ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਲਾਹੌਰ Gurudwara Patshahi Pehli, Lahore

ਗੁਰਦੁਆਰਾ ਪਹਿਲੀ ਪਾਤਿਸ਼ਾਹੀ, ਲਾਹੌਰ Gurudwara Patshahi Pehli, Lahore

Average Reviews

Description

ਇਹ ਪਵਿਤ੍ਰ ਅਸਥਾਨ ਦਿੱਲੀ ਦਰਵਾਜ਼ੇ ਦੇ ਅੰਦਰ , ਪੁਰਾਣੀ ਕੋਤਵਾਲੀ ਦੇ ਚੌਂਕ ਪਾਸ ਚੌਹੱਟਾ ਮੁਫਤੀ ਬਾਕਰ ਵਿਚ ਹੈ। ਉਸ ਸਮੇਂ ਇਸ ਇਲਾਕੇ ਨੂੰ ਸਿਰੀਆਂ ਵਾਲਾ ਬਾਜ਼ਾਰ ਤੇ ਚੌਹੱਟਾ ਜਵਾਹਰ ਮਲ ਵੀ ਕਿਹਾ ਜਾਂਦਾ ਸੀ।

ਗੁਰਦੁਆਰਾ ਸਾਹਿਬ ਦੀ ਡਿਓੜੀ ੧੯੬੨ ਵਿਚ


ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਹੋਏ ਸੰਮਤ ੧੫੬੭ ਬਿਕਰਮੀ ਵਿਚ ਲਾਹੌਰ ਆਏ ਤਾਂ ਆਪਣੇ ਪ੍ਰੇਮੀ ਭਾਈ ਦੁਨੀ ਚੰਦ ਦੇ ਘਰ ਚਰਨ ਪਾਕੇ ਉਸਨੂੰ ਪਵਿਤਰ ਕੀਤਾ। ਭਾਈ ਜੀ ਦੇ ਮਕਾਨ ਦੇ ਪਾਸ ਹੀ ਇਕ ਐਸਾ ਬਾਜ਼ਾਰ ਸੀ ਜਿਥੇ ਸਾਰੇ ਸ਼ਹਿਰ ਵਿਚ ਹਲਾਲ ਕੀਤੇ ਬਕਰਿਆਂ ਦੀਆਂ ਸਿਰੀਆਂ ਆਕੇ ਵਿਕਦੀਆਂ ਸਨ ਜਿਸ ਕਰਕੇ ਇਸਦਾ ਨਾਮ ਸਿਰੀਆਂ ਵਾਲਾ ਬਾਜ਼ਾਰ ਪੈ ਗਿਆ। ਮਹਾਰਾਜ ਜੀ ਜਦ ਮਕਾਨ ਤੋਂ ਬਾਹਰ ਬਾਜ਼ਾਰ ਵਿਚ ਜਾਣ ਤਾਂ ਮੁਰਦੇ ਬਕਰਿਆਂ ਦੀਆਂ ਸਿਰੀਆਂ ਨਜ਼ਰ ਪੈਣ , ਇਕ ਦਿਨ ਇਸ ਨਜ਼ਾਰੇ ਨੂੰ ਦੇਖਕੇ ਮਹਾਰਾਜ ਨੇ ਕਿਹਾ-
”ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ”।
ਜਿਸ ਵਕਤ ਗੁਰੂ ਜੀ ਇਸ ਜਗ੍ਹਾ ਆਏ ਸਨ ਤਾਂ ਉਸ ਵਕਤ ਲਾਹੌਰ ਸ਼ੈਹਰ ਦਾ ਹਾਕਮ ਹਰੇਕ ਮੁਹੱਲੇ ਦਾ ਚੌਧਰੀ ਹੁੰਦਾ ਸੀ । ਹੋਰ ਕੋਈ ਹਾਕਮ ਨਹੀਂ ਸੀ। ਜਿਸ ਵਕਤ ਗੁਰੂ ਜੀ ਏਹ ਸਰਾਪ ਦੇ ਕੇ ਚਲੇ ਗਏ ਸਨ ਤਾਂ ਪਿੱਛੇ ਤੇ ਹਮੇਸ਼ਾਂ ਸਵਾ ਪੈਹਰ ਕੈਹਰ ਰੈਹਨੇ ਲੱਗ ਗਿਆ ਜੋ ਕੇ ਹਰ ਰੋਜ਼ ਸੁੱਬਾ ਡੰਡਾ ਬੁੜਕਨੇ ਲੱਗ ਗਿਆ। ਜਦ ਲੋਕ ਉਜੜ – ਉਜੜ ਕੇ ਤੁਰਨ ਲੱਗੇ ਤਾਂ ਸਿਆਣੇ – ਸਿਆਣੇ ਲੋਕਾਂ ਨੇ ਬੈਠ ਕੇ ਵੀਚਾਰ ਕੀਤੀ ਕਿ ਏਹ ਕੀ ਕਾਰਨ ਹੈ ਤਾਂ ਕਿਸੇ ਸਿਆਣੇ ਨੇ ਕਿਹਾ ਕਿ ਏਹ ਸ਼ਰਾਪ ਪਹਿਲੀ ਪਾਤਸ਼ਾਹੀ ਦਾ ਦਿੱਤਾ ਹੋਇਆ ਹੈ। ਅਜ ਕਲ ਉਨ੍ਹਾਂ ਦੀ ਗੱਦੀ ਉੱਤੇ ਤੀਜੀ ਪਾਤਸ਼ਾਹੀ ਜੀ ਹੈ ਤਾਂ ਏਹ ਲੋਕ ਗੁਇੰਦਵਾਲ ਵਿਖੇ ਤੀਜੇ ਗੁਰੂ ਜੀ ਪਾਸ ਆਏ ਸਨ, ਗੁਰੂ ਜੀ ਦਾ ਸ਼ਰਾਪ ਬਖਸ਼ਾਉਣੇ। ਤਾਂ ਤੀਜੇ ਗੁਰੂ ਜੀ ਨੇ ਏਹ ਬਚਨ ਕੀਤੇ ਕਿ ਭਾਈ ਹੁਣ ਤੁਸੀਂ ਬਖਸ਼ੇ ਨਹੀਂ ਜਾਵੋਗੇ, ਅੱਛਾ ! ਗੁਰੂ ਭਲਾ ਕਰੇਗਾ | ਗੁਰੂ ਜੀ ਨੇ ਇਹ ਵਰ ਦਿੱਤਾ ਸੀ-

