ਨਨਕਾਣਾ ਸਾਹਿਬ ਦਾ ਸਿੱਖ ਭਾਈਚਾਰਾ - ਭਾਈ ਗਜਿੰਦਰ ਸਿੰਘ

ਨਨਕਾਣਾ ਸਾਹਿਬ ਦਾ ਸਿੱਖ ਭਾਈਚਾਰਾ – ਭਾਈ ਗਜਿੰਦਰ ਸਿੰਘ

1992/93 ਵਿੱਚ, ਜਦੋਂ ਸਾਨੂੰ ਕੋਟ ਲੱਖਪੱਤ ਜੇਲ੍ਹ ਤੋਂ ਕੁੱਝ ਦਿਨ੍ਹਾਂ ਲਈ ਨਨਕਾਣਾ ਸਾਹਿਬ ਰਹਿਣ ਦੀ ਇਜਾਜ਼ਤ ਮਿਲੀ ਸੀ, ਨਨਕਾਣਾ ਸਾਹਿਬ ਵਿੱਚ ਵੱਸਦੇ ਸਿੱਖਾਂ ਬਾਰੇ ਇੱਕ ਲੇਖ ਲਿਖਿਆ ਸੀ, ‘ਨਨਕਾਣਾ ਸਾਹਿਬ ਦਾ ਸਿੱਖ ਭਾਈਚਾਰਾ’ । ਇਹ ਲੇਖ ਉਸ ਵੇਲੇ ਕਈ ਪੰਜਾਬੀ ਰਸਾਲਿਆਂ ਵਿੱਚ ਛਪਿਆ ਸੀ, ਯੂਕੇ ਦੇ ਰਸਾਲੇ ‘ਦੇਸ ਪ੍ਰਦੇਸ’ ਦਾ ਨਾਮ ਮੈਨੂੰ ਯਾਦ ਹੈ ।

ਮੈਂ ਜਦੋਂ ਇਹ ਲੇਖ ਲਿਖਿਆ ਸੀ, 26/27 ਸਾਲ ਪਹਿਲਾਂ, ਉਸ ਵੇਲੇ ਦਾ ਨਨਕਾਣਾ ਸਾਹਿਬ ਤੇ ਨਨਕਾਣਾ ਸਾਹਿਬ ਦਾ ਸਿੱਖ ਭਾਈਚਾਰਾ, ਤੇ ਅੱਜ ਵਿੱਚ ਬਹੁਤ ਫਰਕ ਹੈ, ਤੇ ਇਹ ਫਰਕ ਗੁਰੂ ਦੀ ਕਿਰਪਾ ਨਾਲ ਚੰਗੇ ਵਾਲਾ ਵਾਲਾ ਫਰਕ ਹੈ । ਬਹੁਤੀ ਵਿਸਥਾਰ ਵਿੱਚ ਨਹੀਂ ਜਾਵਾਂਗਾ, ਪੜ੍ਹਨ ਵਾਲਿਆਂ ਦੇ ਸਮਝਣ ਲਈ ਕੁੱਝ ਬਚਿਆਂ ਦਾ ਬਸ ਜ਼ਿਕਰ ਹੀ ਕਰਾਂਗਾ । ਨਨਕਾਣਾ ਸਾਹਿਬ ਤੋਂ ਐਮ ਪੀ ਏ ਬਣੇ ਦੋ ਸਿੱਖ ਬੱਚੇ, ਰਮੇਸ਼ ਸਿੰਘ, ਤੇ ਮਹਿੰਦਰਪਾਲ ਸਿੰਘ, ਡਾਕਟਰ ਮਿਮਪਾਲ ਸਿੰਘ, ਪ੍ਰੋਫੈਸਰ ਕਲਿਆਣ ਸਿੰਘ, ਮੇਜਰ ਹਰਚਰਨ ਸਿੰਘ, ਤੇ ਇਹਨਾਂ ਦੇ ਹੋਰ ਕਈ ਹਮਉਮਰ, ਤੇ ਹਮ-ਪੱਲਾ, ਉਸ ਵੇਲੇ ਹੋਸ਼ ਸੰਭਾਲਣ ਤੋਂ ਵੀ ਪਹਿਲਾਂ ਵਾਲੇ ਬਚਪਨ ਦੀ ਅਵਸਥਾ ਵਿੱਚ ਸਨ, ਤੇ ਇਹਨਾਂ ਦੀ ਮਾਇਕ ਹਾਲਤ ਬਾਰੇ ਤਾਂ ਕੁੱਝ ਨਾ ਹੀ ਲਿਖਾਂ ਤਾਂ ਚੰਗਾ ਹੈ । ਐਮ ਪੀ ਏ ਮਹਿੰਦਰਪਾਲ ਸਿੰਘ ਨੂੰ ਤਾਂ ਮੈਂ ਕੁੱਝ ਹੋਰ ਅੰਦਾਜ਼ ਵਿੱਚ ਉਸ ਦਾ ਬਚਪਨ ਯਾਦ ਕਰਵਾਉਂਦਾ ਹੁੰਦਾ ਹਾਂ, ਜਿਸ ਤੇ ਉਹ ਹੱਸ ਪੈਂਦਾ ਹੈ, ਪਰ ਉਹ ਹੁਣ ਲੀਡਰ ਹੈ, ਮੈਂ ਇੱਥੇ ਲਿਖਾਂਗਾ ਨਹੀਂ । ਜਦੋਂ ਇਹ ਲੇਖ ਲਿਖਿਆ ਸੀ, ਨਨਕਾਣਾ ਸਾਹਿਬ ਵਿੱਚ ਕੇਵਲ ਪੰਜਤਾਲੀ ਸਿੱਖ ਪਰਿਵਾਰ ਸਨ, ਪਰ ਹੁਣ ਉਮੀਦ ਹੈ, ਸਾਢੇ ਚਾਰ ਸੋ ਤਾਂ ਹੋਣਗੇ ਹੀ ।

ਅੱਜ ਤਕਰੀਬਨ ਹਰ ਸਿੱਖ ਪਰਿਵਾਰ ਕੋਲ ਕਾਰ ਦੀ ਸਵਾਰੀ ਹੈ, ਤੇ ਅਗਰ ਕਿਸੇ ਕੋਲ ਨਹੀਂ, ਤਾਂ ਜਾਂ ਉਹ ਹਾਲੇ ਨਵਾਂ ਆ ਕੇ ਵਸਿਆ ਹੈ, ਤੇ ਜਾਂ ਕਾਰ ਨਾ ਰੱਖਣ ਦਾ ਉਸ ਦਾ ਕੁੱਝ ਹੋਰ ਕਾਰਨ ਹੋਵੇਗਾ, ਮਾਇਕ ਤੰਗੀ ਨਹੀਂ । ਇਸ ਤੋਂ ਤੁਸੀਂ ਆਪ ਅੰਦਾਜ਼ਾ ਲਗਾ ਲਓ, ਕਿ ਸਿੱਖਾਂ ਦੇ ਹਾਲਾਤ ਚੰਗੇ ਹੋ ਰਹੇ ਹਨ, ਜਾਂ ਮਾੜੇ ।

ਸਿੰਧ ਅਤੇ ਬਲੋਚਿਸਤਾਨ ਦੇ ਸਹਿਜਧਾਰੀਆਂ ਵੱਲੋਂ ਕੇਸਧਾਰੀ ਹੋਣ ਕਾਰਨ ਸਿੱਖਾਂ ਦੀ ਆਬਾਦੀ ਵਿੱਚ ਸਾਰੇ ਪਾਕਿਸਤਾਨ ਵਿੱਚ ਹੀ ਅੱਛਾ ਖਾਸਾ ਵਾਧਾ ਹੋਇਆ ਹੈ ।
ਜਿਸ ਪਾਕਿਸਤਾਨ ਨੂੰ 47 ਦੀ ਵੰਡ ਵੇਲੇ, ਤਕਰੀਬਨ ਸਾਰੇ ਸਿੱਖ ਛੱਡ ਕੇ ਚਲੇ ਗਏ ਸਨ, ਤੇ ਕੁੱਝ ਇਲਾਕਿਆਂ ਵਿੱਚ ਇੱਕਾ ਦੁੱਕਾ ਸਿੱਖ ਪਰਿਵਾਰ ਜੋ ਆਪਣੀ ਕਿਸੇ ਮਜਬੂਰੀ ਕਾਰਨ ਛੱਡ ਕੇ ਨਹੀਂ ਸਨ ਜਾ ਸਕੇ, ਰਹਿ ਗਏ ਸਨ, ਅੱਜ ਲਹੋਰ ਦੇ ਬਜ਼ਾਰਾਂ ਵਿੱਚ ਉਹਨਾਂ ਦੇ ਵੱਡੇ ਕਾਰੋਬਾਰ ਵੀ ਹਨ, ਤੇ ਉਹਨਾਂ ਦੀਆਂ ਪੱਗਾਂ ਨੂੰ ਜੋ ਸਤਿਕਾਰ ਮਿੱਲਦਾ ਹੈ, ਉਹ ਆਮ ਜਿਹੀ ਗੱਲ ਤਾਂ ਨਹੀਂ ਕਹੀ ਜਾ ਸਕਦੀ ।

