ਗੁਰਦੁਆਰਾ ਨਾਨਕਸਰ ਸਾਹਿਬ, ਹੜੱਪਾ, ਸਾਹੀਵਾਲ( ਮਿੰਟਗੁੰਮਰੀ) ਲਹਿੰਦਾ ਪੰਜਾਬ Gurudwara Nanaksar Sahib Harrapa, Sahiwal(Montgomery), Lehnda Punjab

ਗੁਰਦੁਆਰਾ ਨਾਨਕਸਰ ਸਾਹਿਬ, ਹੜੱਪਾ, ਸਾਹੀਵਾਲ( ਮਿੰਟਗੁੰਮਰੀ) ਲਹਿੰਦਾ ਪੰਜਾਬ Gurudwara Nanaksar Sahib Harrapa, Sahiwal(Montgomery), Lehnda Punjab

Average Reviews

Description

ਪੰਜਾਬ ਦੀ ਪੁਰਾਤਨ ਤੇ ਮਾਣਮਤੀ ਹੜੱਪਾ ਸੱਭਿਅਤਾ ਦੇ ਖੰਡਰਾਂ ਤੋਂ ਡੇਢ ਕੁ ਕਿੱਲੋਮੀਟਰ ਦੀ ਵਿਥ ‘ਤੇ ਅੰਬਾਂ ਦੇ ਬਾਗ ‘ਚ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਅਤੇ ਸੁੰਦਰ ਇਮਾਰਤ ਸੁਭਾਇਮਾਨ ਹੈ। ਇਹ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਪਾਤਸ਼ਾਹੀ ਪਹਿਲੀ ਹੜੱਪਾ ਹੈ। ਪੁਰਾਤਨ ਕਸਬਾ ਲਾਹੌਰ ਤੋਂ ਮੁਲਤਾਨ ਸੜਕ ਉੱਪਰ ਲਾਹੌਰ ਤੋਂ ੧੫੦ ਕਿੱਲੋਮੀਟਰ ਦੂਰ ਹੈ। ਇਸਦੇ ਲਾਗਲੇ ਸ਼ਹਿਰ ਲਾਹੌਰ ਵਲ ਨੂੰ ਜ਼ਿਲ੍ਹਾ ਮੁਕਾਮ ਸਾਹੀਵਾਲ (ਪੁਰਾਣਾ ਨਾਮ ਮਿੰਟਗੁਮਰੀ) ਅਤੇ ਮੁਲਤਾਨ ਵੱਲ ਨੂੰ ਤਹਿਸੀਲ ਚੀਚਾਵਤਨੀ ਹੈ। 

