Gurudwara Tibbi Sahib Jaito, Faridkot ਗੁਰਦੁਆਰਾ ਟਿੱਬੀ ਸਾਹਿਬ ਜੈਤੋ, ਫਰੀਦਕੋਟ

Gurudwara Tibbi Sahib Jaito, Faridkot ਗੁਰਦੁਆਰਾ ਟਿੱਬੀ ਸਾਹਿਬ ਜੈਤੋ, ਫਰੀਦਕੋਟ

Average Reviews

Description

ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿਚ ਜੈਤੋ ਮਸ਼ਹੂਰ ਸ਼ਹਿਰ ਅਤੇ ਮੰਡੀ ਹੈ। ਇਹ ਬਠਿੰਡਾ ਤੋਂ ੩੦ਕਿਲੋਮੀਟਰ ਅਤੇ ਕੋਟਕਪੂਰੇ ਤੋਂ ੧੭ ਕਿਲੋਮੀਟਰ ਦੂਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨਗਰ ਨੂੰ ਕੋਟਕਪੂਰਾ ਤੋਂ ਹੋ ਕੇ ਆਏ ਸਨ। ਜੈਤੋ ਵਿਚ ਤਿੰਨ ਇਤਿਹਾਸਕ ਗੁਰਦੁਆਰੇ ਹਨ। ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਗੰਗਸਰ ਸਾਹਿਬ ਅਤੇ ਗੁਰਦੁਆਰਾ ਅੰਗੀਠਾ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੰਮਤ ੧੭੬੩ ਬਿਕ੍ਰਮੀ ਨੂੰ ਵਿਸਾਖ ਮਹੀਨੇ ਵਿਚ ਕੋਟ ਕਪੂਰੇ ਤੋਂ ਕੂਚ ਕਰਕੇ ੧੮ ਵੈਸਾਖ (੧੫ ਅਪ੍ਰੈਲ) ਸੋਮਵਾਰ ਨੂੰ ਜੈਤੋ ਦੀ ਜੂਹ ਵਿਚ ਪੁੱਜੇ ।੧੯ ਵੈਸਾਖ ( ੧੬ ਅਪੈਲ ੧੭੦੬ ) ਮੰਗਲਵਾਰ ਚੰਦ ਗ੍ਰਹਿਣ ਦੀ ਪੰਨਿਆਂ ਦਾ ਪੁਰਬ ਜੈਤੋ ਮਨਾਇਆ। ਸਤਿਗੁਰਾਂ ਨੇ ਪਿੰਡ ਜੈਤੋ ਤੋਂ ਬਾਹਰ ਇਕ ਉੱਚੀ ਟਿੱਬੀ ‘ਤੇ ਡੇਰੇ ਲਾ ਲਏ ਅਤੇ ਸਿੰਘਾਂ ਨੂੰ ਤੀਰ ਅੰਦਾਜ਼ੀ ਦਾ ਅਭਿਆਸ ਕਰਾਇਆ। ਸ਼ਾਮ ਨੂੰ ਸ੍ਰੀ ਰਹਰਾਸਿ ਸਾਹਿਬ ਦਾ ਪਾਠ ਕੀਤਾ ਅਤੇ ਦੀਵਾਨ ਸਜਾਇਆ।

