ਗੁਰਦੁਆਰਾ ਪਹਿਲੀ ਪਾਤਸ਼ਾਹੀ, ੩੧੭  ਈ.ਬੀ. (ਚਾਵਲੀ ਮਸ਼ਾਇਖ) ਬੂਰੇਵਾਲਾ ਲਹਿੰਦਾ ਪੰਜਾਬ, ਪਾਕਿਸਤਾਨ Gurudwara Patshahi Pheli, 317 EB(Chawali Mashaikh) Burewala, Dist. Vehari , Lehnda Punjab, Pakistan

ਗੁਰਦੁਆਰਾ ਪਹਿਲੀ ਪਾਤਸ਼ਾਹੀ, ੩੧੭ ਈ.ਬੀ. (ਚਾਵਲੀ ਮਸ਼ਾਇਖ) ਬੂਰੇਵਾਲਾ ਲਹਿੰਦਾ ਪੰਜਾਬ, ਪਾਕਿਸਤਾਨ Gurudwara Patshahi Pheli, 317 EB(Chawali Mashaikh) Burewala, Dist. Vehari , Lehnda Punjab, Pakistan

Average Reviews

Description

ਜਨਾਬ ਵਲੀਉਲਹਾ ਖਾਨ ਦੁਆਰਾ ਗੁਰਦੁਆਰਾ ਸਹਿਬ 1962 ਵਿਚ ਖਿਚੀ ਗਈ ਇਕ ਤਸਵੀਰ

ਇਹ ਪਾਵਨ ਅਸਥਾਨ ਜ਼ਿਲਾ ਵਿਹਾੜੀ ਦੀ ਤਹਿਸੀਲ ਬੂਰੇਵਾਲਾ ਤੋਂ ਸਾਹੋਕੀ ਜਾਣ ਵਾਲੀ ਸੜਕ ਉੱਤੇ ਚੱਕ ਨੰ EB-੩੧੭, ਜਿਹਨੂੰ ਚੱਕ ਦੀਵਾਨ ਸਾਹਿਬ ਚਾਵਲੀ ਮੁਸ਼ਾਇਖ ਜਾ ਚੱਕ ਹਾਜੀ ਸ਼ੇਰ ਵੀ ਆਖਿਆ ਜਾਦਾ ਹੈ, ਵਿੱਚ ਹੈ । ਇਥੇ ਦੀਵਾਨ ਹਾਜ਼ੀ ਸ਼ੇਰ ਮੁਹੰਮਦ ਦਾ ਮਜ਼ਾਰ ਹੈ, ਇਸ ਨੂੰ ਪਹਿਲਾਂ “ਮਹਾਂ ਚਾਵਰ’ ਆਖਿਆ ਜਾਂਦਾ ਸੀ। ਇਹ ਚੂਣੀਆ ਦੇ ਰਾਜੇ ਮਹੀਪਾਲ ਅਤੇ ਰਾਣੀ ਚੂਣੀਆ ਦੇ ਪੁੱਤਰ ਸਨ। ਇਹਨਾਂ ਦੀ ਭੈਣ ਦਾ ਨਾਂ “ਕੰਗਣ ਬਰਸ” ਸੀ, ਜਿਸਦੇ ਨਾਂ ਉੱਤੇ ਜ਼ਿਲਾ ਕਸੂਰ ਅੰਦਰ ਪ੍ਰਸਿਧ ਕਸਬਾ ਕੰਗਣਪੁਰ ਅਜ ਵੀ ਆਬਾਦ ਹੈ। ੭੩੦ ਈ : ਦੇ ਨੇੜੇ ਤੇੜੇ ਇਹਨਾਂ ਇਸ ਦੁਨੀਆ ਤੋਂ ਪਰਦਾ ਕੀਤਾ। ਇਹ ਪਿੰਡ ਬਾਬਾ ਫਰੀਦ ਜੀ ਦੀ ਵੀ ਚਰਨ ਛੋਹ ਪ੍ਰਾਪਤ ਹੈ। ਹਾਜੀ ਸ਼ੇਰ ਮੁਹੰਮਦ ਦੇ ਮਜਾਰ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਗੁਰੂ ਨਾਨਕ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ ਜਿਥੇ ਗੁਰੂ ਸਾਹਿਬ ਨੇ ਚਰਨ ਪਾਏ ਸਨ। ਸਥਾਨਿਕ ਸੰਗਤ ਵੱਲੋਂ ਬਹੁਤ ਹੀ ਸੁੰਦਰ ਦਰਬਾਰ ਤਾਮੀਰ ਕਰਵਾਇਆ ਗਿਆ ਸੀ। ਦੂਰੋ- ਨੇੜਿਓ ਸੰਗਤ ਨਤਮਸਤਕ ਹੁੰਦੀਆਂ ਸਨ। ੧੯੪੭ ਦੇ ਉਜਾੜਿਆਂ ਤੋਂ ਪਹਿਲਾਂ ਤਕ ਇਥੇ ‘ਗੁਰੂ ਗ੍ਰੰਥ ਸਾਹਿਬ’ ਦਾ ਪ੍ਰਕਾਸ਼ ਹੁੰਦਾ ਸੀ ਅਤੇ ਸੇਵਾਦਾਰ ਅਕਾਲੀ ਸਿੰਘ ਸਨ। ਅਜ ਨੇੜੇ ਤੇੜੇ ਵੀ ਸਿਖ ਵਸੋਂ ਨਹੀਂ ਹੈ।