ਲਾਹੌਰ ਸਹਰੁ ਅੰਮ੍ਰਿਤ ਸਰ ਸਿਫਤੀ ਦਾ ਘਰੁ॥

੧੯੯੮ ਦਾ ਚਿਤਰ

ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਹਰ ਥਾਂ ਦੀ ਫੇਰੀ ਅਤੇ ਯਾਤਰਾ ਕਿਸੇ ਜੀਵ ਦੇ ਕਲਿਆਣ ਲਈ ਹੀ ਹੁੰਦੀ ਸੀ ਐਤਕੀ ਇਹ ਬਖਸ਼ਸ਼ ਭਾਈ ਦੁਨੀ ਚੰਦ ਪੁਰ ਇਸ ਤਰ੍ਹਾਂ ਹੋਈ। ਉਸ ਨੇ ਜਦ ਇਕ ਦਿਨ ਆਪਣੇ ਘਰ ਬ੍ਰਾਹਮਣਾਂ ਨੂੰ ਪ੍ਰਸ਼ਾਦ ਛਕਾਇਆ ਤਾਂ ਮਹਾਰਾਜ ਨੇ ਇਸਦਾ ਕਾਰਨ ਪੁਛਿਆ, ਤਾਂ ਭਾਈ ਦੁਨੀ ਚੰਦ ਨੇ ਹਥ ਜੋੜ ਕੇ ਉਤਰ ਦਿਤਾ, ਕਿ ਹੇ ਸੱਚੇ ਪਾਤਸ਼ਾਹ! ਅਜ ਮੇਰੇ ਪਿਤਾ ਜੀ ਦਾ ਸਰਾਧ ਹੈ, ਤਾਂ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕੀਤਾ ਕਿ ਹੇ ਦੁਨੀ ਚੰਦ! ਕਿਸੇ ਭੁਖੇ ਨੂੰ ਪ੍ਰਸ਼ਾਦਿ ਛਕਾਉਣਾ, ਨੰਗੇ ਨੂੰ ਬਸਤਰ ਦੇਣੇ ਅਥਵਾ ਕਿਸੇ ਹੋਰ ਲੋੜਵੰਦ ਦੀ ਸੇਵਾ ਕਰਨੀ ਬਹੁਤ ਸ੍ਰੇਸ਼ਟ ਕੰਮ ਹੈ, ਪਰ ਪਿਤਰਾਂ ਦੀ ਤ੍ਰਿਪਤੀ ਜਾਂ ਉਨ੍ਹਾਂ ਤਕ ਕਿਸੇ ਚੀਜ਼ ਦੇ ਪੁਚਾਉਣ ਦੇ ਖਿਆਲ ਨਾਲ ਕਿਸੇ ਬੇਲੋੜੇ ਨੂੰ ਤੁੰਨ ਤੁੰਨ ਕੇ ਖੁਆਉਣਾ ਜਾਂ ਹੋਰ ਚੀਜ਼ਾਂ ਦੇਣੀਆਂ ਵਿਅਰਥ ਹਨ, ਕਿਉਂਕਿ ਇਸ ਗਲ ਵਿਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਸਾਡੀਆਂ ਇਥੇ ਦਿਤੀਆਂ ਚੀਜ਼ਾਂ ਪਿਤਰਾਂ ਤਕ ਨਹੀਂ ਪਹੁੰਚਦੀਆਂ, ਦੂਜਾ ਤੇਰਾ ਪਿਤਾ ਇਸ ਵੇਲੇ ਮਨੁਖ ਜੂਨ ਵਿਚ ਨਹੀਂ, ਇਸ ਲਈ ਤੇਰਾ ਸਭ ਕੀਤਾ ਵਿਅਰਥ ਹੈ ਤਾਂ ਭਾਈ ਦੁਨੀ ਚੰਦ ਨੇ ਪੁਛਿਆ ਕਿ ਹੇ! ਜਾਣੀ ਜਾਣ ਪਾਤਸ਼ਾਹ! ਮੇਰਾ ਪਿਤਾ ਕਿਸ ਜੂਨ ਵਿਚ ਹੈ? ਤਾਂ ਫੁਰਮਾਨ ਹੋਇਆ ਕਿ ਤੇਰਾ ਪਿਤਾ ਇਸ ਸਮੇਂ ਬਘਿਆੜ ਦੀ ਜੂਨ ਵਿਚ ਹੈ। ਇਹ ਬਚਨ ਸੁਣ ਕੇ ਦੁਨੀ ਚੰਦ ਗਲ ਵਿਚ ਪੱਲਾ ਪਾਕੇ ਅਧੀਨਗੀ ਸਹਿਤ ਬੇਨਤੀ ਕਰਨ ਲਗਾ ਕਿ ਹੇ ਸੱਚੇ ਪਾਤਸ਼ਾਹ! ਮੇਰੇ ਪਿਤਾ ਦੀ ਕਲਿਆਨ ਕਰੋ। ਉਸੇ ਸਮੇਂ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਨਾਲ ਲੈਕੇ ਜੰਗਲ ਨੂੰ ਗਏ, ਅਰ ਆਵਾਜ਼ ਦਿਤੀ ਜਿਸਨੂੰ ਸੁਣਕੇ ਇਕ ਪਾਸੇ ਤੋਂ ਇਕ ਬਘਿਆੜ ਨਿਕਲਿਆ ਜਿਸਨੂੰ ਦੇਖਕੇ ਦੁਨੀਚੰਦ ਤਾਂ ਡਰ ਗਿਆ ਪਰ ਮਹਾਰਾਜ ਦੇ ਧੀਰਜ ਦੇਣ ‘ਤੇ ਇਕ ਪਾਸੇ ਬਹਿ ਗਿਆ। ਬਘਿਆੜ ਨੇ ਆਕੇ ਮਹਾਰਾਜ ਅਗੇ ਸਿਰ ਨਿਵਾਇਆ ਤੇ ਇਕ ਪਾਸੇ ਹੋ ਕੇ ਬੈਠ ਗਿਆ। ਦੁਨੀ ਚੰਦ ਨੇ ਫੇਰ ਅਰਜ਼ ਕੀਤੀ ਕਿ ਹੇ ਸਚੇ ਪਾਤਸ਼ਾਹ! ਇਸਨੂੰ ਮੁਕਤ ਕਰੋ, ਮਹਾਰਾਜ ਨੇ ਉਸ ਪਰ ਜਲ ਛਿੜਕਿਆ ਤੇ ਉਹ ਉਸੇ ਸਮੇਂ ਮੁਕਤ ਹੋ ਗਿਆ। ਤਦ ਤੋਂ ਹੀ ਭਾਈ ਦੁਨੀ ਚੰਦ ਨੇ ਆਪਣੇ ਮਕਾਨ ਨੂੰ ਮਹਾਰਾਜ ਦੇ ਚਰਨ ਪਾਉਣ ਦੀ ਯਾਦ ਵਿਚ ਗੁਰਦੁਆਰਾ ਬਣਾ ਦਿੱਤਾ। ਇਹ ਅਸਥਾਨ ਪੁਰਾਤਨ ਸਮੇਂ ਤੋਂ ਮਹੰਤਾਂ ਦੇ ਪ੍ਰਬੰਧ ਵਿਚ ਚਲਾ ਆ ਰਿਹਾ ਸੀ ਪਰ ੧੯੨੦ ਈ : ਵਿਚ ਸ਼ਹਿਰ ਦੇ ਪਤਵੰਤੇ ਸਜਣਾਂ ਦੀ ਕਮੇਟੀ ਦੇ ਪ੍ਰਬੰਧ ਵਿਚ ਆ ਗਿਆ। ੧੯੨੪ ਈ. ਵਿਚ ਜਦ ਸ਼ਹਿਰ ਦੀ ਗੁਰਦੁਆਰਾ ਕਮੇਟੀ ਬਣੀ ਤਾਂ ਇਸ ਦੀ ਸੇਵਾ ਇਸ ਦੇ ਜ਼ਿੰਮੇ ਹੋ ਗਈ। ਉਪਰੰਤ ਜਦ ੧੯੨੭ ਈ. ਵਿਚ ਗੁਰਦੁਆਰਾ ਐਕਟ ਅਨੁਸਾਰ ਗੁਰਦੁਆਰਾ ਕਮੇਟੀ ਦੀ ਚੋਣ ਹੋ ਗਈ ਤਾਂ ਇਸ ਦਾ ਪ੍ਰਬੰਧ ਅਰ ਸੇਵਾ ਇਸ ਨੇ ਸੰਭਾਲ ਲਈ। ਵੰਡ ਤੋਂ ਪਹਿਲਾਂ ਇਹ ਇਲਾਕਾ ਮੁਸਲਮਾਨਾਂ ਦੀ ਘੁੱਗ ਵਸੋਂ ਵਾਲਾ ਸੀ, ਇਸ ਕਰਕੇ ਇਸਦੇ ਪ੍ਰਬੰਧ ਵਿਚ ਕਈ ਤਰਾਂ ਦੀਆਂ ਰੁਕਾਵਟਾਂ ਪੈਂਦੀਆਂ ਰਹੀਆਂ।
