ਝੱਲੀਆਂ ਨਾਮੀ ਇਹ ਪਿੰਡ ਲਹਿੰਦੇ ਪੰਜਾਬ ਵਿਚਲੇ ਜਿਲ੍ਹਾ ਲਾਹੌਰ ਦੇ ਥਾਣਾ ਬਰਕੀ ਵਿਚ ਪੈਂਦਾ ਹੈ। ਇਹ ਪਿੰਡ ਬਰਕੀ ਤੋਂ ਪੂਰਬ ਵਾਲੇ ਪਾਸੇ ਲਗਭਗ ੪‐੫ ਕਿਲੋਮੀਟਰ ‘ਤੇ ਹੈ। ਪੱਕੀ ਸੜਕ ਇਸ ਪਿੰਡ ਨੂੰ ਜਾਂਦੀ ਹੈ ।ਇਸ ਪਿੰਡ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਮੰਜੀ ਸਾਹਿਬ ਹੈ। ਗੁਰੂ ਸਾਹਿਬ ਜੀ ਅਨੇਕਾਂ ਪਿੰਡਾਂ ਦਾ ਉਧਾਰ ਕਰਦੇ ਹੋਏ ਲਾਗਲੇ ਗੁਰੂ ਕੇ ਮਾਂਗਟ ਤੋਂ ਚੱਲ ਕੇ ਇੱਥੇ ਆਏ ਸਨ। ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪਿੰਡ ਢਿਲਵਾਂ ,ਝੱਲੀਆਂ ਦੇ ਬਿਲਕੁਲ ਨਾਲ ਲਗਵਾਂ ਹੀ ਹੈ। ਜਿਥੇ ਗੁਰੂ ਸਾਹਿਬ ਝੱਲੀਆਂ ਤੋਂ ਬਾਅਦ ਗਏ ਸਨ। ਨਾਲ ਜੁੜੇ ਹੋਣ ਕਾਰਨ ਇਹਨਾਂ ਦੋਹੇ ਪਿੰਡਾਂ ਨੂੰ ‘ਝੱਲੀਆਂ ਢਿਲਵਾਂ‘ ਕਹਿਕੇ ਬੁਲਾਇਆ ਜਾਂਦਾ ਹੈ।
ਇਕਬਾਲ ਕੇਸਰ ਨੇ ਜਦ ਇਹ ਗੁਰਦੁਆਰਾ ਸਾਹਿਬ ਵੇਖਿਆ ਤਾਂ ਉਹ ਲਿਖਦੇ ਹਨ ਕਿ “ਗੁਰਦੁਆਰਾ ਸਾਹਿਬ ਦੀ ਇਮਾਰਤ ਬੜੀ ਹੀ ਸੁੰਦਰ, ਕਿਸੇ ਸਰਕਾਰੀ ਬੰਗਲੇ ਵਾਂਗ ਬਣੀ ਹੋਈ ਸੀ। ਅੱਗੇ ਬਰਾਮਦੇ ਪਿੱਛੇ ਦੋ ਮਕਾਨ ਬਣੇ ਹੋਏ ਸਨ।” ਇਸ ਅਸਥਾਨ ਦੇ ਨਾਂ ਅੱਠ ਘੁਮਾਉਂ ਜ਼ਮੀਨ ਪਿੰਡ ਦੇ ਸੰਗਤ ਵੱਲੋਂ ਸੀ। ਹੁਣ ੧੪ ਏਕੜ ਜਮੀਨ ਓਕਾਫ ਕੋਲ ਹੈ ਜੋ ਗੁਰਦੁਆਰਾ ਸਾਹਿਬ ਦੀ ਹੈ। ੪੭ ਦੇ ਉਜਾੜਿਆਂ ਤੋਂ ਬਾਅਦ ਇਥੇ ਕੋਈ ਸਿਖ ਵਸੋਂ ਨਾ ਰਹੀ।