ਇਤਿਹਾਸ
ਪੰਥ ਦੇ ਸਤਿਕਾਰਤ ਵਿਦਵਾਨ ਗਿਆਨੀ ਠਾਕੁਰ ਸਿੰਘ ਆਪਣੀ ਕ੍ਰਿਤ ਸ੍ਰੀ ‘ਗੁਰਦੁਆਰਾ ਦਰਸ਼ਨ’ ਵਿੱਚ ਇਸ ਗੁਰਧਾਮ ਦੇ ਇਤਿਹਾਸ ਬਾਰੇ ਦੱਸਦਿਆਂ ਲਿਖਦੇ ਹਨ ਕਿ,” ਮੁਲਤਾਨੋਂ ਟੁਰ ਮਹਾਰਾਜ ਹੜੱਪੇ ਨਗਰ ਵਿੱਚ ਆਏ। ਇੱਥੇ ਨੇਤ੍ਰਹੀਨ ਪ੍ਰੇਮੀ ਭਾਈ ਨਾਥਾ ਨਾਮੀ ਅਰੋੜਾ ਸਿੱਖ ਜੋ ਬਾਬੇ ਜੀ ਦੀ ਉਪਮਾ ਸੁਣ ਅੱਖੀਆਂ ਦੀ ਆਸ ਕਰ ਅਰਾਧਨਾ ਕਰਦਾ। ਇਸ ਦਾ ਪਰਮ ਪ੍ਰੇਮ ਦੇਖ ਗੁਰੂ ਜੀ ਏਥੇ ਪਹੁੰਚੇ ਅਤੇ ਇਸ ਅੱਖੀਆਂ ਉੱਤੇ ਜਲ ਛਿੜਕ ਨੇਤਰ ਬਖ਼ਸ਼ੇ। ਇਸ ਨਗਰ ਤੋਂ ਬਾਹਰ ਇੱਕ ਮੀਲ ਦੀ ਵਿੱਥ ਉੱਤੇ ਮਹਾਰਾਜ ਆਣ ਬਿਰਾਜੇ ਅਤੇ 13 ਦਿਨ ਏਥੇ ਨਿਵਾਸ ਕਰ ਸੰਗਤ ਨੂੰ ਤਾਰਿਆ ।…” ਇਸਤੋਂ ਇਲਾਵਾ ਭਾਈ ਕਾਹਨ ਸਿੰਘ ਨਾਭਾ ਆਪਣੀ ਸ਼ਾਹਕਾਰ ਕ੍ਰਿਤ ਮਹਾਨ ਕੋਸ਼ ਵਿੱਚ ਵੀ ਇਸ ਅਸਥਾਨ ਦੇ ਬਾਰੇ ਵੇਰਵੇ ਦਰਜ ਕੀਤੇ ਹਨ।

ਇਹ ਇਲਾਕਾ ਅੰਗਰੇਜ਼ਾਂ ਵੱਲੋਂ ਵਸਾਈਆਂ ਗਈ ਬਾਰਾਂ ਵਿੱਚੋਂ ਇਕ ‘ਨੀਲੀ ਬਾਰ’ ‘ਚ ਪੈਂਦਾ ਸੀ। ਜਿਸਨੂੰ ਕਿ ਸਿੱਖ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਆਬਾਦ ਕੀਤਾ ਸੀ ਭਾਵੇਂ ਕਿ ਵੰਡ ਤੋਂ ਬਾਅਦ ਹੁਣ ਇਹ ਇਲਾਕਾ ਗੁਰੂ ਦੇ ਸਿੱਖਾਂ ਤੋਂ ਵਾਂਝਾ ਹੋ ਗਿਆ ਹੈ। ਜਿੰਨਾ ਆਪਣੀ ਕਿਰਤ ਕਮਾਈ ‘ਚੋਂ ਸੇਵਾ ਭਾਵਨਾ ਨਾਲ ਗੁਰੂ ਪ੍ਰੇਮ ‘ਚ ਭਿੱਜ ਕੇ ਇਸ ਅਸਥਾਨ ਤੇ ਆਲੀਸ਼ਾਨ ਯਾਦਗਾਰ ਕਾਇਮ ਕੀਤੀ ਸੀ।

