ਗੁਰਦੁਆਰਾ ਛੇਵੀਂ ਪਾਤਸ਼ਾਹੀ,  ਚੁਮਾਲ੍ਹਾ, ਭਾਟੀ ਦਰਵਾਜ਼ਾ, ਲਾਹੌਰ   Gurudwara Chowmala Sahib, Bhati Darwaza Lahore

ਗੁਰਦੁਆਰਾ ਛੇਵੀਂ ਪਾਤਸ਼ਾਹੀ,  ਚੁਮਾਲ੍ਹਾ, ਭਾਟੀ ਦਰਵਾਜ਼ਾ, ਲਾਹੌਰ Gurudwara Chowmala Sahib, Bhati Darwaza Lahore

Average Reviews

Description

ਇਹ ਗੁਰਦੁਆਰਾ ਸਾਹਿਬ ਲਾਹੌਰ ਦੇ ਭਾਟੀ ਦਰਵਾਜ਼ੇ ਦੇ ਅੰਦਰ ਮਹੱਲਾ ਚੁਮਾਲ੍ਹਾ ਵਿਖੇ ਹੈ। ਲਾਹੌਰ ਦੀਆਂ ਪ੍ਰੇਮੀ ਸੰਗਤਾਂ ਨੇ ਸਤਿਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿਖੇ ਅੰਮ੍ਰਿਤਸਰ ਹਾਜ਼ਰ ਹੋ ਕੇ ਨਿਮਰਤਾ ਸਹਿਤ ਬੇਨਤੀ ਕੀਤੀ, ਸਚੇ ਪਾਤਸ਼ਾਹ! ਕਦੀ ਲਾਹੌਰ ਦੀਆਂ ਸੰਗਤਾਂ ਨੂੰ ਵੀ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰੋ। ਸਤਿਗੁਰੂ ਜੀ ਸੰਗਤਾਂ ਦੀ ਇਹ ਬੇਨਤੀ ਪਰਵਾਨ ਕਰਕੇ ਸੰਮਤ ੧੬੫੬ ਬਿ: ਵਿਚ ਲਾਹੌਰ ਆਏ ਅਤੇ ਆਪਣੇ ਪ੍ਰੇਮੀ ਸਿਖ ਭਾਈ ਜੀਵਨ ਜੀ ਰਾਮਗੜ੍ਹੀਏ ਦੇ ਘਰ ਨਿਵਾਸ ਕੀਤਾ, ਤਿੰਨ-ਚਾਰ ਦਿਨ ਆਪ ਨੇ ਪਵਿਤਰ ਦਰਸ਼ਨ ਦੇਕੇ ਅਤੇ ਅੰਮ੍ਰਿਤ ਬਚਨਾਂ ਦ੍ਵਾਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਅੰਦਰ ਜਿੱਥੇ ਲਾਹੌਰ ਦੀਆਂ ਬੇਅੰਤ ਸੰਗਤਾਂ ਦਰਸ਼ਨਾਂ ਲਈ ਆਈਆਂ, ਉਥੇ ਉਸ ਸਮੇਂ ਦੇ ਪ੍ਰਸਿੱਧ ਮਹਾਂ ਪੁਰਸ਼ ਛੱਜੂ ਭਗਤ, ਪੀਲੋ, ਭੈਰੋਂ ਨਾਥ, ਸ਼ੋਭਾ ਗਿਰ ਤੇ ਸਾਂਈ ਸ਼ਾਹ ਹੁਸੈਨ ਆਦਿ ਰੱਬ ਦੇ ਪਿਆਰੇ ਅਤੇ ਸਤ ਮਾਰਗ ਦੇ ਖੋਜੀ ਭੀ ਆਉਂਦੇ ਤੇ ਧਰਮ ਵਿਚਾਰ, ਹਰੀ ਸਿਮਰਨ ਦੀ ਵਿਧੀ ਅਤੇ ਪ੍ਰੇਮ ਪ੍ਰਚਾਰ ਪੁਰ ਵਿਚਾਰਾਂ ਕਰਦੇ ਰਹੇ। ਹਰ ਸਮੇਂ ਅਜਿਹਾ ਵਾਰਤਾਲਾਪ ਤੇ ਸਤਿਸੰਗ ਜਾਰੀ ਰਹਿੰਦਾ ਰਿਹਾ। ਸਤਿਗੁਰੂ ਜੀ ਦੇ ਵਿਦਾ ਹੋਣ ਪੁਰ ਭਾਈ ਜੀਵਨ ਜੀ ਨੇ ਸਤਿਗੁਰੂ ਜੀ ਦੇ ਆਗਮਨ ਦੀ ਯਾਦ ਵਿਚ ਆਪਣੇ ਮਕਾਨ ਦਾ ਗੁਰਦੁਆਰਾ ਬਣਾ ਦਿਤਾ।
ਭਾਈ ਬਿਧੀ ਚੰਦ

