ਸਾਹਿਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਤੋੰ ਬਾਅਦ ਭਾਈ ਮੋਤੀ ਰਾਮ ਮਹਿਰਾ ਜੀ ਨੇ ਸ਼ਹਾਦਤ ਦੇਣ ਦੀ ਵਾਰਤਾ ਜਦ ਮਾਤਾ ਜੀ ਨੂੰ ਸੁਣਾਈ। ਮਾਤਾ ਜੀ ਬਚਨ ਸੁਣਦਿਆਂ ਹੀ ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਸ਼ਬਦ ਉਚਾਰੇ ‘ਤੇਰਾ ਕੀਆ ਮੀਠਾ ਲਾਗੇ’ ਅਤੇ ਸਰੀਰ ਤਿਆਗ ਦਿੱਤਾ। ਮੁਗਲ ਹਕੂਮਤ ਨੇ ਸ਼ਹੀਦਾਂ ਦੇ ਪਵਿੱਤਰ ਸਰੀਰ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਪਿੱਛੇ ਵਗਦੀ ਹੰਸਲਾ ਨਦੀ ਦੇ ਕੰਢੇ ਸੰਘਣੇ ਜੰਗਲ ਵਿੱਚ ਸੁੱਟ ਦਿੱਤਾ ਜਿਸ ਵਿਚ ਭਿਆਨਕ ਮਾਸਖੋਰੇ ਜਾਨਵਰ ਰਹਿੰਦੇ ਸਨ। ਇਹਨਾਂ ਜਾਨਵਰਾਂ ਤੋਂ ਸਰੀਰਾਂ ਦੀ ਰਾਖੀ ਇੱਕ ਸ਼ੇਰ ਨੇ ਦੋ ਦਿਨ ਕੀਤੀ ਸੀ।
ਇਸ ਪਵਿਤਰ ਯਾਦ ਵਿਚ ਇਹ ਗੁਰਦੁਆਰਾ ਸਾਹਿਬ ਫਤਹਿਗੜ੍ਹ ਦੇ ਪਿਛਲੇ ਪਾਸੇ ਹੰਸਲਾ ਨਦੀ ਦੇ ਵਿਚਕਾਰ ਹੀ ਬਣਿਆ ਹੋਇਆ ਹੈ। ਬਾਅਦ ਵਿਚ ਟੋਡਰ ਮੱਲ ਤੇ ਸੰਗਤ ਨੇ ਸੂਬੇ ਨੂੰ ਸਰੀਰ ਦੇਣ ਲਈ ਤੇ ਸੰਸਕਾਰ ਲਈ ਜਗ੍ਹਾ ਦੇਣ ਨੂੰ ਕਿਹਾ, ਸੂਬੇ ਨੇ ਜਗ੍ਹਾ ਲਈ ਖੜਵੀਆਂ ਮੋਹਰਾਂ ਮੰਗੀਆਂ , ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਹ ਜਗ੍ਹਾ ਖਰੀਦੀ ਸੀ ਅਤੇ ਸਸਕਾਰ ਕੀਤਾ ਸੀ ਜਿਥੇ ਅਜਕਲ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ।
ਮੌਜੂਦਾ ਪ੍ਰਬੰਧਗੁਰਦੁਆਰਾ ਸਾਹਿਬ ਦਾ ਮੌਜੂਦਾ ਪ੍ਰਬੰਧ ਨਿਹੰਗ ਜਥੇਬੰਦੀ ਬੁੱਢਾ ਦਲ ਕੋਲ ਹੈ। ਹਰ ਸਾਲ ਬੁੱਢਾ ਦਲ ਦੇ ਨਿਹੰਗ ਸਿੰਘਾਂ ਵੱਲੋਂ ਸਰਬੰਸਦਾਨੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਤੇ ਲਾਮਿਸਾਲ ਸ਼ਹੀਦੀ ਨੂੰ ਸਮਰਪਿਤ ਜੋੜ ਮੇਲੇ ਦੇ ਅਖੀਰਲੇ ਦਿਨ ਮਹੱਲਾ ਕੱਢਿਆ ਜਾਂਦਾ ਹੈ।
ਇਸ ਮਹੱਲੇ ਵਿੱਚ ਹਾਥੀ, ਊਠ, ਘੋੜੇ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੇ ਹਨ। ਇਹ ਮਹੱਲਾ ਹਰੇਕ ਵਰ੍ਹੇ ਸ਼ਹੀਦੀ ਜੋੜ ਮੇਲੇ ‘ਤੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਤੋਂ ਅਰੰਭ ਹੋ ਕੇ ਗੁਰਦੁਆਰਾ ਫਤਹਿਗੜ੍ਹ ਸਾਹਿਬ, ਠੰਡਾ ਬੁਰਜ, ਮਾਤਾ ਗੁਜਰੀ ਜੀ ਕਾਲਜ, ਨਿਸ਼ਾਨ ਕਿਲ੍ਹਾ ਥੇਹ ਬਾਬਾ ਬੰਦਾ ਸਿੰਘ ਬਹਾਦਰ, ਗੁਰਦੁਆਰਾ ਪਾਤਸ਼ਾਹੀ ਛੇਵੀਂ, ਗੁਰਦੁਆਰਾ ਸ਼ਹੀਦ ਸਿੰਘਾਂ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੈਦਾਨ ‘ਚ ਖੇਡਿਆ ਜਾਂਦਾ ਹੈ।
Near Me