ਗੁਰੂ ਪੰਥ ਤੋਂ ਵਿੱਛੜੇ ਗੁਰਧਾਮਾਂ ਵਿੱਚ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਟਨ ਦੇ ਕੋਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਿੱਬਾ ਨਾਨਕਸਰ ਸਾਹਿਬ ਵੀ ਆਉਂਦਾ ਹੈ। ਜੋ ਕਿ ਵੰਡ ਤੋਂ ਆਬਾਦ ਸੰਗਤ ਵੱਲੋਂ ਸੱਖਣਾ ਹੋ ਗਿਆ। ਉੰਝ ਗੁਰੂ ਘਰ ਦੀ ਇਮਾਰਤ ਹਾਲੇ ਵੀ ਮੌਜੂਦ ਹੈ।
ਇਹ ਪਵਿੱਤਰ ਅਸਥਾਨ ਪਾਕਪਟਨ ਸ਼ਹਿਰ ਤੋਂ ਪੱਛਮ ਵੱਲ ਛੇ ਕਿੱਲੋਮੀਟਰ ਦੀ ਦੂਰੀ ਤੇ ਹੈ। ਉੰਝ ਇਹ ਰਕਬਾ ਚੱਕ ੩੭ ਐਸ.ਪੀ ਅਧੀਨ ਪੈੰਦਾ ਹੈ। ਪਰ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਕਰੀਬ ੨੦੦ ਘਰਾਂ ਵਾਲੇ ਇਸ ਪਿੰਡ ਦਾ ਨਾਮ ਅੱਜ ਵੀ ‘ਟਿੱਬਾ ਨਾਨਕਸਰ’ ਹੀ ਹੈ। ਇਸ ਅਸਥਾਨ ਤੋਂ ਪੱਛਮ ਵਾਲੇ ਪਾਸੇ ਗੁਰਦੁਆਰਾ ਟਿੱਬਾ ਅਭੋਰ ਦੀ ਦੂਰੀ ਲਗਭਗ ੨੩ ਕਿਲੋਮੀਟਰ ਹੈ।
ਸਾਖੀ ਇਸ ਪਵਿੱਤਰ ਅਸਥਾਨ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਸ਼ੇਖ ਫ਼ਰੀਦ ਜੀ ਦੇ ਵੰਸ਼ਜ ਸ਼ੇਖ ਇਬ੍ਰਾਹਿਮ ਜੀ ਨਾਲ ਮੁਲਾਕਾਤ ਅਤੇ ਵਿਚਾਰ ਗੋਸ਼ਟਿ ਕਰਨ ਉਪਰੰਤ ਉਹਨਾਂ ਪਾਸੋਂ ਬਾਬਾ ਫ਼ਰੀਦ ਜੀ ਦੀ ਬਾਣੀ ਹਾਸਲ ਕੀਤੀ ਸੀ। ਸਾਖੀ ਆਉੰਦੀ ਹੈ ਕਿ ਇੱਥੇ ਹੀ ਗੁਰੂ ਸਾਹਿਬ ਨੇ ਸ਼ੇਖ ਜੀ ਦੇ ਸੇਵਕ ਫਤੁੱਲਾ ਸ਼ਾਹ ਨੂਰੀ ਜੀ ਨੂੰ ਅੱਖਾਂ ਮਿਟਾਕੇ ਮੱਕੇ ਸ਼ਰੀਫ ਦੀ ਜ਼ਿਆਰਤ ਕਰਵਾਈ ਸੀ। ਉਪਰੰਤ ਉਹਨਾਂ ਏਥੇ ਹੀ ਆਪਣੇ ਸਰੀਰ ਦਾ ਤਿਆਗ ਕੀਤਾ। ਗੁਰਦੁਆਰਾ ਸਾਹਿਬ ਦੇ ਨਾਲ ਹੀ ਉਹਨਾਂ ਦੀ ਕਬਰ ਬਣੀ ਹੋਈ ਹੈ। ਜਿੱਥੇ ਹੁਣ ਮਸਜਿਦ ਵੀ ਮੌਜੂਦ ਹੈ। ਇੱਥੋਂ ਅੱਗੇ ਹਜ਼ੂਰ ਸੱਚੇ ਪਾਤਸ਼ਾਹ ਬਗਦਾਦ ਗਏ ਸਨ। ਗੁਰਧਾਮ ਦੀਦਾਰ ਦੇ ਕਰਤਾ ਅਨੁਸਾਰ ਇਹ ਅਸਥਾਨ ਪਹਿਲਾ ਟੁੰਡੇ ਰਾਜੇ ਦਾ ਸ਼ਹਿਰ ਸੀ ਜੋ ਕਿ ਉਸਦੇ ਜ਼ੁਲਮਾਂ ਕਾਰਨ ਥੇਹ ਹੋ ਗਿਆ। ਇਸੇ ਟੁੰਡੇ ਰਾਜੇ ਦੀ ਧੁੰਨੀ ਉਪਰ ਆਸਾ ਦੀ ਵਾਰ ਦੀਆਂ ੯ ਪੌੜੀਆਂ ਦਾ ਉਚਾਰਨ ਕੀਤਾ ਹੈ। ਵੰਡ ਤੋਂ ਪਹਿਲਾ ਭਾਈ ਭਗਵਾਨ ਸਿੰਘ ਅਕਾਲੀ ਇਸ ਅਸਥਾਨ ਦੀ ਸੇਵਾ ਸੰਭਾਲ਼ ਕਰਦੇ ਸਨ। ਇੱਥੇ ਕੱਤਕ ਦੀ ਪੂਰਨਮਾਸ਼ੀ ਨੂੰ ਸੰਗਤ ਸਾਲਾਨਾ ਜੋੜ ਮੇਲਾ ਮਨਾਉੰਦੀ ਸੀ।
ਇੱਥੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨਾਲ ਇੱਥੇ ਥੇਹ ਤੇ ਚਰਨ ਪਾਏ ਤਾਂ ਵਣ, ਜੰਡ , ਕਰੀਰ, ਸ਼ਰੀਂਹ, ਪਲਾਹ, ਬੇਰੀ ਤੇ ਕਿੱਕਰਾਂ ਨਾਲ ਘਰਿਆ ਹੋਇਆ ਇਹ ਥੇਹ ਪਾਤਸ਼ਾਹ ਹਜ਼ੂਰ ਦੀ ਆਮਦ ਨਾਲ ਮਹਿਕ ਉੱਠਿਆ। ਇੱਥੇ ਲੱਕੜਾਂ ਵੱਢਦੇ ਸਥਾਨਕ ਕਿਰਤੀ ਨੇ ਜਦੋਂ ਰਬਾਬ ਦੀ ਧੁੰਨ ਵਾਲੀ ਪਾਤਸ਼ਾਹ ਹਜ਼ੂਰ ਦੀ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਤਾਂ ਉਸਨੇ ਸ਼ੇਖ ਇਬ੍ਰਾਹਿਮ ਜੀ ਪਾਸ ਦੱਸਿਆ ਕਿ ਸੁੰਨ – ਸਾਨ ਤੇ ਉੱਜੜੇ ਥੇਹ ਉੱਪਰ ਇਲਾਹੀ ਧੁੰਨ ਗੂੰਜ ਰਹੀ ਹੈ। ਤਾਂ ਸ਼ੇਖ ਇਬ੍ਰਾਹਿਮ ਜੀ ਪਾਕਪਟਨ ਤੋਂ ਆਪ ਚੱਲ ਕੇ ਇਸ ਅਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਲਈ ਤੇ ਬਚਨ ਬਿਲਾਸ ਕਰਨ ਆਏ। ਜਨਮ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ ਕਿ ਇਸ ਅਸਥਾਨ ਤੇ ਸੱਚੇ ਪਾਤਸ਼ਾਹ ਨੇ ਦੋ ਵਾਰ ਚਰਨ ਪਾਏ ਹਨ।
ਮੌਜੂਦਾ ਹਾਲਾਤ ਗੁਰਦੁਆਰਾ ਸਾਹਿਬ ਵਿੱਚ ਦਰਬਾਰ ਸਾਹਿਬ ਦੀ ਇਮਾਰਤ ਪੰਜਾਬ ਵਿੱਚ ਬਣੇ ਪੁਰਾਤਨ ਡੇਰਿਆਂ ਜਾਂ ਸਮਾਧਾਂ ਦੀ ਇਮਾਰਤ ਵਰਗੀ ਹੈ । ਦਰਬਾਰ ਸਾਹਿਬ ਦੀ ਇਮਾਰਤ ਦੇ ਮੱਥੇ ‘ਦਰਬਾਰ ਸ੍ਰੀ ਗੁਰੂ ਨਾਨਕ ਦੇਵ ਜੀ’ ਲਿਖਿਆ ਹੋਇਆ ਹੈ। ਦਰਬਾਰ ਸਾਹਿਬ ਦੇ ਬਿਲਕੁਲ ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਥੜ੍ਹਾ ਸਾਹਿਬ ਹੈ। ਇਮਾਰਤ ਤੇ ਬਿਲਕੁਲ ਕੇਂਦਰ ਵਿੱਚ ਉੱਪਰ ਗੁੰਬਦ ਸਿੱਖ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਹੈ। ਗੁੰਬਦ ਦੇ ਆਲੇ ਦੁਆਲੇ ਇਮਾਰਤ ਦੇ ਚਾਰੇ ਖੂੰਜਿਆਂ ਤੇ ਛੋਟੀਆਂ ਗੁੰਬਦੀਆਂ ਹਨ। ਅਤੇ ਚਾਰੇ ਪਾਸੇ ਦਰਵਾਜ਼ੇ ਖੁੱਲ੍ਹਦੇ ਹਨ। ਬਾਹਰਲੇ ਪਾਸੇ ਬਹੁਤ ਹੀ ਸੁੰਦਰ ਨਕਸ਼ ਘੜੇ ਹੋਏ ਹਨ। ਸਾਰੀ ਇਮਾਰਤ ਛੋਟੀ ਨਾਨਕਸ਼ਾਹੀ ਇਟ ਨਾਲ ਤਾਮੀਰ ਹੋਈ ਹੈ।
