ਗੁਰਦੁਆਰਾ ਬੇਰੀ ਸਾਹਿਬ ਪਾਤਸ਼ਾਹੀ ਛੇਵੀਂ , ਖਰਕ , ਲਾਹੌਰ, ਲਹਿੰਦਾ ਪੰਜਾਬ        Gurudwara Beri Sahib, Patshahi chevi, village kharak, Lahore

ਗੁਰਦੁਆਰਾ ਬੇਰੀ ਸਾਹਿਬ ਪਾਤਸ਼ਾਹੀ ਛੇਵੀਂ , ਖਰਕ , ਲਾਹੌਰ, ਲਹਿੰਦਾ ਪੰਜਾਬ Gurudwara Beri Sahib, Patshahi chevi, village kharak, Lahore

Average Reviews

Description

ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਗੁਰਦੁਆਰਾ ਬੇਰੀ ਸਾਹਿਬ ਪਾਤਸ਼ਾਹੀ ਛੇਵੀਂ ਜਿਲ੍ਹਾ ਲਾਹੌਰ ਦੇ ਅੰਮ੍ਰਿਤਸਰ ਸਾਹਿਬ ਦੇ ਅਟਾਰੀ ਇਲਾਕੇ ਦੇ ਬਿਲਕੁਲ ਨਾਲ ਲੱਗਦੇ ਪਿੰਡ ਖਰਕ ਵਿੱਚ ਸ਼ਸ਼ੋਬਿਤ ਸੀ ਪਰ ਹੁਣ ਇਹ ਅਸਥਾਨ ਗੁਪਤ ਹੋ ਚੁੱਕਿਆ ਹੈ।

‘੪੭ ਦੀ ਵੰਡ ਵੇਲੇ ਇਹ ਪਿੰਡ ਚੜਦੇ ਤੇ ਲਹਿੰਦੇ ਪੰਜਾਬ ਦੀ ਹੱਦ ਤੇ ਆ ਗਿਆ ਤੇ ਇਸ ਪਿੰਡ ਦੀ ਤਕਦੀਰ ਹੀ ਬਦਲ ਗਈ । ਵੰਡ ਤੋਂ ਪਹਿਲਾਂ ਇਸ ਪਿੰਡ ਨੂੰ ਨੇੜਲਾ ਰੇਲਵੇ ਸਟੇਸ਼ਨ ਤੇ ਸ਼ਹਿਰ ਅਟਾਰੀ ਲੱਗਦਾ ਸੀ। ਅਟਾਰੀ  ਤੋਂ ਪੰਜ ਕਿਲੋਮੀਟਰ ਦੱਖਣ ਵੱਲ ਇਹ ਪਿੰਡ ਖਰਕ ਸਥਿਤ ਹੈ।