ਗੁਰਦੁਆਰਾ ਟਿੱਬੀ ਸਾਹਿਬ ‘ਤੇ ਪੰਛੀ ਝਾਤ

ਸ਼ਾਮ ਦੇ ਦੀਵਾਨ ਦੀ ਸਮਾਪਤੀ ਤੋਂ ਪਿਛੋਂ ਆਪ ਨੇ ਗੰਗਸਰ ਵਾਲੀ ਥਾਂ ਤੇ ਆ ਕੇ ਬਿਸਰਾਮ ਕੀਤਾ ਜੋ ਇਥੋਂ ਦਖਣ ਵਾਲੇ ਪਾਸੇ ਕਿਲੋਮੀਟਰ  ‘ਤੇ ਹੈ। ਉਸ ਸਮੇਂ ਮਾਲਵੇ ਵਿਚ ਪਾਣੀ ਦੀ ਬਹੁਤ ਥੁੜ ਸੀ ਅਤੇ ਟਿੱਬੀ ਸਾਹਿਬ ਨੇੜੇ ਕੋਈ ਪਾਣੀ ਨਹੀਂ ਸੀ। ਗੰਗਸਰ ਵਾਲੀ ਥਾਂ ‘ਤੇ ਇਕ ਛਪੜੀ ਸੀ ਜਿਸ ਵਿਚ ਥੋੜਾ ਬਹੁਤ ਪਾਣੀ ਸੀ। ਗੁਰੂ ਸਾਹਿਬ ਟਿੱਬੀ ਸਾਹਿਬ ਤੋਂ ਉਠਕ ਪਾਣੀ ਦੀ ਵਰਤੋਂ ਲਈ ਗੰਗਸਰ ਵਾਲੀ ਥਾਂ ਤੇ ਆਏ ਸਨ। ਬਾਅਦ ਵਿਚ ਭਾਈ ਰਾਮ ਸਿੰਘ ਦੀ ਪ੍ਰੇਰਨਾ ਨਾਲ ਭਾਈ ਸ਼ੇਰ ਸਿੰਘ , ਭਾਈ ਪ੍ਰਤਾਪ ਸਿੰਘ ਅਤੇ ਭਾਈ ਸੰਤ ਸਿੰਘ ਆਦਿ ਸਿੰਘਾਂ ਨੇ ਟਿੱਬੀ ਸਾਹਿਬ ਵਿਖੇ ਖੂਹੀ ਲਵਾਈ ਜੋ ਗੁਰਦੁਆਰਾ ਸਾਹਿਬ ਵਿਚ ਅਜ ਵੀ ਮੌਜੂਦ ਹੈ ਅਤੇ ਪੱਕੀ ਮੰਜੀ ਸਾਹਿਬ ਤਿਆਰ ਕਰਾਈ। ਸਰਬ ਲੋਹ ਦਾ ਨਿਸ਼ਾਨ ਸਾਹਿਬ ਵੀ ਤਿਆਰ ਕਰਵਾਉਣ ਦੀ ਸੇਵਾ ਕੀਤੀ।