ਇਕ ਬਜੁਰਗ ਨੇ ਸਿਖ ਯਾਤਰੂ ਭਾਈ ਨਿਸ਼ਾਨ ਸਿੰਘ ਆਸਟਰੇਲੀਆ ਗਲਬਾਤ ਕਰਦਿਆਂ ਦਸਿਆ ਕਿ ਇਸ ਪਿੰਡ ਵਿਚ ਇਕ ਸਾਡਾ ਅਤੇ ਇਕ ਘੁਮਿਆਰਾਂ ਦਾ ਘਰ ਸੀ, ਜੋ ਅਜ ਵੀ ਇਥੇ ਰਹਿ ਰਹੇ ਹਨ। ਬਾਕੀ ਸਭ ਸਿਖ ਵਸੋਂ ਸੀ ਜੋ ੪੭ ਸਮੇਂ ਇਥੋਂ ਚਲੀ ਗਈ। ਪੁਰਾਤਨ ਇਮਾਰਤ ਬਾਰੇ ਗਲਬਾਤ ਕਰਦਿਆਂ ਉਹਨਾਂ ਦਸਿਆਂ ਕਿ ਇਮਾਰਤ ਦੀ ਛੱਤ 10-12 ਫੁਟ ਉੱਚੀ ਸੀ। ਉਪਰ ਗੁੰਬਦ ਬਣਿਆ ਹੋਇਆ ਸੀ। ਇਸ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਬਰਾਂਡਾ ਸੀ। ਭਾਈ ਨਿਸ਼ਾਨ ਸਿੰਘ ਨੂੰ ਇਕ ਹੋਰ ਬਜੁਰਗ ਨੇ ਦਸਿਆ ਕਿ ਉਹ ਇਸ ਗੁਰਦੁਆਰਾ ਸਾਹਿਬ ਵਿਚ ਚਲਦੇ ਸਕੂਲ ਵਿਚ ਕਦੇ ਪੜ੍ਹਦੇ ਵੀ ਰਹੇ ਹਨ।
ਮੌਜੂਦਾ ਹਾਲਾਤ ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰਿਆਂ ਦੀਆਂ ਜਮੀਨਾਂ ਓਕਾਫ ਦੇ ਅਧੀਨ ਆ ਗਈਆਂ ਹਨ। ਸਰਕਾਰੀ ਮਹਿਕਮਾ ਹੋਣ ਕਾਰਨ ਬਹੁਤ ਗੁਰਦੁਆਰਿਆਂ ਵਿਚ ਸਕੂਲ ਚਲਾ ਦਿਤੇ ਗਏ ਹਨ। ਏਦਾਂ ਹੀ ਪਿੰਡ ਝੱਲੀਆਂ ਦੇ ਗੁਰਦੁਆਰਾ ਸਾਹਿਬ ਨਾਲ ਹੋਇਆ। ਮੌਜੂਦਾ ਸਮੇਂ ਸਕੂਲ ਚਲ ਰਿਹਾ ਪ੍ਰੰਤੂ ਪੁਰਾਤਨ ਇਮਾਰਤ ਜੋ ਗੁਰਦੁਆਰਾ ਸਾਹਿਬ ਦੀ ਨਿਸ਼ਾਨੀ ਸੀ ਉਹ ਢਾਹ ਦਿਤੀ ਗਈ ਹੈ। ਜਿਸ ਜਗ੍ਹਾ ਗੁਰੂ ਸਾਹਿਬ ਨੇ ਆਸਣ ਲਗਾਇਆ ਸੀ ਅਤੇ ਪ੍ਰਕਾਸ਼ ਹੁੰਦਾ ਸੀ ਉਥੇ ਇਕ ਫਰਜੀ ‘ਝੰਡੇ ਸ਼ਾਹ’ ਦੀ ਕਬਰ ਬਣਾ ਦਿਤੀ ਗਈ।
