ਗੁਰਦੁਆਰਾ ਫਤਹਿਗੜ੍ਹ ਸਾਹਿਬ, ਸਰਹਿੰਦ Gurudwara Fatehgarh Sahib, Sirhind

ਗੁਰਦੁਆਰਾ ਫਤਹਿਗੜ੍ਹ ਸਾਹਿਬ, ਸਰਹਿੰਦ Gurudwara Fatehgarh Sahib, Sirhind

Average Reviews

Description

ਗੁਰਦੁਆਰਾ ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਰੇਲਵੇ ਸਟੇਸ਼ਨ ਤੋਂ ੪ ਕਿਲੋਮੀਟਰ, ਅੰਮ੍ਰਿਤਸਰ-ਦਿੱਲੀ ਜੀ.ਟੀ.ਰੋਡ ਸਰਹਿੰਦ ਤੋਂ ੬ ਕਿਲੋਮੀਟਰ ਦੀ ਦੂਰੀ ‘ਤੇ ਫਤਹਿਗੜ੍ਹ ਸਾਹਿਬ ਰੋਪੜ ਸੜਕ ‘ਤੇ ਸਥਿਤ ਹੈ।

ਗੁਰਦੁਆਰਾ ਫਤਹਿਗੜ੍ਹ ਸਾਹਿਬ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਨਿਸ਼ਾਨ ਸਾਹਿਬ

ਇਤਿਹਾਸ

ਜਦੋਂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਛਡ ਚੱਲੇ ਤਾਂ ਪੋਹ ਮਹੀਨਾ ਅਤੇ ਬਰਖਾ ਦਾ ਬਰਸਨ ਰਾਤ ਹਨ੍ਹੇਰੀ ਵਿੱਚ ਮਾਤਾ ਗੁਜਰੀ ਸਾਹਿਬ ਜੀ ਅਰ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਪਾਪੀ ਗੰਗੂ ਬ੍ਰਾਹਮਣ ਇਸ ਅੰਧੇਰੀ ਰਾਤ ਸਮੇਂ ਆਪਣੇ ਪਿੰਡ ਖੇੜੀ ਵਿੱਚ ਲੈ ਗਿਆ। ਆਪਣੇ ਘਰ ਲਿਜਾ ਕੇ ਰਾਤ ਨੂੰ ਜ਼ਹਿਰ ਦੇਣ ਦੀ ਸਲਾਹ ਕੀਤੀ ਤੇ ਆਪਣੀ ਮਾਈ ਜਿਸ ਦਾ ਨਾਉਂ ਸੋਭੀ ਸੀ ਉਸ ਨੂੰ ਕਿਹਾ, ਪਰ ਉਸ ਨੇ ਜ਼ਹਿਰ ਦੇਣ ਦੀ ਗੱਲ ਨਾ ਮੰਨੀ। ਓੜਕ ਪਾਪੀ ਨਿਮਕ ਹਰਾਮੀ ਨੇ ਕੁੱਝ ਸਾਮਾਨ ਚੁਰਾ ਲਿਆ ਤੇ ਰਾਤੋ ਰਾਤ ਮੁਰੰਡੇ ਜਿਸ ਦਾ ਨਾਉਂ ਪ੍ਰਸਿੱਧ ਬਾਗਾਂ ਵਾਲਾ ਹੈਂ , ਏਥੇ ਪਹੁੰਚਾ ਅਤੇ ਜਾਨੀ ਖਾਨ , ਮਾਨੀ ਖਾਨ ਪਠਾਣਾਂ ਨੂੰ ਜਾ ਦੱਸਿਆ ਅਤੇ ਨਾਲ ਲੈ ਕੇ ਖੇੜੀ ਪੁੱਜਾ। ਏਥੇ ਸਾਹਿਬਜ਼ਾਦੇ ਪਕੜਾ ਦਿੱਤੇ। ਸ੍ਰੀ ਮਾਤਾ ਗੁਜਰੀ ਸਾਹਿਬ ਜੀ ਦੇ ਸਮੇਤ ਪਠਾਣ ਸਾਹਿਬਜਾਦਿਆਂ ਨੂੰ ਲੈ ਕੇ ਮੁਰੰਡੇ ਪਹੁੰਚੇ ਤੇ ਗੰਗੂ ਨੂੰ 200 ਰੁਪਯਾ ਇਨਾਮ ਦੇ ਕੇ ਮੋੜ ਦਿੱਤਾ ਅਤੇ ਸਾਹਿਬਜ਼ਾਦਿਆਂ ਨੂੰ ਇਕ ਰਾਤ ਇਥੇ ਰੱਖ ਦੀਨ ਦੀਆਂ ਬਾਤਾਂ ਚੀਤਾਂ ਕਰ ਜੋ ਸਤਿਗੁਰੂ ਜੀ ਦੇ ਲਾਲ ਧਰਮ ਦੇ ਪੁਤਲੇ ਨਾ ਮੰਨੇ, ਅਗਲੇ ਦਿਨ ਸਵੇਰੇ ਹੀ ਬੈਲ ਗੱਡੀ ਵਿੱਚ ਬਿਠਾ ਮਾਤਾ ਜੀ ਸਮੇਤ ਸਰਹੰਦ ਲੈ ਆਏ। ਰਾਤ ਨੂੰ ਸ਼ਾਹੀ ਕਿਲ੍ਹੇ ਦੇ ਠੰਡੇ ਬੁਰਜ ਵਿਚ ਰੱਖਿਆ ਗਿਆ। ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗੁਰੂ ਸਾਖੀਆਂ ਅਤੇ ਪਾਠ ਹੀ ਸੁਣਾਉਂਦੇ ਰਹੇ।
ਸਰਦੀਆਂ ਦੀ ਰੁੱਤ ਵਿੱਚ ਠੰਡੇ ਬੁਰਜ ਦੀ ਕੈਦ ਦੌਰਾਨ ,ਵਜ਼ੀਰ ਖਾਨ ਦੇ ਹੁਕਮ ਦੀ ਪ੍ਰਵਾਹ ਨਾਂ ਕਰਦੇ ਹੋਏ ਇੱਕ ਸ਼ਰਧਾਵਾਨ ਸਰਹੰਦ ਨਿਵਾਸੀ ਮੋਤੀਰਾਮ ਮਹਿਰਾ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪੁਚਾ ਕੇ ਸਹਾਇਤਾ ਕਰਦਾ ਰਿਹਾ।ਇਸ ਦੇ ਬਦਲੇ ਉਸ ਦੇ ਸਾਰੇ ਪਰਵਾਰ ਨੂੰ ਵਜ਼ੀਰ ਖਾਨ ਨੇ ਕੋਹਲੂ ਵਿੱਚ ਪੀੜ ਕੇ ਮੌਤ ਦੀ ਸਜ਼ਾ ਦਿੱਤੀ।

ਗੁਰਦੁਆਰਾ ਫਤਹਿਗੜ੍ਹ ਸਾਹਿਬ ਦਾ ੧੯੦੦ ਈ. ਦਾ ਚਿਤਰਇਸ ਇਮਾਰਤ ਦਾ ਨੀਂਹ ਪਥਰ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ੧੮੧੩ਈ. ਵਿਚ ਰਖਿਆ ਜਿਸਨੂੰ ਬਾਅਦ ਵਿਚ ਮਹਾਰਾਜਾ ਨਰਿੰਦਰ ਸਿੰਘ ਪਟਿਆਲਾ ਨੇ ਪੂਰਾ ਕਰਵਾਇਆ

ਦੂਜੇ ਦਿਨ ਸਵੇਰੇ ੨੫ ਦਸੰਬਰ ੧੭੦੪ ਨੂੰ ਦੋਹਾਂ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਨਵਾਬ ਤੇ ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਬਥੇਰੇ ਲਾਲਚ ਦਿੱਤੇ। ਵਜ਼ੀਰ ਸੁਚਾ ਨੰਦ ਨੇ ਵੀ ਉਨ੍ਹਾਂ ਨੂੰ ਭੈ – ਭੀਤ ਕਰਨ ਦੇ ਬਥੇਰੇ ਜਤਨ ਕੀਤੇ, ਪਰ ਪੌਣੇ ਅੱਠ ਤੇ ਪੌਣੇ ਛੇ ਸਾਲਾਂ ਦੇ ਦੋਵੇਂ ਸਾਹਿਬਜ਼ਾਦੇ ਆਪਣੇ ਬਚਨ ‘ਤੇ ਅਟੱਲ ਰਹੇ। ਤਿੰਨ ਦਿਨ ਦੋਹਾਂ ਦੀਆਂ ਲਗਾਤਾਰ ਕਚਹਿਰੀ ਵਿਚ ਪੇਸ਼ੀਆਂ ਹੁੰਦੀਆਂ ਰਹੀਆਂ। ਜਦ ਨਵਾਬ ਵਜ਼ੀਰ ਖਾਨ ਦੇ ਸਾਰੇ ਜਤਨ ਵਿਅਰਥ ਗਏ ਤੇ ਮਾਸੂਮ ਬੱਚਿਆਂ ਨੇ ਆਪਣਾ ਸਿੱਖੀ ਆਦਰਸ਼ ਨਾ ਛੱਡਿਆ ਤਾਂ ਦੀਵਾਨ ਸੁੱਚਾ ਨੰਦ ਨੇ ਕਿਹਾ, ‘ ਇਨ੍ਹਾਂ ਨੂੰ ਨਿੱਕੇ ਬਾਲਕ ਨਾ ਜਾਣੋ, ਇਹ ਜਮਾਂਦਰੂ ਹੀ ਲੜਾਕੇ ਹਨ।’ ਸੁੱਚਾ ਨੰਦ ਨੇ ਸੁਝਾਅ ਦਿੱਤਾ ਕਿ ਬੱਚਿਆਂ ਨੂੰ ਆਜ਼ਾਦ ਕਰ ਦਿੱਤਾ ਜਾਵੇ ਤੇ ਦੇਖਿਆ ਜਾਏ ਕਿ ਬੱਚੇ ਕੀ ਕਰਦੇ ਹਨ। ਤਿੰਨ ਦੁਕਾਨਾਂ ਬਜ਼ਾਰ ਵਿਚ ਲਾ ਦਿੱਤੀਆਂ ਜਾਣ। ਇਕ ਵਿਚ ਨਿਰੇ ਖਿਡੌਣੇ ਹੋਣ, ਦੂਜੀ ਵਿਚ ਮਠਿਆਈਆਂ ਤੇ ਤੀਜੀ ਵਿਚ ਸ਼ਸਤਰ, ਅਸਤਰ, ਗੋਲੇ। ਜੇ ਨਵਾਬ ਤੇ  ਜਾਂ ਮਠਿਆਈ ਖਾਣਗੇ। ਸਾਹਿਬਜ਼ਾਦੇ ਜਦ ਛੱਡ ਦਿੱਤੇ ਗਏ ਤਾਂ ਉਨ੍ਹਾਂ ਨੇ ਬਾਹਰ ਜਾ ਕੇ ਤਿੰਨ ਦੁਕਾਨਾਂ ਲੱਗੀਆਂ ਦੇਖੀਆਂ, ਤਾਂ ਉਨ੍ਹਾਂ ਨਾ ਮਠਿਆਈ ਵੱਲ ਤੱਕਿਆ, ਨਾ ਖਿਡੌਣਿਆਂ ਵੱਲ ਦੇਖਿਆ, ਧਾ ਕੇ ਸ਼ਸਤਰਾਂ ਨੂੰ ਪਏ। ਧੰਨ ਕਲਗੀ ਵਾਲੇ ਦੇ ਸਾਹਿਬਜ਼ਾਦੇ!