ਏਥੇ ਗੁਰਦੁਆਰਾ ਚੁਮਾਲ੍ਹੇ ਸਾਹਿਬ ਵਿਚ ਹੀ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਜਦ ਕਿਲ੍ਹੇ ਵਿਚੋਂ ਘੋੜੇ ਲੈਣ ਆਏ ਤਾਂ ਭਾਈ ਜੀਵਣ ਦੇ ਪਾਸ ਹੀ ਰਹਿੰਦੇ ਰਹੇ ਸਨ, ਪਹਿਲਾਂ ਘਾਹੀ ਬਣਕੇ ਘੋੜਾ ਲੈ ਜਾਣਾ ਤੇ ਫਿਰ ਨਜੂਮੀ ਬਣਕੇ ਦੂਸਰਾ ਘੋੜਾ ਲੈ ਜਾਣਾ। ਆਪ ਸਾਰੀ ਤਿਆਰੀ ਭਾਈ ਜੀਵਣ ਜੀ ਪਾਸ ਹੀ ਰਹਿਕੇ ਕਰਿਆ ਕਰਦੇ ਸਨ ਅਤੇ ਜਿਸ ਚੀਜ਼ ਦੀ ਲੋੜ ਹੁੰਦੀ ਸੀ, ਉਹ ਭੀ ਭਾਈ ਜੀਵਣ ਜੀ ਹੀ ਪੂਰੀ ਕਰ ਦੇਂਦੇ ਸਨ।

ਉਪ੍ਰੰਤ ਸਤਿਗੁਰੂ ਜੀ ਦੇ ਇਸ ਯਾਦਗਾਰੀ ਅਸਥਾਨ ਵਿਖੇ ਸਿਖ ਸੰਗਤਾਂ ਦੇ ਜੋੜ ਮੇਲੇ ਹੋਣ ਲਗ ਪਏ, ਕੁਝ ਕਾਲ ਪਿਛੋਂ ਸੰਗਤਾਂ ਨੇ ਇਸ ਅਸਥਾਨ ਦੀ ਸੇਵਾ ਪੁਰਾਣੇ ਮਹੰਤਾਂ ਦੇ ਸਪੁਰਦ ਕਰ ਦਿੱਤੀ ਜੋ ਸੰਗਤਾਂ ਦੀ ਇੱਛਾ ਅਨੁਸਾਰ ਪ੍ਰੇਮ ਭਾਵ ਨਾਲ ਬਹੁਤ ਚੰਗੀ ਤਰ੍ਹਾਂ ਨਿਭਾਉਂਦੇ ਰਹੇ ਅਤੇ ਸੰਗਤਾਂ ਉਨਾਂ ਦੇ ਪ੍ਰਸ਼ਾਦਿ ਅਤੇ ਬਸਤਰ ਆਦਿ ਦੇ ਨਿਰਬਾਹ ਲਈ ਮਾਇਆ ਤੇ ਰਸਦਾਂ ਦਿੰਦੀਆਂ ਰਹੀਆਂ।

ਬੀਬੀ ਰਜੋ ਤੇ ਬੀਬੀ ਧਰਮੋ 

ਭਾਈ ਧੰਨਾ ਸਿੰਘ ਚਹਿਲ ਇਕਮਸ ਅਸਥਾਨ ਦੀ ਇਕ ਹੋਰ ਪ੍ਰਚਲਿਤ ਸਾਖੀ ਦਸਦੀ ਹਨ ਕਿ ਛੇਵੇਂ ਪਿਤਾ ਜੀ ਜਦ ਇਸ ਜਗ੍ਹਾ ਆਏ ਤਾਂ ਬੀਬੀ ਰਜੋ ਅਤੇ ਧਰਮੋਂ, ਜੋ ਬਾਲ ਅਵਸਥਾ ਵਿਚ ਵਿਧਵਾ ਹੋ ਗਈਆਂ ਸਨ, ਇਨ੍ਹਾਂ ਬੀਬੀਆਂ ਨੂੰ ਉਪਦੇਸ਼ ਦੇ ਕੇ ਯੋਗ ਧਾਰਨ ਕਰਾਇਆ ਸੀ। ਉਹ ਬੀਬੀਆਂ ਅਜਿਹੀਆਂ ਨਾਮ ਦੀ ਰੰਗਣ ਵਿਚ ਰੰਗੀਆਂ ਗਈਆਂ ਕਿ ਇਕ ਮੰਦਰ ਵਿੱਚ, ਜਿਥੇ ਉਹ ਤਪ ਕਰਦੀਆਂ ਸਨ, ਉਸ ਭੋਰੇ ਵਿਚੋਂ ਬਾਹਰ ਹੀ ਨਾ ਨਿਕਲੀਆਂ ਅਤੇ ਅੰਦਰ ਹੀ ਸਮਾਂ ਗਈਆਂ। ਸੋ ਏਹ ਭੋਰਾ ਭਾਈਆਂ ਦੇ ਮੈਦਾਨ ਖਜੂਰ ਗਲੀ ਦੇ ਪਾਸ ਰਾਜੋ, ਧਰਮ ਦੀ ਗਲੀ ਵਿੱਚ ਬੜਾ ਪ੍ਰਸਿੱਧ ਮੰਦਰ ਹੈ। ਜਿਸ ਮੌਕੇ ਛੇਵੇਂ ਪਿਤਾ ਜੀ ਆਏ ਸਨ ਤਾਂ ਇਸ ਜਗ੍ਹਾ ਜੰਗਲ ਹੁੰਦਾ ਸੀ।