ਜਿੱਥੋਂ ਤੱਕ ਕਦੇ ਕਦੇ ਵਾਪਰਨ ਵਾਲੀਆਂ ਮਾੜ੍ਹੀਆਂ ਘੱਟਨਾਵਾਂ ਦੀ ਗੱਲ ਹੈ, ਇਹਨਾਂ ਦੀ ਰੇਸ਼ੋ ਭਾਰਤ ਤੋਂ ਬਹੁਤ ਘੱਟ ਹੈ । ਅਤੇ ਜੇ ਮਾੜ੍ਹੀਆਂ ਘੱਟਨਾਵਾਂ ਦਾ ਅਸਰ ਇੱਥੇ ਦੇ ਸਿੱਖਾਂ ਉਤੇ ਬਹੁਤਾ ਪਿਆ ਹੁੰਦਾ ਤਾਂ ਨਾ ਇਹਨਾਂ ਦੀ ਆਬਾਦੀ ਵੱਧਦੀ ਤੇ ਨਾ ਹੈਸੀਅਤ।

ਭਾਈ ਗਜਿੰਦਰ ਸਿੰਘ, ਉਹਨਾਂ ਦੀ ਸਿੰਘਣੀ ਮਨਜੀਤ ਕੌਰ, ਧੀ ਬਿਕਰਮਜੀਤ ਕੌਰ , ਭਾਈ ਸਤਨਾਮ ਸਿੰਘ ਅਤੇ ਹੋਰ ਸਿੰਘਾਂ ਦੀ ਗੁਰਦੁਆਰਾ ਮਾਲ ਸਾਹਿਬ ਨਨਕਾਣਾ ਸਾਹਿਬ ਦੇ ਬਾਹਰ ਦੀ ਯਾਦਗਾਰੀ ਤਸਵੀਰ।

ਹੇਠਲਾ ਲੇਖ ਲਗਭਗ 1992-93 ਦਾ ਲਿਖਿਆ ਹੋਇਆ।

ਨਨਕਾਣਾ ਸਾਹਿਬ ਦਾ ਸਿੱਖ ਭਾਈਚਾਰਾ

ਗਜਿੰਦਰ ਸਿੰਘ, ਦਲ ਖਾਲਸਾ ।
22.8.202

ਨਨਕਾਣਾ ਸਾਹਿਬ, ਇਹ ਨਾਮ, ਇਕ ਸ਼ਹਿਰ ਦਾ ਨਾਮ, ਹਰ ਸਿੱਖ ਹਿਰਦੇ ਵਿਚ ਵਸਦਾ ਹੈ । ਇਸ ਸ਼ਹਿਰ ਨਾਲ ਦੁਨੀਆਂ ਦੇ ਹਰ ਸਿੱਖ ਦਾ ਇਕ ਰੁਹਾਨੀ, ਜਜ਼ਬਾਤੀ ਤੇ ਤਵਾਰੀਖੀ ਰਿਸ਼ਤਾ ਹੈ । ਜਦੋਂ ਜਦੋਂ ਸਿੱਖ, ਇਕੱਲੇ ਜਾਂ ਸੰਗਤ ਰੂਪ ਵਿਚ, ਅਰਦਾਸ ਵਿਚ ਪੜ੍ਹਦੇ ਹਨ, ਕਿ ”ਸ੍ਰੀ ਨਨਕਾਣਾ ਸਾਹਿਬ, ਤੇ ਹੋਰ ਗੁਰਦਵਾਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਉਨ੍ਹਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ, ਅਤੇ ਸੇਵਾ ਸੰਭਾਲ ਆਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ”, ਤਾਂ ਉਹ ਨਨਕਾਣਾ ਸਾਹਿਬ ਨਾਲ ਆਪਣੇ ਰਿਸ਼ਤੇ ਨੂੰ ਹੋਰ ਤੋਂ ਹੋਰ ਗੂੜ੍ਹਾ ਕਰਦੇ ਚਲੇ ਜਾਂਦੇ ਹਨ । ਤੇ ਇਕ ਸਿੱਖ, ਇਸ ਦੁਨੀਆਂ ਵਿਚ ਆਣ ਤੋਂ ਲੈ ਕੇ, ਇਹ ਦੁਨੀਆਂ ਛੱਡ ਕੇ ਜਾਣ ਤੱਕ, ਇਹ ਅਰਦਾਸ ਬਾਰ ਬਾਰ, ਬੇਅੰਤ ਵਾਰ ਕਰਦਾ ਹੈ ।
ਸ੍ਰੀ ਨਨਕਾਣਾ ਸਾਹਿਬ ਦੀ ਗੱਲ ਕਰਨ ਲੱਗਿਆਂ, ਇਹ ਕਹਿਣ ਦੀ ਤਾਂ ਲੋੜ ਹੀ ਮਹਿਸੂਸ ਨਹੀਂ ਹੁੰਦੀ, ਕਿ ਇਹ ਸ਼ਹਿਰ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ । ਕਿਸੇ ਸਿੱਖ ਲੇਖਕ ਨੇ, ਨਨਕਾਣਾ ਸਾਹਿਬ ਨੂੰ ਸਿੱਖਾਂ ਦਾ ‘ਕਿਬਲਾ-ਏ-ਅਵੱਲ’, ਤੇ ਕਿਸੇ ਨੇ ‘ਕਾਅਬਾ’ ਕਿਹਾ ਹੈ । ਪ੍ਰੋ: ਕੁਲਵੰਤ ਸਿੰਘ ਗਰੇਵਾਲ ਹੁਰਾਂ ਦੀ ਇਕ ਨਜ਼ਮ ‘ਬਦਨਸੀਬ ਕੌਮਾਂ’, ਕੌਮੀ ਆਜ਼ਾਦੀ ਸੰਘਰਸ਼ ਦੇ ਮੁਢਲੇ ਦੌਰ ਵਿਚ ਅਸੀਂ ਬੜੇ ਸ਼ੌਕ ਨਾਲ ਪੜ੍ਹਿਆ ਕਰਦੇ ਸਾਂ, ਜਿਸ ਵਿਚ ਨਨਕਾਣਾ ਸਾਹਿਬ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ…..

ਬਦਨਸੀਬ ਕੌਮਾਂ ਦਾ ਕਾਅਬਾ
ਉਹ ਆਣਾ ਨਨਕਾਣਾ
ਜਿਸ ਦਾ ਦਰਦ ਜਿਗਰ ਵਿਚ ਲਥਿਆ
ਜਿਓਂ ਕੋਈ ਰੋਗ ਪੁਰਾਣਾ
ਕਿਹੜੀ ਘੜੀ ਬੋਲ ਨੀ ਪੌਣੇ
ਮੈਂ ਉਸ ਦਰ ਜਾਣਾ…..

ਗਿਆਰਾਂ ਸਾਲ ਜੇਲ੍ਹ ਵਿਚ ਬੈਠ ਕੇ ਕੀਤੀਆਂ ਅਰਦਾਸਾਂ, ਤੇ ਪਾਕਿਸਤਾਨ ਦੀ ਹਕੂਮਤ ਕੋਲ ਕੀਤੀਆਂ ਅਨੇਕਾਂ ਬੇਨਤੀਆਂ ਤੋਂ ਬਾਦ ਹੁਣ ਕਿਤੇ ਜਾ ਕੇ ਜ਼ਿੰਦਗੀ ਵਿਚ ਉਹ ਘੜੀ ਆਈ ਹੈ, ਜਦੋਂ ਸ੍ਰੀ ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰਿਆਂ ਦੀ ਖੁਸ਼ੀ ਨਸੀਬ ਹੋਈ ਹੈ ।


