ਗੁਰਦੁਆਰਾ ਪਾਤਸ਼ਾਹੀ ਪਹਿਲੀ ਮਖਦੂਮਪੁਰ ਪਹੋੜਾ (ਸੱਜਣ ਠੱਗ), ਜ਼ਿਲ੍ਹਾ ਖਾਨੇਵਾਲ, ਲਹਿੰਦਾ ਪੰਜਾਬ        Gurudwara Patshahi Pheli, Makhdoompur Pahoran, Khanewal, Lehnda Punjab

ਗੁਰਦੁਆਰਾ ਪਾਤਸ਼ਾਹੀ ਪਹਿਲੀ ਮਖਦੂਮਪੁਰ ਪਹੋੜਾ (ਸੱਜਣ ਠੱਗ), ਜ਼ਿਲ੍ਹਾ ਖਾਨੇਵਾਲ, ਲਹਿੰਦਾ ਪੰਜਾਬ Gurudwara Patshahi Pheli, Makhdoompur Pahoran, Khanewal, Lehnda Punjab

Average Reviews

Description

ਮਖਦੂਮਪੁਰ ਪਹੋੜਾ ਹੁਣ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਹੈਡਕੁਆਟਰ ਖਾਨੇਵਾਲ ਤੋਂ ਕਬੀਰਵਾਲਾ ਸੜਕ ਤੇ ਖਾਨੇਵਾਲ ਤੋਂ 25 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ । ਜਿੱਥੇ ਨਗਰ ਦੇ ਚੜਦੇ ਪਾਸੇ ਬਾਹਰਵਾਰ ਗੁਰਦੁਆਰਾ ਸਾਹਿਬ ਸਥਿਤ ਹੈ । ਰੇਲਵੇ ਸਟੇਸ਼ਨ ਮਖਦੂਮਪੁਰ ਤੋਂ ਉਤਰ ਦਿਸ਼ਾ ਵਲ ਗੁਰਦੁਆਰਾ ਸਾਹਿਬ ਦੀ ਦੂਰੀ ੨ ਕਿਲੋਮੀਟਰ ਹੈ। ਸਥਾਨਕ ਪੁਲਿਸ ਥਾਣਾ ਵੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਸਥਿਤ ਹੈ।

ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨਾਂ ਵਿੱਚੋਂ ਇਕ ਪ੍ਰਸਿੱਧ ਅਸਥਾਨ ਗੁਰਦੁਆਰਾ ਪਾਤਸ਼ਾਹੀ ਪਹਿਲੀ ਮਖਦੂਮਪੁਰ ਪਹੋੜਾ ਜ਼ਿਲ੍ਹਾ ਖਾਨੇਵਾਲ ਹੈ। ਜੋ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਵਾਲੇ ਪਾਸੇ ਰਹਿ ਗਿਆ। ਇਹ ਅਸਥਾਨ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦੀਆਂ ਜਨਮ ਸਾਖੀਆਂ ਵਿੱਚੋਂ ਸਭ ਤੋਂ ਪ੍ਰਚਲਿਤ ‘ਸੱਜਣ ਠੱਗ’ ਵਾਲੀ ਸਾਖੀ ਨਾਲ ਸੰਬੰਧਿਤ ਹੈ।

ਇਤਿਹਾਸ ਗੁਰੂ ਨਾਨਕ ਦੇਵ ਜੀ ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਇਸ ਅਸਥਾਨ ਤੇ ਆਏ ਸਨ। ਇਲਾਕੇ ਦਾ ਪ੍ਰਸਿੱਧ ਨਗਰ ਤੁਲੰਬਾ ਇਸਦੇ ਨੇੜੇ ਹੀ ਹੈ ਜੋ ਆਮ ਕਰਕੇ ਸਾਖੀਆਂ ਵਿੱਚ ‘ਸੱਜਣ ਠੱਗ’ (ਜੋ ਬਾਅਦ ਵਿੱਚ ਸ੍ਰੀ ਹਜੂਰ ਦਾ ਅਨਿੰਨ ਸਿੱਖ ਬਣਿਆ) ਦਾ ਨਗਰ ਕਿਹਾ ਜਾਂਦਾ ਹੈ। ਪਰ ਇਹ ਇਲਾਕੇ ਦਾ ਨੇੜਲਾ ਵੱਡਾ ਨਗਰ ਸੀ।