ਇਮਾਰਤ ਅਤੇ ਸੇਵਾ ਸੰਭਾਲ

੧੯੧੫ ਈ : ਵਿਚ ਇਸ ਅਸਥਾਨ ਦੇ ਸੇਵਕ ਭਾਈ ਤੇਜਾ ਸਿੰਘ ਜੀ ਨੇ ਸੰਗਤਾਂ ਪਾਸ ਅਪੀਲ ਕੀਤੀ ਕਿ ਦੀਵਾਨ ਦੀ ਇਕੱਤਤਾ ਲਈ ਚੰਗੇ ਖੁਲੇ ਹਾਲ ਦੀ ਜ਼ਰੂਰਤ ਹੈ, ਇਸ ਪੁਰ ਗੁਰਸਿਖਾਂ ਨੇ ਖੁਲ੍ਹੇ ਗੱਫੇ ਅਰਦਾਸ ਕਰਾਏ ਅਤੇ ਪ੍ਰਕਾਸ਼ ਅਸਥਾਨ ਲਈ ਨਵਾਂ ਹਾਲ ਤਿਆਰ ਕੀਤਾ ਗਿਆ। ਭਾਈ ਤੇਜਾ ਸਿੰਘ ਜੀ ਦੇ ਪਿਛੋਂ ਭਾਈ ਹਰੀ ਸਿੰਘ ਨੇ ਸੇਵਾ ਸੰਭਾਲੀ। ਪਰ ਉਹ ਨੌਜਵਾਨ ਛੋਟੀ ਉਮਰ ਅਤੇ ਨਾ-ਤਜਰਬਾਕਾਰੀ ਕਰਕੇ ਸੰਗਤਾਂ ਦਾ ਪ੍ਰੇਮ ਪ੍ਰਾਪਤ ਨਾ ਕਰ ਸਕਿਆ, ਸੇਵਾਦਾਰੀ ਦੇ ਭਾਵ ਨੂੰ ਤਿਆਗ ਕੇ ਮਲਕੀਅਤੀ ਦਾਵਾ ਕਰਨ ਲਗ ਪਿਆ, ਅਰ ਗੁਰਦੁਆਰੇ ਦੇ ਅੰਦਰ ਹੀ ਮੁੰਡਨ ਸੰਸਕਾਰ ਆਦਿ ਮਨਮਤਾਂ ਕਰਾਉਣ ਲਗ ਪਿਆ, ਇਸ ਪਰ ਸੰਗਤਾਂ ਦਾ ਰੋਸ ਵਧਣਾ ਸ਼ੁਰੂ ਹੋ ਗਿਆ। ਸੰਗਤਾਂ ਨੇ ਗੁਰਸਿਖੀ ਦੇ ਪ੍ਰਚਾਰ ਕਰਨ ਲਈ ‘ਗੁਰਮਤਿ ਪ੍ਰਚਾਰਕ ਜਥਾ’ ਕਾਇਮ ਕੀਤਾ। ਇਸ ਜਥੇ ਨੇ ਇਸ ਗੁਰਦੁਆਰੇ ਵਿਚ ਦੀਵਾਨ ਕਰਨ ਲਈ ਇਸ਼ਤਿਹਾਰ ਛਾਪਿਆ ਜਿਸ ਨੂੰ ਦੇਖਕੇ ਉਸ ਸਮੇਂ ਦਾ ਮਹੰਤ ਹਰੀ ਸਿੰਘ ਗੁਸੇ ਵਿਚ ਆ ਗਿਆ ਤੇ ਆਖਣ ਲਗਾ ਕਿ ਮੈਂ ਗੁਰਦੁਆਰੇ ਦੇ ਅੰਦਰ ਦੀਵਾਨ ਨਹੀਂ ਕਰਨ ਦਿਆਂਗਾ। ਜਦ ਦੀਵਾਨ ਦਾ ਵਕਤ ਹੋਇਆ ਤਾਂ ਮਹੰਤ ਆਪਣੇ ਕਿਰਾਏਦਾਰਾਂ ਨੂੰ ਨਾਲ ਲੈਕੇ ਗੁਰਦੁਆਰੇ ਦਾ ਬੂਹਾ ਰੋਕ ਖਲੋਤਾ, ਜਿਸ ਨਾਲ ਸੰਗਤਾਂ ਵਿਚ ਰੋਸ ਫੈਲ ਗਿਆ ਕਿਉਂਜੁ ਉਹ ਗੁਰਦੁਆਰੇ ਅੰਦਰ ਦਾਖ਼ਲ ਹੋਣ ਵਿਚ ਰੁਕਾਵਟ ਪਾਉਣ ਨੂੰ ਧਰਮ ਵਿਰੁੱਧ ਸਮਝਦੀਆਂ ਸਨ, ਉਨ੍ਹਾਂ ਇਸ ਰੁਕਾਵਟ ਨੂੰ ਤੋੜਕੇ ਅੰਦਰ ਜਾ ਦੀਵਾਨ ਲਗਾਇਆ। ਮਹੰਤ ਸਾਹਿਬ ਇਸ ਪਰ ਬੜੇ ਕਰੋਧਵਾਨ ਹੋਏ ਅਰ ਲਗੇ ਹੋਏ ਦੀਵਾਨ ਵਿਚ ਵਿਘਨ ਪਾਉਣ ਦਾ ਯਤਨ ਕਰਨ ਲਗੇ। ਸੰਗਤਾਂ ਨੇ ਉਸ ਨੂੰ ਪ੍ਰੇਮ ਨਾਲ ਬਹੁਤ ਸਮਝਾਇਆ ਪਰ ਉਹ ਨਾ ਸਮਝ ਸਕਿਆ, ਸਗੋਂ ਗੁੱਸੇ ਨਾਲ ਲਾਲ ਪੀਲਾ ਹੋਕੇ ਦੀਵਾਨ ਵਿਚ ਆਇਆ ਤੇ ਰਾਗੀ ਸਿੰਘਾਂ ਦੀ ਜੋੜੀ ਬਾਹਰ ਸੂਟ ਪਾਈ, ਵਾਜਾ ਤੋੜ ਦਿਤਾ। ਇਸ ਤੋਂ ਸੰਗਤਾਂ ਵਿਚ ਬਹੁਤ ਰੋਸ ਫੈਲਿਆ ਪਰ ਪ੍ਰਬੰਧਕਾਂ ਦੀ ਦੂਰ ਦ੍ਰਿਸ਼ਟੀ ਕਰਕੇ ਕੋਈ ਭੜਕਾਊ ਕਾਰਵਾਈ ਨਹੀਂ ਹੋਈ। ਕੇਵਲ ਮਹੰਤ ਦੇ ਖ਼ਿਲਾਫ ਮਤਾ ਪਾਸ ਕਰਕੇ ਰੋਜ਼ਾਨਾ ਦੀਵਾਨ ਲਗਾਉਣੇ ਸ਼ੁਰੂ ਕਰ ਦਿਤੇ। ਉਨ੍ਹਾਂ ਦਿਨਾਂ ਵਿਚ ਹੀ (ਅਰਥਾਤ ਸੰ : ੧੯੨੧ ਈ: )ਲਾਹੌਰ ਬ੍ਰੈਡਲਾ ਹਾਲ ਵਿਚ ਸਿਖ ਲੀਗ ਦਾ ਸਮਾਗਮ ਹੋ ਰਿਹਾ ਸੀ। ਜਦ ਸੰਗਤਾਂ ਵਿਚ ਇਸ ਗੁਰਦੁਆਰੇ ਦੇ ਮਹੰਤ ਦੀ ਹੈਂਕੜਬਾਜ਼ੀ ਦਾ ਇਹ ਹਾਲ ਪਹੁੰਚਾ ਤਾਂ ਉਹ ਬਹੁਤ ਸਾਰੀ ਗਿਣਤੀ ਵਿਚ ਗੁਰਦੁਆਰੇ ਪਹੁੰਚੀਆਂ। ਦੀਵਾਨ ਸਜ ਗਿਆ ਅਤੇ ਮਹੰਤ ਦੀਆਂ ਵਧੀਕੀਆਂ ਦੀ ਚਰਚਾ ਹੋਈ, ਜਿਸ ਨੂੰ ਸੁਣ ਕੇ ਸੰਗਤਾਂ ਵਿਚ ਮਹੰਤ ਵਿਰੁੱਧ ਬੜਾ ਰੋਸ ਫੈਲਿਆ ਤੇ ਸਰਬ ਸੰਮਤੀ ਨਾਲ ਮਹੰਤ ਨੂੰ ਸੇਵਾ ਤੋਂ ਹਟਾਉਣ ਤੇ ਪ੍ਰਬੰਧ ਆਪਣੇ ਹਥ ਵਿਚ ਲੈਣ ਦਾ ਮਤਾ ਪਾਸ ਕੀਤਾ ਗਿਆ ਜਿਸ ਪਰ ਉਸੇ ਵੇਲੇ ਅਮਲ ਕੀਤਾ ਗਿਆ। ਅਰਥਾਤ ਮਹੰਤ ਨੂੰ ਗੁਰਦੁਆਰੇ ਵਿਚੋਂ ਕਢ ਦਿਤਾ ਗਿਆ ਤੇ ਆਪਣਾ ਗ੍ਰੰਥੀ ਸੇਵਾ ਪੁਰ ਲਗਾ ਕੇ ਪ੍ਰਬੰਧ ਸੰਭਾਲ ਲਿਆ। ਇਸ ਪੁਰ ਮਹੰਤ ਨੇ ਮੁਕਦਮਾ ਕਰ ਦਿਤਾ, ਸੋ ਸ: ਗੁਰਬਖਸ਼ ਸਿੰਘ ਬੀ . ਏ . (ਬਾਅਦ ਵਿਚ ਸੈਕਟਰੀ ਸ : ਬਲਦੇਵ ਸਿੰਘ ਡੀਫੈਂਸ ਮਨਿਸਟਰ), ਸ : ਗੁਰਦਿਤ ਸਿੰਘ ਪਥਰਾਂ ਵਾਲੇ, ਨਵੇਂ ਗ੍ਰੰਥੀ ਭਾਈ ਪ੍ਰੇਮ ਸਿੰਘ ਆਦਿ ਪਤਵੰਤੇ ਸਜਣਾਂ ਨੂੰ ਗ੍ਰਿਫਤਾਰ ਕਰਕੇ ਬੋਰਸਟਲ ਜੇਲ੍ਹ ਵਿਚ ਪਹੁੰਚਾ ਦਿਤਾ ਗਿਆ। ਓਦੋਂ ਗਿ: ਖਜ਼ਾਨ ਸਿੰਘ, ਸ: ਉਜਾਗਰ ਸਿੰਘ ਵਕੀਲ ਅਤੇ ਸ : ਲਾਲ ਸਿੰਘ ਜੀ ਚੋਬ – ਫਰੋਸ਼ ਸਹਿਤ ਗੁਰਦੁਆਰਾ ਮਾਣਕ ਜ਼ਿਲਾ ਲਾਹੌਰ ਦੇ ਸਿਲਸਿਲੇ ਵਿਚ ਗ੍ਰਿਫਤਾਰ ਹੋਕੇ ਪਹਿਲਾਂ ਹੀ ਜੇਲ੍ਹ ਪੁਜੇ ਹੋਏ ਸਨ, ਹੋਰ ਕਈ ਧਾਰਮਿਕ ਮੁਕਦਮਿਆਂ ਦੇ ਸਿੰਘ ਭੀ ਜੇਲ੍ਹ ਵਿਚ ਸਨ, ਜਿਸ ਕਰਕੇ ਅੰਦਰ ਇਕ ਤਕੜਾ ਸਤਿਸੰਗ ਬਣ ਗਿਆ। ਅੰਤ ਗੁਰਦੁਆਰਿਆਂ ਦੇ ਫੈਸਲੇ ਪੰਥ ਦੇ ਹਕ ਵਿਚ ਹੋ ਗਏ ਤੇ ਇਹ ਸਾਰੇ ਸੇਵਕ ਰਿਹਾ ਹੋਕੇ ਬਾਹਰ ਆ ਗਏ। ਉਕਤ ਗੁਰਦੁਆਰੇ ਦੇ ਪ੍ਰਬੰਧ ਲਈ ਕਮੇਟੀ ਬਣਾਈ ਗਈ। ਸ : ਗੁਰਦਿਤ ਸਿੰਘ ਪਥਰਾਂ ਵਾਲਿਆਂ ਨੂੰ ਇਸ ਦਾ ਮੈਨੇਜਰ ਬਣਾਇਆ ਗਿਆ। ਪ੍ਰਕਾਸ਼ ਅਸਥਾਨ ਵਿਚ ਸ: ਗੁਰਸ਼ਰਣ ਸਿੰਘ ਨੇ ਆਪਣੇ ਪਿਤਾ ਜੀ ਦੀ ਯਾਦਗਾਰ ਵਿਚ ਸੰਗਮਰਮਰ ਦਾ ਥੜ੍ਹਾ ਬਣਵਾਇਆ। ਇਸ ਗੁਰਦੁਆਰੇ ਦੇ ਪੱਕੇ ਨਿਤਨੇਮੀ ਸ: ਪ੍ਰਤਾਪ ਸਿੰਘ ਜੀ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਰੋਜ਼ਾਨਾ ਪ੍ਰਬੰਧ ਕੀਤਾ। ਉਪਰ ਸੁੰਦਰ ਪਾਲਕੀ ਬਣਵਾਈ ਤੇ ਮਹਾਰਾਜ ਦੇ ਯਾਦਗਾਰੀ ਥੜੇ ਨੂੰ ਸੰਗਮਰਮਰ ਦਾ ਬਣਵਾਇਆ। ੧੯੨੭ ਵਿਚ ਇਸ ਦਾ ਪ੍ਰਬੰਧ ਐਕਟ ਅਨੁਸਾਰ ਬਣੀ ਕਮੇਟੀ ਦੇ ਸਪੁਰਦ ਹੋਇਆ।
੧੯੪੭ ਦਾ ਘੱਲੂਘਾਰਾ