ਪੁਰਾਤਨ ਖੂਹੀ

ਭਾਈ ਰਾਮ ਸਿੰਘ ਜੀ ਝੋਲੀ ਫੇਰ ਕੇ ਸੇਵਾ ਸੰਭਾਲ ਅਤੇ ਲੰਗਰ ਦੀ ਟਹਿਲ ਕਰਦੇ ਰਹੇ। ਉਸ ਤੋਂ ਕਾਫੀ ਸਮੇਂ ਪਿਛੋਂ ਰਿਆਸਤ ਨਾਭਾ ਵਲੋਂ ਅਠ ਘੁਮਾਂ ਜ਼ਮੀਨ ਇਸ ਗੁਰਦੁਆਰਾ ਸਾਹਿਬ ਦੇ ਨਾਂ ਲਾਈ ਗਈ, ਜਿਸ ਦੀ ਆਮਦਨ ਦਾ ਭਾਵ ਸੇਵਾ ਸੰਭਾਲ ਅਤੇ ਲੰਗਰ ਚਲਾਉਣਾ ਸੀ ਪਰ ਮਹੰਤਾਂ ਦੇ ਕਬਜ਼ੇ ਵਿਚ ਹੋਣ ਕਰਕੇ ਲੰਗਰ ਆਦਿ ਦਾ ਪ੍ਰਬੰਧ ਨਹੀਂ ਹੋ ਸਕਿਆ। ਬਾਅਦ ਵਿਚ ਇਸ ਅਸਥਾਨ ਦੀ ਸੇਵਾ ਬਾਬਾ ਬਾਬਾ ਜੀਵਨ ਸਿੰਘ, ਬਾਬਾ ਦਲੀਪ ਵੱਲੋਂ ਕਾਰ ਸੇਵਾ ਰਾਹੀਂ ਕਰਵਾਈ।
ਸਾਖੀ ਦਸਦੀ ਹੈ ਕਿ ਕੋਟਕਪੂਰਾ/ਢਿਲਵਾਂ ਕਲਾਂ ਤੋਂ ਚੱਲ ਕੇ ਗੁਰੂ ਜੀ ਗੁਰੂ ਕੀ ਢਾਬ ਵਿਚੀਂ ਲੰਘਦੇ ਹੋਏ ਜੈਤੋ ਦੇ ਨਜ਼ਦੀਕ ਜਾ ਪਹੁੰਚੇ। ਇਸ ਸਬੰਧ ਵਿੱਚ ‘ਸਾਖੀ ਪੋਥੀ’ ਦਾ ਹਵਾਲਾ ਬਹੁਤ ਸੁੰਦਰ ਹੈ : ਗੁਰੂ ਜੀ ਕਹਿੰਦੇ ‘ ਖਾਨਿਆ ਇਹ ਕਿਹੜਾ ਪਿੰਡ ਹੈ? ਖਾਨਾ ਕਹਿੰਦਾ, ‘ ਪਿੰਡ ਕੇਹੜਾ ਹੈ ਜੀ, ਚਾਰ ਕ ਝੁੱਗੀਆਂ ਹੈਨ ਜੈਤੋ ਖਾਨੇ ਕੀਆਂ। ਗੁਰੂ ਜੀ ਕਹਿੰਦੇ, ‘ਨਾ ਵੇ ਖਾਨਾ! ਵੱਡਾ ਪਿੰਡ ਹੈ। ਇਥੇ ਸਾਖੀ ਪੋਥੀ ਦੀ ਇਕ ਹੋਰ ਖ਼ੂਬੀ ਵੀ ਵੇਖਣ ਵਾਲੀ ਹੈ ਇਸ ਪੋਥੀ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਿਸੇ ਨੂੰ ਸੰਬੋਧਨ ਕਰਦੇ ਹਨ ਤਾਂ ਉਹ ਅਕਸਰ ‘ ਵੇ ’ ਸ਼ਬਦ ਦੀ ਵਰਤੋਂ ਕਰਦੇ ਹਨ ਜੋ ਉਨ੍ਹਾਂ ਦੇ ਮੁਖਾਰਬਿੰਦ ਤੋਂ ਬਹੁਤ ਹੀ ਸੁਹਣਾ ਲੱਗਦਾ ਹੈ। ਗੁਰੂ ਜੀ ਸਚ-ਮੁਚ ਹੀ ਇਸ ਸੰਬੋਧਨ ਦੀ ਵਰਤੋਂ ਕਰਦੇ ਸਨ ਕਿ ਨਹੀਂ, ਇਸ ਬਾਰੇ ਯਕੀਨ ਨਾਲ ਕੁਝ ਕਹਿਣਾ ਤਾਂ ਮੁਸ਼ਕਿਲ ਹੈ ਪਰ ਪੋਥੀ ਲੇਖਕ ਜਿਸ ਪਿਆਰੇ ਅੰਦਾਜ਼ ਨਾਲ ਗੁਰੂ ਜੀ ਦੇ ਮੁਖ ਤੋਂ ਇਹ ਸ਼ਬਦ ਅਖਵਾਉਂਦਾ ਹੈ, ਉਸ ਤੋਂ ਜਾਪਦਾ ਹੈ , ਜਿਵੇਂ ਇਸ ਸੰਬੋਧਨ ਨਾਲ ਆਖੇ ਗਏ ਸ਼ਬਦ ਗੁਰੂ ਦਸਮੇਸ਼ ਜੀ ਦੇ ਅਸਲੀ ਮੁੱਖ ਵਾਕ ਹੀ ਹਨ। ਜੈਤੋ ਵਾਸੀਆਂ ਦਾ ਯਕੀਨ ਹੈ ਕਿ ਗੁਰੂ ਜੀ ਦਾ ਇਹ ਵਾਕ ‘ ਨਾ ਵੇ ਖਾਨਾ, ਵੱਡਾ ਪਿੰਡ ਹੈ ’ ਇਸ ਬਸਤੀ ਨੂੰ ਗੁਰੂ ਜੀ ਦਾ ਵਰ ਹੈ। ਇਸ ਵਰ ਨਾਲ ਜੈਤੋ ਪਿੰਡ ਬਹੁਤ ਵਧਿਆ ਫੁੱਲਿਆ।