ਗੂਗਲ ਮੈਪ ਰਾਹੀਂ ਦਿਖਾਈ ਦਿੰਦੀ ਗੁਰਦੁਆਰਾ ਸਾਹਿਬ ਦੀ ਇਮਾਰਤ

ਸਾਖੀ ਆਉਂਦੀ ਹੈ ਕਿ ਜਦੋਂ ਸੱਚੇ ਪਾਤਸ਼ਾਹ ਜਦੋਂ ਇਸ ਅਸਥਾਨ ‘ਤੇ ਪਹੁੰਚੇ ਤਾਂ ਸੱਜਣ ਨੇ ਬੜੀ ਨਿਮਰਤਾ ਨਾਲ ਆਪ ਦੀ ਆਓ ਭਗਤ ਕੀਤੀ। ਗੁਰੂ ਸਾਹਿਬ ਦਾ ਇਕ ਸਾਫ਼ ਸੁਥਰੇ ਕਮਰੇ ਵਿੱਚ ਉਤਾਰਾ ਕਰਵਾਇਆ। ਭੋਜਨ ਪਾਣੀ ਪੁੱਛਿਆ ਤਾਂ ਸਤਿਗੁਰੂ ਜੀ ਨੇ ਕੁਝ ਵੀ ਛਕਣ ਤੋਂ ਇਨਕਾਰ ਕਰ ਦਿੱਤਾ। ਸੱਜਣ ਨੇ ਕਾਫੀ ਰਾਤ ਬੀਤਣ ਦੇ ਬਾਵਜੂਦ ਜਦੋਂ ਗੁਰੂ ਸਾਹਿਬ ਨੂੰ ਜਾਗਦੇ ਤੱਕਿਆ ਤਾਂ ਪੁੱਛਣ ਲੱਗਾ, “ ਆਪ ਜਾਗ ਰਹੇ ਹੋ, ਕੁਛ ਖਾਣਾ ਹੈ?” ਸਤਿਗੁਰਾਂ ਆਖਿਆ, “ਨਹੀਂ।” ਫੇਰ ਸੱਜਣ ਨੇ ਪੁੱਛਿਆ ਕਿ , “ਹੋਰ ਸਭ ਖ਼ੈਰ ਹੈ ? “ ਤਾਂ ਗੁਰੂ ਸਾਹਿਬ ਨੇ ਫ਼ੁਰਮਾਇਆ, “ਬਿਲਕੁਲ ਨਹੀਂ ।” ਸੱਜਣ ਅੱਗੋਂ ਸੁਆਲ ਕਰਦਾ ਹੈ , “ਕਿਉਂ ।”

ਤਾਂ ਭਾਈ ਮਰਦਾਨੇ ਨੇ ਪਾਤਸ਼ਾਹ ਹਜੂਰ ਦੇ ਇਸ਼ਾਰੇ ‘ਤੇ ਰਬਾਬ ਖੋਲ੍ਹੀ ਅਤੇ ਸ੍ਰੀ ਹਜੂਰ ਨੇ ਸੂਹੀ ਰਾਹ ਵਿੱਚ ਸ਼ਬਦ ਅਲਾਪਿਆ :

