ਗੁਰਦੁਆਰਾ ਨਾਨਕਸਰ ਸਾਹਿਬ, ਟਿੱਬਾ ਅਭੋਰ, ਪਾਕਪਟਨ (ਲਹਿੰਦਾ ਪੰਜਾਬ) Gurudwara Nanaksar Tibba Abohar, chak 1EB, sahiwal(Montgomery) Lehnda Punjab

ਗੁਰਦੁਆਰਾ ਨਾਨਕਸਰ ਸਾਹਿਬ, ਟਿੱਬਾ ਅਭੋਰ, ਪਾਕਪਟਨ (ਲਹਿੰਦਾ ਪੰਜਾਬ) Gurudwara Nanaksar Tibba Abohar, chak 1EB, sahiwal(Montgomery) Lehnda Punjab

Average Reviews

Description

ਗੁਰਦੁਆਰਾ ਨਾਨਕਸਰ ਸਾਹਿਬ, ਟਿੱਬਾ ਅਭੋਰ, ਪਾਕਪਟਨ ਦੀ ੧੯੬੨ਈ. ਦਾ ਚਿਤਰ

ਵੰਡ ਵੇਲੇ ਲਹਿੰਦੇ ਪੰਜਾਬ ਵਾਲੇ ਪਾਸੇ ਰਹਿ ਗਏ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਅਸਥਾਨ ਵਿੱਚ ਗੁਰਦੁਆਰਾ ਨਾਨਕਸਰ ਸਾਹਿਬ ਟਿੱਬਾ ਅਭੋਰ ਜ਼ਿਲ੍ਹਾ ਪਾਕਪਟਨ ਵੀ ਆਉੰਦਾ ਹੈ। ਇਸ ਅਸਥਾਨ ਨੂੰ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੈ ।

ਦਰਸ਼ਨੀ ਦਰਵਾਜ਼ਾ

ਇਹ ਪਵਿੱਤਰ ਅਸਥਾਨ ਆਰਿਫ਼ ਵਾਲਾ – ਪਾਕਪਟਨ ਰੋਡ ਤੇ ਪਾਕਪਟਨ ਤੋਂ ੩੦ ਕਿੱਲੋਮੀਟਰ ਦੀ ਵਿੱਥ ਤੇ ਰੰਗ ਸ਼ਾਹ ਤੋਂ ਦੱਖਣ ਵੱਲ ਤਕਰਬੀਨ ਤਿੰਨ ਕਿੱਲੋਮੀਟਰ ਹੱਟਵਾਂ ਹੈ। ਇਸ ਪਿੰਡ ਦਾ ਪੂਰਾ ਨਾਮ ੧ ਈ. ਬੀ. ਟਿੱਬਾ ਅਭੋਰ ਹੈ। ਨੇੜਲੇ ਪਿੰਡ ਰੰਗ ਸ਼ਾਹ, ਕੋਟ ਹੀਰਾ ਸਿੰਘ ਹਨ। ਇੱਥੇ ਬਹੁਤ ਹੀ ਸ਼ਾਨਦਾਰ ਅਸਥਾਨ ਸਤਿਗੁਰਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਗੁਰਦੁਆਰਾ ਟਿੱਬਾ ਨਾਨਕਸਰ ਪਾਕਪਟਨ ਛੱਡਣ ਤੋਂ ਬਾਅਦ ਇਸ ਅਸਥਾਨ ਤੇ ਚਰਨ ਪਾਏ ਸਨ। ਜੋ ਇਸ ਅਸਥਾਨ ਤੋਂ ਪੂਰਬ(ਪਾਕਪਟਨ) ਵਾਲੇ ਪਾਸੇ ਲਗਭਗ ੨੩ ਕਿਲੋਮੀਟਰ ਐ। ਇਸ ਪਿੰਡ ਨੂੰ ਜਤੀ ਸਤੀ ਵੀ ਕਿਹਾ ਜਾਂਦਾ ਹੈ।

ਇਸਦੀ ਮੌਜੂਦਾ ਨਵੀਂ ਗੁਰਦੁਆਰਾ ਇਮਾਰਤ ੧੯੩੮ ਈ.ਵਿੱਚ ਬਣੀ ਸੀ। ਜਿਸ ਵਿੱਚ ਮੁਕਾਮੀ ਸੰਤ ਕਰਤਾਰ ਸਿੰਘ ਜੀ ਤੇ ਹੋਰ ਦਾਨੀ ਗੁਰਸਿੱਖਾਂ ਦੇ ਨਾਮ ਦੀਆਂ ਸਿੱਲਾਂ ਅੱਜ ਵੀ ਲੱਗੀਆਂ ਹੋਈਆਂ ਹਨ।

ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ

ਦਰਬਾਰ ਸਾਹਿਬ ਦੀ ਤਿੰਨ ਮੰਜ਼ਲਾਂ ਇਮਾਰਤ ਅੱਜ ਵੀ ਉਸੇ ਤਰ੍ਹਾਂ ਸਬੂਤੀ ਖੜ੍ਹੀ ਹੈ। ਬੇਸ਼ੱਕ ਸਮੇਂ ਨਾਲ ਕੁਝ ਨੁਕਸਾਨ ਹੋਇਆ ਹੈ। ਦਰਬਾਰ ਸਾਹਿਬ ਦੇ ਦੁਆਲੇ ਵਰਾਡਾਂ ਵਲ ਕੇ ਉੱਪਰ ਸ਼ਾਨਦਾਰ ਗੁੰਬਦ ਉਸਾਰਿਆ ਗਿਆ ਹੈ। ਵਰਾਡੇਂ ਦੇ ਥੰਮ੍ਹਿਆਂ ਅਤੇ ਆਲੇ ਦੁਆਲੇ ਉਸਾਰੇ ਗਏ ਜੰਗਲੇ ਦੀ ਮੀਨਾਕਾਰੀ ਬਹੁਤ ਕਮਾਲ ਦੀ ਹੈ। ਇਸ ਇਮਾਰਤ ਦੀਆਂ ਚੁਗਾਠਾਂ ਸੰਗਮਰਮਰ ਤੋਂ ਬਣਾਈਆਂ ਗਈਆਂ ਹਨ। ਜਿਸ ਉੱਪਰ ਇਹ ਇਬਾਰਤ ਉਕਾਰੀ ਗਈ ਹੈ;

੧੨੦ ਰੁਪਏ ਇਸ ਚੁਗਾਠ ਦੀ ਸੇਵਾ ਕਰਵਾਈ ਮਾਈ ਹਰ ਕੌਰ ਸਪੁੱਤਰੀ ਨੰਦ ਸਿੰਘ ਚੱਕ ਨੰਬਰ 52 SP

੨੦੧ ਰੁਪਏ ਇਸ ਚੁਗਾਠ ਦੀ ਸੇਵਾ ਸਸ਼ਤ ਕਰਤਾਰ ਸਿੰਘ ਚੇਲਾ ਸੰਤ ਸਤਨਾਮ ਸਿੰਘ ਜੀ ਟਿੱਬਾ ਸਾਹਿਬ ਅਭੋਰ ਸੰਮਤ ੨੦੦੩ ਬਿਕਰਮੀ

ਜਿਸ ਤੋਂ ਪਤਾ ਲੱਗਦਾ ਹੈ ਕਿ ੪੭ ਦੇ ਉਜਾੜਿਆਂ ਸਮੇਂ ਵੀ ਇਸ ਅਸਥਾਨ ਦੀ ਸੇਵਾ ਚੱਲ ਰਹੀ ਸੀ। ਜਦੋਂ ਸਿੱਖਾਂ ਨੂੰ ਇਹ ਅਸਥਾਨ ਛੱਡ ਕੇ ਆਉਣਾ ਪਿਆ ।

ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਨਿੰਮ ਦਾ ਸੰਘਣਾ ਰੁੱਖ ਹੈ । ਰਿਹਾਇਸ਼ ਲਈ ਕਮਰੇ ਅਤੇ ਲੰਗਰ ਹਾਲ ਦੀ ਇਮਾਰਤ ਅਤੇ ਸਰੋਵਰ ਵੀ ਸਥਿਤ ਹੈ। ਸਰੋਵਰ ਦੇ ਚਾਰੇ ਪਾਸੇ ਪੌੜੀਆਂ ਉਤਰਦੀਆਂ ਹਨ, ਆਸਪਾਸ ਛੋਟੀ ਕੰਧ ਕੀਤੀ ਹੈ ਜਿਸ ‘ਤੇ ਪਾਥੀਆਂ ਪੱਖੀਆਂ ਜਾਂਦੀਆਂ ਹਨ। ਅਜਕਲ ਵਿਚਾਰ ਫਸਲ ਬੀਜਣ ਦਿਤੀ ਜਾਂਦੀ ਹੈ।