23 ਮਾਰਚ 1932 ਨੂੰ ਜਦ ਸਾਇਕਲ ਯਾਤਰੀ ਧੰਨਾ ਸਿੰਘ ਇਸ ਅਸਥਾਨ ‘ਤੇ ਗਏ ਤਾਂ ਇਸ ਗੁਰਦੁਆਰੇ ਨੂੰ ਇੱਕ ਦੁਕਾਨ ਤੇ ਇੱਕ ਬੈਠਕ ਸੀ ਜਿਨ੍ਹਾਂ ਦਾ ਕਿਰਾਇਆ ੧੩ ਰੁਪਏ ਮਹੀਨਾ ਆਉਂਦਾ ਸੀ। ਲੰਗਰ ਤੇ ਰਹੈਸ਼ ਨਹੀਂ ਸੀ। ਪੈਹਲੇ ਪਿਤਾ ਜੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦੇ ਸਮਾਉਣੇ ਦਾ ਵੱਡਾ ਦੀਵਾਨ ਲਗਦਾ ਸੀ। ਇਸ ਜਗ੍ਹਾ ਗੁਰੂ ਜੀ ਤਿੰਨ ਦਿਨ ਠਹਿਰੇ ਸਨ। ਸੇਵਾਦਾਰ ਸੁੰਦਰ ਸਿੰਘ ਜੀ ਸੀ। ਸਥਾਨਕ ਰਵਾਇਤ ਦਸਦੀ ਸੀ ਇਸ ਜਗ੍ਹਾ ਗੁਰੂ ਜੀ ਦੋ ਵਾਰ ਆਏ ਸਨ।
ਇਤਿਹਾਸਕਾਰ ਖਾਨ ਮੁਹੰਮਦ ਵਲੀਉਲਾ ਖਾਨ ਇਸ ਦਾ ੧੯੬੨ ਵਿਚ ਜਿਕਰ ਕਰਦੇ ਹੋਏ ਲਿਖਦੇ ਹਨ ਕਿ ”ਸਿੱਖ ਰਾਜ ਦੌਰਾਨ ਇਸ ਸਥਾਨ ‘ਤੇ ਇਕ ਧਰਮਸ਼ਾਲਾ ਬਣਾਈ ਗਈ ਸੀ। ਮੁੱਖ ਇਮਾਰਤ ਦੇ ਅੰਦਰ ਇਕ ਅੰਗਰੇਜ਼ੀ ਦੇ ਅੱਖਰ ਐੱਲ (L) ਦੇ ਆਕਾਰ ਦਾ ਹਾਲ ਹੈ। ਇਸੇ ਹਾਲ ਦੇ ਦੂਸਰੇ ਸਿਰੇ ਉੱਪਰ ਸੰਗਮਰਮਰ ਦੀ ਇਕ ਪੱਕੀ ਗੈਲਰੀ ਬਣੀ ਹੋਈ ਹੈ। ਇਸ ਗੈਲਰੀ ਵਿੱਚ ਸਥਿਤ ਲੱਕੜ ਦੀ ਸ਼ਤੀਰੀ ਉੱਪਰ ਗੁਰਮੁਖੀ ਲਿਪੀ ਵਿੱਚ ਇਬਾਰਤ ਉਕਾਰੀ ਗਈ ਹੈ। ਏਸੇ ਦੇ ਕੇਂਦਰ ਵਿੱਚ ਇਕ ਸੰਗਮਰਮਰੀ ਸਿੱਲ ਹੈ ਜਿਸ ਉੱਪਰ ਪਵਿੱਤਰ ਸਿੱਖ ਚਿੰਨ੍ਹਾਂ ਅਤੇ ਨਾਲ ਹੀ ਇਕ ਗੁਰਮੁਖੀ ਸ਼ਿਲਾਲੇਖ ਉਕਰਿਆ ਹੋਇਆ ਹੈ। ਸਾਰੀ ਧਰਮਸ਼ਾਲਾ ਪੱਕੀਆਂ ਇੱਟਾਂ ਤੇ ਚੂਨੇ ਨਾਲ ਉਸਾਰੀ ਗਈ ਹੈ।”