ਵੀਂਹਵੀ ਸਦੀ ਦੇ ਪੰਜਾਵੇਂ ਦਹਾਕੇ ਦਾ ਇਕ ਚਿਤਰ

ਲਤੀਫ਼ ਦਾ ਕਹਿਣਾ ਹੈ ਕਿ ਸਵਾਲ ਜਵਾਬ ਵੇਲੇ ਵੀ ਇਹ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਤਾਂ ਉਹ ਸ਼ਸਤਰ ਹੀ ਇਕੱਠੇ ਕਰਨਗੇ, ਜੰਗਲੀਂ ਜਾਕੇ ਫ਼ੌਜ ਨੂੰ ਨਵੇਂ ਸਿਰਿਓਂ ਤਰਤੀਬ ਦੇਣਗੇ। ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਹਨ, ਉਸ ਨੇ ਕਾਜ਼ੀ ਕੋਲੋਂ ਫਤਵਾ ਦਵਾ ਦਿਤਾ।
ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕਤ ੯ ਸਾਲ ਸੀ ਅਤੇ ਬਾਬਾ ਫਤਿਹ ਸਿੰਘ ਦੀ ਉਮਰ ੭ ਸਾਲ ਸੀ, ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫਾ ਪਾਲਣ ਬਦਲੇ ਸੂਬਾ ਸਰਹੰਦ ਵਜੀਦ ਖਾਂ ਦੇ ਹੁਕਮ ਨਾਲ ੧੨ ਪੋਹ ਸੰਮਤ ੧੭੬੧ ਬਿਕ੍ਰਮੀ ਅਰਥਾਤ ੨੬ ਦਸੰਬਰ ੧੭੦੪ ਈਸਵੀ ਨੂੰ ਜਿਊਂਦੇ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ ਉਸਾਰੇ ਜਾਣ ਤੋਂ ਬਾਅਦ ਵਾਰ-ਵਾਰ ਡਿੱਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ ‘ਤੇ ਤਲਵਾਰ ਦਾ ਵਾਰ ਕਰਕੇ ਉਨ੍ਹਾਂ ਦੇ ਸੀਸ ਧੜ ਨਾਲੋਂ ਜੁਦਾ ਕਰ ਕੇ ਸ਼ਹੀਦ ਕੀਤਾ ਗਿਆ। ਇਸ ਦਿਲ-ਕੰਬਾਊੇ ਘਟਨਾ ਨੂੰ ਭਾਈ ਕੇਸਰ ਸਿੰਘ ਛਿੱਬਰ ਆਪਣੀ ਕ੍ਰਿਤ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਛਾਪ ਪਹਿਲੀ, ਪੰਨਾ ਨੰਬਰ ੧੭੯ ਬੰਦ ੫੮੧ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ :
”ਨਉਂ ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਭਏ।
ਸਾਢੇ ਸੱਤ ਸਾਲ ਅਵਸਥਾ ਫਤੇ ਸਿੰਘ ਜੀ ਲਏ।
ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲ ਬੇਗ ਛੁਟ ਗਏ।
ਅੱਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ”

