ਗੁ. ਗੰਗਸਰ ਜੈਤੋ Gurudwara Gangsar sahib Jaito

ਗੁ. ਗੰਗਸਰ ਜੈਤੋ Gurudwara Gangsar sahib Jaito

Average Reviews

Description

ਗੁਰਦੁਆਰਾ ਗੰਗਸਰ ਜੈਤੋ ਦੀ ਪੁਰਾਤਨ ਤਸਵੀਰ

ਗੁਰਦੁਆਰਾ ਟਿੱਬੀ ਸਾਹਿਬ ਵਾਲੇ ਅਸਥਾਨ ਤੋਂ ਸ਼ਾਮ ਦਾ ਦੀਵਾਨ ਸਮਾਪਤ ਕਰਕੇ ਸ੍ਰੀ ਦਸਮੇਸ਼ ਪਿਤਾ ਜੀ ਇਸ ਥਾਂ ਆ ਬਿਰਾਜੇ ਅਤੇ ਰਾਤ ਏਥੇ ਹੀ ਡੇਰਾ ਰਖਿਆ ਸੀ। ਉਸੇ ਦਿਨ ਇਕ ਮਹਾਜਨ ਕੋਲੋਂ ਇਕ ਗਊ ਮਰ ਗਈ ਅਤੇ ਮੋਈ ਗਊ ਦਾ ਪ੍ਰਾਸਚਿਤ ਕਰਨ ਲਈ ਗੰਗਾ(ਹਰਦੁਆਰ) ਨੂੰ ਜਾਣ ਲੱਗਾ ਤਾਂ ਉਸ ਦੇ ਸੰਬੰਧੀ ਵਿਦਾ ਕਰਨ ਸਮੇਂ ਵਿਰਲਾਪ ਕਰਨ ਲਗ ਪਏ। ਕਿਉਂਕਿ ਉਨੀਂ ਦਿਨੀਂ ਆਵਾ – ਜਾਈ ਦਾ ਕੋਈ ਸਾਧਨ ਨਹੀਂ ਸੀ ਅਤੇ ਸਫਰ ਪੈਦਲ ਹੀ ਕਰਨਾ ਪੈਂਦਾ ਸੀ। ਰਸਤੇ ਵਿਚ ਬਹੁਤ ਬਿਖੜੇ ਜੰਗਲ ਹੁੰਦੇ ਸਨ ਜਿਨ੍ਹਾਂ ਵਿਚ ਸ਼ੇਰ, ਚੀਤੇ ਆਦਿ ਫੜ ਖਾਣ ਵਾਲੇ ਜਾਨਵਰ ਰਹਿੰਦੇ ਸਨ, ਜਿਹੜੇ ਕਿ ਰਾਹੀਆਂ ਨੂੰ ਮਾਰਕੇ ਆਪਣਾ ਪੇਟ ਭਰਦੇ ਸਨ। ਇਸ ਲਈ ਹਰ ਮੁਸਾਫਰ ਦੀ ਜ਼ਿੰਦਗੀ ਖਤਰੇ ਤੋਂ ਬਾਹਰ ਨਹੀਂ ਸੀ ਹੁੰਦੀ ਅਤੇ ਰਾਜ਼ੀ ਖੁਸ਼ੀ ਘਰ ਵਾਪਸ ਆਉਣ ਦੀ ਘਟ ਆਸ ਹੁੰਦੀ ਸੀ। ਉਸ ਮਹਾਜਨ ਦੇ ਸੰਬੰਧੀਆਂ ਦਾ ਵਿਰਲਾਪ ਸੁਣ ਕੇ ਸਤਿਗੁਰਾਂ ਨੇ ਉਹਨਾਂ ਨੂੰ ਇਕ ਸਿੰਘ ਭੇਜ ਕੇ ਬੁਲਾਇਆ ਅਤੇ ਉਹਨਾਂ ਕੋਲੋਂ ਸਾਰੀ ਵਾਰਤਾ ਪੁੱਛੀ। ਸਤਿਗੁਰਾਂ ਨੇ ਉਸ ਮਹਾਜਨ ਨੂੰ ਇਸ ਢਾਬ ਵਿਚ ਇਸ਼ਨਾਨ ਕਰਕੇ ਪਾਪ ਲਾਹ ਲੈਣ ਲਈ ਹੁਕਮ ਦਿਤਾ ਅਤੇ ਦੱਸਿਆ ਕਿ ਇਥੇ ਗੰਗਾ ਹੀ ਵਗਦੀ ਹੈ। ਉਹ ਮਹਾਜਨ ਸਤਿਗੁਰਾਂ ਦਾ ਬਚਨ ਮੰਨ ਕੇ ਜਦੋਂ ਢਾਬ ਵਿੱਚ ਵੜਿਆ ਤਾਂ ਥੱਲੇ ਦਾ ਪਾਣੀ ਐਨਾ ਤੇਜ ਚਲਦਾ ਸੀ ਕਿ ਉਸ ਦੇ ਪੈਰ ਨਾ ਲਗਣ। ਉਸ ਨੇ ਬੇਨਤੀ ਕੀਤੀ ਕਿ ਪਾਤਿਸ਼ਾਹ ਮੇਰੇ ਤਾਂ ਪੈਰ ਨਹੀਂ ਲਗਦੇ! ਸਤਿਗੁਰਾਂ ਫੁਰਮਾਇਆ ਕਿ ਇਹ ਗੰਗਾ ਦਾ ਵਹਿਣ ਹੈ। ਉਸ ਵੇਲੇ ਪਾਸ ਇਕ ਹੋਰ ਬ੍ਰਾਹਮਣ ਬੈਠਾ ਹੋਇਆ ਸੀ ਜਿਸ ਦੀ ਗੜਵੀ ਤੇ ਡੋਰੀ ਕਾਫ਼ੀ ਸਮੇਂ ਪਹਿਲਾਂ ਗੰਗਾ ਗਏ ਦੀ ਪਾਣੀ ਵਿਚ ਰੁੜ੍ਹ ਗਈ ਸੀ। ਉਸ ਨੇ ਮਹਾਰਾਜ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ , ਜੇ ਇਥੇ ਠੀਕ ਗੰਗਾ ਚਲਦੀ ਹੈ ਤਾਂ ਮੇਰੀ ਗੜਵੀ ਤੇ ਡੋਰੀ ਵੀ ਭਾਲ ਦਿਓ। ਸਤਿਗੁਰਾਂ ਨੇ ਉਸ ਨੂੰ ਵੀ ਢਾਬ ਵਿਚ ਵੜ ਕੇ ਭਾਲ ਕਰਨ ਲਈ ਕਿਹਾ। ਜਦੋਂ ਉਹ ਢਾਬ ਵਿਚ ਵੜਿਆ ਤਾਂ ਗੜਵੀ ਨਾਲ ਬੱਧੀ ਡੋਰੀ ਉਸ ਦੀ ਲੱਤ ਨਾਲ ਲਪੇਟੀ ਗਈ ਤੇ ਉਸ ਨੇ ਬਾਹਰ ਕਢ ਲਈ। ਇਸ ਨੂੰ ਵੇਖਕੇ ਸਭ ਨੂੰ ਨਿਸਚਾ ਗਿਆ ਕਿ ਇਥੇ ਠੀਕ ਹੀ ਗੰਗਾ ਵਗਦੀ ਹੈ। ਉਸ ਦਿਨ ਤੋਂ ਇਸ ਢਾਬ ਦਾ ਨਾਂ ‘ਗੰਗਸਰ’ ਪ੍ਰਸਿੱਧ ਹੋਇਆ। ਸਤਿਗੁਰਾਂ ਨੇ ਉਸ ਦਿਨ ਇਹ ਵਰ ਦਿਤਾ ਕਿ ਜੋ ਵੀ ਇਸ ਢਾਬ ਵਿਚ ਪੂਰੀ ਸ਼ਰਧਾ ਨਾਲ ਇਸ਼ਨਾਨ ਕਰੇਗਾ, ਉਸ ਨੂੰ ਗੰਗਾ ਤਾਂ ਕੀ ਅਠਾਹਠ ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ। ਸਤਿਗੁਰਾਂ ਦੇ ਬਚਨ ਤੋਂ ਬਾਅਦ ਇਸ ਅਸਥਾਨ ਦੀ ਮਹਾਜਨ ਵੀ ਸੇਵਾ ਕਰਦੇ। ਇਹ ਗੁਰਦੁਆਰਾ ਸਾਹਿਬ ਕੋਟਕਪੂਰਾ ਤੋਂ ਬਠਿੰਡਾ ਨੂੰ ਜਾਂਦਿਆਂ ਖੱਬੇ ਹਥ ਹੈ। ਇਹ ਢਾਬ ਕਾਫੀ ਸਮਾਂ ਪੇਂਡੂ ਛੱਪੜ ਹੀ ਬਣਿਆ ਰਿਹਾ ਅਤੇ ਸਾਰੇ ਪਿੰਡ ਦੇ ਪਸ਼ੂ ਇਸ ਵਿਚੋਂ ਪਾਣੀ ਪੀਂਦੇ ਰਹੇ ਹਨ। ਇਸ ਗੁਰਦੁਆਰਾ ਸਾਹਿਬ ਦੀ ਛੋਟੀ ਜਿਹੀ ਇਮਾਰਤ ਸੀ ਜਿਹੜੀ ਕਿ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਬਣਾਈ ਸੀ। ਇਸ ਦੇ ਨੇੜੇ ਇਕ ਕਿਲ੍ਹਾ ਵੀ ਬਣਿਆ ਹੋਇਆ ਸੀ। ਜਿਸਦੇ ਨਿਸ਼ਾਨੀਆਂ ਅਜ ਵੀ ਦੇਖੀਆਂ ਜਾ ਸਕਦੀਆਂ। ਸੰਨ ੧੯੫੪ ਈਸਵੀ ਵਿਚ ਇਸ ਅਸਥਾਨ ਦੀ ਸੇਵਾ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਦੇ ਸੇਵਕ ਸੰਤ ਦਲੀਪ ਸਿੰਘ ਜੀ ਅਤੇ ਸੰਤ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਹਥਾਂ ਵਿਚ ਲਈ ਹੋਈ ਹੈ। ਉਹਨਾਂ ਨੇ ਪਹਿਲਾਂ ਸਾਰੇ ਗੁਰਦੁਆਰਾ ਸਾਹਿਬ ਦੀ ਚਾਰ ਦੀਵਾਰੀ ਬਣਵਾਈ ਅਤੇ ਫਿਰ ਬੜਾ ਸ਼ਾਨਦਾਰ ਸਰੋਵਰ ਤਿਆਰ ਕਰਵਾਇਆ ਹੈ।