1947 ਵਿਚ ਪਾਕਿਸਤਾਨ ਬਣਿਆਂ, ਤੇ ਸਿਖਾਂ ਨੂੰ ਆਪਣੀ ਇਤਹਾਸਕ ਗਲਤੀ ਦੀ ਸਜ਼ਾ ਮਿਲੀ, ਇਕ ਪਾਸੇ ਉਹ ਅੰਗਰੇਜ਼ ਦੀ ਗੁਲਾਮੀ ਵਿਚੋਂ ਨਿਕਲ ਕੇ ਹਿੰਦੂ ਦੀ ਗੁਲਾਮੀ ਵਿਚ ਜਕੜੇ ਗਏ, ਤੇ ਦੂਜੇ ਪਾਸੇ ਉਹ ਨਨਕਾਣਾ ਸਾਹਿਬ ਤੋਂ ਵਿਛੜ ਗਏ । ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਤੇ ਪਾਕਿਸਤਾਨ ਵਿਚ ਰਹਿ ਗਏ ਹੋਰ ਅਨੇਕਾਂ ਗੁਰਦਵਾਰੇ ਉਜਾੜ ਹੋ ਕੇ ਰਹਿ ਗਏ, ਕੋਈ ਇਨ੍ਹਾਂ ਗੁਰਧਾਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਲਾ ਨਾ ਰਿਹਾ । ਫਿਰ ਜਦੋਂ 1947 ਦੀ ਅੱਗ ਕੁਝ ਠੰਡੀ ਹੋਈ, ਤਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵਿਚ ਹੋਏ ਸਮਝੋਤਿਆਂ ਦੇ ਆਧਾਰ ਤੇ ਸਾਲ ਵਿਚ ਦੋ ਤਿੰਨ ਖਾਸ ਮੌਕਿਆਂ ਤੇ ਇਕ ਛੋਟੀ ਜਿਹੀ ਗਿਣਤੀ ਵਿਚ ਸਿੱਖਾਂ ਨੂੰ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਦੀ ਇਜਾਜ਼ਤ ਦਿੱਤੀ ਜਾਣ ਲੱਗੀ । ਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਨਨਕਾਣਾ ਸਾਹਿਬ ਵਿਚ ਆਪਣੇ ਕੁਝ ਸੇਵਾਦਾਰ ਰੱਖਣ ਦੀ ਇਜਾਜ਼ਤ ਦਿੱਤੀ ਗਈ । ਦੋਹਾਂ ਮੁਲਕਾਂ ਦੇ ਸਿਆਸੀ ਹਾਲਾਤਾਂ ਵਿਚ ਤਬਦੀਲੀਆਂ ਨਾਲ ਇਹ ਸਹੂਲਤ ਕਦੇ ਘਟਦੀ ਤੇ ਕਦੇ ਵਧਦੀ ਰਹਿੰਦੀ ਹੈ, ਪਰ ਕੁਲ ਮਿਲਾ ਕੇ ਇਹ ਸਿਲਸਿਲਾ ਹੁਣ ਤੱਕ ਜਾਰੀ ਹੈ ।
ਪਾਕਿਸਤਾਨ ਵਿਚਲੇ ਗੁਰਦਵਾਰਿਆਂ ਬਾਰੇ ਜੋ ਕੁਝ ਪੜ੍ਹਨ ਸੁਣਨ ਦਾ ਮੌਕਾ ਮਿਲਦਾ ਰਿਹਾ ਹੈ, ਤੇ ਮਿਲ ਰਿਹਾ ਹੈ, ਉਹ ਕਾਫੀ ਦੁਖਦਾਈ ਸੀ, ਤੇ ਹੈ । 1947 ਤੋਂ ਬਾਦ, ਪਾਕਿਸਤਾਨ ਵਿਚ ਰਹਿ ਜਾਣ ਵਾਲੇ ਸਿੱਖਾਂ ਬਾਰੇ, ਇਥੇ ਆਣ ਤੋਂ ਪਹਿਲਾਂ ਸਾਡੀ ਵਾਕਫੀਅਤ ਬਹੁਤ ਹੀ ਘੱਟ ਸੀ, ਬਲਕਿ ਕਿਸੇ ਕਿਸਮ ਦੀ ਕੋਈ ਵਾਕਫੀਅਤ ਹੈ ਈ ਨਹੀਂ ਸੀ । ਬਸ ਇਕ ਨਾਮ ਜਾਣਦੇ ਸਾਂ, ਗੁਰਦਵਾਰਾ ਡੇਰਾ ਸਾਹਿਬ ਲਾਹੌਰ ਦੇ ਸੇਵਾਦਾਰ ਤੇ ਪ੍ਰਬੰਧਕ ਗਿਆਨੀ ਹਰੀ ਸਿੰਘ ਜੀ ਦਾ । ਦੋ ਢਾਈ ਸਾਲ ਪਹਿਲਾਂ ਮੇਰੀ ਜੀਵਨ ਸਾਥਣ ਸਰਦਾਰਨੀ ਮਨਜੀਤ ਕੌਰ ਤੇ ਬੇਟੀ ਬਿਕਰਮਜੀਤ ਕੌਰ ਜਦੋਂ ਮੁਲਾਕਾਤ ਲਈ ਲਾਹੌਰ ਆਈਆਂ, ਤੇ ਫਿਰ ਉਨ੍ਹਾਂ ਨੂੰ ਇਕ ਲੰਮਾ ਅਰਸਾ ਇਥੇ ਰਹਿਣਾ ਪਿਆ, ਤਾ ਉਨ੍ਹਾਂ ਰਾਹੀਂ ਪਾਕਿਸਤਾਨ ਵਿਚਲੇ ਗੁਰਧਾਮਾਂ ਤੇ ਇਥੇ ਰਹਿੰਦੇ ਸਿੱਖਾਂ ਬਾਰੇ ਮੇਰੀ ਜਾਣਕਾਰੀ ਵਿਚ ਹੌਲੀ ਹੌਲੀ ਵਾਧਾ ਹੋਣ ਲੱਗਾ । ਕੁਝ ਮਹੀਨੇ ਪਹਿਲਾਂ ਆਪਣੇ ਇਲਾਜ ਲਈ ਇਥੋਂ ਜਾਣ ਤੱਕ, ਸਰਦਾਰਨੀ ਮਨਜੀਤ ਦੇ ਨਨਕਾਣਾ ਸਾਹਿਬ ਵਿਚ ਵਸਦੇ ਸਿੱਖ ਪਰਿਵਾਰਾਂ ਨਾਲ ਇੰਨੇ ਅਪਣੱਤ ਭਰੇ ਸਬੰਧ ਬਣ ਚੁੱਕੇ ਸਨ, ਜਿਸ ਦਾ ਅੰਦਾਜ਼ਾ ਮੈਂ ਉਥੇ ਜਾਏ ਬਿਨਾਂ ਕਰ ਹੀ ਨਹੀਂ ਸਾ ਸਕਦਾ । ਮੈਂ ਪਿਛਲੇ ਕਾਫੀ ਚਿਰ ਤੋਂ ਸੋਚ ਰਿਹਾ ਸਾਂ, ਕਿ ਪਾਕਿਸਤਾਨੀ ਸਿੱਖਾਂ, ਤੇ ਖਾਸ ਕਰ ਨਨਕਾਣਾ ਸਾਹਿਬ ਦੇ ਵਾਸੀ ਸਿੱਖ ਪਰਿਵਾਰਾਂ ਦੀ ਸਾਂਝ ਦੁਨੀਆਂ ਭਰ ਦੇ ਸਿੱਖਾਂ ਨਾਲ ਪਵਾਈ ਜਾਏ, ਕਿਓਂਕਿ ਮੈਂ ਸਮਝਦਾ ਹਾਂ, ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ, ਪਾਕਿਸਤਾਨੀ ਸਿੱਖਾਂ ਦੇ ਸਹਿਯੋਗ ਤੋਂ ਬਿਨਾਂ ਹੋ ਹੀ ਨਹੀਂ ਸਕਦੀ । ਇਹ ਉਹ ਚੰਦ ਸਿੱਖ ਹਨ, ਜਿਹੜੇ ਵਾਹਿਗੁਰੂ ਦੇ ਪਤਾ ਨਹੀਂ ਕਿਸ ਭਾਣੇ ਤਹਿਤ ਇਥੇ ਰਹਿ ਗਏ, ਜਿਨ੍ਹਾਂ ਕਰ ਕੇ ਸ੍ਰੀ ਨਨਕਾਣਾ ਸਾਹਿਬ ਦੇ ਗੁਰਧਾਮਾਂ ਵਿਚ ਅਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਨਿਸ਼ਾਨ ਝੁਲਦੇ ਹਨ, ਤੇ ਸੁਬ੍ਹਾ ਸ਼ਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਥੇ ਦੀਆਂ ਪੌਣਾਂ ਨਾਲ ਇਕਸੁਰ ਹੋ ਕੇ ਗੂੰਜਦੀ ਹੈ । ਇਹੀ ਉਹ ਚੰਦ ਸਿੱਖ ਹਨ, ਜਿਹੜੇ ਦੁਨੀਆਂ ਭਰ ਦੇ ਸਿੱਖਾਂ ਦੀ ਅਰਦਾਸ ਦੇ ਸਾਕਾਰ ਰੂਪ ਦੀ ਇਕ ਝਲਕ ਮਾਤਰ ਵਾਂਗ ਇਨ੍ਹਾਂ ਗੁਰਧਾਮਾਂ ਦੀ ਸੇਵਾ ਸੰਭਾਲ ਕਰਦੇ ਦਿਖਾਈ ਦਿੰਦੇ ਹਨ ।

ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਦੀਦਾਰੇ


ਪਾਕਿਸਤਾਨ ਵਿਚ ਕੇਸਾ ਧਾਰੀ ਸਿੱਖਾਂ ਦੀ ਕੁੱਲ ਆਬਾਦੀ ਬਾਰੇ ਠੀਕ ਠੀਕ ਜਾਣਕਾਰੀ ਤਾਂ ਨਹੀਂ ਹੈ, ਪਰ ਨਨਕਾਣਾ ਸਾਹਿਬ ਦੇ ਸਿੱਖਾਂ ਕੋਲੋਂ ਮਿਲੀ ਰਫ ਜਿਹੀ ਜਾਣਕਾਰੀ ਦੇ ਮੁਤਾਬਕ, ਨਨਕਾਣਾ ਸਾਹਿਬ ਵਿਚ ਵਸਦੇ 45 ਸਿੱਖ ਪਰਿਵਾਰਾਂ ਤੋਂ ਇਲਾਵਾ, ਪਾਕਿਸਤਾਨੀ ਪੰਜਾਬ ਵਿਚ, ਪਿੰਡੀ ਗੇਪ ਤੇ ਸਿਆਲਕੋਟ ਸ਼ਹਿਰਾਂ ਵਿਚ ਸਿੱਖਾਂ ਦੇ ਤਿੰਨ ਤਿੰਨ, ਚਾਰ ਚਾਰ ਪਰਿਵਾਰ ਵਸਦੇ ਹਨ । ਇਸ ਤੋਂ ਇਲਾਵਾ ਸੂਬਾ ਸਰਹੱਦ, ਪਿਸ਼ਾਵਰ ਵਿਚ ਤਕਰੀਬਨ 80 ਪਰਿਵਾਰ ਵਸਦੇ ਹਨ, ਇਲਾਕਾ ਗੈਰ ਦੀ ਖੈਬਰ ਏਜੰਸੀ ਵਿਚ ਤਿੰਨ ਚਾਰ ਸੋ ਘਰ ਹਨ, ਸੂਬਾ ਬਲੋਚਿਸਤਾਨ ਵਿਚ, ਡੇਰਾ ਬੁਗਤੀ ਵਿਚ ਕੁਝ ਸਿੱਖ ਪਰਿਵਾਰ ਵਸਦੇ ਹਨ, ਅਤੇ ਸੂਬਾ ਸਿੰਧ ਵਿਚ 15/20 ਸਿੱਖ ਪਰਿਵਾਰ ਵਸਦੇ ਹਨ । ਪਿਛਲੇ ਕੁਝ ਸਾਲਾਂ ਵਿਚ ਸਿੱਖ ਆਜ਼ਾਦੀ ਸੰਘਰਸ਼ ਦੇ ਹਵਾਲੇ ਨਾਲ ਸਿੱਖਾਂ ਦੀ ਜੋ ਇਕ ਨਵੀਂ ਸਤਿਕਾਰਤ ਪਹਿਚਾਣ ਦੁਨੀਆਂ ਵਿਚ ਬਣਨੀ ਸ਼ੁਰੂ ਹੋਈ ਹੈ, ਸ਼ਾਇਦ ਉਸੇ ਦੇ ਪ੍ਰਭਾਵ ਤਹਿਤ ਹੀ ਪਾਕਿਸਤਾਨ ਵਿਚ ਵਸਦੇ, ਕੁਝ ਦੇਰ ਪਹਿਲਾਂ ਤੱਕ ਗੁਮਨਾਮ ਸਿੱਖਾਂ ਨੇ ਵੀ ਆਪਣੀ ਹੋਂਦ ਦਾ ਇਜ਼ਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ । ਪਾਕਿਸਤਾਨ ਵਿਚ ਹੋਈਆਂ ਪਿਛਲੀਆਂ ਮਿਊਂਸੀਪਲ, ਸੁਬਾਈ ਤੇ ਕੌਮੀ ਅਸੈਂਬਲੀ ਦੀਆਂ ਚੋਣਾਂ ਵਿਚ ਪੰਜ ਛੇ ਸਿੱਖਾਂ ਨੇ ਵਖ ਵਖ ਇਲਾਕਿਆਂ ਤੋਂ ਹਿੱਸਾ ਲਿਆ ਹੈ, ਤੇ ਦੋ ਤਿੰਨ ਤਾਂ ਇਨ੍ਹਾਂ ਵਿਚੋਂ ਸਫਲ ਵੀ ਹੋਏ ਹਨ । ਪਾਕਿਸਤਾਨ ਦੇ ਵਿਧਾਨ ਤਹਿਤ ਘੱਟਗਿਣਤੀਆ ਲਈ ਵਖਰੀਆਂ ਸੀਟਾਂ ਰਾਖਵੀਆਂ ਰਖੀਆਂ ਗਈਆਂ ਹੋਈਆਂ ਹਨ । ਇਸਾਈਆਂ, ਹਿੰਦੂਆਂ ਤੇ ਕਾਦੀਆਨੀਆਂ ਲਈ ਕੁਝ ਮੁਕੰਮਲ ਸੀਟਾਂ ਰਾਖਵੀਆਂ ਹਨ, ਤੇ ਸਿੱਖ, ਪਾਰਸੀ, ਬੋਧੀ ਆਦਿ ਬਹੁਤ ਥੋੜੀ ਥੋੜੀ ਗਿਣਤੀ ਵਿਚ ਹੋਣ ਕਰ ਕੇ ਇਨ੍ਹਾਂ ਲਈ ਸਾਂਝੇ ਹਲਕੇ ਰੱਖੇ ਗਏ ਹਨ । ਇਸ ਵੇਲੇ ਬਲੋਚਿਸਤਾਨ ਤੋਂ ਸ: ਸੰਤ ਸਿੰਘ ਬੁਗਤੀ, ਸੂਬਾ ਸਰਹੱਦ ਤੋਂ ਸ: ਸ਼ਿੰਘਾਰਾ ਸਿੰਘ ਸੁਬਾਈ ਅਸੈਂਬਲੀਆਂ ਦੇ ਮੈਂਬਰ ਹਨ, ਤੇ ਸ: ਮਸਤਾਨ ਸਿੰਘ ਨਨਕਾਣਾ ਸਾਹਿਬ ਤੋਂ ਕੌਂਸਲਰ ਚੁਣੇ ਗਏ ਹਨ । ਸੂਬਾ ਸਰਹੱਦ ਤੇ ਬਲੋਚਿਸਤਾਨ ਵਿਚ ਭਾਵੇਂ ਸਿੱਖਾਂ ਦੀਆਂ ਵੱਡੀਆਂ ਆਬਾਦੀਆਂ ਹਨ, ਪਰ ਨਨਕਾਣਾ ਸਾਹਿਬ ਵਚ ਵਸਣ ਵਾਲੇ ਸਿੱਖ, ਨਨਕਾਣਾ ਸਾਹਿਬ ਦੇ ਵਾਸੀ ਹੋਣ ਕਰ ਕੇ, ਪੰਥਕ ਚੇਤਨਾ ਨਾਲ ਵਧੇਰੇ ਜੁੜੇ ਹੋਏ ਹਨ, ਤੇ ਪਾਕਿਸਤਾਨੀ ਸਿੱਖਾਂ ਦੇ ਆਪਣੇ ਆਪ ਵਿਚ ਹੀ ਤਰਜਮਾਨ ਜਿਹੇ ਲਗਦੇ ਹਨ ।