ਜੈਤੋ ਸ਼ਹਿਰ ਦੇ ਉੱਤਰ ਵੱਲ ਢਾਈ ਕਿਲੋਮੀਟਰ ਦੂਰ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ। ਪਹਿਲਾਂ ਇਹ ਅਸਥਾਨ ਜੈਤੋ ਦੇ ਬਾਹਰਵਾਰ ਸੀ ਪ੍ਰੰਤੂ ਹੁਣ ਜੈਤੋ ਦੀ ਵਸੋਂ ਇਸ ਗੁਰਦੁਆਰੇ ਤੋਂ ਅੱਗੇ ਤਕ ਪਹੁੰਚ ਚੁੱਕੀ ਹੈ।  ਅਜੋਕੀ ਇਮਾਰਤ ੧੯੮੦ ਨੂੰ ਸੰਤ ਗੁਰਮੁਖ ਸਿੰਘ ਦੇ ਚਾਟੜਿਆਂ ਨੇ ਬਣਾਈ ਹੈ, ਜਿਸ ਦੇ ਆਸ – ਪਾਸ ਚਾਰ ਦੀਵਾਰੀ ਕੀਤੀ ਗਈ ਹੈ। ਉਪਰ ਗੁੰਬਦ ਬਣਿਆ ਹੋਇਆ ਹੈ ਅਤੇ ਆਸ ਪਾਸ ਬਰਾਂਡ ਬਣੇ ਹੋਏ ਹਨ। ਗੁਰਦੁਆਰਾ ਸਾਹਿਬ ਟਿਬੀ ‘ਤੇ ਹੋਣ ਕਰਕੇ ਦੂਰੋਂ ਹੀ ਨਜਰੀਂ ਆਉਂਦਾ ਹੈ। ਗੁਰਦੁਆਰਾ ਸਾਹਿਬ ਵਿਚ ਪੁਰਾਤਨ ਤਿੰਨ ਸਿਲਾਂ ਲਗੀਆਂ ਹਨ ਜਿਨ੍ਹਾਂ ਵਿਚ ਇਕ ਗੁਰਸਿੱਖਾਂ ਵਲੋਂ ਗੁਰਦੁਆਰਾ ਸਾਹਿਬ ਦੀ ਚਾਰਦੁਆਰੀ ਦੀ ਸੇਵਾ ਕਰਨ ਸੰਬੰਧੀ ਹੈ, ਇਕ ਉਪਰ ਜੈਤੋ ਦੇ ਮੋਰਚੇ ਵਿਚ ਸ਼ਹੀਦ ਹੋਏ ਕੁਝ ਕ ਸਿੰਘ ਦੇ ਨਾਂ ਲਿਖੇ ਹਨ ਅਤੇ ਇਕ ਸਚਖੰਡ ਦਾ ਦਰਬਾਰ ਸਾਹਿਬ ਬਣਾਉਣ ਸੰਬੰਧੀ ਲਗੀਆਂ ਹੋਈਆਂ ਹਨ। ਗੁਰਦੁਆਰਾ ਸਾਹਿਬ ਦੀ ਚਾਰਦੁਆਰੀ ਦੇ ਆਸਪਾਸ ਟਿਬੀ ਸਾਹਿਬ ਉਪਰ ਵਿਰਾਸਤੀ ਦਰਖਤ ਜੰਡ, ਵਣ ਆਦਿ ਲਗੇ ਹੋਏ ਹਨ। ਦੋ ਨਿਸ਼ਾਨ ਸਾਹਿਬ ਸ਼ਸ਼ੋਬਿਤ ਹਨ। ਇਕ ਦਰਬਾਰ ਸਾਹਿਬ ਦੀ ਇਮਾਰਤ ਦੇ ਸਾਹਮਣੇ ਖੱਬੇ ਹਥ ਉਚਾ ਝੂਲ ਰਿਹਾ ਹੈ। ਦੂਸਰਾ ਦਰਬਾਰ ਸਾਹਿਬ ਦੇ ਖੱਬੇ ਹੱਥ ਪਿਛਲੀ ਗੁੱਠ ਉਪਰ ਛੋਟਾ ਜਿਹਾ ਸ਼ਸ਼ੋਬਿਤ ਹੈ, ਇਥੇ ਅੰਗਰੇਜਾਂ ਦੁਆਰਾ ਮਸ਼ੀਨ ਗੰਨ ਬੀੜੀ ਗਈ ਸੀ। ਜਥੇ ਦੇ ਇਕ ਸਿੰਘ ਦੁਆਰਾ ਵਰਦੀਆਂ ਗੋਲੀਆਂ ਵਿਚ ਇਥੇ ਖਾਲਸੇ ਦਾ ਨਿਸ਼ਾਨ ਗੱਡਿਆ ਸੀ।