ਮੌਜੂਦਾ ਹਲਾਤ
ਗੁਰਦੁਆਰਾ ਸਾਹਿਬ ਦੀ ਇਮਾਰਤ ਹਾਲੇ ਵੀ ਬਹੁਤ ਮਜ਼ਬੂਤ ਅਤੇ ਸ਼ਾਨਦਾਰ ਹੈ। ਸਰੋਵਰ ਦੇ ਤਿੰਨੇ ਪਾਸੇ ਬਰਾਂਡੇ ਹਨ ਅਤੇ ਨਾਲ ਲਗਭਗ ੪੦ ਰਿਹਾਇਸ਼ੀ ਕਮਰੇ ਹਨ। ਮੁਖ ਦੀਵਾਨ ਹਾਲ ਲਗਭਗ ੪੦ ਫੁੱਟ ਚੌੜਾ ਅਤੇ ੧੦੦ ਫੁੱਟ ਲੰਬਾ ਹੈ ਅਤੇ ਸੰਗਤ ਦੇ ਬੈਠਣ ਵਾਸਤੇ ਪੜਛੱਤੀਆਂ ਹਨ। ਇੱਕ ਪੁਰਾਣਾ ਖੂਹ ਵੀ ਹੈ। ਜਿਸਦੇ ਰਾਹੀ ਜ਼ਮੀਨਦੋਜ਼ ਤਰੀਕੇ ਜਲ ਸਰੋਵਰ ਤੱਕ ਪਹੁੰਚਾਇਆ ਜਾਂਦਾ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਵਿਹੜੇ ਦੇ ਵਿਚਕਾਰ ਹੈ। ਜਿਸਦੇ ਦੁਆਲੇ ਇਕ ਛੋਟਾ ਇਕ ਬਰਾਡਾਂ ਹੈ। ਮਹਾਰਾਜ ਦੇ ਪ੍ਰਕਾਸ਼ ਵਾਲਾ ਥੜ੍ਹਾ ਸਾਹਿਬ ਬਿਲਕੁਲ ਵਿਚਕਾਰ ਹੈ। ਅਤੇ ਉੱਪਰ ਸੁੰਦਰ ਗੁੰਬਦ ਹੈ। ਜਿਸਦੇ ਅੰਦਰ ਸੁੰਦਰ ਮੀਨਾਕਾਰੀ ਹੋਈ ਹੈ।

ਇਸ ਅਸਥਾਨ ਦੀ ਮੌਜੂਦਾ ਇਮਾਰਤ ਦਾ ਨੀਂਹ ਪੱਥਰ ਇਲਾਕੇ ‘ਚ ਕਿਸੇ ਵੇਲੇ ਸਿੱਖਾਂ ਦੀ ਚੋਖੀ ਗਿਣਤੀ ਤੇ ਪ੍ਰਭਾਵ ਵਾਲੇ ਕਸਬੇ ਕਮਾਲੀਆ ਦੇ ਨਿਵਾਸੀ ਸੰਤ ਸੰਗਤ ਸਿੰਘ ਜੀ ਨੇ 4 ਪੋਹ, ਸੰਮਤ 1998 ਨਾਨਕ ਸ਼ਾਹੀ 473 ਈ: ਨੂੰ ਰੱਖਿਆ ਸੀ ਅਤੇ 18 ਦਸੰਬਰ 1941 ਈ: ਨੂੰ ਉਸਾਰੀ ਸ਼ੁਰੂ ਹੋਈ ਸੀ। ਇਸ ਅਸਥਾਨ ਤੇ ਚੇਤ ਮਹੀਨੇ ਦੀ 1,2,3 ਤਰੀਕ ਨੂੰ ਸਲਾਨਾ ਜੋੜ-ਮੇਲਾ ਲੱਗਦਾ ਸੀ। ਪਰ ਮੌਜੂਦਾ ਇਮਾਰਤ ਦੀ ਉਸਾਰੀ ਤੋਂ ਥੋੜੇ ਸਮੇਂ ਬਾਅਦ ਹੀ ਪੰਜਾਬ ਦੇ ਵੰਡ ਨੇ ਇਹ ਇਲਾਕਾ ਸਿੱਖ ਵੱਸੋਂ ਤੋਂ ਸੁੰਨਾ ਕਰ ਦਿੱਤਾ ।