ਨਨਕਾਣਾ ਸਾਹਿਬ ਵਿਚ ਇਸ ਵੇਲੇ 45 ਸਿੱਖ ਪਰਿਵਾਰ ਹਨ, ਤੇ ਬੱਚਿਆਂ ਬਜ਼ੁਰਗਾਂ ਨੂੰ ਮਿਲਾ ਕੇ ਕੁੱਲ ਵਸੋਂ 345 ਹੈ । ਇਥੇ ਮੌਜੂਦਾ ਸਿੱਖ ਵਸੋਂ ਦੀ ਸ਼ੁਰੂਆਤ 1971 ਵਿਚ ਹੋਈ ਸੀ, ਜਦੋਂ ਸੂਬਾ ਸਰਹੱਦ ਦੇ ਇਲਾਕਾ ਗੈਰ ਦੀ ‘ਸੱਦਾ ਕੁਰਮ ਏਜੰਸੀ’ ਦੇ ਪਿੰਡ ਕੋਟ ਤੋਂ ਤਿੰਨ ਸਿੱਖ ਭਰਾਵਾਂ ਸ: ਈਸ਼ਰ ਸਿੰਘ, ਸ: ਆਇਆ ਸਿੰਘ, ਤੇ ਸ: ਕਾਹਨ ਸਿੰਘ ਦੇ ਪਰਿਵਾਰ ਹਿਜਰਤ ਕਰ ਕੇ ਇਥੇ ਆ ਵਸੇ ਸਨ । ਇਹ ਲੋਕ ਓਥੇ ਕਾਰੋਬਾਰ ਕਰਦੇ ਸਨ, ਕਾਫੀ ਅੱਛੇ ਹਾਲਾਤ ਵਿਚ ਸਨ । ਪਰ ਇਲਾਕੇ ਦੇ ਕੁਝ ਤੰਗ ਨਜ਼ਰ ਲੋਕਾਂ ਦੀਆਂ ਜ਼ਿਆਦਤੀਆਂ ਨੇ ਇਨ੍ਹਾਂ ਨੂੰ ਹਿਜਰਤ ਕਰਨ ਉਤੇ ਮਜਬੂਰ ਕਰ ਦਿੱਤਾ ਸੀ । ਸ਼ੁਰੂ ਸ਼ੁਰੂ ਵਿਚ ਇਨ੍ਹਾਂ ਨੂੰ ਇਥੇ ਆ ਕੇ ਵੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ, ਪਰ ਹੌਲੀ ਹੌਲੀ ਇਹ ਲੋਕ ਇਥੇ ਆਪਣੇ ਪੈਰ ਲਗਾਣ ਵਿਚ ਕਾਮਯਾਬ ਹੋ ਗਏ, ਤੇ ਪਾਕਸਿਤਾਨ ਸਰਕਾਰ ਨੇ ਇਨ੍ਹਾਂ ਨੂੰ ਇਥੇ ਮੁਕੰਮਲ ਸ਼ਹਿਰੀ ਹਕੂਕ ਵੀ ਦੇ ਦਿੱਤੇ, ਤੇ ਹੁਣ ਇਹ ਬਾਕਾਇਦਾ ਵੋਟਰ ਹਨ, ਤੇ ਪਾਕਿਸਤਾਨ ਦੀ ਸ਼ਹਿਰੀਅਤ ਦੇ ਆਇਡੈਂਟਟੀ ਕਾਰਡ ਵੀ ਇਨ੍ਹਾਂ ਨੂੰ ਮਿਲੇ ਹੋਏ ਹਨ । ਇਨ੍ਹਾਂ ਤਿੰਨ ਭਰਾਵਾਂ ਦੇ ਇਥੇ ਸੈਟਲ ਹੋ ਜਾਣ ਤੋਂ ਬਾਦ ਵੀ ਇੱਕਾ ਦੁੱਕਾ ਪਰਿਵਾਰ, ਸੂਬਾ ਸਰਹੱਦ ਤੋਂ ਇਥੇ ਆ ਕੇ ਸੈਟਲ ਹੁੰਦੇ ਰਹੇ, ਤੇ ਇਸ ਤਰ੍ਹਾਂ ਇਨ੍ਹਾਂ ਦੀ ਗਿਣਤੀ ਪੰਜਤਾਲੀ ਪਰਿਵਾਰਾਂ ਤੱਕ ਪਹੁੰਚੀ । ਜਿਹੜੇ ਪਰਿਵਾਰ ਬਾਦ ਵਿਚ ਆਏ, ਉਨ੍ਹਾਂ ਦੇ ਜੀਅ ਹਾਲੇ ਵੋਟਰ ਨਹੀਂ ਬਣੇ, ਪਰ ਉਮੀਦ ਹੈ ਛੇਤੀ ਹੀ ਬਣ ਜਾਣਗੇ ।
ਨਨਕਾਣਾ ਸਾਹਿਬ ਦੇ ਸਿੱਖ ਆਮ ਤੌਰ ਤੇ ਗਰੀਬ ਹਨ, ਪਰ ਚਾਰ, ਪੰਜ ਪਰਿਵਾਰਾਂ ਨੇ ਪਿਛਲੇ ਕੁਝ ਸਮੇਂ ਵਿਚ ਕਾਫੀ ਤਰੱਕੀ ਕਰ ਲਈ ਹੈ । ਅੱਠ ਦਸ ਸਿੱਖਾਂ ਦੀਆ ਇਥੇ ਕਰਿਆਨੇ ਦੀਆਂ ਦੁਕਾਨਾਂ ਹਨ, ਜਿਨ੍ਹਾਂ ਵਿਚੋਂ ਸ: ਆਇਆ ਸਿੰਘ ਤੇ ਸ: ਅਜੀਤ ਸਿੰਘ ਦੇ ਅੱਛੇ ਕਾਰੋਬਾਰ ਹਨ । ਸ: ਅਜੀਤ ਸਿੰਘ, ਜੋ ਸ: ਈਸ਼ਰ ਸਿੰਘ ਦਾ ਵੱਡਾ ਪੁੱਤਰ ਹੈ, ਹੁਣ ਟਰਾਂਸਪੋਰਟਰਾਂ ਵਿਚ ਵੀ ਗਿਣਿਆਂ ਜਾਣ ਲੱਗ ਪਿਆ ਹੈ । ਇਸ ਦੀਆਂ ਕੁਝ ਦੇਰ ਪਹਿਲਾਂ ਤੱਕ ਦੋ ਬੱਸਾਂ ਸਨ, ਜੋ ਇਹ ਕੁਝ ਦੇਰ ਪਹਿਲਾਂ ਵੇਚ ਚੁੱਕਾ ਹੈ, ਤੇ ਹੁਣ ਨਵੀਆਂ ਲੈਣ ਨੂੰ ਫਿਰਦਾ ਹੈ । ਸ: ਮਸਤਾਨ ਸਿੰਘ ਤੇ ਸ: ਕਾਕਾ ਸਿੰਘ ਦੋਵੇਂ ਨੌਜਵਾਨ ਹਨ, ਤੇ ਠੇਕੇਦਾਰੀ ਕਰਦੇ ਹਨ । ਚਾਰ ਸਿੱਖ, ਗੁਰਦਵਾਰਾ ਸਾਹਿਬਾਨ ਵਿਚ ਔਕਾਫ ਵਲੋਂ ਤਾਇਨਾਤ ਸੇਵਾਦਾਰ ਹਨ, ਤੇ ਇਹੀ ਸੇਵਾ ਇਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਸਾਧਨ ਵੀ ਹੈ । ਇਸ ਤੋਂ ਇਲਾਵਾ ਵੀ ਬਹੁਤ ਸਾਰੇ ਸਿੱਖਾਂ ਦੀ ਰੋਜ਼ੀ ਰੋਟੀ ਕਿਸੇ ਨਾ ਕਿਸੇ ਰੂਪ ਵਿਚ ਗੁਰਦਵਾਰਾ ਸਾਹਿਬ ਨਾਲ ਜੁੜੀ ਹੋਈ ਹੈ ।
ਨਨਕਾਣਾ ਸਾਹਿਬ ਦੇ ਸਿੱਖਾਂ ਦੀ ਬਜ਼ੁਰਗ ਸ਼੍ਰੇਣੀ ਤਕਰੀਬਨ ਸਾਰੀ ਅਨਪੜ੍ਹ ਹੈ, ਨੌਜਵਾਨ ਮਾਮੂਲੀ ਹੀ ਪੜ੍ਹ ਲਿਖ ਕੇ ਕਾਰੋਬਾਰ ਵਿਚ ਲੱਗ ਗਏ ਹੋਏ ਹਨ, ਪਰ ਹੁਣ ਇੱਥੇ ਬੱਚਿਆਂ ਨੂੰ ਪੜ੍ਹਾਉਣ ਦਾ ਰਿਵਾਜ ਆਮ ਹੋ ਰਿਹਾ ਹੈ । ਛੋਟੇ ਬੱਚੇ ਬਹੁਤੇ ਸਕੂਲਾਂ ਨੂੰ ਜਾ ਰਹੇ ਹਨ, ਅੱਠਵੀਂ ਤੋਂ ਦਸਵੀਂ ਦੇ ਵਿਚਕਾਰ ਦੀਆਂ ਕਲਾਸਾਂ ਵਾਲੇ ਵੀ ਹੁਣ ਕਾਫੀ ਬੱਚੇ ਹਨ, ਜਿਨ੍ਹਾਂ ਵਿਚ ਕੁੜੀਆਂ ਵੀ ਹਨ, ਤੇ ਮੁੰਡੇ ਵੀ । ਕਾਲਜ ਤੱਕ, ਹੁਣ ਤੱਕ ਇਥੇ ਦਾ ਇਕੋ ਬੱਚਾ ਗਿਆ ਹੈ, ਸ: ਦਿਆ ਸਿੰਘ, ਸ: ਈਸ਼ਰ ਸਿੰਘ ਦਾ ਲੜਕਾ । ਦਿਆ ਸਿੰਘ 19/20 ਸਾਲ ਦਾ ਰੋਸ਼ਨ ਦਿਮਾਗ ਨੌਜਵਾਨ ਹੈ, ਤੇ ਗੁਰੂ ਨਾਨਕ ਗੋਰਮਿੰਟ ਕਾਲਜ ਵਿਚ ਇੰਟਰ ਵਿਚ ਪੜ੍ਹਦਾ ਹੈ । ਦਿਆ ਸਿੰਘ ਨੇ ਬੱਚਿਆਂ ਨੂੰ ਚੰਗੇ ਪਾਸੇ ਲਾਈ ਰਖਣ ਲਈ, ‘ਗੁਰੂ ਨਾਨਕ ਸਪੋਰਟਸ ਕਲਬ’ ਨਾਮ ਦਾ ਇਕ ਸਪੋਰਟਸ ਗਰੁਪ ਵੀ ਬਣਾ ਰਖਿਆ ਹੈ । ਬੱਚੀਆਂ ਵਿਚੋਂ ਦਸਵੀਂ ਪਾਸ ਹਾਲੇ ਤੱਕ ਦੋ ਨੇ ਹੀ ਕੀਤੀ ਹੈ, ਇਕ ਸ: ਆਇਆ ਸਿੰਘ ਦੀ ਲੜਕੀ ਦਿਆਲ ਕੌਰ ਤੇ ਦੂਜੀ ਸ: ਕਾਹਨ ਸਿੰਘ ਦੀ ਲੜਕੀ ਸੁਜਾਨ ਕੌਰ । ਆਉਂਦੇ ਦੋ/ਤਿੰਨ ਸਾਲਾਂ ਤੱਕ, ਉਮੀਦ ਹੈ, ਕਿ ਕਾਲਜ ਵਿਚ ਜਾਣ ਵਾਲੇ ਸਿੱਖ ਬੱਚੇ ਬੱਚੀਆਂ ਦੀ ਗਿਣਤੀ ਜ਼ਰੂਰ ਕੁਝ ਵਧੇਗੀ । ਇਨ੍ਹਾਂ ਬੱਚਿਆਂ ਦੇ ਪੜ੍ਹਾਈ ਵਿਚ ਪਿੱਛੇ ਰਹਿਣ ਦਾ ਕਾਰਨ ਸਿਰਫ ਰੋਸ਼ਨ ਸੋਚ ਦੀ ਕਮੀ ਹੀ ਨਹੀਂ, ਬਲਕਿ ਇਨ੍ਹਾਂ ਦੀ ਮਾਇਕ ਤੰਗੀ ਵੀ ਹੈ ।