(ਭਾਵ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਸ਼ਹੀਦੀ ਦੇ ਸਮੇਂ ੯ ਸਾਲ ਦੀ ਸੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ੭ ਸਾਲ ੬ ਮਹੀਨੇ ਦੀ ਸੀ। ਬਾਬਾ ਜ਼ੋਰਾਵਰ ਸਿੰਘ ਜੀ ਕਟਾਰ ਦੇ ਵਾਰ ਨਾਲ ਸੀਸ ਕੱਟ ਦਿੱਤੇ ਜਾਣ ਨਾਲ ਤੁਰੰਤ ਹੀ ਜੋਤੀ ਜੋਤ ਸਮਾ ਗਏ ਐਪਰ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਸੀਸ ਕੱਟ ਦਿੱਤੇ ਜਾਣ ਤੋਂ ਬਾਅਦ ਵੀ ਅੱਧੀ ਘੜੀ, ਭਾਵ ੧੨-੧੩ ਮਿੰਟ ਤੱਕ ਪੈਰ ਮਾਰਦੇ ਰਹੇ ਤੇ ਤੜਫਦੇ ਰਹੇ)
ਉਸੇ ਹੀ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਜਾਣ ਦੀ ਖਬਰ ਮਿਲੀ, ਤਾਂ ਮਾਤਾ ਜੀ ਵੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਜੋਤੀ ਜੋਤ ਸਮਾ ਗਏ ਅਤੇ ਅਕਾਲ ਪੁਰਖ ਦੀ ਗੋਦ ਵਿਚ ਆਪਣੇ ਪਿਆਰੇ ਪੋਤਰਿਆਂ ਨੂੰ ਜਾ ਮਿਲੇ। ਮਨੁੱਖਤਾ ਦੇ ਇਤਿਹਾਸ ਵਿਚ ਇਸ ਅਦੁੱਤੀ ਸ਼ਹਾਦਤ ਜਿਹਾ ਭਿਆਨਕ ਮੰਜ਼ਰ ਹੋਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ।

ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫੇ ਅੰਦਰ- ਅੰਦਰ ਹੀ ਸ਼ਹੀਦੀਆਂ ਪਾ ਗਏ। ਇਨ੍ਹਾਂ ਸ਼ਹਾਦਤਾਂ ਨੂੰ ਹਾਲੇ ੩੧੩ ਵਰ੍ਹੇ ਹੋਏ ਹਨ। ਕੌਮਾਂ ਦੀ ਤਵਾਰੀਖ ਦੀ ਸਮੀਖਿਆ ਕਰਨ ਸਮੇਂ ਇਹ ਅਵਧੀ ਕੋਈ ਏਨੀ ਵੀ ਜ਼ਿਆਦਾ ਨਹੀਂ ਕਿ ਸਿੱਖਾਂ ਦੇ ਚੇਤਿਆਂ ਵਿਚੋਂ ਛੋਟੇ ਸਾਹਿਬਜ਼ਾਦਿਆਂ ਵਰਗੇ ਸ਼ਹੀਦ ਤੇ ਉਨ੍ਹਾਂ ਦੀ ਸ਼ਹਾਦਤ ਦੇ ਦਰਦਨਾਕ ਪ੍ਰਸੰਗ ਮਨਫੀ ਹੋ ਜਾਣ! ਸ਼ਹੀਦਾਂ ਨੂੰ ਇਕ ਖਸੂਸਨ ਅਦਬ ਅਤੇ ਮਰਿਆਦਾ ਨਾਲ ਯਾਦ ਕਰਨਾ ਹੀ ਆਪਣੇ ਅਕੀਦੇ ਪ੍ਰਤੀ ਸੱਚੀ ਵਫਾਦਾਰੀ ਹੁੰਦੀ ਹੈ।
ਗੁਰਪ੍ਰਣਾਲੀ, ਗੁਲਾਬ ਸਿੰਘ ਵਿਚ ਸ਼ਹਾਦਤ ਦਾ ਸਮਾਂ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ :
ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ”
ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਦਸਵੇਂ ਗੁਰੂ ਜੀ ਦੇ ਸਮਕਾਲੀ ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ, ‘ਕਥਾ ਗੁਰੂ ਜੀ ਕੇ ਸੁਤਨ ਕੀ’ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋਂ ਜੁਦਾ ਕਰਨ ਤੋਂ ਪਹਿਲਾਂ ਜ਼ਾਲਮਾਂ ਨੇ ਉਨ੍ਹਾਂ ਮਾਸੂਮਾਂ ਨੂੰ ਚਾਬਕਾਂ ਤੇ ਕੋਰੜੇ ਵੀ ਮਾਰੇ ਸਨ
ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ
ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ
ਤਬ ਮਲੇਰੀਏ ਕਹਯੋ; ‘ਜੜਾਂ ਤੁਮ ਜਾਂਹਿ ਹੀ
ਇਹ ਮਾਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ”
(ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)
”ਜਬ ਦੁਸ਼ਟੀਂ ਐਸੇ ਦੁਖ। ਬਹੁਰੋ ਫੇਸ ਸੀਸ ਕਢਵਾਏ
ਰਜ ਕੋ ਪਾਇ ਪੀਪਲਹ ਬਾਂਧੇ। ਦੁਸ਼ਟ ਗੁਲੇਲੇ ਤੀਰ ਸੁ ਸਾਂਧੇ”

(ਰਜ ਤੋਂ ਭਾਵ ਹੈ ਰੱਸਾ ਅਰਥਾਤ ਪਿੱਪਲ ਦੇ ਦਰੱਖਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿੱਤੇ ਗਏ। ਹਵਾਲੇ ਲਈ ਦੇਖੋ : ਹੱਥ ਲਿਖਤ ਖਰੜਾ ਨੰਬਰ 6045, ਸਿੱਖ ਰੈਫਰੈਂਸ ਲਾਇਬਰੇਰੀ, ਸ੍ਰੀ ਅੰਮ੍ਰਿਤਸਰ)