ਮੌਜੂਦਾ ਸਮੇਂ ਇਸ ਪਵਿੱਤਰ ਅਸਥਾਨ ਨੂੰ ਸਰਕਾਰੀ ਲੜਕੇ ਹਾਈ ਸਕੂਲ, ਹੜੱਪਾ ਦੀ ਇਮਾਰਤ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ। ਸਰੋਵਰ ਸੁੱਕਾ ਹੈ ਜਿਸ ਵਿੱਚ ਸਵੇਰ ਦੀ ਸਭਾ ਹੁੰਦਾ ਹੈ। ਤੇ ਰਿਹਾਇਸ਼ੀ ਕਮਰੇ ਤੇ ਦੀਵਾਨ ਹਾਲ ਜਮਾਤਾਂ ਵਜੋਂ ਵਰਤੇ ਜਾਂਦੇ ਹਨ। ਦਰਬਾਰ ਸਾਹਿਬ ਦੀ ਇਮਾਰਤ ਨੂੰ ਸੁਰੱਖਿਅਤ ਰੱਖਿਆ ਗਿਆ। ਅੱਜ ਵੀ ਗੁਰੂ ਘਰ ਦੀਆਂ ਸਾਰੀਆਂ ਨਿਸ਼ਾਨੀਆਂ ਜਿਉਂ ਦੀਆਂ ਤਿਉਂ ਮੌਜੂਦ ਹਨ। ਪਰ ਹੁਣ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਨਾ ਸੰਗਤ ਜੁੜਦੀ ਹੈ।

ਰੁਖ – ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਇਕ ਜੰਡ ਦਾ ਰੁਖ ਹੁੰਦਾ ਸੀ। ਜਿਸ ਦੀ ਸਾਂਭ ਸੰਭਾਲ ਸਿਖ ਸੰਗਤਾਂ ੧੯੪੭ ਈ. ਤਕ ਕਰਦੀਆਂ ਰਹੀਆਂ ਹਨ। ੧੯੬੨ ਈ. ਤਕ ਵੀ ਮੌਜੂਦ ਰਿਹਾ ਹੈ ਪ੍ਰੰਤੂ ਹੁਣ ਨਹੀਂ ਹੈ।

ਗੁਰਦੁਆਰਾ ਸਾਹਿਬ ਬਾਰੇ ੨੦੧੪ ਵਿਚ ਇਕ ਚਸ਼ਮਦੀਦ ਯਾਤਰੀ ਸ. ਮਨਜੀਤਇੰਦਰ ਸਿੰਘ ਜੌਹਲ, ਮੋਗਾ ਦਾ ਹੂਬਹੂ ਬਿਆਨ

ਗੁਰਦੁਆਰਾ ਸਾਹਿਬ ਦੀ ਇਮਾਰਤ ਅੰਬਾਂ ਦੇ ਵੱਡੇ ਦਰਖਤਾਂ ਨਾਲ ਘਿਰੀ ਸੀ। ਸਾਡੇ ਪਹੁੰਚਣ ‘ਤੇ ਸਕੂਲ ਦੇ ਹੈੱਡਮਾਸਟਰ ਅਤੇ ਸਮਾਜ ਸੇਵੀ ਸਈਅਦ ਇਕਬਾਲ ਬੁਖਾਰੀ ਨੇ ਸਾਡਾ ਸਵਾਗਤ ਕੀਤਾ। ਅਸੀਂ ਇੱਕ ਛੋਟੇ ਦਰਵਾਜ਼ੇ ਰਾਹੀਂ ਅੰਦਰ ਗਏ ਤਾਂ ਸਾਹਮਣੇ ਵੱਡਾ ਸਰੋਵਰ ਸੀ। ਸਰੋਵਰ ਸੁੱਕਾ ਸੀ ਅਤੇ ਵਿੱਚ ਘਾਹ ਲੱਗਿਆ ਸੀ। ਦੱਸਿਆ ਗਿਆ ਕਿ ਇਸ ਨੂੰ ਹੁਣ ਸਵੇਰ ਦੀ ਸਭਾ ਵਾਸਤੇ ਵਰਤਿਆ ਜਾਂਦਾ ਹੈ। ਸਰੋਵਰ ਦੇ ਤਿੰਨੇ ਪਾਸੇ ਬਰਾਂਡਾਂ ਅਤੇ ਨਾਲ ਕਮਰੇ ਸਨ, ਲਗਭਗ ਚਾਲੀ। ਇਹ ਕਮਰੇ ਅੱਜ ਕਲ੍ਹ ਕਲਾਸਰੂਮਾਂ ਵੱਜੋਂ ਵਰਤੋਂ ਵਿੱਚ ਹਨ।

ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਇਹ ਕਮਰੇ, ਬਰਾਂਡਾ ਖਿੜਕੀਆਂ ਦਰਵਾਜ਼ੇ ਬਿਲਕੁੱਲ ਮਹਿਫੂਜ਼ ਹਨ। ਇੱਥੋਂ ਤੱਕ ਕਿ ਛੱਤਾਂ ਵੀ ਪਹਿਲਾਂ ਵਾਲੀਆਂ ਹਨ। ਦੀਵਾਰਾਂ ਉੱਪਰ ਅਤੇ ਤਲਾਅ ਦੀ ਪਰਕਰਮਾ ਉੱਤੇ ਸੇਵਾ ਕਰਵਾਉਣ ਵਾਲੇ ਦਾਨੀਆਂ ਦੇ ਨਾਂ ਦੇ ਪੱਥਰ ਅੱਜ ਵੀ ਲੱਗੇ ਹਨ। ਇਸ ਤੋਂ ਅੱਗੇ ਅਸੀਂ ਗੁਰਦਵਾਰੇ ਦੀ ਮੁੱਖ ਇਮਾਰਤ ਵੱਲ ਵਧੇ। ਕਿਆ ਬਾਤ ਸੀ! ਇਹ ਤਾਂ ਇੱਕ ਸ਼ਾਨਦਾਰ ਦੋ ਮੰਜ਼ਿਲਾ ਇਮਾਰਤ ਸੀ। ਮੁੱਖ ਦੀਵਾਨ ਹਾਲ ਲਗਭਗ 40 ਫੁੱਟ ਚੌੜਾ ਅਤੇ 100 ਫੁੱਟ ਲੰਬਾ ਸੀ, ਸੰਗਤ ਦੇ ਬੈਠਣ ਵਾਸਤੇ ਪੜਛੱਤੀਆਂ ਸਨ। ਚਿਪਸ ਵਾਲਾ ਫਰਸ਼, ਥਮਲਿਆਂ ਉਪਰ ਅਤੇ ਪੌੜੀਆਂ ਉੱਪਰ ਲੱਗੀ ਬਰੀਕ ਚਿਪਸ ਅਤੇ ਜੰਗਲਾ ਅੱਜ ਦੀ ਕਾਰੀਗਰੀ ਨੂੰ ਵੀ ਮਾਤ ਪਾ ਰਿਹਾ ਸੀ। ਕੁੱਲ ਮਿਲਾ ਕੇ ਮੈਂ ਮਹਿਸੂਸ ਕੀਤਾ ਕਿ ਇਸ ਦੀਵਾਨ ਹਾਲ ਵਿੱਚ ਅੱਜ ਹੁਣੇ ਵੀ ਪ੍ਰਕਾਸ਼ ਹੋ ਸਕਦਾ ਹੈ  ਪਰ ਹੁਣ ਇਹ ਹਾਲ ਪ੍ਰੀਖਿਆ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇੱਥੋਂ ਵਿੱਦਿਆ ਦਾ ਪ੍ਰਕਾਸ਼ ਹੋ ਰਿਹਾ ਸੀ। ਇਮਾਰਤ ਦੇ ਨਾਲ ਹੀ ਲੰਗਰ ਹਾਲ ਵੀ ਮੌਜੂਦ ਹੈ। ਇਸ ਤੋਂ ਬਿਨਾਂ ਦੱਸਿਆ ਗਿਆ ਕਿ ਇੱਥੇ ਘੋੜੇ ਬੰਨ੍ਹਣ ਵਾਸਤੇ ਤਬੇਲਾ ਅਤੇ ਪਾਣੀ ਵਾਸਤੇ ਖੂਹ ਵੀ ਸੀ। ਖੂਹ ਹੁਣ ਤੋੜਿਆ ਜਾ ਰਿਹਾ ਸੀ।
ਵਿਹੜੇ ਵਿੱਚ ਹੀ ਛੋਟਾ ਜਿਹਾ ਸੁੰਦਰ ਗੁੰਬਦ ਵਾਲਾ ਦਰਬਾਰ ਸਥਾਨ ਬਣਿਆ ਹੋਇਆ ਹੈ। ਇਸ ਦੀ ਇਮਾਰਤ ਬੇਸ਼ੱਕ ਪੁਰਾਣੀ ਸੀ ਪਰ ਇਸ ਨੂੰ ਤਾਜ਼ਾ ਰੰਗ ਰੋਗਨ ਹੋਇਆ ਸੀ, ਮੀਨਾਕਾਰੀ ਅਤੇ ਟੁੱਕੜੀਆਂ ਦੀ ਸਜਾਵਟ ਸੀ। ਬਾਹਰ ਗਰਿੱਲਾਂ ਆਦਿ ਲਗਾਈਆਂ ਗਈਆਂ ਸਨ।