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧ ॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥ ੧ ॥ ਰਹਾਉ ॥
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥
ਢਠੀਆ ਕੰਮਿ ਨ ਆਵਨਿੑ ਵਿਚਹੁ ਸਖਣੀਆਹ ॥ ੨ ॥
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ ॥
ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅੰਨਿੑ ॥ ੩ ॥
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿੑ ॥
ਸੇ ਫਲ ਕੰਮਿ ਨ ਆਵਨੑੀ ਤੇ ਗੁਣ ਮੈ ਤਨਿ ਹੰਨੑਿ ॥
ਅੰਧੁਲੈ ਭਾਰੁ ਉਠਾਇਆ ਡੂਗਰੁ ਵਾਟ ਬਹੁਤੁ ॥
ਅਖੀ ਲੋੜੀ ਨ ਲਹਾ ਹਉ ਚੜਿ ਲੰਘਾ ਕਿਤੁ ॥ ੫ ॥
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥ ੬ ॥

ਇਹ ਸ਼ਬਦ ਸੁਣ ਸੱਜਣ ਪਾਤਸ਼ਾਹ ਹਜ਼ੂਰ ਦੇ ਚਰਨਾਂ ਤੇ ਢਹਿ ਪਿਆ ਅਤੇ ਆਖਣ ਲੱਗਾ , “ਹਾਂ , ਮਹਾਰਾਜ ਮੈਂ ਹੀ ਹਾਂ ਉਹੀ ਸੱਜਣ ‘ਠੱਗ’ ਜਿਸ ਨੂੰ ਤੁਸਾਂ ਉਜਲ ਕੈਹਾਂ, ਚਿਤਰਿਆ ਮਹਿਲ, ਬਗੁਲਾ, ਸਿੰਮਲ ਅਤੇ ਵਿਕਾਰਾਂ ਦੀ ਪੰਡ ਚੁੱਕੀ ਫਿਰਨ ਵਾਲਾ ਅੰਧਾ ਦੱਸਿਆ ਹੈ। ਹੁਣ ਕਿਰਪਾ ਕਰੋ ਪਾਤਸ਼ਾਹ! ਇਸ ਵਿਕਾਰੀ ਨੂੰ ਕਿਸੇ ਸ਼ੁਭ ਕਾਰੇ ਲਾ ਦਿਉ।”

ਗੁਰੂ ਨਾਨਕ ਪਾਤਸ਼ਾਹ ਨੇ ਅੱਗੇ ਜੋ ਬਚਨ ਸੱਜਣ ਨੂੰ ਕਹੇ ਉਹਨਾਂ ਦਾ ਜ਼ਿਕਰ ‘ਮਹਿਮਾ ਪ੍ਰਕਾਸ਼’ ਵਿੱਚ ਇਉਂ ਆਉਂਦਾ ਹੈ ;

ਤਬ ਸਜਣ ਕੋ ਗੁਰ ਬਚਨ ਬਖਾਨਾ ।
‘ਤੁਮ ਜੋ ਪਾਪ ਕਰ ਧਨ ਸੰਚਾਨਾ ॥ ੧੦ ॥
ਤਾਤਕਾਲ ਤਿਸ ਦੇਇ ਲੁਟਾਇ ।
ਆਗੇ ਤਿਆਗੋ ਕਪਟ ਸੁਭਾਇ ।
ਹਰਿ ਕੀ ਭਗਤ ਮਨਿ ਮਹਿਂ ਦ੍ਰਿੜ ਕਰੋ ।
ਹੋਇ ਪਵਿਤ੍ਰ ਭਵਸਾਗਰ ਤਰੋ ॥ ੧੧ ॥

ਸੱਜਣ ਨੇ ਗੁਰੂ ਸਾਹਿਬ ਦਾ ਬਚਨ ਮਨ ਕੇ ਠੱਗੀ ਤੋਂ ਤੌਬਾ ਕੀਤੀ ਅੱਗੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਗਿਆਕਾਰੀ ਸਿੱਖ ਬਣਿਆ। ਅਗਲੇ ਦਿਨ ਸੱਜਣ ਨੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਆਪਣਾ ਬਣਾਇਆ ਠਾਠ – ਬਾਠ ਸਭ ਢਾਹ ਢੇਰੀ ਕਰ ਦਿੱਤਾ ਅਤੇ ਇਕੱਤਰ ਕੀਤਾ ਧਨ ਲੋੜਵੰਦਾਂ ਵਿੱਚ ਵੰਡ ਦਿੱਤਾ। ਗੁਰੂ ਸਾਹਿਬ ਨੇ ਉਸ ਨੂੰ ਬਖਸ਼ਿਸ ਕਰਦਿਆਂ ਉਸਨੂੰ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰਕ ਥਾਪਿਆ।