ਮੌਜੂਦਾ ਹਲਾਤ

ਦੂਰੋਂ ਪਿੰਡ ਦੀ ਫਿਰਨੀ ਤੋਂ ਦਿਸਦਾ ਗੁਰਦੁਆਰਾ ਸਾਹਿਬ photo Shahid shabir baba ji

ਗੁਰਦੁਆਰਾ ਸਾਹਿਬ ਦੀ ਇਮਾਰਤ ਚੰਗਾ ਹਲਾਤ ਵਿਚ ਹੈ। ਸਾਰੀ ਹੀ ਇਮਾਰਤ ਨਾਨਕਸ਼ਾਹੀ ਇੱਟ ਨਾਲ ਬਣੀ ਹੋਈ ਹੈ। ਉਪਰ ਚੂਨੇ ਦਾ ਪਲੱਸਤਰ ਹੋਇਆ ਹੈ। ਇਮਾਰਤ ਦੀਆਂ ਚਾਰੇ ਗੁੱਠਾਂ ਦੇ ਉੱਪਰ ਚਾਰ ਵੱਡੇ ਛੋਟੇ ਗੁੰਬਦ ਦੂਰੋਂ ਨਜ਼ਰੀਂ ਪੈਂਦੇ ਹਨ। ਵਿਚਕਾਰ ਵੱਡਾ ਕੰਵਲ ਗੁੰਬਦ ਚਿੱਟੇ ਰੰਗ ਦਾ ਹੈ।

ਮੁਖ ਦਰਵਾਜ਼ਾ ਅਤੇ ਦਿਖਦੇ ਗੁੰਬਦ photo – Kashif Ghurki

ਗੁੰਬਦ ਉਪਰ ਕਲਸ ਲਗਿਆ ਹੋਇਆ ਹੈ। ਨਾਲ ਕੁਝ ਰਿਹਾਇਸ਼ੀ ਕਮਰੇ ਹਨ। ਕੁਝ ਕ ਸਿਲਾਂ ਉਹਨਾਂ ਗੁਰਸਿੱਖਾਂ ਦੀਆਂ ਲੱਗੀਆਂ ਜਿਨ੍ਹਾਂ ਨੇ ਕਦੇ ਦਰਬਾਰ ਦੀ ਸੇਵਾ ਕਰਵਾਈ ਸੀ।