ਸਭਿਆਚਾਰਕ ਤੌਰ ਤੇ ਇਹ ਸਿੱਖ, ਪਠਾਣੀ ਤੇ ਸਿੱਖ ਕਲਚਰ ਦਾ ਸੁਮੇਲ ਜਿਹੇ ਲਗਦੇ ਹਨ, ਪਰ ਬਾਹਰੀ ਤੌਰ ਤੇ ਇਨ੍ਹਾਂ ਉਤੇ ਪਠਾਣੀ ਕਲਚਰ ਹੀ ਹਾਵੀ ਦਿਖਾਈ ਦਿੰਦਾ ਹੈ । ਇਨ੍ਹਾਂ ਦੇ ਘਰਾਂ ਵਿਚ ਮੁਕੰਮਲ ਪਸ਼ਤੋ ਬੋਲੀ ਜਾਂਦੀ ਹੈ, ਪੰਜਾਬੀ ਵਿਚ ਗਲ ਬਾਹਰੋਂ ਆਏ ਗਏ ਨਾਲ ਹੀ ਕਰਦੇ ਹਨ । ਬਜ਼ੁਰਗਾਂ ਦੇ ਪੱਗਾਂ ਦੇ ਸਟਾਇਲ ਵਟਦਾਰ, ਜਾਂ ਪੋਚਵੀਆ ਅਫਗਾਨੀ ਪੱਗਾਂ ਵਾਲੇ ਹਨ, ਪਰ ਚੜ੍ਹਦੀ ਉਮਰ ਦੇ ਕੁਝ ਬੱਚੇ ਹੁਣ ਪੂਰਬੀ ਪੰਜਾਬ ਵਰਗੀਆ ਪੱਗਾਂ ਬੰਨਣ ਲੱਗ ਪਏ ਹਨ । ਪਹਿਰਾਵਾ ਇਨ੍ਹਾਂ ਦਾ ਕਮੀਜ਼ਾਂ ਸਲਵਾਰਾਂ ਹੀ ਹੈ । ਦਾੜ੍ਹੀ ਕੱਟਣ ਦੀ ਬੁਰਾਈ ਨਾਮ ਨੂੰ ਵੀ ਨਹੀਂ ਹੈ । ਇਥੇ ਦੀਆਂ ਕੁੜੀਆਂ ਤੇ ਔਰਤਾਂ ਨੱਕਾਂ ਵਿਚ ਵੱਡੇ ਕੋਕੇ ਜਿਹੇ ਪਾਉਂਦੀਆਂ ਹਨ, ਪਰ ਹੁਣ ਸਾਡੇ ਲੋਕਾਂ ਨਾਲ ਮੇਲ ਜੋਲ ਤੋਂ ਬਾਦ ਨੱਕਾਂ ਦੇ ਕੋਕੇ ਉਤਰਨੇ ਸ਼ੁਰੂ ਹੋ ਗਏ ਹਨ । ਇਨ੍ਹਾਂ ਦੇ ਕੋਕੇ ਉਤਰਵਾਣ ਦੀ ਸ਼ੁਰੂਆਤ ਮੇਰੀ ਜੀਵਨ ਸਾਥਣ ਮਨਜੀਤ ਨੇ ਕੀਤੀ ਸੀ । ਜੰਮਣ ਮਰਨ, ਵਿਆਹ ਸ਼ਾਦੀਆਂ, ਸਭ ਗੁਰਮਰਿਆਦਾ ਦੇ ਮੁਤਾਬਕ ਹੀ ਕਰਦੇ ਹਨ । ਅਕਾਲ ਤਖਤ ਸਾਹਿਬ ਦੀ ਮਰਿਯਾਦਾ ਦੇ ਧਾਰਨੀ ਹਨ, ਤੇ ਝਟਕਾ ਸ਼ੌਂਕ ਨਾਲ ਛਕਦੇ ਹਨ, ਪਰ ਇਕ ਦੋ ਪਰਿਵਾਰ ਸੰਪ੍ਰਦਾਈ ਪ੍ਰਭਾਵ ਹੇਠ ਪਿਛਲੇ ਕੁਝ ਸਮੇਂ ਤੋਂ ਮੀਟ ਅੰਡਾ ਛੱਡੀ ਬੈਠੇ ਹਨ । ਉਹ ਵੀ ਲਗਦਾ ਹੈ, ਦਿਲੋਂ ਪ੍ਰਭਾਵਤ ਨਹੀਂ ਹਨ, ਬਸ ਐਵੇਂ ਮੇਲ ਜੋਲ ਦੇ ਪ੍ਰਭਾਵ ਹੇਠ ਹੀ ਛੱਡ ਕੇ ਬੈਠੇ ਹਨ ।
ਦਿਨ ਵਿਚ ਦੋ ਵਾਰੀ ਗੁਰਦਵਾਰਾ ਜਨਮ ਅਸਥਾਨ ਵਿਖੇ ਬਾਕਾਇਦਾ ਦੀਵਾਨ ਸੱਜਦਾ ਹੈ । ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਿਯਕੁਤ ਗਿਆਨੀ ਪ੍ਰਤਾਪ ਸਿੰਘ ਜੀ ਸਵੇਰੇ ਦੋ ਵਜੇ ਉਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ, ਤੇ ਫਿਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ । ਇਸ ਤੋਂ ਬਾਦ ਸਵੇਰੇ ਛੇ ਵਜੇ, ਜਦੋਂ ਸੰਗਤਾਂ ਦੀ ਅੱਛੀ ਹਾਜ਼ਰੀ ਹੋ ਚੁੱਕੀ ਹੁੰਦਾ ਹੈ, ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ । ਤੇ ਫਿਰ ਭੋਗ ਪਾਇਆ ਜਾਂਦਾ ਹੈ । ਇਸ ਸਾਰੇ ਅਮਲ ਵਿਚ ਗਿਆਨੀ ਪ੍ਰਤਾਪ ਸਿੰਘ ਹੁਰਾਂ ਦੀ ਮਦਤ ਔਕਾਫ ਵਲੋਂ ਨਿਯੁਕਤ ਦੋ ਸੇਵਾਦਾਰ ਭਾਈ ਰਵੇਲ ਸਿੰਘ ਤੇ ਭਾਈ ਦਿਆਲ ਸਿੰਘ ਕਰਦੇ ਹਨ । ਭਾਈ ਰਵੇਲ ਸਿੰਘ ਧਾਰਮਿਕ ਕਾਰਵਿਹਾਰ ਦੇ ਮਾਮਲੇ ਵਿਚ ਤੇ ਭਾਈ ਦਿਆਲ ਸਿੰਘ ਪ੍ਰਬੰਧਕੀ ਕਾਰ ਵਿਹਾਰ ਦੇ ਮਾਮਲੇ ਵਿਚ । ਰਹਿਰਾਸ ਸਾਹਿਬ ਦਾ ਪਾਠ ਵੀ ਸੰਗਤ ਰੂਪ ਵਿਚ ਹੁੰਦਾ ਹੈ, ਪਰ ਇਥੇ ਇਸ ਦਾ ਵਕਤ, ਇਥੇ ਦੇ ਕੁਝ ਖਾਸ ਕਾਰਨਾਂ ਕਰਕੇ ਦੁਪਹਿਰ ਬਾਦ ਸਾਢੇ ਤਿੰਨ ਵਜੇ ਦਾ ਹੈ । ਗਿਆਨੀ ਪ੍ਰਤਾਪ ਸਿੰਘ ਜੀ ਦੇ ਮੁਤਾਬਿਕ ਉਨ੍ਹਾਂ ਨੇ ਇਸ ਵਕਤ ਦੀ ਤਬਦੀਲੀ ਲਈ ਸ਼੍ਰੋਮਣੀ ਕਮੇਟੀ ਕੋਲੋਂ ਖਾਸ ਤੌਰ ਤੇ ਇਜਾਜ਼ਤ ਲਿੱਤੀ ਹੋਈ ਹੈ । ਹੁਣ ਇਥੇ ਦੇ ਬਹੁਤ ਸਾਰੇ ਬੱਚੇ ਬੱਚੀਆਂ ਵੀ ਪਾਠ ਤੇ ਕੀਰਤਨ ਕਰਨਾ ਸਿੱਖ ਚੁੱਕੇ ਹਨ, ਤੇ ਸਵੇਰੇ ਸ਼ਾਮ ਕੀਰਤਨ ਵੇਲੇ ਗਿਆਨੀ ਪ੍ਰਤਾਪ ਸਿੰਘ ਜੀ ਤੇ ਭਾਈ ਰਵੇਲ ਸਿੰਘ ਜੀ ਨਾਲ ਬੈਠਦੇ ਹਨ, ਤੇ ਆਖੰਡ ਪਾਠਾਂ ਵਿਚ ਰੋਲਾਂ ਵੀ ਲਾਉਂਦੇ ਹਨ । ਇਨ੍ਹਾਂ ਬਚਿਆਂ ਨੂੰ ਪਾਠ ਕਰਨਾ ਸਿਖਾਉਣ ਵਿਚ ਮਾਸਟਰ ਹੁਕਮ ਸਿੰਘ ਜੀ ਦਾ ਬੜਾ ਮਹੱਤਵਪੂਰਣ ਰੋਲ ਹੈ, ਜੋ ਬੱਚਿਆਂ ਨੂੰ ਰੋਜ਼ ਕਲਾਸ ਰੂਪ ਵਿਚ ਗੁਰਮੁਖੀ ਪੜ੍ਹਾਉਣ ਦੀ ਸੇਵਾ ਕਰਦੇ ਹਨ । ਮਾਸਟਰ ਹੁਕਮ ਸਿੰਘ ਜੀ ਭਾਵੇਂ ਖੁਦ ਵੀ ਪਸ਼ਤੋ ਬੋਲਣ ਵਾਲੇ ਸਿੱਖ ਹਨ, ਪਰ ਉਨ੍ਹਾਂ ਦੀ ਗੁਰਮੁਖੀ ਬੜੀ ਅੱਛੀ ਹੈ, ਤੇ ਬੜਾ ਸ਼ੁੱਧ ਪਾਠ ਕਰਦੇ ਹਨ । ਗਿਆਨੀ ਪ੍ਰਤਾਪ ਸਿੰਘ ਜੀ, ਜੋ 1965 ਤੋਂ ਬਾਦ ਲਗਾਤਾਰ ਗੁਰੂਘਰ ਵਿਚ ਹੀ ਰਹਿ ਰਹੇ ਹਨ, ਉਨ੍ਹਾਂ ਦੀ ਸੇਵਾ ਲੋਕਾਂ ਦੀ ਨਜ਼ਰ ਵਿਚ ਤਪਸਿਆ ਦਾ ਰੂਪ ਅਖਤਿਆਰ ਕਰ ਗਈ ਹੈ, ਤੇ ਨਨਕਾਣਾ ਸਾਹਿਬ ਦੇ ਸਿੱਖ ਉਨ੍ਹਾਂ ਦਾ ਬੜਾ ਸਤਿਕਾਰ ਕਰਦੇ ਹਨ । ਗਿਆਨੀ ਪ੍ਰਤਾਪ ਸਿੰਘ ਜੀ ਦੀ ਉਮਰ ਇਸ ਵੇਲੇ 70 ਸਾਲ ਤੋਂ ੳਪਰ ਹੈ । ਨਨਕਾਣਾ ਸਾਹਿਬ ਵਿਚ ਗੁਰਦਵਾਰਾ ਜਨਮ ਅਸਥਾਨ ਤੋਂ ਇਲਾਵਾ, ਸੱਤ ਹੋਰ ਇਤਹਾਸਕ ਗੁਰਦਵਾਰੇ ਹਨ, ਪਰ ਸ੍ਰੀ ਗੁਰੂ ਗ੍ਰੰਘ ਸਾਹਿਬ ਦਾ ਪ੍ਰਕਾਸ਼ ਇਨ੍ਹਾਂ ਵਿਚੋਂ ਸਿਰਫ ਗੁਰਦਵਾਰਾ ‘ਪੱਟੀ ਸਾਹਿਬ’ ਵਿਚ ਹੀ ਹੈ, ਤੇ ਇਸ ਦਾ ਕਾਰਨ ਇਹ ਹੈ, ਕਿ ਇਸ ਗੁਰੂ ਘਰ ਦੀ ਚਾਰ ਦੀਵਾਰੀ ਦੇ ਅੰਦਰ, ਨਨਕਾਣਾ ਸਾਹਿਬ ਸਭ ਤੋਂ ਪਹਿਲਾਂ ਆ ਕੇ ਵਸੇ ਤਿੰਨੋ ਸਿੱਖ ਪਰਿਵਾਰਾਂ ਦੇ ਘਰ ਹਨ ।