ਇੰਟਰਨੈੱਟ ਉਪਰ ਇਸੇ ਹਿੱਸੇ ਦੀ ਤਸਵੀਰ ਮਿਲਦੀ ਹੈ, ਜੋ ਕਿ ਪਹਿਲਾਂ ਦੀ ਪੁਰਾਣੀ ਲੱਗਦੀ ਸੀ। ਸ਼ਾਇਦ ਇਹੀ ਗੁਰਦਵਾਰੇ ਦਾ ਪ੍ਰਮੁੱਖ ਸਥਾਨ ਹੈ, ਜੋ ਕਿ ਗੁਰੂ ਸਾਹਿਬ ਨਾਲ ਸਬੰਧਤ ਸੀ। ਇਸ ਥਾਂ ਉਪੱਰ ਕਿਸੇ ਦਾ ਦਖਲ ਨਹੀਂ ਅਤੇ ਬੰਦ ਰਹਿੰਦੀ ਹੈ। ਇਸ ਨੂੰ ਸਾਡੇ ਵਾਸਤੇ ਹੀ ਖੋਹ ਲਿਆ ਗਿਆ। ਗੁੰਬਦ ਦੇ ਅੰਦਰ ਵੀ ਨਵੀਂ ਸੁੰਦਰ ਮੀਨਾਕਾਰੀ ਹੋਈ ਸੀ। ਹੇਠਾਂ ਥੜ੍ਹਾ ਸੀ, ਜਿਸ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੋਵੇਗਾ। ਇਹ ਥੜ੍ਹਾ ਹੁਣ ਇੱਕ ਰੁਮਾਲੇ ਨਾਲ ਢਕਿਆ ਸੀ। ਰੁਮਾਲਾ ਥੋੜਾ ਪਰ੍ਹੇ ਕੀਤਾ ਤਾਂ ਹੇਠਾਂ ਗੁਲਾਬ ਦੇ ਕੁੱਝ ਫੁੱਲ ਪਏ ਸਨ। ਪਤਾ ਲੱਗਾ ਕਿ ਇਸ ਦੀ ਮੁਰੰਮਤ ਦੀ ਸੇਵਾ ਇੱਕ ਮੁਕਾਮੀ ਸਿੱਖ ਡਾਕਟਰ ਰਵਿੰਦਰ ਸਿੰਘ ਰਵੀ ਕਰਵਾ ਰਹੇ ਹਨ, ਜੋ ਕਿ ਮਿੰਟਗੁਮਰੀ ਵਿਖੇ ਰਹਿੰਦੇ ਹਨ ਅਤੇ ਪੇਸ਼ੇ ਵਜੋਂ ਹਕੀਮ ਹਨ। ਇਹ ਦੇਖ ਕੇ ਮਨ ਹੋਰ ਪ੍ਰਸੰਨ ਹੋਇਆ।