1960 ਦੀ ਤਸਵੀਰ

ਸਰੋਵਰ ਦੀ ਪ੍ਰਕਰਮਾਂ ਵਿਚ ਅੰਬਾਂ ਦੇ ਰੁਖ ਲਗੇ ਹੋਏ ਸਨ। ਪ੍ਰੰਤੂ ਹੁਣ ਕੋਈ ਵੀ ਰੁਖ ਨਹੀਂ ਹੈ। ਦਰਬਾਰ ਸਾਹਿਬ ਦੀ ਨਵੀਂ ਇਮਾਰਤ ਬਣਾਈ ਜਿਸ ਉਪਰ ਸੰਗਮਰਮਰ ਲਗਾਇਆ ਗਿਆ। ਸੰਗਤਾਂ ਨੇ ਦੂਰ ਦੂਰ ਤੋਂ ਆ ਕੇ ਸੇਵਾ ਕੀਤੀ। ਨਾਭਾ ਰਿਆਸਤ ਵੱਲੋਂ ੭੦ ਘੁਮਾਂ ਜਮੀਨ ਅਤੇ ੪੩੨ ਸਲਾਨਾ ਜਗੀਰ ਮਿਲੀ ਹੋਈ ਸੀ।

ਜੈਤੋ ਦਾ ਮੋਰਚਾ

ਸੰਨ ੧੯੨੩ ਈਸਵੀ ਨੂੰ ਅੰਗਰੇਜ਼ ਸਰਕਾਰ ਨੇ ਮਹਾਰਾਜਾ ਰਿਪੁਦਮਨ ਸਿੰਘ ਨਾਭਾ (ਅੰਮ੍ਰਿਤ ਛਕਣ ਤੋਂ ਬਾਦ ਗੁਰਚਰਨ ਸਿੰਘ) ਨੂੰ ਗੱਦੀ ਤੋਂ ਲਾਹ ਦਿਤਾ ਅਤੇ ਕੈਦ ਕਰ ਲਿਆ, ਕਿਉਂਕਿ ਮਹਾਰਾਜਾ ਸਾਹਿਬ ਪੰਥਕ ਹਮਦਰਦੀ ਵਾਲੇ ਸਿੰਘ ਸਨ ਅਤੇ ਰਾਜ ਤਿਲਕ ਸਮੇਂ ਅੰਗਰੇਜ਼ਾਂ ਦੀ ਮਰਜ਼ੀ ਤੋਂ ਬਿਨਾਂ ਸਭ ਕੁਝ ਕਰ ਲਿਆ ਸੀ। ਇਲਾਕੇ ਦੀਆਂ ਸਿੱਖ ਸੰਗਤਾਂ ਨੇ ਮਹਾਰਾਜੇ ਦੇ ਪਿਆਰ ਨੂੰ ਮੁਖ ਰਖਕੇ ੧੪ ਦਸੰਬਰ ਨੂੰ ਗੁਰਦੁਆਰਾ ਗੰਗਸਰ ਵਿਖੇ ਅਖੰਡ ਪਾਠ ਅਰੰਭ ਕਰ ਦਿਤਾ। ਅੰਗਰੇਜ਼ੀ ਅਹਿਲਕਾਰਾਂ ਨੇ ਪਾਠੀ ਸਿੰਘਾਂ ਨੂੰ ਜਬਰੀ ਉਠਾ ਕੇ ਪਾਠ ਖੰਡਤ ਕਰ ਦਿਤਾ। ਇਸ ਕਾਰਨ ਮੋਰਚਾ ਲਗ ਗਿਆ। ਖੰਡਤ ਪਾਠ ਨੂੰ ਅਖੰਡ ਕਰਨ ਲਈ ਪੰਥਕ ਫੈਸਲੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇ ਚਲਣੇ ਸ਼ੁਰੂ ਹੋ ਗਏ।