ਗੁਰਦੁਆਰਾ ਫਤਹਿਗੜ੍ਹ ਸਾਹਿਬ ਦਾ ਇਕ ਪੰਛੀ ਝਾਤ ਚਿਤਰ(੧੯੭੫ ਈ. ਲਗਭਗ)

ਇਥੇ ਇਹ ਜ਼ਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਨੇ ਨਾ ਸਿਰਫ ਹਾਅ ਦਾ ਨਾਅਰਾ ਹੀ ਮਾਰਿਆਂ ਸਗੋਂ ਉਸ ਨੇ ਮਾਸੂਮ ਸਾਹਿਬਜ਼ਾਦਿਆਂ ‘ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ, ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਸ ਦੀ ਇਕ ਨਾ ਸੁਣੀ। ਸਰਹੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ‘ਤੇ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਵਲੋਂ ਨਿਭਾਈ ਨਾਕਾਬਿਲ-ਏ-ਫਰਾਮੋਸ਼ ਤਵਾਰੀਖੀ ਭੂਮਿਕਾ ਲਈ ਸਿੱਖ ਕੌਮ ਰਹਿੰਦੇ ਸਮਿਆਂ ਤਕ ਅਹਿਸਾਨਮੰਦ ਰਹੇਗੀ।

ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਹਨ ਕਿ ਸਰਹਿੰਦ ਦੇ ਜੌਹਰੀ ਟੋਡਰ ਮੱਲ ਨੇ ਨਵਾਬ ਵਜ਼ੀਰ ਖ਼ਾਂ ਪਾਸੋਂ ਸਾਹਿਬਜ਼ਾਦਿਆਂ ਦੇ ਸਸਕਾਰ ਦੀ ਆਗਿਆ ਮੰਗੀ। ਨਵਾਬ ਨੇ ਕਿਹਾ ਕਿ ‘‘ਜ਼ਮੀਨ ਮੁੱਲ ਲੈ ਕੇ ਸਸਕਾਰ ਕਰ ਸਕਦੇ ਹੋ, ਉਹ ਵੀ ਸੋਨੇ ਦੀਆਂ ਮੋਹਰਾਂ ਖੜ੍ਹੇ-ਰੁਖ਼ ਕਰ ਕੇ ਵਿਛਾਉਣੀਆਂ ਪੈਣਗੀਆਂ।’’ ਟੋਡਰ ਮੱਲ ਨੇ ਸੂਬੇ ਦੀ ਇਹ ਸ਼ਰਤ ਵੀ ਪੂਰੀ ਕਰ ਦਿੱਤੀ। ਕਰੀਬ ੭੮੦੦੦ ਸੋਨੇ ਦੀਆਂ ਮੋਹਰਾਂ (ਲਗਭਗ ੭੮੦) ਕਿੱਲੋ ਸੋਨਾ) ਵਿਛਾਈਆਂ ਗਈਆਂ। ਉਸ ਨੇ ਸੋਨੇ ਦੀਆ ਮੋਹਰਾਂ ਵਿਛਾ ਕੇ ਅੰਗੀਠੇ ਜੋਗੀ ਥਾਂ ਪ੍ਰਾਪਤ ਕੀਤੀ ਅਤੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਇਸ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ।

ਪੁਰਾਤਨ ਚਿਤਰ

ਮਿਸਲ ਕਾਲ ਵਿਚ ਸਰਹਿੰਦ ਦਾ ਇਲਾਕਾ ਬਾਬਾ ਆਲਾ ਸਿੰਘ ਦੇ ਅਧੀਨ ਰਿਆਸਤ ਪਟਿਆਲਾ ਦਾ ਅੰਗ ਬਣ ਗਿਆ। ਸਰਹਿੰਦ ਦੇ ਆਪਣੇ ਅਧਿਕਾਰ ਹੇਠ ਆਉਣ ‘ਤੇ ਹੀ ਬਾਬਾ ਆਲਾ ਸਿੰਘ ਨੇ ੧੨ ਮਿਸਲਾਂ ਤੇ ਸਿੰਘਾਂ ਦੀ ਮਿਲਵਰਤਨ ਨਾਲ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਯਾਦਗਾਰ ਵਜੋਂ ਕਿਲ੍ਹਾ ਸਰਹਿੰਦ ਦੇ ਅਸਥਾਨ ‘ਤੇ ੧੭੬੩ ਈਸਵੀ ਵਿਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਨੀਂਹ ਰਖਵਾਈ, ਜਿਥੇ ੫੯ ਸਾਲ ਪਹਿਲਾਂ ਦੋਵੇਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸਨ। ਇਸ ਗੁਰਦੁਆਰੇ ਦੀ ਸੇਵਾ – ਸੰਭਾਲ ਵਾਸਤੇ ਪੰਜ ਹਜ਼ਾਰ ਵਿੱਘੇ ਜ਼ਮੀਨ ਦਾ ਚੱਕ ਕਾਇਮ ਕੀਤਾ। ਇਸ ਕਿਲ੍ਹੇ ਦਾ ਠੰਡਾ ਬੁਰਜ ਜਿਥੇ ਮਾਤਾ ਗੁਜਰੀ ਜੀ ਨੇ ਸਨ, ਉਸੇ ਤਰ੍ਹਾਂ ਕਾਇਮ ਰਹਿਣ ਦਿੱਤਾ ਗਿਆ। ਸਰਹਿੰਦ ਦਾ ਸ਼ਾਹੀ ਕਿਲ੍ਹਾ ਪ੍ਰਾਣ ਤਿਆਗੇ ਢਹਿ ਗਿਆ ਸੀ, ਜਿਸ ਥਾਂ ਨੂੰ ਪਟਿਆਲਾ ਸਰਕਾਰ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਥਾਂ ਦਾ ਨਾਮ ਹਮੇਸ਼ਾ ਲਈ ਫਤਹਿਗੜ੍ਹ ਸਾਹਿਬ ਮਸ਼ਹੂਰ ਹੋ ਗਿਆ।
੧੮੧੩ ਈਸਵੀ ਵਿਚ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੇ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਬਣਵਾ ਕੇ ਇਥੇ ਬਕਾਇਦਾ ਲੰਗਰ ਚਲਾਇਆ। ਲੰਗਰ ਦੇ ਖਰਚ ਲਈ ਕਾਫੀ ਜ਼ਮੀਨ ਤੇ ਹੋਰ ਅਚੱਲ ਜਾਇਦਾਦ ਅਰਦਾਸ ਕਰਾਈ। ਮਗਰੋਂ ਸ਼ੇਰੇ – ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਭੀ ਕਾਫੀ ਜ਼ਮੀਨ ਇਸ ਗੁਰਦੁਆਰੇ ਦੇ ਨਾਮ ਲਗਵਾਈ।