ਸਰੋਵਰ ਦੀ ਖਸਤਾ ਹਾਲਤ ਦਾ ਦ੍ਰਿਸ਼

ਦਰਬਾਰ ਸਾਹਿਬ ਦੀ ਇਮਾਰਤ ਤੇ ਗੁਰਬਾਣੀ ਦੀਆਂ ਪੰਕਤੀਆਂ ਹਾਲੇ ਵੀ ਉੱਕਰੀਆਂ ਹੋਇਆ ਹਨ।

ਕੰਧ ਚਿਤਰਾਂ ਦਾ ਇਕ ਨਮੂਨਾ

ਅਤੇ ਅੰਦਰਲੇ ਪਾਸੇ ਸਿੱਖ ਸ਼ੈਲੀ ਵਿੱਚ ਕੰਧ ਚਿੱਤਰ ਬਣੇ ਹੋਏ ਹਨ। ਜੋ ਕਿ ਹੁਣ ਸਮਾਂ ਬੀਤਣ ਦੇ ਧੁੰਦਲੇ ਪੈ ਚੁੱਕੇ ਹਨ। ਇਸ ਅਸਥਾਨ ਤੇ ਪਹਿਲੀ ਕੱਤਕ ਨੂੰ ਸੰਗਤ ਸਾਲਾਨਾ ਜੋੜ ਮੇਲਾ ਮਨਾਉਂਦੀ ਸੀ ਪਰ ਵੰਡ ਤੋਂ ਬਾਅਦ ‘ਨੀਲੀਬਾਰ’ ਦਾ ਇਹ ਜ਼ਰਖੇਜ਼ ਇਲਾਕਾ ਸਿੱਖ ਅਬਾਦਕਾਰਾਂ ਤੋਂ ਸੱਖਣਾ ਹੋ ਗਿਆ ।

ਰਿਹਾਇਸ਼ ਕਮਰੇ ਜਿਥੇ ਚੜ੍ਹਦੇ ਪੰਜਾਬ ਤੋਂ ਗਏ ਮੁਸਲਮਾਨ ਰਹਿੰਦੇ ਹਨ

ਮੌਜੂਦਾ ਹਲਾਤ ਅੱਜ ਕਲ੍ਹ ਗੁਰਦੁਆਰੇ ਦੇ ਰਿਹਾਇਸ਼ੀ ਕਮਰਿਆਂ ਵਿਚ ਸ਼ਰਨਾਰਥੀ ਪਰਿਵਾਰ ਅਬਾਦ ਹਨ। ਆਸ-ਪਾਸ ਦੇ ਪਿੰਡਾਂ ਵਿਚ ਗੁਰਦੁਆਰੇ ਦੀ ਬਹੁਤ ਸਾਰੀ ਜਗੀਰ ਹੈ। ਪਾਕਿਸਤਾਨ ਸਰਕਾਰ ਨੇ ੧੯੮੯ ਵਿਚ ਗੁਰਦੁਆਰੇ ਦੀ ਮੁਰੰਮਤ ਕਰਾਈ ਜਿਸ ਕਾਰਨ ਇਮਾਰਤ ਦੀ ਹਾਲਤ ਚੰਗੀ ਹੈ। ਗੁਰਦੁਆਰੇ ਨਾਲ ੧੨ ਏਕੜ ਜ਼ਮੀਨ ਹੈ। ਵਿਸ਼ਾਲ ਲੰਗਰ ਹਾਲ ਜੋ ਬੰਦ ਪਿਆ ਜਿਸ ਦੇ ਵਿਚ ਪਾਥੀਆਂ ਪਈਆਂ ਹਨ। ੪੭ ਵੇਲੇ ਹਿਸਾਰ ਤੋਂ ਉਠੇ ਕੁਝ ਮੁਸਲਮਾਨ ਪਰਿਵਾਰ ਟਿੱਬਾ ਅਭੋਰ ਜਾ ਵਸੇ। ਨਿਕਾ ਜਿਹਾ ਪਿੰਡ ਹੈ ਜਿਥੇ ੧੦-੧੫ ਪਰਿਵਾਰ ਰਹਿ ਰਹੇ ਹਨ। ਜਿਨ੍ਹਾਂ ਚ ਦੋ ਪਰਿਵਾਰ ਗੁਰਦੁਆਰਾ ਸਾਹਿਬ ਵਿਚ ਰਹਿ ਰਹੇ ਹਨ।

ਮੌਜੂਦਾ ਸਮੇਂ ਦਰਬਾਰ ਸਾਹਿਬ ਦੀ ਇਮਾਰਤ ਭਾਵੇਂਕਿ ਸਬੂਤੀ ਖੜ੍ਹੀ ਹੈ ਪਰ ਇਸਦੀ ਚਮਕ ਫਿੱਕੀ ਪੈ ਚੁੱਕੀ ਹੈ। ਇਸਦੇ ਵਿੱਚ ਹੁਣ ਵੰਡ ਵੇਲੇ ਚੜ੍ਹਦੇ ਪੰਜਾਬ ਤੋਂ ਉਜੜਕੇ ਗਏ ਪਰਿਵਾਰ ਆਬਾਦ ਹਨ। ਲੰਗਰ ਹਾਲ ‘ਚ ਪਸ਼ੂ ਅਤੇ ਹਰਾ ਚਾਰਾ ਰੱਖਿਆ ਹੋਇਆ ਹੈ। ਅਤੇ ਸਰੋਵਰ ਜੋ ਕਿ ਸੁੱਕ ਚੁੱਕਾ ਹੈ। ਉਸ ਵਿੱਚ ਵੀ ਫਸਲ ਬੀਜੀ ਜਾਂਦੀ ਹੈ। ਨਿਸ਼ਾਨ ਸਾਹਿਬ ਦਾ ਥੜ੍ਹਾ ਹਾਲੇ ਵੀ ਹੈ ਪਰ ਨਿਸ਼ਾਨ ਸਾਹਿਬ ਨਹੀਂ ਝੂਲਦਾ।

Photos