ਸਿਲਾਂ ਦੀਆਂ ਕੁਝ ਤਸਵੀਰਾਂ

ਗੁਰਦੁਆਰਾ ਸਾਹਿਬ ਦੇ ਬਾਹਰਵਾਰ ਸਾਹਮਣੇ ਵਾਲੇ ਪਾਸੇ ਇਕ ਖੂਹ ਹੈ, ਜਿਸ ਬਾਰੇ ਇਹ ਮਾਨਤਾ ਹੈ ਕਿ ਬਾਬਾ ਫਰੀਦ ਜੀ ਨੇ ਇਸ ਖੂਹ ਵਿਚ ਪੁੱਠਾ ਲੰਮਕ ਕੇ ਚਿੱਲਾ ਕੱਟਿਆ ਸੀ। ਇਸ ਪਿੰਡ ਨੂੰ ਪਹਿਲਾਂ ‘ਕੋਠੀਵਾਲ’ ਆਖਦੇ ਸਨ। ਕਿਹਾ ਜਾਂਦਾ ਹੈ ਕਿ ਇਸੇ ਪਿੰਡ ਬਾਬਾ ਸ਼ੇਖ ਫ਼ਰੀਦ ਜੀ ਦਾ ਜਨਮ ਹੋਇਆ ਹੈ।

ਖੂਹ ਦੀ ਮੌਜੂਦਾ ਹਲਾਤ
ਖੂਹ ਦੀ ਇਕ ਪੁਰਾਣੀ ਤਸਵੀਰ


੨੦੦੭ ਵਿਚ ਪਾਕਿਸਤਾਨ ਸਰਕਾਰ ਨੇ ਥੋੜ੍ਹੀ ਬਹੁਤ ਮੁਰੰਮਤ ਕਰਵਾਈ। ਜਿਸਦਾ ਯਾਦ ਪੱਥਰ ਸ਼ਾਹਮੁਖੀ  ਵਿਚ ਕੰਧ ‘ਤੇ ਲਗਾਇਆ ਗਿਆ।
ਅੱਜ ਕਲ੍ਹ ਇਕ ਮੁਸਲਮਾਨ ਪਰਿਵਾਰ ਰਹਿੰਦਾ ਹੈ। ਜੋ ਇਸ ਅਸਥਾਨ ਦੀ ਦੇਖਭਾਲ ਕਰ ਰਿਹਾ ਹੈ।

ਰਿਹਾਇਸ਼ੀ ਮਕਾਨ ਦੀ ਤਸਵੀਰ photo – Kashif Ghurki

੧੯੩੦ ਦੇ ਲਗਭਗ ਲਿਖੀ ਗੁਰਧਾਮ ਦੀਦਾਰ ਵਿਚ ਇਸ ਅਸਥਾਨ ਦਾ ਇੰਦਰਾਜ ਹੂਬਹੂ ਇਸ ਤਰ੍ਹਾਂ ਦਰਜ ਹੈ
“ਚਾਵਲੀ ਮਸ਼ਾਇਕ- ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦਵਾਰਾ ਹੈ। ਛੋਟਾ ਜਿਹਾ ਮੰਦਰ ਬਣਿਆ ਹੋਇਆ ਹੈ। ਅਕਾਲੀ ਸਿੰਘ ਸੇਵਾ ਕਰਦੇ ਹਨ, ਨਵਾਂ ਸੰਮਤ ਚੜ੍ਹਨ ਵਾਲੇ ਦਿਨ ਮੇਲਾ ਹੁੰਦਾ ਹੈ । ਲੰਗਰ ਆਦਿਕ ਦਾ ਪ੍ਰਬੰਧ ਨਹੀਂ ਹੈ। ਰੇਲਵੇ ਸਟੇਸ਼ਨ ਚਿਸਤੀਆਂ ਤੋਂ ਉੱਤਰ ਵੱਲ ੧੦ ਮੀਲ ਕੱਚਾ ਰਸਤਾ ਹੈ । ਸਵਾਰੀ ਲਈ ਖਾਸ ਪ੍ਰਬੰਧ ਕਰਨਾ ਪੈਂਦਾ ਹੈ। ਇੱਥੋਂ ਦਾ ਥਾਨਾ ਸਾਹੋਕੇ ਡਾਕਖਾਨਾ ਕੋਟ ਰਾਮਚੰਦ ਹੈ॥”

Special Thanks for photos – Shahid shabbir, Khahif Ghurki, Janab walliullah khan

Photos