ਸੰਨ ੨੦੧੧ ਵਿੱਚ ਮੌਜੂਦਾ ਇਮਾਰਤ ਦੀ ਕੁਝ ਮੁਢਲੀ ਮੁਰੰਮਤ ਮਰਹੂਮ ਡਾ. ਰਵਿੰਦਰ ਸਿੰਘ ਰਵੀ ਦੁਆਰਾ ਕਰਵਾਈ ਗਈ ਸੀ। ਹੁਣ ਵੀ ਉਹਨਾਂ ਦਾ ਪਰਿਵਾਰ ਲਗਾਤਾਰ ਸੇਵਾ ਸੰਭਾਲ਼ ਲਈ ਤਤਪਰ ਹੈ। ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਪਹਿਲਾ ਨਾਲ ਲੱਗਦੀ ਮਸਜਿਦ ਦਾ ਕਬਜ਼ਾ ਸੀ। ਹੁਣ ੨੦ ਮਰਲੇ ਜ਼ਮੀਨ ਛੁਡਵਾਈ ਗਈ ਹੈ। ਅਤੇ ਗੁਰਦਵਾਰਾ ਸਾਹਿਬ ਦੇ ਬਾਕੀ ਰਹਿੰਦੇ ਹਿੱਸੇ ਅਤੇ ਜ਼ਮੀਨ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਮਸਜਿਦ ਦਾ ਮੌਲਵੀ ਗੁਲਾਮ ਮੁਸਤਫਾ ਨਾਲ ਹੀ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ਼ ਕਰਦਾ ਸੀ। ਜਿਸਨੂੰ ਕਿ ਕੱਟੜਪੰਥੀ ਮੁਲਾਣਿਆ ਵੱਲੋਂ ਕੱਢ ਦਿੱਤਾ ਗਿਆ ਹੈ। ਹੁਣ ਉਕਤ ਮੌਲਵੀ ਸਿਰਫ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ਼ ਕਰਦਾ ਹੈ। ਮੌਜੂਦਾ ਸਾਂਭ ਸੰਭਾਲ ਕਰਨ ਵਾਲੇ ਮੁਹੰਮਦ ਮੁਸਤਫਾ ਜੀ ਦਾ ਪਰਿਵਾਰ ਚੜਦੇ ਪੰਜਾਬ ਦੇ ਪਿੰਡ ਬਹਿਬਲ (ਕੋਟਕਪੂਰਾ) ਤੋਂ ਗਏ ਹਨ। ਇਹ ਉਹਨਾਂ ਦੋ ਤੀਜੀ ਪੀੜੀ ਹੈ ਜੋ ਸੇਵਾ ਸੰਭਾਲ ਕਰਦੀ ਹੈ।
ਬੇਸ਼ੱਕ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੀ ਮੁੱਖ ਇਮਾਰਤ ਸੰਭਾਲ਼ੀ ਜਾ ਚੁੱਕੀ ਹੈ ਪਰ ਪੁਰਾਤਨ ਲੰਗਰ ਹਾਲ ਅਤੇ ਰਿਹਾਇਸ਼ੀ ਕਮਰਿਆਂ ਦੀ ਇਮਾਰਤ ਹੁਣ ਕਾਫ਼ੀ ਖਸਤਾ ਹਾਲਤ ਹੈ। ਜਿੱਥੇ ਹੁਣ ਪਸ਼ੂ ਬੰਨ੍ਹੇ ਹੋਏ ਹਨ। ਦਰਬਾਰ ਸਾਹਿਬ ਦੀ ਇਮਾਰਤ ਬੇਸ਼ੱਕ ਸੰਭਾਲ਼ੀ ਗਈ ਹੈ। ਪਰ ਸੰਗਤ ਨਾ ਜੁੜਨ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ। ਬਾਹਰਲੀ ਕੰਧ ਦੇ ਨਾਲ ਹੀ ਵਣ ਦਾ ਰੁਖ ਹੈ ਜੋ ਗੁਰੂ ਨਾਨਕ ਪਾਤਿਸ਼ਾਹ ਦੇ ਸਮੇਂ ਦਾ ਹੈ।
Near Me