੧੩ ਅਗਸਤ ੧੯੪੭ ਨੂੰ ਪਾਕਸਤਾਨੀਆਂ ਨੇ ਇਸ ਗੁਰਦੁਆਰਾ ਸਾਹਿਬ ‘ਤੇ ਹੱਲਾ ਬੋਲ ਦਿਤਾ। ਇਸ ਦੇ ਆਸ ਪਾਸ ਤੇ ਨਜ਼ਦੀਕ ਦੀਆਂ ਗਲੀਆਂ ਵਿਚ ਰਹਿਣ ਵਾਲੇ ਸਿੰਘ ਪਹਿਲਾਂ ਹੀ ਚਲੇ ਗਏ ਸਨ। ਗੁਰਦੁਆਰੇ ਦੇ ਪਾਸ ਸ : ਹਜ਼ਾਰਾ ਸਿੰਘ ਜੀ ਵਕੀਲ ਰਹਿੰਦੇ ਉਨ੍ਹਾਂ ਨੂੰ ਉਸੇ ਦਿਨ ਜਖਮੀ ਕਰ ਦਿਤਾ ਗਿਆ। ਅੰਦਰ ਜੋ ਸਿੰਘ ਸਨ ਉਹ ਕ੍ਰਿਪਾਨਾਂ ਲੈਕੇ ਬਾਹਰ ਨਿਕਲੇ ਤੇ ਧਾੜ ਨੂੰ ਵੰਗਾਰਿਆ, ਪਰ ਐਡੀਸ਼ਨਲ ਪੁਲਿਸ ਨੇ ਫਾਇਰ ਕਰਕੇ ਸਿੰਘ ਸ਼ਹੀਦ ਕਰ ਦਿਤੇ।
ਭਾਈ ਧੰਨਾ ਸਿੰਘ ਚਹਿਲ ੧੯੩੨ ਈ. ਵਿਚ ਜਾਣਕਾਰੀ ਦਿੰਦੇ ਹੋਏ ਦਸਦੇ ਹਨ ਕਿ ਇਸ ਗੁਰਦਵਾਰੇ ਦੀਆਂ ੯ ਦੁਕਾਨਾਂ ਹੈ ਤੇ ਇੱਕ ਮਕਾਨ ਹੈ ਜਿਸ ਵਿੱਚ ਆਟਾ ਪੀਹਣੇ ਦੀ ਚੱਕੀ ਲੱਗੀ ਹੋਈ ਹੈ। ਇਨ੍ਹਾਂ ਦੁਕਾਨਾਂ ਦਾ ਤੇ ਮਕਾਨ ਚੱਕੀ ਵਾਲੇ ਦਾ ਮਾਹਵਾਰ ੮੦ ਰੁਪਏ ਕਿਰਾਇਆ ਆਉਂਦਾ ਹੈ। ਜੋ ਮਹੰਤ ਹਰੀ ਸਿੰਘ ਜੀ ਦੇ ਕਬਜ਼ੇ ਵਿੱਚ ਹੈ। ਗੁਰਦਵਾਰਾ ਖਾਲਸੇ ਨੂੰ ਮਿਲ ਗਿਆ ਹੈ ਤੇ ਮਕਾਨ ਤੇ ਦੁਕਾਨਾਂ ਮਹੰਤਾਂ ਨੂੰ ਮਿਲ ਗਈਆਂ। ਅੱਛੇ ਗੁਨੇ ਪਏ ਹੈ। ਗੁਰਦਵਾਰੇ ਨੂੰ ਕੋਈ ਆਮਦਨ ਨਹੀਂ ਹੈ। ਤੇ ਗੁਰਦਵਾਰੇ ਦੀ ਜਗ੍ਹਾ ਬਹੁਤ ਹੈ ਪਰ ਸਾਫ ਹੀ ਜ਼ਮੀਨ ਪਈ ਹੈ। ਕੁਛ ੪-੫ ਕੋਠੜੀਆਂ ਹੋਣਗੀਆਂ ਜੋ ਕਿ ਦੋ ਦੋ ਜਾਂ ੪-੪ ਰੁਪਏ ਮਹੀਨੇ ‘ਤੇ ਚੜ੍ਹੀਆਂ ਰਹਿੰਦੀਆਂ ਹੈ। ਬਸ ਏਹੀ ਆਮਦਨ ਹੈ । ਹੋਰ ਕੁਛ ਨਹੀਂ ਹੈ ਤੇ ਗ੍ਰੰਥੀ ਭਾਈ ਪ੍ਰੇਮ ਸਿੰਘ ਹੈ।