ਖਰਕ ਪਿੰਡ ਅਤੇ ਅੰਤਰ-ਰਸ਼ਟਰੀ ਸਰਹੱਦ ‘ਰੈਡਕਲਿਫ ਲਾਈਨ’ ਦੀ ਗੂਗਲ ਨਕਸ਼ੇ ਦੀ ਫੋਟੋ

ਛੇਵੇਂ ਪਾਤਸ਼ਾਹ ਹਜ਼ੂਰ ਪਢਾਣੇ ਤੋਂ ਹੁੰਦੇ ਹੋਏ ਇਸ ਨਗਰ ਵਿੱਚ ਪਹੁੰਚੇ ਸਨ। ਜਿੱਥੇ ਇੱਕ ਬੇਰੀ ਦੇ ਰੁੱਖ ਨਾਲ ਘੋੜਾ ਬੰਨ੍ਹ ਕੇ ਉਹਨਾਂ ਕੁਝ ਸਮਾਂ ਵਿਸ਼ਰਾਮ ਕੀਤਾ ਤੇ ਖੂਹ ਤੋਂ ਜਲ ਛਕਿਆ ਸੀ। ਬੇਰੀ ਦੇ ਉਸ ਪਵਿੱਤਰ ਰੁੱਖ ਤੋਂ 20 ਕੁ ਕਰਮਾਂ ਹੱਟ ਕੇ ਜਿੱਥੇ ਸਤਿਗੁਰੂ ਜੀ ਨੇ ਵਿਸ਼ਰਾਮ ਕੀਤਾ ਸੀ, ਉੱਥੇ ਸੰਗਤ ਨੇ ਸਮਾਂ ਪਾ ਕੇ ਪਹਿਲਾਂ ਕੱਚਾ ‘ਦਮਦਮਾ ਸਾਹਿਬ’ ਉਸਾਰਿਆ ਬਾਅਦ ਵਿੱਚ ਉਸ ਅਸਥਾਨ ਨੂੰ ਪੱਕਾ ਕਰ ਦਿੱਤਾ ਗਿਆ ਸੀ। ਇਸ ਅਸਥਾਨ ਤੇ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਤੇ ਪੋਹ ਸੁਦੀ 7 ਨੂੰ ਸਾਲਾਨਾ ਜੋੜ ਮੇਲਾ ਭਰਦਾ ਸੀ ।

ਭਾਈ ਕਾਨ੍ਹ ਸਿੰਘ ਨਾਭਾ ‘ਮਹਾਨਕੋਸ਼’ ਵਿੱਚ ਇਸ ਇਤਿਹਾਸਿਕ ਅਸਥਾਨ ਦਾ ਜ਼ਿਕਰ ਕਰਦਿਆਂ ਲਿਖਦੇ ਹਨ ਕਿ , “ ਜਿਲਾ ਤਸੀਲ ਲਹੌਰ, ਥਾਣਾ ਬਰਕੀ ਦਾ ਪਿੰਡ “ਖਰਕ” ਹੈ, ਜੋ ਰੇਲਵੇ ਸਟੇਸ਼ਨ ਅਟਾਰੀ ਤੋਂ ਤਿੰਨ ਮੀਲ ਦੱਖਣ ਹੈ। ਇਸ ਪਿੰਡ ਤੋਂ ਪੂਰਵ ਇਕ ਫ਼ਰਲਾਂਗ ਦੇ ਕਰੀਬ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ “ਬੇਰੀ ਸਾਹਿਬ” ਹੈ । ਸਤਿਗੁਰੂ ਜੀ ਪਢਾਣੇ ਤੋਂ ਇੱਥੇ ਆਏ ਅਰ ਬੇਰੀ ਨਾਲ ਘੋੜਾ ਬੱਧਾ । ਇਸ ਬੇਰੀ ਤੋਂ 20 ਕਰਮ ਪੁਰ ਗੁਰੂ ਜੀ ਦੇ ਬੈਠਣ ਦੇ ਥਾਂ ਕੱਚਾ ਦਮਦਮਾ ਹੈ ਅਰ ਉਹ ਖੂਹ ਭੀ ਪਾਸ ਹੈ , ਜਿਸ ਤੋਂ ਸਤਿਗੁਰਾਂ ਨੇ ਜਲ ਛਕਿਆ ਸੀ । ਪੁਜਾਰੀ ਸਿੰਘ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿੱਤ ਪ੍ਰਕਾਸ਼ ਹੁੰਦਾ ਹੈ । ਪੋਹ ਸੁਦੀ 7 ਨੂੰ ਮੇਲਾ ਜੁੜਦਾ ਹੈ । “

ਭਾਈ ਪ੍ਰਦੁਮਣ ਸਿੰਘ ਬੱਡੋ ਇਸ ਅਸਥਾਨ ਬਾਰੇ ਜਾਣਕਾਰੀ ਦਿੰਦੇ ਹੋਏ ਦਸਦੇ ਹਨ ਕੀ ‘

ਬੇਰੀ ਸਾਹਿਬ- ਪਿੰਡ ਖਰਕ ਤੋਂ ਪੂਰਬ ਦੇ ਪਾਸੇ ਇਕ ਫਰਲਾਂਗ ਸ੍ਰੀ ਗੁਰੂ ਹਰਿਗੋਬਿੰਦ ਜੀਦਾ ਗੁਰ- ਦਵਾਰਾ ਹੈ, ਪਹਿਲਾਂ ਇਥੇ ਗੁਰਦਵਾਰਾ ਪ੍ਰਗਟ ਨਹੀਂ ਸੀ, ਕੇਵਲ ਇਕ ਬੇਰੀ ਦਾ ਬ੍ਰਿਛ ਸੀ ਤੇ ਗੁਰੂ ਜੀ ਦੇ ਸਮੇਂ ਦਾ ਖੂਹ ਭੀ ਮੌਜੂਦ ਹੈ, ਸੰਮਤ ੧੯੭੨-੭੩ ਇਥੇ ਇਕ ਥਾਨੇਦਾਰ ਦੇ ਉੱਦਮ ਨਾਲ ਇਹ ਗੁਰਦਵਾਰਾ ਪ੍ਰਗਟ ਹੋਇਆ ਹੈ। ਹੁਣ ਭਾਈ ਨਰਾਇਣ ਸਿੰਘ ਜੀ ਬੜੇ ਭਲੇ ਲੋਕ ਸੇਵਾ ਕਰਦੇ ਹਨ, ਲੰਗਰ ਤੇ ਰਹਿਣ ਦਾ ਪ੍ਰਬੰਧ ਚੰਗਾ ਹੈ, ਪੋਹ ਸੁਦੀ ਸੱਤਮੀ ਨੂੰ ਮੇਲਾ ਹੁੰਦਾ ਹੈ, ਇਥੋਂ ਦੇ ਸਰਦਾਰ ਆਲਾ ਸਿੰਘ ਹੁਰਾਂ ਦੇ ਘਰਾਣੇ ਨੂੰ ਵਰ ਹੈ, ਕਿ ਕਿਸੀ ਦੀ ਲੱਤ ਬਾਂਹ ਟੁੱਟ ਜਾਵੇ ਤਾਂ ਇਹਨਾਂ ਦੇ ਇਲਾਜ ਨਾਲ ਰਾਜੀ ਹੁੰਦੇ ਹਨ, ਰੇਲਵੇ ਸਟੇਸ਼ਨ ਅਟਾਰੀ ਤੋਂ ਦੱਖਣ ਦੇ ਪਾਸੇ ੩ ਮੀਲ ਕੱਚੀ ਸੜਕ ਹੈ, ਸਵਾਰੀ ਲਈ ਟਾਂਗੇ ਘੋੜੇ ਮਿਲਦੇ ਹਨ, ਇਥੋਂ ਦਾ ਥਾਨਾ ਬਰਕੀ ਤੇ ਡਾਕਖਾਨਾ ਰਾਜੇਤਾਲ ਹੈ।