ਅਸੀਂ ਹੁਣ ਘੁੰਮ ਕੇ ਗੁਰਦਵਾਰੇ ਦੀ ਮੁੱਖ ਡਿਊੜੀ ਵਿੱਚੋਂ ਹੋ ਕੇ ਬਾਹਰ ਨਿਕਲ ਆਏ। ਡਿਊੜੀ ਵੀ ਬੇਹੱਦ ਸ਼ਾਨਦਾਰ ਸੀ। ਸਾਰੀ ਇਮਾਰਤ ਆਧੁਨਿਕ ਤਰਜ਼ ਉਪਰ ਬਣੀ ਸੀ ਅਤੇ ਇੱਥੋਂ ਤੱਕ ਕਿ ਬਿਜਲੀ ਦੀ ਫਿਟਿੰਗ ਅਤੇ ਛੱਤ ਵਾਲੇ ਪੱਖਿਆਂ ਦੀਆਂ ਹੁੱਕਾਂ ਵੀ ਲਾਈਆਂ ਗਈਆਂ ਸਨ। ਕੋਈ 2 ਏਕੜ ਵਿੱਚ ਫੈਲੀ ਇਮਾਰਤ ਇੰਨੀ ਮਜ਼ਬੂਤ ਬਣੀ ਹੋਈ ਹੈ ਕਿ ਇਸ ਦੇ ਤਹਿਖਾਨੇ ਅਤੇ ਛੱਤਾਂ ਜੋ ਕਿ ਲੈਂਟਰ ਵਾਲੀਆਂ ਹਨ, ਬਿਲਕੁਲ ਅਸਲ ਹਾਲਤ ਵਿੱਚ ਸਨ। ਡਿਊੜੀ ਦੇ ਦਰਵਾਜੇ ਦੇ ਨਾਲ਼ ਹੀ ਇੱਕ ਵੱਡਾ ਸਾਰਾ ਪੱਥਰ ਲੱਗਾ ਸੀ, ਜਿਸ ਦੀ ਇਬਾਰਤ ਗੁਰਮੁਖੀ ਅਤੇ ਅੰਗ੍ਰੇਜੀ ਵਿੱਚ ਲਿਖੀ ਹੋਈ ਸੀ।

