭਾਈਚਾਰਿਆਂ ਦਾ ਇਕੱਠ ਹੋਇਆ ਅਤੇ ੧੫ ਮਰਲੇ ਜਗ੍ਹਾ ਮੰਦਰ ਨੂੰ ਛੱਡ ਦਿਤੀ ਗਈ। ਉਸ ਤੋਂ ਬਾਅਦ ੧੯੮੦ ਈ. ਵਿਚ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ ਗਈ।"

ਪੁਰਾਣੀ ਇਮਾਰਤ ਦੀ ਇਕ ਕਾਲੀ-ਚਿਟੀ ਤਸਵੀਰ

ਅਜੋਕੇ ਸਮੇਂ ਦਰਬਾਰ ਸਾਹਿਬ ਦੇ ਪੱਛਮ ਵਾਲੇ ਪਾਸੇ ਸਰੋਵਰ ਹੈ। ਸਰੋਵਰ ਦੇ ਉਤਰ ਦਿਸ਼ਾ ਵਲ ਲੰਗਰ ਹਾਲ ਅਤੇ ਦੀਵਾਨ ਹਾਲ ਬਣੇ ਹੋਏ ਹਨ। ਗੁਰਦੁਆਰਾ ਸਾਹਿਬ ਦਾ ਖੁੱਲ੍ਹਾ ਵਿਹੜਾ ਹੈ। ਵਹੀਕਲ ਅੰਦਰ ਹੀ ਪਾਰਕ ਹੋ ਜਾਂਦੇ ਹਨ।
ਰਿਵਾਇਤ – ਅੱਸੂ ਸੁਦੀ ਸੱਤਵੀਂ ਦੀ ਅੰਗ੍ਰੇਜ਼ੀ ਤਰੀਕ ੨੩ ਸਤੰਬਰ ਮੰਨ ਕੇ ਲੀਰਾਂ ਦੀ ਚਾਦਰ (ਗੋਦੜੀ) ਵਾਲੇ ਫ਼ਕੀਰ ਬਾਬਾ ਸ਼ੇਖ ਫਰੀਦ-ਉਦ-ਦੀਨ ਸ਼ੱਕਰ ਗੰਜ ਨੂੰ ਹਰ ਸਾਲ ਚਾਵਾਂ ਅਤੇ ਮਲ੍ਹਾਰਾਂ ਨਾਲ ਯਾਦ ਕੀਤਾ ਜਾਂਦਾ ਹੈ।
ਨਿਸ਼ਾਨੀ – ਵਣ ਦਾ ਪੁਰਾਤਨ ਰੁਖ ਦੀ ਤਾਂ ਹੁਣ ਹੋਂਦ ਨਹੀਂ ਰਹੀ ਪ੍ਰੰਤੂ ਉਸ ਇਤਿਹਾਸਕ ਵਣ ਦੀ ਜਗਾ ਇਕ ਬੇਰੀ ਨੇ ਲੈ ਲਈ ਹੈ। ਬਹੁਤੇ ਸ਼ਰਧਾਲੂਆਂ ਨੂੰ ਤਾਂ ਵਣ ਬਾਰੇ ਪਤਾ ਹੀ ਨਹੀਂ ਹੈ।

ਲੰਗਰ – ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਹੈ।

Photos