ਗੁਰਮੁਖੀ ਸ਼ਬਦ ਜੋ ਚੂਨੇ ਨਾਲ ਲਿਖਿਆ ਹੋਇਆ ਹੋਣ ਕਰਕੇ ਬਚ ਗਿਆ। ਬਾਕੀ ਸਭ ਕੰਧ ਚਿਤਰ, ਗੁਰਬਾਣੀ ਸ਼ਬਦ ਆਦਿ ਸਕੂਲ ਦੀ ਇਮਾਰਤ ‘ਚ ਤਬਦੀਲ ਕਰਨ ਸਮੇਂ ਕੀਤੇ ਰੰਗ ਨਾਲ ਸਭ ਮੇਟ ਦਿਤੇ ਗਏ।

ਪਹਿਲੀ ਸਿੱਖ ਧਰਮਸਾਲ

ਭਾਈ ਸੱਜਣ ਜੀ ਨੇ ਆਪਣੀ ਉਸ ਹਵੇਲੀ ਨੂੰ ਢਹਿ ਢੇਰੀ ਕਰਕੇ ਉਸ ਥਾਂ ‘ਤੇ ਇਕ ਧਰਮਸਾਲਾ ਬਣਵਾਈ ਜੋ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸਥਾਪਿਤ ਹੋਈ ਪਹਿਲੀ ਧਰਮਸਾਲਾ ਸੀ। ਜਿੱਥੇ ਹਰ ਸਮਾਂ ਰਾਹਗੀਰਾਂ ਲਈ ਰਹਿਣ ਦੀ ਸਰਾਂ ਅਤੇ ਛਕਣ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਇਸ ਗੱਲ ਦੀ ਗਵਾਹੀ ਪੁਰਤਾਨ ਜਨਮ ਸਾਖੀ ਵਿੱਚ ਦਰਜ ਹੈ ;

ਤਬਿ ਸੇਖ ਸਜਨਿ ਹੁਕਮੁ ਮੰਨਿਆ, ਬਸਤੁ ਲੇ ਆਇਆ , ਖ਼ੁਦਾਇ ਕੇ ਨਾਇ ਲੁਟਾਈ। ਗੁਰੂ ਗੁਰੂ ਲੱਗਾ ਜਪਣਿ। ਨਾਉ ਧਰੀਕ ਸਿਖ ਹੋਆ। ਪਹਿਲੀ ਧਰਮਸਾਲ ਓਥੇ ਬੱਧੀ। ਬੋਲਹੁ ਵਾਹਿਗੁਰੂ॥

ਭਾਈ ਸੱਜਣ ਜੀ ਦੇ ਚਲਾਣਾ ਕਰ ਜਾਣ ਉਪਰੰਤ ਨਗਰ ਵਾਲਿਆਂ ਨੇ ਉਸ ਦੀ ਥਾਂ ‘ਤੇ ਯਾਦਗਾਰੀ ਸਮਾਧ ਬਣਾ ਦਿੱਤੀ। ਜ਼ਿਕਰ ਆਉਂਦਾ ਹੈ ਕਿ ਉੱਥੇ ਹੀ ਆ ਕੇ ਗੋਸਾਈਂ ਰਹਿਣ ਲੱਗ ਪਏ ਅਤੇ ਹੌਲੀ ਹੌਲੀ ਸਾਰਾ ‘ਤੇ ਥਾਂ ਕਬਜ਼ੇ ਕਰ ਲਿਆ।

ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਉਟ ‘ਤੇ ਸਕੂਲ ਦੇ ਬੋਰਡ ਲਗੇ ਹੋਏ ਹਨ