ਪਰ ਵੰਡ ਤੋੜ ਬਾਅਦ ਇਹ ਅਸਥਾਨ ਬਿਲਕੁਲ ਬਾਰਡਰ ਤੇ ਆ ਗਿਆ ਜਿਸ ਕਾਰਨ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਵੰਡ ਵੇਲੇ ਲੀਕ ਖਿੱਚੀ ਜਾਣ ਕਾਰਨ ਇਸ ਇਲਾਕੇ ਵਿੱਚ ਹੁੰਦੇ ਹੋਏ ਵੀ ਪਰ ਲੀਕ ਦੇ ਦੂਜੇ ਪਾਸੇ ਹੋਣ ਕਾਰਨ ਇਸ ਪਵਿੱਤਰ ਅਸਥਾਨ ਦੀ ਖੁੱਲ੍ਹੇ ਦਰਸ਼ਨ ਦੀਦਾਰਿਆਂ ਤੇ ਟਹਿਲ ਸੇਵਾ ਤੋਂ ਵਾਂਝੀ ਹੋ ਗਈ।
ਮੌਜੂਦਾ ਹਾਲਾਤ ਸਿਖ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਹਾਲਾਤਾਂ ਬਾਰੇ ਕੁਝ ਵੀ ਪਤਾ ਨਹੀਂ ਲਗਦਾ। ਕੋਈ ਵੀ ਯੂ ਟਿਊਬਰ ਵਗੈਰਾ ਨੇ ਵੀ ਇਸ ਅਸਥਾਨ ਦੇ ਦਰਸ਼ਨ ਨਹੀਂ ਕਰਵਾਏ। ਗੂਗਲ ਮੈਪ ਰਾਹੀ ਵੀ ਗੁਰਦੁਆਰਾ ਸਾਹਿਬ ਦੀ ਸਟੀਕ ਸਥਿਤੀ ਪਤਾ ਨਹੀਂ ਲਗਦੀ। ਭਾਈ ਕਾਹਨ ਸਿੰਘ ਨਾਭਾ ਨੇ ਇਸ ਅਸਥਾਨ ਦਾ ਜਿਕਰ ਕਰਦੇ ਹੋਏ ਦਸਿਆ ਕਿ ਖਰਕ ਪਿੰਡ ਤੋਂ ਇਕ ਫਰਲਾਂਗ ‘ਤੇ ਪੂਰਬ ਵਾਲੇ ਪਾਸੇ ਇਹ ਅਸਥਾਨ ਸੀ। ਅਜ ਵੀ ਪਿੰਡ ਵਿਚ ਵੱਡੀ ਉਮਰ ਦੇ ਬਜੁਰਗ ਜਿਉਂਦੇ ਹੋਣਗੇ ਜਿੰਨਾਂ ਤੋਂ ਇਸ ਪਵਿਤਰ ਅਸਥਾਨ ਦੀ ਨਿਸ਼ਾਨਦੇਹੀ ਕਰਵਾਈ ਜਾ ਸਕਦੀ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤ ਵਿਚੋਂ ਕੋਈ ਸ਼ਰਧਾਲੂ ਲਹਿੰਦੇ ਪੰਜਾਬ ਦੇ ਦਰਸ਼ਨਾਂ ਲਈ ਜਾਵੇ ਤਾਂ ਜਰੂਰ ਇਸ ਪਿੰਡ ਜਾਵੇ ਅਤੇ ਜਾਣਕਾਰੀ ਇਕੱਠੀ ਕਰੇ। ਤਾਂਕਿ ਸਮਾਂ ਰਹਿੰਦਿਆਂ ਇਸ ਅਸਥਾਨ ਨੂੰ ਦੁਬਾਰਾ ਪ੍ਰਗਟ ਕੀਤਾ ਜਾ ਸਕੇ।
ਖੂਹ– ਜਿਸ ਖੂਹ ਤੋਂ ਗੁਰੂ ਸਾਹਿਬ ਨੇ ਜਲ ਛਕਿਆ ਸੀ ਉਸਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। 1930 (ਮਹਾਨ ਕੋਸ਼) ਸਮੇਂ ਇਹ ਖੂਹ ਮੌਜੂਦ ਸੀ।
ਬੇਰੀ – ਬੇਰੀ ਦਾ ਰੁੱਖ ਜਿਸ ਨਾਲ ਗੁਰੂ ਜੀ ਨੇ ਘੋੜਾ ਬੱਧਾ ਸੀ ਉਸਦੇ ਬਾਰੇ ਵੀ ਅਜ ਕੋਈ ਜਾਣਕਾਰੀ ਨਹੀਂ ਹੈ।