ਸ੍ਰੀ ਨਨਕਾਣਾ ਸਾਹਿਬ ਦੀ ਸਿੱਖ ਵਸੋਂ ਵਿਚ ਤਿੰਨ ਸਿੱਖ ਸ਼ਖਸੀਅਤਾਂ ਐਸੀਆਂ ਹਨ, ਜਿਨ੍ਹਾਂ ਦੀ ਗੱਲ ਵਿਚ, ਕਿਸੇ ਨਾ ਕਿਸੇ ਰੂਪ ਵਿਚ ਨਨਕਾਣਾ ਸਾਹਿਬ ਦੇ ਸਾਰੇ ਸਿੱਖਾਂ ਦੀ ਗੱਲ ਆ ਜਾਂਦੀ ਹੈ । ਸ: ਮਸਤਾਨ ਸਿੰਘ ਕੌਂਸਲਰ 27/28 ਸਾਲ ਦਾ ਖੂਬਸੂਰਤ ਤੇ ਤਰੱਕੀ ਕਰਨ ਦੀ ਧੁੰਨ ਰਖਣ ਵਾਲਾ ਨੌਜਵਾਨ ਹੈ । ਪੜ੍ਹਿਆ ਲਿਖਿਆ 7/8 ਜਮਾਤਾਂ ਹੀ ਹੈ, ਪਰ ਸੋਚਾਂ ਉੱਚੀਆਂ ਰਖਦਾ ਹੈ । ਵਿਆਹਿਆ ਹੋਇਆ ਹੈ, ਦੋ ਛੋਟੀਆਂ ਛੋਟੀਆਂ ਪਿਆਰੀਆਂ ਪਿਆਰੀਆਂ ਬੱਚੀਆਂ ਤੇ ਇਕ ਬੱਚੇ ਦਾ ਪਿਓ ਹੈ । ਨਨਕਾਣਾ ਸਾਹਿਬ ਆ ਕੇ ਵਸਣ ਵਾਲੇ ਪਹਿਲੇ ਤਿੰਨ ਭਰਾਵਾਂ ਵਿਚੋਂ ਵਿਚਕਾਰਲੇ ਸ: ਆਇਆ ਸਿੰਘ ਦਾ ਲੜਕਾ ਹੈ, ਤੇ ਸ: ਆਇਆ ਸਿੰਘ ਦੀ ਹੈਸੀਅਤ ਇਥੇ ਬਿਰਾਦਰੀ ਦੇ ਵਢੇਰੇ ਵਾਲੀ ਹੈ, ਜਿਸ ਦਾ ਕਿਹਾ ਕੋਈ ਨਹੀਂ ਮੋੜਦਾ । ਮਸਤਾਨ ਸਿੰਘ ਸਰਕਾਰੀ ਤੌਰ ਤੇ ਰਜਿਸਟਰਡ ਠੇਕੇਦਾਰ ਹੈ । ਪਿਛਲੀਆਂ ਚੋਣਾਂ ਵਿਚ, ਪਹਿਲੀ ਵਾਰੀ ਮਸਤਾਨ ਸਿੰਘ ਦੇ ਰੂਪ ਵਿਚ ਕਿਸੇ ਸਿੱਖ ਨੇ ਅਕਲੀਅਤੀ ਸੀਟ ਤੋਂ ਕੌਂਸਲਰ ਦੀ ਚੋਣ ਲੜੀ, ਤੇ ਜਿੱਤੀ ਹੈ, ਤੇ ਇਹ ਚੋਣ ਜਿੱਤਣ ਤੋਂ ਬਾਦ, ਉਹ ਇਲਾਕੇ ਦਾ ਕਾਫੀ ਜਾਣਿਆ ਪਛਾਣਿਆਂ ਵਿਅਕਤੀ ਹੋ ਗਿਆ ਹੈ । ਅਯੋਧਿਆ ਵਿਚ ਬਾਬਰੀ ਮਸਜਿਦ ਨੂੰ ਗਿਰਾਏ ਜਾਣ ਦੇ ਵਿਰੁੱਧ, ਮਸਤਾਨ ਸਿੰਘ ਦੀ ਅਗਵਾਈ ਵਿਚ ਨਨਕਾਣਾ ਸਾਹਿਬ ਦੇ ਸਿੱਖਾਂ ਨੇ ਲਾਹੌਰ ਵਿਚ ਜੋ ਮੁਜ਼ਾਹਰਾ ਕੀਤਾ, ਉਸ ਦੀ ਤਸਵੀਰ ਲਾਹੌਰ ਦੀਆਂ ਕਈ ਅੰਗਰੇਜ਼ੀ ਉਰਦੂ ਅਖਬਾਰਾਂ ਵਿਚ ਛਪੀ, ਤੇ ਇਸ ਤਰ੍ਹਾਂ ਮਸਤਾਨ ਸਿੰਘ ਤੇ ਨਨਕਾਣਾ ਸਾਹਿਬ ਦੇ ਸਿੱਖ ਸਮੂਹ ਪਾਕਿਸਤਾਨੀ ਸਿੱਖਾਂ ਦੇ ਤਰਜਮਾਨ ਬਣ ਕੇ ਉਭਰੇ ।
ਭਾਈ ਰਵੇਲ ਸਿੰਘ, ਗੁਰਦਵਾਰਾ ਜਨਮ ਅਸਥਾਨ ਦੇ ਔਕਾਫ ਵਲੋਂ ਨਿਯੁਕਤ ਮੁੱਖ ਸੇਵਾਦਾਰ ਹਨ । ਉਮਰ 45/50 ਦੇ ਦਰਮਿਆਨ ਹੈ, ਤੇ ਰਿਸ਼ਤੇ ਵਿਚ ਮਸਤਾਨ ਸਿੰਘ ਦੇ ਜੀਜਾ ਲਗਦੇ ਹਨ । ਨਨਕਾਣਾ ਸਾਹਿਬ ਦੀ ਸਿੱਖ ਸੰਗਤ ਦੀ ਇਕ ਪੁਰਾਣੀ ਚੁਣੀ ਹੋਈ ਪੰਜ ਮੈਂਬਰੀ ਕਮੇਟੀ ਚਲੀ ਆ ਰਹੀ ਹੈ, ਜਿਸ ਦੇ ਇਹ ਸਦਰ ਹਨ । ਅੱਛੇ ਗੁਰਸਿੱਖ ਹਨ, ਤੇ ਮਾਇਕ ਤੌਰ ਤੇ ਖੁਸ਼ਹਾਲ ਹਨ । ਗੁਰਦਵਾਰਾ ਜਨਮ ਅਸਥਾਨ ਦੇ ਬਿਲਕੁਲ ਨਾਲ ਲਗਦੇ ਆਪਣੇ ਜ਼ਾਤੀ ਮਕਾਨ ਵਿਚ ਰਹਿੰਦੇ ਹਨ, ਤੇ ਇਨ੍ਹਾਂ ਦੇ ਘਰ ਫੋਨ ਵੀ ਲੱਗਾ ਹੋਇਆ ਹੈ । ਇਨ੍ਹਾਂ ਤੋਂ ਇਲਾਵਾ ਨਨਕਾਣਾ ਸਾਹਿਬ ਦੇ ਸਿਰਫ ਇਕ ਹੋਰ ਸਿੱਖ ਕੋਲ ਫੋਨ ਹੈ, ਤੇ ਉਹ ਹੈ ਸ: ਅਜੀਤ ਸਿੰਘ ।
ਬੀਬੀ ਤਰਨ ਕੌਰ, ਇਹ ਬੀਬੀ, ਨਨਕਾਣਾ ਸਾਹਿਬ ਵਿਚ ਆ ਕੇ ਵਸਣ ਵਾਲੇ ਪਹਿਲੇ ਤਿੰਨ ਸਿੱਖ ਭਰਾਵਾਂ ਵਿਚੋਂ ਸਭ ਤੋਂ ਵੱਡੇ ਭਰਾ ਸ: ਈਸ਼ਰ ਸਿੰਘ ਜੀ ਦੀ ਧਰਮ ਪਤਨੀ ਹੈ, ਭਾਈ ਰਵੇਲ ਸਿੰਘ ਦੀ ਸੱਕੀ ਭੈਣ ਹੈ, ਤੇ ਕਾਲਜ ਜਾਣ ਵਾਲੇ ਪਹਿਲੇ ਸਿੱਖ ਨੌਜਵਾਨ ਦਿਆ ਸਿੰਘ ਦੀ ਮਾਤਾ ਹੈ । ਇਨ੍ਹਾਂ ਦਾ ਦਿਆ ਸਿੰਘ ਤੋਂ ਇਕ ਵੱਡਾ ਮੁੰਡਾ ‘ਨਾਮ ਸਿੰਘ’ ਹੈ, ਜੋ ਆਪਣੇ ਆਪ ਵਿਚ ਹੀ ਇਕ ਜਾਣਿਆ ਪਛਾਣਿਆ ਨਾਮ ਹੈ । ਬੀਬੀ ਤਰਨ ਕੌਰ ਦੀ ਖਾਸੀਅਤ ਇਹ ਹੈ, ਕਿ ਬਹੁਤ ਸੇਵਾ ਭਾਵ ਵਾਲੀ ਤੇ ਮੇਹਨਤੀ ਬੀਬੀ ਹੈ । ਗੁਰੂ ਘਰ ਦੀ ਸਾਫ ਸਫਾਈ ਦੀ ਸੇਵਾ ਹੋਵੇ, ਜਾਂ ਬਾਹਰੋਂ ਆਏ ਗਏ ਲਈ ਲੰਗਰ ਦੀ, ਬੀਬੀ ਤਰਨ ਕੌਰ ਬਿਨਾਂ ਜਿਵੇਂ ਸਰਦਾ ਹੀ ਨਹੀਂ ਹੁੰਦਾ । ਬੀਬੀ ਜੀ ਦੀ ਇਸੇ ਸੇਵਾ ਭਾਵਨਾ ਕਰ ਕੇ, ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਬਾਹਰੋਂ ਆਣ ਵਾਲੇ ਛੋਟੇ ਗਰੁਪਾਂ ਦਾ ਲੰਗਰ ਲਈ ਉਤਾਰਾ ਬਹੁਤਾ ਇਨ੍ਹਾਂ ਦੇ ਘਰ ਹੀ ਹੁੰਦਾ ਹੈ ।
ਇਹ ਹੈ ਨਨਕਾਣਾ ਸਾਹਿਬ ਦਾ ਸਿੱਖ ਭਾਈਚਾਰਾ । ਇਹ ਉਹ ਖਾਸ ਲੋਕ ਨੇਂ, ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ, ਲਗਦੈ ਆਪ ਹੀ ਆਪਣੇ ਅਸਥਾਨ ਦੀ ਸੇਵਾ ਸੰਭਾਲ ਲਈ ਚੁਣਿਆ ਹੈ । ਗੁਰਦਵਾਰਾ ਜਨਮ ਅਸਥਾਨ ਦਾ ਇਕ ਬਹੁਤ ਹੀ ਪ੍ਰੇਮੀ ਸੇਵਾਦਾਰ ਹੈ, ਭਾਈ ਦਿਆਲ ਸਿੰਘ, ਜੋ ਅਕਸਰ ਜਜ਼ਬਾਤੀ ਰੌਂਅ ਵਿਚ ਕਹਿੰਦਾ ਹੁੰਦਾ ਹੈ, ”ਅਸੀਂ ਬੜੇ ਪਾਪੀ ਬੰਦੇ ਹਾਂ, ਪਰ ਸੱਚੇ ਪਾਤਸ਼ਾਹ ਦੀ ਕਿਰਪਾ ਕੁਝ ਐਸੀ ਹੈ, ਕਿ ਉਸ ਨੇ ਸਾਨੂੰ ਪਾਪੀਆਂ ਨੂੰ ਆਪਣੇ ਦਰ ਉਤੇ ਲਿਆ ਬਿਠਾਇਆ ਹੈ । ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਫਲ ਦੇ ਰਿਹਾ ਹੈ ਵਾਹਿਗੁਰੂ ।” ਇਹ ਬਿਲਕੁਲ ਸੱਚ ਹੈ, ਜਿਸ ਪਵਿੱਤਰ ਅਸਥਾਨ ਦੀ ਧੂੜ ਆਪਣੇ ਮਸਤਕ ਨੂੰ ਲਾਣ ਲਈ ਦੁਨੀਆਂ ਦਾ ਹਰ ਸਿੱਖ ਤਰਸਦਾ ਹੈ, ਜਿਸ ਦਰ ਤੇ ਮਸਤਕ ਨਿਵਾਣ ਦੀ ਖੁਸ਼ੀ ਹਾਸਿਲ ਕਰਨ ਲਈ ਹਰ ਸਿੱਖ ਰੋਜ਼ ਅਰਦਾਸਾਂ ਕਰਦਾ ਹੈ, ਉਸ ਪਵਿੱਤਰ ਅਸਥਾਨ ਦੇ ਹਰ ਸੁਬ੍ਹਾ ਸ਼ਾਮ ਖੁਲ੍ਹੇ ਦਰਸ਼ਨ ਦੀਦਾਰ ਕਰ ਸਕਣ ਦੀ ਖੁਸ਼ੀ ਇਨ੍ਹਾਂ ਦੀ ਤਕਦੀਰ ਦਾ ਹਿੱਸਾ ਹੈ, ਤੇ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਉਸ ਧਰਤੀ ਦਾ ਵਾਸੀ ਹੋਣ ਦਾ ਇਨ੍ਹਾਂ ਨੂੰ ਮਾਣ ਹਾਸਿਲ ਹੈ ।

ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੀ ਸਿੰਘਣੀ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਇਕ ਯਾਦਗਾਰ ਤਸਵੀਰ


ਜਿਨ੍ਹਾਂ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਰ ਦੀ ਸੇਵਾ ਸੰਭਾਲ ਲਈ ਚੁਣਿਆ ਹੈ, ਜਿਨ੍ਹਾਂ ਨੂੰ ਆਪਣੀ ਜਨਮ ਭੋਏਂ ਦੇ ਵਾਸੀ ਹੋਣ ਦਾ ਮਾਣ ਬਖਸ਼ ਦਿੱਤਾ ਹੋਇਆ ਹੈ, ਉਨ੍ਹਾਂ ਸਿੱਖਾਂ ਪ੍ਰਤੀ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੇ ਵੀ ਕੁਝ ਫਰਜ਼ ਬਣ ਜਾਂਦੇ ਹਨ । ਮੈਂ ਸਮਝਦਾ ਹਾਂ, ਕਿ ਇਨ੍ਹਾਂ ਸਿੱਖ ਪਰਿਵਾਰਾ ਨੂੰ ਆਰਥਿਕ ਤੌਰ ਤੇ ਮਜ਼ਬੂਤ ਤੇ ਇਨ੍ਹਾਂ ਦੇ ਬੱਚਿਆ ਨੂੰ ਵਿਦਿਅਕ ਤੌਰ ਤੇ ਉੱਚੇ ਚੁੱਕਣ ਵਿਚ, ਬਾਹਰ ਦੇ ਹਰ ਸਿੱਖ ਨੂੰ ਆਪੋ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ, ਤਾਂ ਜੋ ਇਹ ਲੋਕ ਸਿੱਖੀ ਦੇ ਬੇਹਤਰੀਨ ਨਮੂਨੇ ਬਣ ਕੇ ਪਾਕਿਸਤਾਨ ਦੀ ਅਵਾਮੀ ਜ਼ਿੰਦਗੀ ਵਿਚ ਸਵੈਮਾਣ ਨਾਲ ਵਿਚਰ ਸਕਣ ।
+++++

Leave your comment
Comment
Name
Email