ਰੁਖ ਗੁਰੂ ਸਾਹਿਬ ਦੇ ਸਮੇਂ ਇਕ ਬੇਰੀ ਦਾ ਰੁਖ ਸੀ ਜਿਸ ਨਾਲ ਮਹਾਰਾਜ ਨੇ ਆਪਣਾ ਘੋੜਾ ਬੰਨ੍ਹਿਆ ਸੀ। 24 ਮਾਰਚ 1931 ਨੂੰ ਜਦ ਭਾਈ ਧੰਨਾ ਸਿੰਘ ਸਾਇਕਲ ਯਾਤਰੀ ਇਸ ਜਗ੍ਹਾ ਆਏ ਤਾਂ ਬੇਰੀ ਮੌਜੂਦ ਸੀ ਪ੍ਰੰਤੂ ਹੁਣ ਨਹੀਂ ਹੈ।

ਦਿਹਾੜਾ – ਹਰ ਬਸੰਤ ਪੰਚਮੀ ਨੂੰ ਵੱਡਾ ਦੀਵਾਨ ਸਜਦਾ ਸੀ।

ਮੌਜੂਦਾ ਹਲਾਤ ੧੯੪੭ ਤਕ ਇਸ ਅਸਥਾਨ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਪ੍ਰੰਤੂ ਹੁਣ ਨਹੀਂ ਹੈ। ਸਰਧਾਲੂਆਂ ਦੇ ਠਹਿਰਨੇ ਵਾਸਤੇ ਮਕਾਨ ਸਨ ਹੁਣ ਉਹ ਵੀ ਨਹੀਂ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਸਥਾਨਕ ਲੋਕਾਂ ਵਲੋਂ ਤਿੰ ਤਿੰਨ ਮੰਜਿਲੇ ਮਕਾਨ ਉਸਾਰ ਲਏ ਹਨ। ਇਸ ਸਮੇਂ ਗੁਰਦੁਆਰਾ ਸਾਹਿਬ ਦਾ ਇਸ ਜਗ੍ਹਾ ਤੋਂ ਨਿਸ਼ਾਨ ਮਿਟ ਚੁਕਾ ਹੈ।

ਭਗਤ ਪੂਰਨ ਸਿੰਘ ਪਿੰਗਲਵਾੜਾ ਦੀਆਂ ਯਾਦਾਂ ਵਿਚ ਗੁਰਦੁਆਰਾ ਚੁਮਾਲ੍ਹਾ ਸਾਹਿਬ
ਭਗਤ ਪੂਰਨ ਸਿੰਘ ਆਪਣੇ ਇਕ ਕਿਤਾਬਚੇ ਵਿਚ ਗੁਰਦੁਆਰਾ ਚੁਮਾਲ੍ਹਾ ਸਾਹਿਬ ਵਿਚ ਆਪਣੀਆਂ ਅਤੇ ਪਿਆਰੇ ਦੀਆਂ ਯਾਦਾਂ ਸਾਂਝਾਂ ਕਰਦੇ ਹੋਏ ਲਿਖਦੇ ਹਨ ਕਿ ਲੂਲ੍ਹੇ(ਪਿਆਰੇ) ਨੂੰ ਮੈਂ ਸੰਨ ੧੯੩੮ ਵਿੱਚ ਚੁੱਕਿਆ ਸੀ, ਜਦ ਉਸ ਦੀ ਉਮਰ ਸਾਢੇ ਚਾਰ ਸਾਲ ਦੀ ਸੀ ਤੇ ਮੇਰੀ ਉਮਰ ੩੦ ਸਾਲ ਦੀ ਸੀ। ਸੰਨ ੧੯੪੭ ਤਕ ਲੂਲੇ ਨੂੰ ਮੈਂ ਲਾਹੌਰ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਉੱਤੇ ੧੪ ਸਾਲ ਆਪਣੀ ਪਿੱਠ ’ਤੇ ਚੁੱਕੀ ਫਿਰਦਾ ਰਿਹਾ। ਕੁਝ ਮਹੀਨੇ ਮੈਂ ਗੁਰਦੁਆਰਾ ਚੁਮਾਲ੍ਹਾ ਸਾਹਿਬ ਵੀ ਰਿਹਾ ਸਾਂ ਜਿਹੜਾ ਮੋਹਨ ਲਾਲ ਰੋਡ ਦੇ ਨੇੜੇ ਪੈਂਦਾ ਸੀ ਤੇ ਅੱਧ ਮੀਲ ਦੀ ਵਿੱਥ ’ਤੇ ਸੀ।