ਜਿਥੇ ਕਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ (੨੦੨੦ ਈ. ਦਾ ਚਿਤਰ)

ਅਜੋਕੇ ਹਾਲਾਤ

ਇਸ ਇਤਿਹਾਸਕ ਥਾਂ ਦੇ ‘ਪ੍ਰਕਾਸ਼ ਵਾਲੀ ਥਾਂ’ ’ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਤਸਵੀਰ ਰੱਖੀ ਹੋਈ ਹੈ। ਇਸ ਅਸਥਾਨ ਅੰਦਰ ਇਕ ਘਰ ਵੱਸਿਆ ਹੋਇਆ ਹੈ। ਗੁਰਦੁਆਰੇ ਦੇ ਮੁੱਖ ਦਰਵਾਜ਼ੇ ਉੱਪਰ ਉਰਦੂ ਵਿਚ ‘ਪਾਕਿਸਤਾਨ ਮੁਸਲਿਮ ਲੀਗ’ ਨਾਂ ਦਾ ਬੋਰਡ ਵੀ ਲੱਗਾ ਹੈ। ਬਹੁਤੀਆਂ ਤਸਵੀਰਾਂ ਜਾਂ ਸਟੀਕ ਗੂਗਲ ਲੁਕੇਸ਼ਨ ਨਹੀਂ ਮਿਲ ਰਹੀ। ਅਗਰ ਕੋਈ ਮਾਈ-ਭਾਈ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਜਾਏ ਤਾਂ ਇਸ ਅਸਥਾਨ ਦੀ ਤਸਵੀਰਾਂ, ਸਟੀਕ ਲੁਕੇਸ਼ਨ ਅਤੇ ਮੌਜੂਦਾ ਹਾਲਾਤ ਕਿਹੋ ਜਿਹੇ ਹਨ, Gurudwarapedia@gmail.com ਨਾਲ ਜਰੂਰ ਸਾਂਝੇ ਕਰੇ ਤਾਂ ਅਸੀਂ ਵੈਬਸਾਈਟ ‘ਤੇ ਚਾੜ੍ਹ ਸਕੀਏ। ਹੇਠਾਂ ਦਿਤੀ ਲੁਕੇਸ਼ਨ ਦਿੱਲੀ ਦਰਵਾਜ਼ੇ ਦੇ ਅੰਦਰ, ਪੁਰਾਣੀ ਕੋਤਵਾਲੀ ਦੇ ਚੌਂਕ ਪਾਸ ਚੌਹੱਟਾ ਮੁਫਤੀ ਬਾਕਰ ਇਲਾਕੇ ਦੀ ਹੈ ਜਿਥੇ ਗੁਰਦੁਆਰਾ ਸਾਹਿਬ ਮੌਜੂਦ ਹੈ।

Photos