ਮੌਜੂਦਾ ਇਮਾਰਤ ਅਤੇ ਪ੍ਰਬੰਧ

ਪਹਿਲੋਂ ਪਹਿਲ ਇਸ ਗੁਰਦੁਆਰੇ ਦਾ ਏਥੋਂ ਦੇ ਹੋਰ ਸਬੰਧਤ ਗੁਰੂ ਅਸਥਾਨਾਂ ਦਾ ਪ੍ਰਬੰਧ ਵੱਖ – ਵੱਖ ਪੁਜਾਰੀਆਂ ਦੇ ਹੱਥ ਸੀ। ਇੰਤਜ਼ਾਮ ਤਸੱਲੀ ਬਖਸ਼ ਨਾ ਹੋਣ ਕਰਕੇ ਸਰਕਾਰ ਪਟਿਆਲਾ ਨੇ ਪੁਜਾਰੀਆਂ ਵਿਚੋਂ ਹੀ ੧੯੦੬ ਈਸਵੀ ਵਿਚ ਇਕ ਸਾਂਝੀ ਪ੍ਰਬੰਧਕ ਕਮੇਟੀ ਬਣਾ ਦਿੱਤੀ। ੪੨ ਸਾਲ ਇਹ ਕਮੇਟੀ ਕੰਮ ਕਰਦੀ ਰਹੀ, ਪਰ ਕੋਈ ਚੰਗਾ ਇੰਤਜ਼ਾਮ ਨਾ ਹੋਣ ਕਾਰਨ ੧੯੪੪ ਈਸਵੀ ਵਿਚ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਮਾਲਕ ਹਰਦਿੱਤ ਸਿੰਘ ਵਜ਼ੀਰ – ਏ – ਆਜ਼ਮ ਤੇ ਜਨਰਲ ਸ . ਗੁਰਦਿਆਲ ਸਿੰਘ ਹਰੀਕਾ ਦੀ ਸਲਾਹ ਨਾਲ ੧੩ ਸੱਜਣਾਂ ਦੀ ਇਕ ਕਮੇਟੀ ਨਿਯਤ ਕੀਤੀ, ਜਿਸ ਦਾ ਨਾਮ ‘ਇੰਪਰੂਵਮੈਂਟ ਕਮੇਟੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੇ ਜੋਤੀ ਸਰੂਪ’ ਰੱਖਿਆ। ਇਸ ਕਮੇਟੀ ਦੇ ਨਾਲ ਹੀ ਦਰਬਾਰ ਪਟਿਆਲਾ ਦੇ ਕੁਝ ਚੋਣਵੇਂ ਅਹਿਲਕਾਰਾਂ, ਸ. ਵਿਸਾਖਾ ਸਿੰਘ ਜੀ, ਭਾਈ ਅਰਜਨ ਸਿੰਘ ਜੀ ‘ਬਾਗੜੀਆ’ ਆਦਿ ਕਈ ਉੱਘੇ ਸੱਜਣ ਸ਼ਾਮਲ ਕੀਤੇ ਗਏ। ਇਸ ਇੰਪਰੂਵਮੈਂਟ ਕਮੇਟੀ ਨੇ ੮ ਲੱਖ ੧੦ ਹਜ਼ਾਰ ਰੁਪਏ ਇਕੱਠੇ ਕੀਤੇ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਤਾਰਾ ਸਿੰਘ ਦੀ ਤਜਵੀਜ਼ ਨਾਲ ਗੁਰਦੁਆਰੇ ਲਈ ਨਵਾਂ ਨਕਸ਼ਾ ਬਣਵਾਇਆ ਤੇ ਉਸ ਨਕਸ਼ੇ ਅਨੁਸਾਰ ੨੩ ਫੁੱਟ ਡੂੰਘੀਆਂ ਨੀਹਾਂ ਭਰ ਕੇ ਗੁਰਦੁਆਰਾ ਉਸਾਰਿਆ ਗਿਆ।