ਇਸ ਅਸਥਾਨ ਤੇ ਸੱਤਵੇਂ ਪਾਤਸ਼ਾਹ ਦੇ ਸਮੇਂ ਤੋਂ ਗੁਰੂ ਘਰ ਦੇ ਅਨਿੰਨ ਸਿੱਖ ਭਾਈ ਜੋਧ ਜੀ ਨੇ ਜੋ ਏਸੇ ਨਗਰ ਦੇ ਸਨ ਉਹਨਾਂ ਨੇ ਸੁੰਦਰ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਤੇ ਦਸਵੇਂ ਪਾਤਸ਼ਾਹ ਹਜ਼ੂਰ ਦੇ ਸਮੇਂ ਤੱਕ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਅੱਗੇ ਉਹਨਾਂ ਦੇ ਵੰਸ਼ਜ ਵੀ ਇਸ ਅਸਥਾਨ ਦੀ ਸੇਵਾ ਸੰਭਾਲ਼ ਕਰਦੇ ਰਹੇ ਅਤੇ ਅਸਥਾਨ ਵਿੱਚ ਲੋੜ ਅਨੁਸਾਰ ਵਾਧਾ ਵੀ ਕਰਦੇ ਰਹੇ। ਇਸ ਅਸਥਾਨ ‘ਤੇ ਵਿਸਾਖੀ ਮੌਕਾ ਬੜਾ ਭਾਰੀ ਜੋੜ ਮੇਲਾ ਹੁੰਦਾ ਸੀ। ਜਿਸ ਵਿੱਚੋਂ ਦੂਰੋਂ ਨੇੜਿਓ ਸੰਗਤ ਵੱਧ ਚੜਕੇ ਹਾਜ਼ਰੀ ਭਰਦੀ ਸੀ।

ਮੌਜੂਦਾ ਹਾਲਾਤ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸ਼ਾਨਦਾਰ ਤੇ ਮਜ਼ਬੂਤ ਬਣੀ ਹੋਈ ਹੈ। ਦਰਬਾਰ ਸਾਹਿਬ ਤੋਂ ਪਹਿਲਾ ਖੁਲ੍ਹਾ ਬਰਾਡਾ ਹੈ। ਉਪਰ ਸੁੰਦਰ ਗੁੰਬਦ ਹੈ। ਛੱਤਾਂ ‘ਤੇ ਡਾਟ ਲੱਗੀ ਹੈ। ਚੁਗਾਠਾ ਉੱਪਰ ਸੇਵਾ ਕਰਵਾਉਣ ਵਾਲਿਆਂ ਦੇ ਨਾਮ ਲਿਖੇ ਹੋਏ ਹਨ। ਇਸ ਅਸਥਾਨ ਦੇ ਨਾਮ ਵੀਹ ਵਿੱਘੇ ਜ਼ਮੀਨ ਵੀ ਲੱਗੀ ਹੋਈ ਸੀ।