ਇਸ ਮੁਤਾਬਕ ”ਇਹ ਬੁਨਿਆਦੀ ਪੱਥਰ ਗੁਰੂਸਵਾਰੇ ਸ੍ਰੀਮਾਨ 108 ਸੰਤ ਸੰਗਤ ਸਿੰਘ ਜੀ ਮਹਾਰਾਜ ਕਮਾਲੀਆਂ ਨਿਵਾਸੀ ਨੇ ਆਣੇ ਪਵਿਤ੍ਰ ਹਸਤ ਕਮਲਾਂ ਨਾਲ ਰੱਖਿਆ ਪੋਹ 4 ਸੰ. 1998 ਬਿਕਰਮੀ ਨਾ. ਸ: ਸੰ 473 ਜਾਣੀ 18 ਦਸੰਬਰ 1941।
ਕਮਾਲ ਇਸ ਗੱਲ ਦੀ ਤਾਂ ਹੈ ਹੀ ਕਿ 71 ਸਾਲ ਪਹਿਲਾਂ ਇਸ ਕਦਰ ਸ਼ਾਨਦਾਰ ਇਮਾਰਤ ਸਿੱਖ ਸੰਗਤਾਂ ਵਲੋਂ ਉਸਾਰੀ ਗਈ। ਏਨੀ ਹੀ ਹੈਰਾਨੀ ਦੀ ਗੱਲ ਹੈ ਕਿ ਵੰਡ ਤੋਂ ਬਾਅਦ ਇਸ ਇਮਾਰਤ ਦੀ ਹਿਫਾਜ਼ਤ ਅਤੇ ਸੰਭਾਲ ਵੀ ਕੀਤੀ ਗਈ। ਇਸ ਦੀ ਤਰੀਫ ਕਰਨੀ ਬਣਦੀ ਹੈ।
ਹੈੱਡਮਾਸਟਰ ਸਾਹਿਬ ਨੇ ਦੱਸਿਆ ਕਿ ਉਹਨਾਂ ਨੂੰ ਜੋ ਵੀ ਗ੍ਰਾਂਟ ਆਦਿ ਮਿਲਦੀ ਹੈ, ਉਹ ਸਾਰੀ ਇਸੇ ਇਮਾਰਤ ਉਪਰ ਹੀ ਲਾਈ ਜਾਂਦੀ ਹੈ।
ਮਨਜੀਤਇੰਦਰ ਸਿੰਘ ਦਸਦੇ ਹਨ ਕਿ ਉਹਨਾਂ ਦਾ ਇਹ ਲੇਖ ਪੜ੍ਹ ਕੇ ਲੁਧਿਆਣੇ ਤੋਂ ਇਕ ਬਜੁਰਗ ਦਾ ਫੋਨ ਆਇਆ। ਉਹਨਾਂ ਦੱਸਿਆ ਕਿ ਜਦ ਇਸ ਇਮਾਰਤ ਦੀ ਉਸਾਰੀ ਚੱਲ ਰਹੀ ਸੀ ਤਾਂ ਉਹਨਾਂ ਸਿਰ ਤੇ ਬੱਠਲ਼ ਚੁੱਕ ਸੇਵਾ ਕੀਤੀ ਸੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਂ ਦਾ ਪੱਥਰ ਵੀ ਉੱਥੇ ਲੱਗਿਆ ਹੈ। 1947 ਵੇਲੇ ਇਸ ਇਮਾਰਤ ਨੂੰ ਹਿੰਦੁਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਕੈਂਪ ਵਾਸਤੇ ਵਰਤਿਆ ਗਿਆ। 1971 ਦੀ ਜੰਗ ਵੇਲੇ ਇੱਥੇ ਭਾਰਤੀ ਜੰਗੀ ਕੈਦੀਆਂ ਨੂੰ ਵੀ ਰੱਖਿਆ ਗਿਆ। 1963-64 ਵਿੱਚ ਇਹ ਵੀ ਗੱਲ ਉੱਡੀ ਕਿ ਇਸ ਗੁਰਦਵਾਰੇ ਨੂੰ ਸਿੱਖਾਂ ਵਾਸਤੇ ਖੋਲ੍ਹਿਆ ਜਾ ਰਿਹਾ ਹੈ। ਇਥੇ ਇਹ ਜ਼ਿਕਰਕਰਨਯੋਗ ਹੈ ਕਿ ਨਾਨਕਸਰ ਸੰਪਰਦਾ ਦੇ ਬਾਨੀ ਬਾਬਾ ਨੰਦ ਸਿੰਘ ਜੀ ਨੇ ਵੀ ਹੜੱਪੇ ਵਿਖੇ ਤਕਰੀਬਨ 1 ਸਾਲ ਤਪੱਸਿਆ ਕੀਤੀ ਸੀ। ਉਹਨਾਂ ਦੇ ਜੀਵਨ ਨਾਲ ਸਬੰਧਤ ਕਿਤਾਬਾਂ ਵਿੱਚ ਲਿਖਿਆ ਹੈ ਕਿ ਉਹਨਾਂ ਦੀ ਤਪੱਸਿਆ ਦੇ ਥਾਂ ਤੋਂ 12 ਕੋਹ ਤੱਕ ਜੰਗਲ ਹੀ ਜੰਗਲ ਸੀ। ਸੋ ਲੱਗਦਾ ਹੈ ਕਿ ਉਹ ਸਥਾਨ ਇੱਥੋਂ ਹਟਵਾਂ ਹੋਵੇਗਾ।

ਗੁਰਦੁਆਰਾ ਸਾਹਿਬ ਵਿਚ ਲੱਗੀਆਂ ਕੁਝ ਯਾਦਗਾਰ ਸਿਲਾਂ ਦੀਆਂ।ਤਸਵੀਰਾਂ।

Photos