ਮੌਜੂਦਾ ਇਮਾਰਤ ਤਿਆਰ ਕਰਨ ਤੋਂ ਪਹਿਲਾਂ ਦਾ ਨਕਸ਼ਾ

ਇਸ ਤਿੰਨ ਮੰਜ਼ਲੇ ਗੁਰਦੁਆਰੇ ਦੇ ਹੁਣ ਦੂਰੋਂ ਹੀ ਦਰਸ਼ਨ ਹੁੰਦੇ ਹਨ। ਉੱਪਰ ਸ਼ਾਨਦਾਰ ਗੁੰਬਦ ੧,੬੮੦੦੦ ਰੁਪਏ ਦੀ ਲਾਗਤ ਨਾਲ ਬਣਿਆ ਹੈ। ੧੯੪੪ ਵਿਚ ਇਕ ਗੁਰਦੁਆਰਾ ਬੋਰਡ ਬਣਾਇਆ ਗਿਆ। ੧੯੪੮ ਜੁਲਾਈ ਪੈਪਸੂ ਵਿਚ ਧਰਮ ਅਰਥ ਬੋਰਡ ਨੇ ਪ੍ਰਬੰਧ ਸੰਭਾਲਿਆ।

ਕਾਰਸੇਵਾ ਚਲਣ ਸਮੇਂ ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲੇ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਦੋ ਵਖ ਵਖ ਚਿਤਰ

ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਸੰ. ੨੦੦੧ ਸੰਮਤ ਵਿਚ ਅੰਮ੍ਰਿਤ ਸਰੋਵਰ ਦਾ ਟੱਪਾ ਲਗਵਾਕੇ ਖੁਦਈ ਸ਼ੁਰੂ ਕਰਵਾਈ ਅਤੇ ਪਕਾ ਸਰੋਵਰ ਤਾਮੀਰ ਕਰਵਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ ੧੯੫੫-੫੬ ਵਿਚ ਸੰਭਾਲਿਆ। ਗੁਰਦੁਆਰਾ ਸਾਹਿਬ ਦੇ ਸੁੰਦਰੀਕਰਨ ਅਤੇ ਰਹਿੰਦੀ ਕਾਰ ਸੇਵਾ ਬਾਬਾ ਭੂਰੀ ਵਾਲਿਆਂ ਵਲੋਂ ਕਰਵਾਈ ਗਈ ਸੀ।

ਦਰਸ਼ਨੀ ਡਿਓਢੀ ਦਾ ਪੁਰਾਤਨ ਚਿਤਰ
ਗੁਰਦੁਆਰਾ ਫਤਹਿਗੜ੍ਹ ਸਾਹਿਬ, ਠੰਡਾ ਬੁਰਜ ਅਤੇ ਦਰਸ਼ਨੀ ਡਿਓਢੀ, ਕੋਲ ਹੀ ਸਰਹੰਦ ਦੇ ਪੁਰਾਣੇ ਖੰਡਰ ਵੀ ਦਿਖ ਰਹੇ ਹਨ।

ਲੰਗਰ-ਪ੍ਰਸ਼ਾਦਿ ਰਿਹਾਇਸ਼ ਦਾ ੨੫ ਘੰਟੇ ਬਹੁਤ ਵਧੀਆ ਪ੍ਰਬੰਧ ਹੈ। ਯਾਤਰੂਆਂ ਦੀ ਰਿਹਾਇਸ਼ ਵਾਸਤੇ ਬਾਥਰੂਮਾਂ ਸਮੇਤ ੪੭ ਕਮਰੇ ਤੇ ਦੋ ਹਾਲ ਕਮਰਿਆਂ ਦੀ ਸਰਾਂ ਹੈ। ਗੁਰਪੁਰਬਾਂ ਤੋਂ ਇਲਾਵਾ ਇਸ ਸਥਾਨ ‘ਤੇ ਜਨਮ ਦਿਵਸ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਸ਼ਹੀਦੀ ਜੋੜ ਮੇਲਾ ੧੧-੧੨-੧੩ ਪੋਹ ਨੂੰ ਬਹੁਤ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

ਜਗੀਰਾਂ ੮ ਹਜਾਰ ਰੁਪਈਏ ਮਹਾਰਾਜਾ ਰਣਜੀਤ ਸਿੰਘ ਅਤੇ ਪਟਿਆਲਾ ਰਿਆਸਤ ਵਲੋਂ ਹਨ। ੩ ਹਜਾਰ ਵਿਘਾ ਜਮੀਨ ਪਟਿਆਲਾ ਰਿਆਸਤ ਵਲੋਂ ਹੈ।