ਪ੍ਰਕਾਸ਼ ਅਸਥਾਨ ਜਿਥੇ ਹੁਣ ਪ੍ਰਿੰਸੀਪਲ ਦਫਤਰ ਬਣਾ ਦਿਤਾ ਗਿਆ।

ਪਰ ਵੰਡ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸਰਕਾਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ। ਗੁੰਬਦ ਉੱਪਰ ਹਰਾ ਰੰਗ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੀਆਂ ਦੀਵਾਰਾਂ ਉੱਪਰ ਜਿੱਥੇ ਗੁਰਬਾਣੀ ਦੀਆਂ ਪੰਕਤੀਆਂ ਉੱਕਰੀਆਂ ਹੋਈਆਂ ਸਨ। ਉਹਨਾਂ ਨੂੰ ਹਟਾ ਕੇ ਕੁਰਾਨ ਦੀਆਂ ਆਇਤਾਂ ਲਿਖ ਦਿੱਤੀਆਂ ਗਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਨੂੰ ਪ੍ਰਿੰਸੀਪਲ ਦੇ ਦਫ਼ਤਰ ਵਜੋਂ ਤਬਦੀਲ ਕੀਤਾ ਜਾ ਚੁੱਕਾ ਹੈ। ਦਰਬਾਰ ਸਾਹਿਬ ਦੀ ਬਾਹਰੀ ਕੰਧ ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਹੁਕਮਨਾਮਾ ਲਿਖਿਆ ਜਾਂਦਾ ਸੀ ਉਸ ਥਾਂ ਤੇ ਮੁਹੰਮਦ ਅਲੀ ਜਿਨਾਹ ਦੀ ਤਸਵੀਰ ਲੱਗੀ ਹੋਈ ਹੈ। ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਪੂਰ ਕੇ ਪਾਰਕ ਬਣਾ ਦਿਤਾ ਗਿਆ। ਸਰੋਵਰ ਦਾ ਖੇਤਰਫਲ ੧੦੦×੧੦੦ ਫੁਟ ਦਾ ਕਿਹਾ ਜਾਂਦਾ ਹੈ। ੧੯੪੭ ਤੋਂ ੬੨ ਤਕ ਗੁਰਦੁਆਰਾ ਸਾਹਿਬ ਬੰਦ ਹੀ ਰਿਹਾ। ੧੯੬੨ ਵਿਚ ਪਾਕਿਸਤਾਨ ਸਰਕਾਰ ਨੇ ਇਥੇ ਸਕੂਰ ਖੋਲ੍ਹ ਦਿਤਾ ਗਿਆ।

ਖੂਹ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਇਕ ਪੁਰਾਤਨ ਖੂਹ ਹੈ। ਜਿਸ ਉਪਰ ਜਾਲ ਪਾਇਆ ਗਿਆ ਹੈ। ਅਜਕਲ ਪਾਇਪਾਂ ਪਾਕੇ ਮੋਟਰਾਂ ਰਾਹਾਂ ਪਾਣੀ ਬਾਹਰ ਕੱਢਿਆ ਜਾਂਦਾ ਹੈ।

ਸਰਾਵਾਂ ਦੇ ਕਮਰੇ ਜਿਨ੍ਹਾਂ ਚ ਅਜਕਲ ਸਕੂਲ ਦੀਆਂ ਜਮਾਤਾਂ ਲਗਦੀਆਂ ਹਨ
ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਰਸਤੇ ‘ਤੇ ਪਾਕਿਸਤਾਨੀ ਮਿਜ਼ਾਇਲਾਂ ਦੇ ਮਾਡਲ ਬਣਾਏ ਗਏ ਹਨ।
ਛੱਤ ‘ਤੇ ਕੀਤੀ ਮੀਨਾਕਾਰੀ ਦਾ ਖੂਬਸੂਰਤ ਨਮੂਨਾ ਜਿਸ ‘ਤੇ ਹਰਾ ਰੰਗ ਕਰ ਦਿਤਾ ਗਿਆ।

ਇਸ ਅਸਥਾਨ ‘ਤੇ ਚੱਲਦੇ ਸਕੂਲ ਨੂੰ ਕਿਸੇ ਹੋਰ ਥਾਂ ਤਬਦੀਲ ਕਰਕੇ ਗੁਰਦੁਆਰਾ ਸਾਹਿਬ ਨੂੰ ਮੁੜ ਤੋਂ ਖਾਲਸਾਈ ਰੰਗਤ ਦਿੰਦਿਆਂ ਇੱਥੇ ਮਰਿਆਦਾ ਬਹਾਲ ਕਰਨ ਦੀ ਲੋੜ ਹੈ । ਤਾਂ ਜੋ ਸਿੱਖ ਇਤਿਹਾਸ ਦੀ ਅਹਿਮ ਸਾਖੀ ਦੇ ਗਵਾਹ ਇਸ ਇਤਿਹਾਸਕ ਅਸਥਾਨ ਦੇ ਸੰਗਤ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ਼ ਕਰ ਸਕੇ ।

Photos