ਗੁਰਦੁਆਰਾ ਡੇਹਰਾ ਸਾਹਿਬ ਤੋਂ ਅਸੀਂ ਚੁਮਾਹਲਾ ਸਾਹਿਬ ਚਲੇ ਗਏ ਜੋ ਸਵਾ ਕੁ ਮੀਲ ਦੀ ਦੂਰੀ ‘ ਤੇ ਸੀ। ਗੁਰਦੁਆਰਾ ਡੇਹਰਾ ਸਾਹਿਬ ਦੋਨੋਂ ਵੇਲੇ ਲੰਗਰ ਚੱਲਦਾ ਸੀ। ਮੈਂ ਅਤੇ ਲੂਲ੍ਹਾ ਪ੍ਰਸ਼ਾਦਾ ਛਕ ਲੈਂਦੇ ਸਾਂ। ਪਰ ਗੁਰਦੁਆਰਾ ਚੁਮਾਹਲਾ ਸਾਹਿਬ ਤਾਂ ਲੰਗਰ ਚੱਲਦਾ ਨਹੀਂ ਸੀ। ਇਸ ਲਈ ਮੈਂ ਤੇ ਲੂਲ੍ਹਾ ਪ੍ਰਸ਼ਾਦਾ ਕਿੱਥੋਂ ਛੱਕਦੇ? ਉੱਥੇ ਜਾ ਕੇ ਮੇਰੇ ਅੱਗੇ ਇਹ ਸਮੱਸਿਆ ਖੜ੍ਹੀ ਹੋਈ। ਚੁਮਾਹਲਾ ਸਾਹਿਬ ਤਾਂ ਬੈਠਣ ਉੱਠਣ ਲਈ ਵੀ ਕੋਈ ਚੰਗੀ ਥਾਂ ਨਹੀਂ ਸੀ । ਗੁਰਦੁਆਰਾ ਡੇਹਰਾ ਸਾਹਿਬ ਤਾਂ ਬੈਠਣ ਉੱਠਣ ਲਈ ਥਾਵਾਂ ਅਨੇਕ ਸਨ। ਚੁਮਾਹਲਾ ਸਾਹਿਬ ਤਾਂ ਕੋਈ ਡਿਓਢੀ ਤੇ ਬਰਾਂਡਾ ਵੀ ਨਹੀਂ ਸੀ ਕੇਵਲ ਟੀਨ ਦਾ ਇਕ ਛੱਤਣਾ ਸੀ ਜਿਹੜਾ ਸੰਗਤਾਂ ਦੇ ਜੋੜੇ ਰੱਖਣ ਲਈ ਬਣਿਆ ਹੋਇਆ ਸੀ। ਉੱਥੇ ਧੁੱਪ ਵੀ ਪੈਂਦੀ ਸੀ ਤੇ ਬਾਰਸ਼ ਵੀ। ਉੱਥੇ ਹੀ ਮੈਂ ਉੱਠ ਬੈਠ ਸਕਦਾ ਸਾਂ। ਉੱਥੇ ਹਰ ਵੇਲੇ ਚੋਰੀ ਦਾ ਖਤਰਾ ਸੀ ਕਿਉਂਕਿ ਨਾਲ ਇਸ਼ਨਾਨ ਦੀਆਂ ਟੂਟੀਆਂ ਸਨ ਤੇ ਸ਼ਹਿਰ ਦੇ ਲੋਕੀਂ ਸਾਰਾ ਦਿਨ ਆ ਕੇ ਨਹਾਉਂਦੇ ਸਨ। ਉੱਥੇ ਇਕੋ ਕਮਰਾ ਸੀ ਜਿੱਥੇ ਮੁਸਾਫ਼ਰ ਆ ਕੇ ਠਹਿਰ ਸਕਦੇ ਸਨ। ਉਸ ਕਮਰੇ ਵਿੱਚ ਪੰਜਾਂ ਛੇਆਂ ਮੰਜਿਆਂ ਦੀ ਥਾਂ ਸੀ ਪਰ ਮੈਨੂੰ ਉੱਥੇ ਰਾਤ ਨੂੰ ਸੌਣ ਦੀ ਆਗਿਆ ਨਹੀਂ ਸੀ। ਰਾਤ ਨੂੰ ਮੈਂ ਲੂਲ੍ਹੇ ਨੂੰ ਲੈ ਕੇ ਪੌੜੀਆਂ ਦੇ ਹੇਠਾਂ ਦੀ ਥਾਂ ‘ਤੇ ਸੌਂਦਾ ਸੀ। ਪੌੜੀ ਦੀ ਚੌੜਾਈ ਵਿੱਚ ਮੇਰੇ ਤੇ ਪਿਆਰੇ (ਲੂਲ੍ਹੇ) ਦੋਹਾਂ ਜੋਗੀ ਥਾਂ ਨਹੀਂ ਸੀ, ਇਕ ਜੋਗੀ ਸੀ। ਮੇਰੀਆਂ ਲੱਤਾਂ ਵੀ ਪੂਰੀਆਂ ਨਹੀਂ ਨਿੱਸਲਦੀਆਂ ਸਨ। ਥਾਂ ਦੇ ਇਕ ਪਾਸੇ ਦੇ ਖਾਲੀ ਹਿੱਸੇ ਨੂੰ ਅਸੀਂ ਰਜ਼ਾਈ ਦੀ ਕੰਧ ਬਣਾ ਕੇ ਕੱਜ ਕੇ ਸੌਂਇਆ ਕਰਦੇ ਸਾਂ।