ਜੈਤੋ ਦੇ ਮੋਰਚੇ ਦੀ ਤਸਵੀਰ, ਸਿੰਘ ਪੰਥ ਦੇ ਨਿਸ਼ਾਨ ਲੈਕੇ ਅੱਗੇ ਵਧਦੇ ਹੋਏ

ਪਹਿਲਾਂ ਕੇਵਲ ਪੰਝੀ ਪੰਝੀ ਸਿੰਘਾਂ ਦੇ ਜਥੇ ਤੋਰੇ ਗਏ ਪਰ ਪਿਛੋਂ ਪੰਜ ਪੰਜ ਸੌ ਸਿੰਘਾਂ ਦੇ ਜਥੇ ਸ਼ੁਰੂ ਹੋ ਗਏ। ਪਹਿਲੇ ਪੰਜ ਸੌ ਸਿੰਘਾਂ ਦੇ ਮੀਤ ਜੱਥੇਦਾਰ ਮੋਹਣ ਸਿੰਘ ਤੁੜ ਦੇ ਪਿਤਾ ਜੱਥੇਦਾਰ ਜਗਤ ਸਿੰਘ ਤੁੜ ਸਨ। ਅੰਗਰੇਜ਼ ਸਰਕਾਰ ਵਲੋਂ ਪੁਲੀਸ ਦਾ ਕਾਫ਼ੀ ਪ੍ਰਬੰਧ ਸੀ , ਇਸ ਲਈ ਪੁਲੀਸ ਨੇ ਜੱਥਿਆਂ ਨੂੰ ਅਗੇ ਨਾ ਵਧਣ ਦਿਤਾ। ਸਿੱਖ ਸੰਗਤਾਂ ਦਾ ਉਤਸ਼ਾਹ ਤੇ ਜੋਸ਼ ਵੱਧਦਾ ਗਿਆ ਅਤੇ ਸੰਗਤਾਂ ਦਾ ਭਾਰੀ ਇਕੱਠ ਹੋ ਗਿਆ ਜਿਸ ਤੋਂ ਘਾਬਰ ਕੇ ਅੰਗਰੇਜ਼ ਵਿਲਸਨ ਨੇ ੨੧ ਫਰਵਰੀ ਨੂੰ ਗੋਲੀ ਚਲਾ ਦਿੱਤੀ ਅਤੇ ਸੈਂਕੜੇ ਸਿੰਘ ਮਸ਼ੀਨ ਗੱਲਾਂ ਨਾਲ ਦਾਣਿਆਂ ਵਾਂਗ ਭੁੰਨ ਦਿਤੇ। ਪਰ ਸਿੱਖ ਸੰਗਤਾਂ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਅਗਾਹਾਂ ਨੂੰ ਵਧਦੀਆਂ ਗਈਆਂ। ਇਕ ਸਿੰਘ ਜਿਹੜਾ ਕਿ ਸਭ ਤੋਂ ਅਗੇ ਨਿਸ਼ਾਨ ਸਾਹਿਬ ਲਈ ਆਉਂਦਾ ਸੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ, ਕੋਲ ਖੜੀ ਇਕ ਬੀਬੀ ਨੇ ਜਿਸ ਦੇ ਕੋਲ ਇਕ ਛੋਟਾ ਜਿਹਾ ਬਾਲ ਸੀ, ਨਿਸ਼ਾਨ ਸਾਹਿਬ ਫੜ ਵਧਦੀ ਗਈ। ਏਨੇ ਨੂੰ ਇਕ ਗੋਲੀ ਉਸ ਬੱਚੇ ਦੇ ਛਾਤੀ ਵਿਚ ਲੱਗੀ ਅਤੇ ਉਹ ਸਦਾ ਦੀ ਨੀਂਦ ਸੌਂ ਗਿਆ। ਉਸ ਬੀਬੀ ਨੇ ਆਪਣੇ ਦਿਲ ਦੇ ਟੁਕੜੇ ਨੂੰ ਧਰਤੀ ਤੇ ਲਿਟਾ ਕੇ ਕਿਹਾ , ‘ਲੈ ਪੁੱਤ ਤੇਰੀ ਮੰਜ਼ਲ ਮੁਕ ਗਈ ਹੈ ਤੂੰ ਅਰਾਮ ਕਰ, ਪਰ ਮੇਰੀ ਅਜੇ ਬਾਕੀ ਹੈ, ਮੈਂ ਅਗੇ ਚਲਦੀ ਹਾਂ ਕੁਝ ਦੂਰ ਉਹ ਬੀਬੀ ਵੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਈ ਮਰਜੀਵੜੇ ਸਿਖਾਂ ਦੇ ਸਿਰੜ ਨੂੰ ਅੰਗਰੇਜ ਸਰਕਾਰ ਦੇਖ ਰਹੀ ਸੀ। ਸ਼ਹੀਦ ਸਿੰਘਾਂ ਨੂੰ ਗੱਡੀ ਉਤੇ ਲਦ ਕੇ ਸਤਲੁਜ ਦਰਿਆ ਵਿਚ ਰੋੜ੍ਹ ਦਿਤਾ ਗਿਆ ਅਤੇ ਬਾਕੀ ਬਚਿਆਂ ਨੂੰ ਫੜ ਕੇ ਜੇਲਾਂ ਵਿਚ ਡਕ ਦਿਤਾ। ਜਿਹਨਾਂ ਸ ਸ਼ਹੀਦ ਹੋਏ ਸਿੰਘਾਂ ਦੀਆਂ ਦੇਹਾਂ ਬਾਅਦ ਚ ਖੇਤਾਂ ਚ ਮਿਲੀਆਂ ਉਹਨਾਂ ਦਾ ਸਸਕਾਰ ਗੁਰਦੁਆਰਾ ਅੰਗੀਠਾ ਸਾਹਿਬ ਜੈਤੋ ਵਾਲੇ ਅਸਥਾਨ ‘ਤੇ ਕੀਤਾ ਗਿਆ ਜੋ ਬਠਿੰਡਾ ਰੋਡ ਉਪਰ ਲਗਭਗ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ। ਅਖੀਰ ਅੰਗਰੇਜ ਸਿਖ ਸਿਰੜ ਅਗੇ ਝੁਕ ਗਿਆ, ਸਮਝੌਤਾ ਹੋ ਗਿਆ ਅਤੇ ੨੧ ਜੁਲਾਈ ੧੯੨੫ ਨੂੰ ੧੦੧ ਅਖੰਡ ਪਾਠ ਅਰੰਭੇ ਗਏ ਅਤੇ ੬ ਅਗਸਤ ਨੂੰ ਭੋਗ ਪਾ ਕੇ ਗੁਰੂ ਪੰਥ ਨੇ ਮੋਰਚਾ ਫਤਿਹ ਕੀਤਾ। ਇਥੇ ਹਰ ਸਾਲ ੨੧ ਫਰਵਰੀ ਨੂੰ ਸ਼ਹੀਦੀ ਜੋੜ – ਮੇਲਾ ਹੁੰਦਾ ਹੈ। ਇਹ ਸਾਕਾ ਗੁਰਦੁਆਰਾ ਟਿੱਬੀ ਸਾਹਿਬ ਉਤੇ ਵਰਤਿਆ ਸੀ। ਇਹ ਸਿਖ ਕੌਮ ਦਾ ਤੀਸਰਾ ਸ਼ਹੀਦੀ ਮੋਰਚਾ ਸੀ। ਇਸ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਅਤੇ ਗੁਰੂ ਕੇ ਬਾਗ਼ ਦਾ ਮੋਰਚਾ ਲੱਗ ਚੁੱਕਾ ਸੀ।