ਗੂਗਲ ਨਕਸ਼ੇ ਰਾਹੀਂ ਖਰਕ ਪਿੰਡ, ਅਟਾਰੀ ਸ਼ਹਿਰ, ਵਾਹਗਾ ਬਾਰਡਰ ਅਤੇ ਸਰਹੱਦ

ਸੰਤਾਲੀ ਦੇ ਉਜਾੜਿਆਂ ਤੋਂ ਕੁਝ ਸਾਲਾਂ ਬਾਅਦ ਵੀ ਲਹਿੰਦੇ ਪੰਜਾਬ ਵਿੱਚ ਰਹਿ ਗਏ ਬਹੁਤ ਸਾਰੇ ਪਵਿੱਤਰ ਗੁਰਧਾਮਾਂ ਵਿੱਚ ਵੰਡ ਵਾਲੀ ਲੀਕ ਟੱਪ ਤੇ ਬਹੁਤ ਸਾਰੇ ਸਿੱਖ ਦਰਸ਼ਨ ਦੀਦਾਰੇ ਕਰਨ ਜਾਂਦੇ ਰਹੇ। ਪਰ ਸਮਾਂ ਬੀਤਣ ਇਹ ਸਭ ਕੁਝ ਰੁੱਕ ਗਿਆ। ਸੰਗਤ ਦੀ ਆਮਦ ਨਾ ਹੋਣ ਕਾਰਨ ਬਹੁਤ ਸਾਰੇ ਅਸਥਾਨ ਜਾਂ ਢਹਿ ਢੇਰੀ ਹੋ ਗਏ ਜਾਂ ਕਰ ਦਿੱਤੇ ਗਏ। ਛੋਹ ਅਸਥਾਨ ਵੀ ਇਸੇ ਤਰ੍ਹਾਂ ਬਿਲਕੁਲ ਬਾਰਡਰ ਦੇ ਨਾਲ ਹੋਣ ਦੇ ਬਾਵਜੂਦ ਵੀ ਹੌਲੀ ਹੌਲੀ ਗੁਪਤ ਹੋ ਗਿਆ। ਹੁਣ ਇਸ ਅਸਥਾਨ ਤੇ ਸਿਰਫ ਇੱਕ ਰੁੱਖਾਂ ਦਾ ਝੁੰਡ ਹੀ ਬਚਿਆ ਹੈ। ਪਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਵੀ ਨਾ ਰਹੇ ।

ਇਸ ਲਈ ਦੁਨੀਆ ਭਰ ਵਿੱਚ ਵੱਸਦੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਚਾਹੀਦਾ ਹੈ ਕਿ ਇਸ ਅਸਥਾਨ ਨੂੰ ਮੁੜ ਤੋਂ ਪ੍ਰਗਟ ਕਰਕੇ ਇਸ ਅਸਥਾਨ ਦੀ ਮੁੜ ਉਸਾਰੀ ਕਰਕੇ ਨਾ ਸਿਰਫ ਮਰਿਯਾਦਾ ਬਹਾਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਸਗੋਂ ਇਸ ਅਸਥਾਨ ਦੇ ਦਰਸ਼ਨਾਂ ਦਾ ਲਾਂਘਾ ਵੀ ਕਰਤਾਰਪੁਰ ਸਾਹਿਬ ਵਾਂਗ ਖੁਲਵਾਉਣ ਲਈ ਤਰੱਦਦ ਕਰਨ ਦੀ ਲੋੜ ਹੈ।

ਲਹਿੰਦੇ ਪੰਜਾਬ ਵਿੱਚ ਇਸ ਦੇ ਨਾਲ ਲੱਗਦੇ ਪਿੰਡ ਸਾਹਨਕੇ, ਤਹਿਪੁਰਾ, ਚੰਦੇਰ, ਬਾਰਾਦਰੀ, ਤੇ ਕਿਲਾ ਜੀਵਨ ਸਿੰਘ ਲੱਗਦੇ ਹਨ ਤੇ ਚੜਦੇ ਪੰਜਾਬ ਵਾਲੇ ਪਾਸੇ ਇਸ ਤੇ ਨਾਲ ਸ਼ਹਿਰ ਅਟਾਰੀ, ਰੋੜਾਂਵਾਲਾ, ਨੇਸ਼ਤਾ, ਰਾਜਾ ਥਲ, ਮਹਾਵਾ ਆਦਿ ਲੱਗਦੇ ਹਨ।

Photos