ਸਟੀਕ ਜਗ੍ਹਾ – ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਹੁਣ ਅਲੋਪ ਹੋ ਚੁਕੀ ਹੈ। ਜਿਸ ਕਾਰਨ ਬਿਲਕੁਲ ਸਟੀਕ ਜਗ੍ਹਾ ਗੂਗਲ ਮੈਪ ‘ਤੇ ਨਹੀਂ ਮਿਲ ਸਕੀ। ਭਾਟੀ ਦਰਵਾਜ਼ੇ ਦੇ ਨਜਦੀਕ ਦੇ ਨੇੜਲੇ ਸਥਾਨ ਦਾ ਗੂਗਲ ਤੰਦ ਨੱਥੀ ਕੀਤਾ ਹੈ ਤਾਂ ਯਾਤਰੀ ਨੂੰ ਸਹੀ ਅਸਥਾਨ ਲਭਣ ਵਿਚ ਸੌਖ ਹੋ ਜਾਵੇ। ਅਗਰ ਕੋਈ ਸਜਣ ਇਸ ਅਸਥਾਨ ‘ਤੇ ਜਾਵੇ ਤਾਂ ਤਸਵੀਰਾਂ ਅਤੇ ਸਟੀਕ ਲੁਕੇਸ਼ਨ Gurudwarapedia@gmail.com ਨੂੰ ਜਰੂਰ ਭੇਜੇ। ਧੰਨਵਾਦੀ ਹੋਵਾਂਗੇ।

Photos