ਪੱਟਿਆਂ ਦੀ ਨਕਲ

੧. ਮਹਾਰਾਜਾ ਰਣਜੀਤ ਸਿੰਘ ਦਾ ੬ ਜੇਠ ੧੮੭੮ ਬਿ. ਦਾ ਪਰਵਾਨਾ ਦੀਵਾਨ ਕਿਰਪਾ ਰਾਮ ਦੇ ਨਾਮ ਕਿ ਰੀਹਾਨ ਪਿੰਡ ਜੋ ਪਹਿਲਾਂ ਦੀਵਾਨ ਸਿੰਘ ਪਾਸ ਸੀ ੧੮੭੪ ਫਸਲ ਰੱਬੀ ਦੇ ਸ਼ੁਰੂ ਤੋਂ ਮਹੰਤ ਚੜਤ ਸਿੰਘ ਡੇਹਰਾ ਸਾਹਿਬ ਜ਼ਾਦਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਧਰਮ ਅਰਥ ਵਜੋਂ ਸਮਝਿਆ ਜਾਵੇ ਤੇ ਉਨਾਂ ਦਾ ਦਖਲ ਕਰਾ ਦਿਤਾ ਜਾਵੇ।

. ਮਹਾਰਾਜਾ ਸ਼ੇਰ ਸਿੰਘ ਵਲੋਂ ਮਿਤੀ ੩੧ ਹਾੜ ੧ ਹਾੜ ਬਿ : ਦਾ ਪਟਾ ਜਿਸ ਵਿਚ ਉਪਰੋਕਤ ਗੁਰਦੁਆਰਾ ਸਾਹਿਬ ਦੀ ਜਾਗੀਰ ਧਰਮ ਅਰਥ ਮਨਜ਼ੂਰ ਤੇ ਪੱਕੀ ਕੀਤੀ ਗਈ।’ (ਸਰੋਤ – ਮਾਲਵਾ ਇਤਿਹਾਸ)

ਛੋਟੇ ਸਾਹਿਬਜਾਦਿਆਂ ਅਤੇ ਮਾਤਾ ਜੀ ਦੀ ਯਾਦ ਵਿਚ ਨਿਕਲਦੇ ਨਗਰ ਕੀਰਤਨ ਦਾ ਦ੍ਰਿਸ਼

ਸ਼ਹੀਦੀ ਜੋੜ ਮੇਲਾ

ਛੋਟੇ ਸਾਹਿਬਜਾਦਿਆਂ ਅਤੇ ਮਾਤਾ ਜੀ ਦੀ ਯਾਦ ਵਿਚ ੧੮੮੮ ਈ. ਵਿਚ ਗਿਆਨੀ ਠਾਕਰ ਸਿੰਘ ਅਤੇ ਹੋਰ ਉਦਮੀ ਵੱਲੋਂ ੧੧-੧੨-੧੩ ਪੋਹ ਨੂੰ ਸ਼ਹੀਦੀ ਜੋੜ ਮੇਲਾ ਲਗਾਉਣ ਆਰੰਭ ਕੀਤਾ ਗਿਆ ਜੋ ਅਜੋਕੇ ਸਮੇਂ ਵਿਚ ਵਿਚ ਵੀ ਨਿਰੰਤਰ ਨਿਰਾਲੇ ਉਤਸ਼ਾਹ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਜਿਸ ਵਿਚ ੨੫੦ ਦੇ ਕਰੀਬ ਵਖ ਵਖ ਪਿੰਡ ਸ਼ਹਿਰਾਂ ਤੋਂ ਲਗਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਉਹ ਲੰਗਰ ਵਖ ਹਨ ਜੋ ਫਤਹਿਗੜ੍ਹ ਸਾਹਿਬ ਨੂੰ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤ ਦੇ ਵਖ ਵਖ ਰਾਹਾਂ ਵਿਚ ਲਗਦੇ ਹਨ। 

ਗੁਰਦੁਆਰਾ ਫਤਹਿਗੜ੍ਹ ਸਾਹਿਬ ਤੇ ਠੰਡੇ ਬੁਰਜ ਦੀ ਸਭਾ ਦੇ ਦਿਨਾਂ ਵਿਚ ਲਿਆ ਇਕ ਹਵਾਈ ਚਿਤਰ(੨੦੨੨)

ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਚ ਹੋਰ ਅਸਥਾਨ

ਗੁਰਦੁਆਰਾ ਠੰਡਾ ਬੁਰਜ ਮਾਤਾ ਗੁਜਰੀ ਜੀ,

ਗੁਰਦੁਆਰਾ ਬਿਬਾਨਗੜ੍ਹ ਸਾਹਿਬ,

ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਛੇਵੀਂ,

ਗੁਰਦੁਆਰਾ ਸ਼ਹੀਦ ਗੰਜ ਸ਼ਹੀਦ ੧

ਗੁਰਦੁਆਰਾ ਸ਼ਹੀਦ ਗੰਜ ੨ ਬਾਬਾ ਸੁੱਖਾ ਸਿੰਘ ਸ਼ਹੀਦ

ਗੁਰਦੁਆਰਾ ਸ਼ਹੀਦ ਗੰਜ ੩ ਬਾਬਾ ਮੱਲਾ ਸਿੰਘ ਜੀ

ਅਤੇ ਗੁਰਦੁਆਰਾ ਜੋਤੀ ਸਰੂਪ ਆਦਿ ਇਤਿਹਾਸਕ ਅਸਥਾਨ ਹਨ।

Photos