ਭਾਈ ਨਿਸ਼ਾਨ ਸਿੰਘ ਆਸਟਰੇਲੀਆ ਨਾਲ ਗਲਬਾਤ ਕਰਦਿਆਂ ਸਥਾਨਕ ਜੱਦੀ ਮੁਸਲਮਾਨ ਨਿਵਾਸੀਆਂ ਨੇ ਦਸਿਆ ਕਿ ਪਹਿਲਾਂ ਇਥੇ ਦਰਬਾਰ(ਗੁਰਦੁਆਰਾ ਸਾਹਿਬ) ਸੀ। ਬਾਅਦ ਵਿਚ ਸਾਡੇ ਵੇਖਦਿਆਂ-ਵੇਖਦਿਆਂ ਇਕ ਫੌਜੀ ਸੀ ਜੋ ਮੁਹਾਜਿਰ ਹੋਕੇ ਜਦ ਸਾਡੇ ਪਿੰਡ ਆਇਆ ਤਾਂ ਇਥੇ ਹੀ ਰਹਿੰਦਾ ਸੀ, ਨੇ ਹੌਲੀ ਹੌਲੀ ਇਥੇ ਇਕ ਕਬਰ ਬਣਾ ਦਿਤੀ ਅਤੇ ਉਸਦਾ ਨਾਂ ਝੰਡੇ ਸ਼ਾਹ ਰਖਕੇ ਮੇਲਾ ਲਾਉਣਾ ਸ਼ੁਰੂ ਕਰ ਦਿੱਤਾ। ਇਕਬਾਲ ਕੇਸਰ ਹੁਰਾਂ (੨੦੦੦ਈ.) ਉਸ ਵੇਲੇ ਇਸ ਪਾਵਨ ਦਰਬਾਰ ਅੰਦਰ ਅੰਬਾਲੇ ਜਿਲ੍ਹੇ ਦਾ ਇੱਕ ਮੁਹਾਜਿਰ ਘਰਾਣਾ ਵਸਿਆ ਹੋਇਆ। ਜੋ ਉਪਰੋਕਤ ਫੌਜੀ ਦਾ ਪਰਿਵਾਰ ਹੋਵੇਗਾ।
ਗਿਆਨੀ ਠਾਕੁਰ ਸਿੰਘ ਨੇ ੧੯੩੦ ਦੇ ਲਗਭਗ ਇਸ ਅਸਥਾਨ ਬਾਰੇ ਇਸ ਤਰ੍ਹਾਂ ਲਿਖਿਆ ਹੈ – ਗੁਰਦੁਆਰਾ ਝੱਲੀ ਸਾਹਿਬ- “ਗੁਰੂ ਕੇ ਮਾਂਗਟ ਤੋਂ ਟੁਰ ਕੇ ਮਹਾਰਾਜ ਝੱਲੀ ਪਿੰਡ ਆਏ । ਇਹ ਨਗਰ ਲਾਹੌਰੋਂ ਗਿਆਰ੍ਹਾਂ ਕੋਹ ਹੈ। ਏਥੇ ਮਹਾਰਾਜ ਘੋੜੇ ਪਰ ਸਵਾਰ ਹੋ ਥੋੜ੍ਹੀ ਦੇਰ ਹੀ ਠਹਿਰੇ। ਪੁਜਾਰੀ ਸਿੱਖ ਹਨ।
ਮਹਾਨ ਕੋਸ਼– ਪਿੰਡ ਝੱਲੀ ”ਲਹੌਰ ਤੋਂ ੧੧ ਕੋਹ ਚੜ੍ਹਦੇ ਵੱਲ ਇੱਕ ਪਿੰਡ, ਗੁਰੂ ਹਰਿਗੋਬਿੰਦ ਸਾਹਿਬ ਮਾਂਗਟ ਤੋਂ ਅਮ੍ਰਿਤਸਰ ਜੀ ਨੂੰ ਆਉਂਦੇ ਹੋਏ ਇਸ ਥਾਂ ਵਿਰਾਜੇ ਹਨ।”
ਪੰਡਤ ਤਾਰਾ ਸਿੰਘ ਨਰੋਤਮ (੧੮੭੫)- “ਝੱਲੀ ਗ੍ਰਾਮ – ਲਾਹੌਰ ਸੇ ਯਾਰਾਂ ਕੋਸ ਪੂਰਬ ੧, ਗੁਰਦੁਆਰਾ ੨, ਸਿਖ, ੩- ਈਹਾਂ ਮਾਂਗਟ ਸੇ ਚਲ ਥੋਹੜੀ ਦੇਰ ਠਹਿਰੇ।”
ਗਿਆਨੀ ਗਿਆਨ ਸਿੰਘ – ਝਲੀ ਪਿੰਡ ਮਾਂਗਟ ਤੋਂ ਦੋ ਕੋਹ ਏਥੇ ਸ਼ੇਰ ਦਾ ਸ਼ਿਕਾਰ ਖੇਡ ਕੇ ਠਹਿਰੇ ਸੰਗਤ ਨੂੰ ਉਪਦੇਸ਼ ਦ੍ਰਿੜਾ ਕਰ ਨਿਹਾਲ ਕੀਤਾ ਸਦਾ ਸੌ ਦੀ ਜਾਗੀਰ ਹੋਰ ਚੜ੍ਹਤ ਦੀ ਆਮਦਨੀ ਹੈ।
Near Me