ਪੁਰਾਤਨ ਇਮਾਰਤ ਦੀ ਦੁਰਲਭ ਤਸਵੀਰ

ਜਿਸ ਉਚੇ ਰੇਤ ਦੇ ਟਿੱਲੇ ਉਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੀਵਾਨ ਸਜਾਏ ਸਨ, ਉਹਨਾਂ ਦੀ ਇਸ ਖ਼ਾਸ ਯਾਦ ਵਿੱਚ ਹੀ ਇਸ ਅਸਥਾਨ ਦਾ ਨਿਰਮਾਣ ਕੀਤਾ ਗਿਆ ਸੀ। ੳਪਰੋਕਤ ਤਸਵੀਰ ਵਿਚ ਦਿਸਦੀ ਪੁਰਾਤਨ ਇਮਾਰਤ ਤਾਮੀਰ ਕਰਨ ਦਾ ਪੱਕਾ ਸਮਾਂ ਤੈਅ ਨਹੀਂ ਪਰ ਇਹ ਮੰਨਿਆ ਜਾਂਦਾ ਹੈ ਕਿ ਇਸ ਗੁਰਦੁਆਰੇ ਦਾ ਨਿਰਮਾਣ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਜੀ (1871-1911) ਨੇ ਕਰਵਾਇਆ ਸੀ। ਸਥਾਨਿਕ ਸੰਗਤ ਵੀ ਇਸ ਮੌਖਿਕ ਰਵਾਇਤ ਦੀ ਹਾਮੀ ਭਰਦੀ ਹੈ।
ਇਹ ਛੋਟਾ ਜਿਹੀ ਇਮਾਰਤ ਵਾਲਾ ਦਰਬਾਰ ਸਾਹਿਬ ਚੌਰਸ ਪਲਾਨ ‘ਤੇ ਆਧਾਰਿਤ ਹੈ। ਇਸਦਾ ਦਾਖ਼ਲਾ ਸਿਰਫ਼ ਪੂਰਬ ਵਾਲੇ ਪਾਸੇ ਤੋਂ ਹੀ ਹੈ। ਦਰਵਾਜੇ ਵਾਲੇ ਪਾਸੇ ਛੋਟਾ ਜਿਹਾ ਬਰਾਂਡਾ ਬਣਾਇਆ ਗਿਆ। ਇਸਦੀ ਛੱਤ ‘ਤੇ ਬੜਾ ਹੀ ਸੁੰਦਰ ਗੁੰਬਦ ਬਣਿਆ ਹੋਇਆ ਸੀ। ਛੱਤ ਦੇ ਸਿਖਰ’ ਤੇ ਵਿਚਾਲੇ ਕੰਵਲ ਫੁੱਲ ਵਰਗੀ ਰਾਡ ਲਗਾਈ ਗਈ ਜੋ ਕਿ ਸ਼ਾਇਦ ਕਲਸ਼ ਜਾਂ ਫੁੱਲਦਾਨ ਵਰਗਾ ਜਾਪਦਾ ਸੀ ਜਿਵੇਂ ਕੋਈ ਧਾਰਮਿਕ ਵਿਸ਼ਵਾਸ ਪ੍ਰਗਟਾਉੰਦਾ ਹੋਵੇ। ਇਮਾਰਤ ਵਿੱਚ ਨਵੇਂ ਢੰਗ ਦੀ ਡਿਉਢੀ ਵੀ ਬਣੀ ਸੀ। ਗੁਰਦੁਆਰੇ ਦੇ ਸਾਹਮਣੇ ਉਚੇ ਥੜ੍ਹੇ’ ਤੇ ਨਿਸ਼ਾਨ ਸਾਹਿਬ ਹੁੰਦਾ ਸੀ। ਟਿਬੇ ਉਪਰ ਅਤੇ ਆਸਪਾਸ ਪੰਜਾਬ ਦੇ ਵਿਰਾਸਤੀ ਰੁਖ ਸਨ। ਜੈਤੋ ਦੇ ਮੋਰਚੇ ਸਮੇਂ ਇਹੀ ਇਮਾਰਤ ਮੌਜੂਦ ਸੀ ਜਿਸਨੂੰ ਮਹਾਨ ਚਿਤਰਕਾਰ ਸਰਦਾਰ ਕ੍ਰਿਰਪਾਲ ਸਿੰਘ ਨੇ ਜੈਤੋ ਦੇ ਮੋਰਚੇ ਸੰਬੰਧੀ ਬਣਾਏ ਚਿਤਰ ਵਿਚ ਵੀ ਦਰਸਾਇਆ ਹੈ।(ਚਿਤਰ ਹੇਠਾਂ ਦੇਖ ਸਕਦੇ ਹੋ) ਅਜੋਕੇ ਸਮੇਂ ਇਸਨੂੰ ਢਾਹ ਕੇ ਨਵੀਂ ਇਮਾਰਤ ਉਸਾਰ ਦਿਤੀ ਗਈ ਹੈ।