ਰਿਵਾਇਤ

ਗੰਗਸਰ ਸਰੋਵਰ ਦੀ ਇਲਾਕੇ ਵਿਚ ਬਹੁਤ ਮਾਨਤਾ ਹੈ। 21 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ(ਪੋਹ ਸੁਦੀ ਸੱਤਵੀਂ) ਅਤੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਪਹਿਲਾਂ ਵੈਸਾਖ ਦੀ ਪੁੰਨਿਆਂ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪੁੰਨਿਆਂ ਨੂੰ ਜੈਤੋ ਪੁਜੇ ਸਨ ਪ੍ਰੰਤੂ ਹੁਣ ਨਹੀਂ ਮਨਾਇਆ ਜਾਂਦਾ।

ਨਿਸ਼ਾਨੀਆਂ

ਪੁਰਾਤਨ ਖੂਹ

ਦਰਬਾਰ ਸਾਹਿਬ ਦੀ ਨਿੱਕੀ ਇਟ ਦੀ ਜੋ ਇਮਾਰਤ ਮਹਾਰਾਜਾ ਨਾਭਾ ਨੇ ਤਿਆਰ ਕਰਵਾਈ ਉਸਨੂੰ ਢਾਹਕੇ ਨਵਾਂ ਦਰਬਾਰ ਬਣਵਾਇਆ ਗਿਆ ਹੈ। ਇਸ ਤੋਂ ਇਲਾਵਾ ਨਾਭਾ ਨਰੇਸ਼ ਨੇ ਇਕ ਖੂਹ ਲਗਵਾ ਕੇ ਦਿਤਾ ਸੀ ਜੋ ਕਿ ਛੋਟੀ ਇਟ ਦਾ ਹੀ ਸੀ, ਉਪਰ ਛੱਤ ਪਾਈ ਹੋਈ ਸੀ। 2000 ਦੇ ਨਜਦੀਕ ਖਸਤਾ ਹਾਲਤ ਹੋਣ ਕਾਰਨ ਉਹ ਛਤ ਢਹਿ ਗਈ। ਪੁਰਾਤਨ ਖੂਹ ਅਜ ਵੀ ਹੈ। ਹੇਠਲੇ ਹਿੱਸੇ ਵਿਚ ਨਿਕੀ ਇਟ ਹੀ ਲੱਗੀ ਹੈ। ਬਾਅਦ ਵਿਚ ਬੰਨ੍ਹਿਆ ਚਬੂਤਰਾ ਅਜੋਕੀ ਵੱਡੀ ਇਟ ਦਾ ਹੈ।