ਜੈਤੋ ਦਾ ਮੋਰਚਾ ਅਤੇ ਗੁਰਦੁਆਰਾ ਟਿਬੀ ਸਾਹਿਬ

ਜੈਤੋ ਦੇ ਮੋਰਚੇ ਦਾ ਚਿਤਰ

ਗੁਰਦੁਆਰਾ ਸੁਧਾਰ ਲਹਿਰ ਦੌਰਾਨ ‘ਜੈਤੋ ਦਾ ਮੋਰਚਾ’ ਲਗਿਆ। ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਪੱਖੀ ਹੋਣ ਕਾਰਨ ਅੰਗਰੇਜ ਨੇ ਗੱਦੀ ਛੱਡੀ ਲਈ ਮਜਬੂਰ ਕਰ ਦਿਤਾ। ਜਿਸਦੇ ਰੋਸ ਵਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਦੇ ਹਕ ਚ ਆਵਾਜ ਉਠਾਈ, ਜਲਸੇ ਜਲੂਸ ਕੱਢੇ ਗਏ। ਵੱਖ ਵੱਖ ਥਾਵਾਂ ਚ ਜਥਿਆਂ ਦੇ ਰੂਖ ਚ ਸੰਗਤਾਂ ਜੈਤੋ ਨੂੰ ਮਾਰਚ ਕਰਦੀਆਂ। 21 ਫਰਵਰੀ 1924 ਨੂੰ ਜਦੋਂ ਇਕ ਜਥਾ ਜੈਤੋ ਪੁੱਜਾ ਤਾਂ ਅੰਗਰੇਜ ਅਫਸਰ ਵਿਲਸਨ ਜੌਹਨਸਟਨ ਨੇ ਫੌਜ ਨੂੰ ਜਥੇ ਉੱਪਰ ਗੋਲੀਆਂ ਚਲਾਉਣ ਦੇ ਹੁਕਮ ਦੇ ਦਿੱਤੇ। ਅੰਤ ਗੋਲੀਆਂ ਦੀ ਬੁਛਾੜ ਨੇ ਉਨ੍ਹਾਂ ਨੂੰ ਰੋਕ ਲਿਆ ਫਿਰ ਵੀ ਉਹ ਜਿਥੋਂ ਤਕ ਹੋ ਸਕਿਆ ਡਿੱਗਦੇ – ਢਹਿੰਦੇ ਅੱਗੇ ਵਧਦੇ ਗਏ ਜੋ ਜਥੇ ਨੂੰ ਵੇਖ ਰਹੇ ਸਨ, ਉਨ੍ਹਾਂ ਲੋਕਾਂ ਤੇ ਵੀ ਲਾਠੀਚਾਰਜ ਕੀਤਾ ਗਿਆ। ਪਰ ਐਨ ਉਸੀ ਸਮੇਂ ਚਲਦੀ ਗੋਲੀ ਵਿਚ ਇਕ ਸਿੰਘ ਨੇ ਮਸ਼ੀਨ ਗੰਨਕੋਲ ਜਾ ਕੇ ਨਿਸ਼ਾਨ ਸਾਹਿਬ ਗਡ ਦਿਤਾ। ਇਹ ਕੌਤਕ ਵੇਖਕੇ ਅੰਗਰੇਜ਼ ਇੰਚਾਰਜ ਦਾ ਦਿਲ ਡੋਲ ਗਿਆ ਅਤੇ ਨਿਸ਼ਚਾ ਹੋ ਗਿਆ ਕਿ ਇਹ ਕੌਮ ਆਪਣੇ ਨਿਸ਼ਾਨੇ ਤੋਂ ਨਹੀਂ ਰੁਕੇਗੀ । ਉਸ ਨੇ ਗੋਲੀ ਚਲਾਉਣੀ ਬੰਦ ਕਰਾ ਦਿੱਤੀ।

ਮਸ਼ੀਨਗੰਨ ਕੋਲ ਇਕ ਸਿੰਘ ਵੱਲੋਂ ਨਿਸ਼ਾਨ ਸਾਹਿਬ ਗੱਡਣ ਵਾਲੇ ਸਥਾਨ ‘ਤੇ ਅਜ ਵੀ ਝੂਲ ਰਿਹਾ ਖਾਲਸਾਈ ਝੰਡਾ

ਦੁਨੀਆਂ ਭਰ ਦੀਆਂ ਅਖ਼ਬਾਰਾਂ ਨੇ ਇਸ ਸੰਬੰਧੀ ਖ਼ਬਰਾਂ ਛਾਪੀਆਂ। 26 ਫਰਵਰੀ ਨੂੰ " ਸਿਵਲ ਐਂਡ ਮਿਲਟਰੀ ਗਜ਼ਟ " ਵਿਚ ਛਪੀ ਖ਼ਬਰ ਵਿਚ ਸ਼ਹੀਦਾਂ ਦੀ ਗਿਣਤੀ 18 ਤੇ ਜ਼ਖ਼ਮੀਆਂ ਦੀ 60 ਦੱਸੀ ਗਈ ਸੀ। ਪ੍ਰੰਤੂ ਸ਼ਹੀਦੀ ਪਾਉਣ ਵਾਲਿਆਂ ਦੀ ਗਿਣਤੀ ਸੈਕੜਿਆਂ ਵਿਚ ਸੀ। ਜੈਤੋ ਗੋਲੀ ਕਾਂਡ ਵਿਚ ਕਿੰਨੇ ਸ਼ਹੀਦ ਹੋਏ ਠੀਕ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਜੈਤੋ ਮੋਰਚੇ ਅਤੇ ਸ਼ਹੀਦਾਂ ਦੇ ਸੰਬੰਧ ਵਿਚ ਗੁਰਦੁਆਰਾ ਅੰਗੀਠਾ ਸਾਹਿਬ ਵਿਚ ਵਿਸਥਾਰ ਨਾਲ ਵਰਨਣ ਕੀਤਾ ਗਿਆ।
ਮੋਰਚੇ ਵਿਚ ਸ਼ਹੀਦ ਹੋਏ ਸਿੰਘਾਂ ਕਾਰਨ ਅਜੋਕੇ ਸਮੇਂ ਗੁਰਦੁਆਰਾ ਟਿਬੀ ਸਾਹਿਬ ਨੂੰ ‘ਗੁਰਦੁਆਰਾ ਸ਼ਹੀਦ ਗੰਜ ਟਿਬੀ ਸਾਹਿਬ’ ਕਿਹਾ ਜਾਂਦਾ ਹੈ। ਜੈਤੋ ਦੇ ਗੁਰਦੁਆਰਿਆਂ ਵਿੱਚ ਮਾਘੀ ਤੇ ਵਿਸਾਖੀ ਦੇ ਪੁਰਬ ਮਨਾਏ ਜਾਂਦੇ ਹਨ ਅਤੇ ਹਰ ਸਾਲ ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ਵਿੱਚ ੨੧ ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਵੀ ਲਗਦਾ ਹੈ। 101 ਅਖੰਡ ਪਾਠਾਂ ਦੀ ਲੜੀ ਚਲਦੀ ਹੈ। ਸ਼ਹੀਦੀ ਜੋੜ ਮੇਲੇ ਸਮੇਂ ਗੁਰਦੁਆਰਾ ਟਿੱਬੀ ਸਾਹਿਬ ਤੋਂ ਜਲੂਸ ਦੀ ਸ਼ਕਲ ਵਿਚ ਸੰਗਤਾਂ ਅੰਗੀਠਾ ਸਾਹਿਬ ਆ ਕੇ ਨਿਸ਼ਾਨ ਸਾਹਿਬ ਝਲਾਉਂਦੀਆਂ ਹਨ। ਇਨ੍ਹਾਂ ਦਾ ਸਮੁੱਚਾ ਪ੍ਰਬੰਧ ਗੁਰਦੁਆਰਾ ਐਕਟ ਦੇ ਸੈਕਸ਼ਨ ੮੫ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।

Photos