ਮੌਜੂਦਾ ਪ੍ਰਬੰਧ ਅਤੇ ਹਲਾਤ

ਪੁਰਾਤਨ ਢਾਬ(ਗੰਗਸਰ) ਪਹਿਲਾਂ ਕੱਚੀ ਅਤੇ ਕਾਫੀ ਜਗ੍ਹਾ ਵਿਚ ਫੈਲੀ ਹੋਈ ਸੀ ਪ੍ਰੰਤੂ ਵਸੋਂ ਦਾ ਗੰਦੇ ਪਾਣੀ ਪੈਣ ਕਾਰਨ ਇਸਦੇ ਹਲਾਤ ਬੁਰੇ ਹੋ ਗਏ ਸਨ ਜਿਸ ਕਾਰਨ ਕਾਰ ਸੇਵਾ ਵਾਲੇ ਬਾਬਿਆਂ ਨੇ ਸਰੋਵਰ ਨੂੰ ਉਚਾ ਕਰਕੇ ਬਣਾਇਆ ਗਿਆ। ਢਾਬ ਦਾ ਕੁਝ ਹਿੱਸਾ ਜੋ ਗੰਦ ਪਾਣੇ ਦੇ ਛਪੜ ਦਾ ਰੂਪ ਧਾਰਨ ਕਰੀ ਬੈਠਾ ਹੈ ਉਹ ਵੀ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਅਜ ਵੀ ਦੇਖਿਆ ਜਾ ਸਕਦਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਹਰ ਰੋਜ਼ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਅਤੇ ਕਥਾ ਦਾ ਪ੍ਰੋਗਰਾਮ ਹੁੰਦਾ ਹੈ, ਜਿਸ ਵਿਚ ਸ਼ਹਿਰ ਅਤੇ ਨਗਰ ਦੀਆਂ ਸੰਗਤਾਂ ਆਪਣਾ ਹਿੱਸਾ ਪਾ ਕੇ ਅਨੰਦ ਪ੍ਰਾਪਤ ਕਰਦੀਆਂ ਹਨ। ਗੁਰੂ ਕਾ ਲੰਗਰ ਹਰ ਵੇਲੇ ਅਤੁਟ ਵਰਤਦਾ ਹੈ ਅਤੇ ਯਾਤਰੂਆਂ ਦੀ ਰਿਹਾਇਸ਼ ਲਈ ਵੀ ਚੰਗਾ ਪ੍ਰਬੰਧ ਹੈ। ਇਸ ਮਹਾਨ ਤੀਰਥ ਉਤੇ ਮਸਿਆ ਦਾ ਪੁਰਬ ਮਨਾਇਆ ਜਾਂਦਾ ਹੈ ਅਤੇ ਸੰਗਤਾਂ ਦੂਰ ਦੂਰ ਤੋਂ ਆ ਕੇ ਇਸ ਤੀਰਥ ਵਿਚ ਇਸ਼ਨਾਨ ਕਰਕੇ ਆਪਣੇ ਜੀਵਨ ਸਫਲ ਕਰਦੀਆਂ ਹਨ। ਇਸ ਮਹਾਨ ਪੁਰਬ ਤੇ ਰਾਗੀ , ਢਾਡੀ ਅਤੇ ਪ੍ਰਚਾਰਕ ਗੁਰਬਾਣੀ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਪਹਿਲਾਂ ਹਰ ਮੱਸਿਆ ‘ਤੇ ਉਤੇ ਅੰਮ੍ਰਿਤ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਸ਼ਰਧਾ ਵਾਨਾ ਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ ਪ੍ਰੰਤੂ ਹੁਣ ਸਿਰਫ ਸ਼ਹੀਦੀ ਜੋੜ ਮੇਲੇ ‘ਤੇ ਹੀ ਅੰਮ੍ਰਿਤਪਾਨ ਹੁੰਦਾ ਹੈ।

ਦਰਬਾਰ ਸਾਹਿਬ ਦੀ ਅਜੋਕੀ ਤਸਵੀਰ, ਆਸਪਾਸ ਬਰਾਂਡੇ ਬਾਅਦ ਵਿਚ ਪਾਏ ਗਏ

ਸਰੋਵਰ ਦੇ ਦਖਣੀ ਬਾਹੀ ‘ਤੇ ਦਰਬਾਰ ਸਾਹਿਬ ਸ਼ਸ਼ੋਬਿਤ ਹੈ। ਜਿਸਦੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਛੋਟਾ ਦਰਵਾਜਾ ਹੈ। ਇਸ ਦਰਵਾਜੇ ਤੋਂ ਹੀ ਸਾਹਮਣੇ(ਦਖਣ) ਵਲ ਜਾਂਦਾ ਰਸਤੇ ‘ਤੇ 500 ਮੀਟਰ ਦੂਰ ਗੁਰਦੁਆਰਾ ਟਿੱਬੀ ਸਾਹਿਬ ਹੈ। ਗੁਰਦੁਆਰਾ ਸਾਹਿਬ ਦੀ ਪੂਰਬੀ ਬਾਹੀ ਦੇ ਨਾਲ ਹੀ ਜੈਤੋ ਦਾ ਮਸ਼ਹੂਰ ਕਿਲ੍ਹਾ ਹੈ ਜੋ ਅਜਕਲ ਪੁਲਿਸ ਚੌਂਕੀ ਹੈ।

ਜੈਤੋ ਦਾ ਕਿਲਾ ਜੋ ਲਗਭਗ ਢਹਿ ਢੇਰੀ ਹੋ ਚੁਕਿਆ ਹੈ

ਨਿਕੀ ਇਟ ਦੇ ਬਣੇ ਇਸ ਕਿਲ੍ਹੇ ਦਾ ਬਹੁਤਾ ਹਿੱਸਾ ਖਤਮ ਹੋ ਚੁੱਕਿਆ ਹੈ ਜਾਂ ਖਸਤਾ ਹਾਲਤ ਵਿਚ ਹੈ। ਦਖਣੀ ਬਾਹੀ ਵਾਲੇ ਪਾਸੇ ਕੋਟਕਪੂਰਾ-ਬਠਿੰਡਾ ਮਾਰਗ ਹੈ ਜਿਸਤੋਂ ਥੋਡਾ ਪਿੱਛੇ ਹਟਵੀਂ ਦਰਸ਼ਨੀ ਡਿਊਢੀ ਬਣੀ ਹੋਈ ਹੈ। ਦਰਸ਼ਨੀ ਡਿਉਡੀ ਤੋਂ ਸਰੋਵਰ ਵਲ ਨੂੰ ਜਾਂਦਿਆ ਖੱਬੇ ਹੱਥ ਲੰਗਰ ਹਾਲ ਹੈ। ਥੋੜਾ ਅੱਗੇ ਜਾਕੇ ਸਰ੍ਹਾਂ ਹੈ ਜਿਸਦਾ ਨਾਂ ‘ਕਲਗੀਧਰ ਨਿਵਾਸ’ ਹੈ। ਕੋਲ ਹੀ ਗੁਰਦੁਆਰਾ ਸਾਹਿਬ ਦਾ ਦਫਤਰ ਹੈ। ਗੁਰਦੁਆਰਾ ਸਾਹਿਬ ਕੋਲ 90 ਏਕੜ ਜਮੀਨ ਅਤੇ 20 ਦੇ ਨਜਦੀਕ ਦੁਕਾਨਾਂ ਹਨ। ਜੈਤੋ ਦੇ ਤਿੰਨੋ ਹੀ ਗੁਰਦੁਆਰਿਆਂ ਦਾ ਪ੍ਰਬੰਧ ਗੁਰਦੁਆਰੇ ਐਕਟ ਦੇ ਸ਼ੈਸ਼ਨ ੮੫ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।

Photos