ਇਸ ਅਸਥਾਨ ਤੇ ਇੱਕ ਉੱਚੀ ਪਹਾੜੀ ਉੱਪਰ ਬਾਲ ਗੁੰਦਾਈ ਨਾਮ ਦਾ ਜੋਗੀ ਰਹਿੰਦਾ ਸੀ। ਉਸਦੇ ਨਾਮ ਉੱਪਰ ਹੀ ਇਸ ਅਸਥਾਨ ਦਾ ਨਾਮ ਟਿੱਲਾ ਬਾਲ ਗੁੰਦਾਈ ਪੈ ਗਿਆ ਪਰ ਅੱਜਕਲ ਇਹ ਅਸਥਾਨ ਟਿੱਲਾ ਜੋਗੀਆਂ ਦੇ ਨਾਮ ਤੇ ਪ੍ਰਸਿੱਧ ਹੈ।
ਗੁਰੂ ਸਾਹਿਬ ਗੁਰਦੁਆਰਾ ਚੋਆ ਸਾਹਿਬ ਤੋਂ ਇਸ ਅਸਥਾਨ ‘ਤੇ ਆਏ ਸਨ। ਬਾਲ ਗੁੰਦਾਈ ਪਰਉਪਕਾਰੀ ਭਜਨੀਕ ਸਾਧੂ ਸੀ । ਜੋ ਗੁਰੂ ਸਾਹਿਬ ਨੂੰ ਸਤਿਕਾਰ ਨਾਲ ਗੁਰਦੁਆਰਾ ਚੋਆ ਸਾਹਿਬ ਵਾਲੇ ਅਸਥਾਨ ਤੋਂ ਆਪਣੇ ਅਸਥਾਨ ਤੇ ਲੈ ਕੇ ਗਿਆ। ਗੁਰੂ ਸਾਹਿਬ ਜੀ ਨੇ ਸਤ ਉਪਦੇਸ਼ ਦਿੰਦਿਆਂ ਬਾਲ ਗੁੰਦਾਈ ਦੀ ਬਿਰਤੀ ਸੱਚੇ ਨਾਮ ਜੋਗ ਵਿੱਚ ਟਿਕਾਈ ਉਪਰੰਤ ਜੋਗੀ ਬਾਲ ਗੁੰਦਾਈ ਆਪ ਜੀ ਦਾ ਸ਼ਰਧਾਲੂ ਬਣਿਆ । ਇਸਦੇ ਪ੍ਰੇਮ ਵੱਸ ਗੁਰੂ ਸਾਹਿਬ ਨੂੰ ਤਿੰਨ ਦਿਨ ਇਸਦੇ ਕੋਲ ਰਹੇ ਤੇ ਜੋਗੀ ਬਾਲ਼ ਗੁੰਦਾਈ ਨੇ ਸ਼ਰਧਾਵਾਨ ਹੋ ਕੇ ਸੇਵਾ ਕੀਤੀ।
ਜਿੱਥੇ ਗੁਰੂ ਸਾਹਿਬ ਬਿਰਾਜੇ ਸਨ। ਉੱਥੇ ਆਪ ਜੀ ਦੇ ਮੁਬਾਰਕ ਚਰਨ ਚਿੰਨ ਪੱਥਰ ਉੱਤੇ ਉੱਕਰੇ ਹੋਏ ਸਨ। ਜੋ ਹੁਣ ਅਲੋਪ ਹੋ ਚੁੱਕੇ ਹਨ । ਇੱਕ ਸਰੋਵਰ ਪੁਰਾਣਾ ਹੈ ਜੋ ਜੋਗੀ ਬਾਲ ਗੁਦਾਈ ਵੇਲੇ ਦਾ ਹੈ। ਸਿੱਖ ਰਾਜ ਵੇਲੇ ਮਹਾਰਾਣੀ ਚੰਦ ਕੌਰ ਨੇ ਇਸ ਅਸਥਾਨ ਦੀ ਸੇਵਾ ਕਰਵਾਈ। ਜਿੱਥੇ ਸੁੰਦਰ ਅਸਥਾਨ ਬਣਵਾਇਆ ਉੱਥੇ ਹੀ ਬੜਾ ਸੁੰਦਰ ਪੱਕਾ ਸਰੋਵਰ ਵੀ ਬਣਾਇਆ ਗਿਆ।
ਤਕਰਬੀਨ ਸੌ ਘੁਮਾਂ ਜ਼ਮੀਨ ਜਿਸ ਉੱਪਰ ਜੰਗਲ ਹੈ। ਇਸ ਅਸਥਾਨ ਦੇ ਨਾਮ ਸੀ । ਇਸ ਅਸਥਾਨ ਦੀ ਸਾਂਭ ਸੰਭਾਲ ਨਾਥ ਪਰੰਪਰਾ ਦੇ ਕਾਨ ਪਾਟੇ ਜੋਗੀ ਕਰਦੇ ਰਹੇ । ਇੱਥੇ ਵੱਡੀ ਗਿਣਤੀ ਵਿੱਚ ਜੋਗੀਆਂ ਦਾ ਬਸੇਰਾ ਸੀ । ਆਲੇ ਦੁਆਲੇ ਕੁਦਰਤੀ ਗੁਫਾਵਾਂ ਵੀ ਸਨ । ਜਿੱਥੇ ਬੈਠਕੇ ਜੋਗੀ ਧਿਆਨ ਲਗਾਉਂਦੇ ਸਨ । ਇੱਥੇ ਨਾਥਾਂ ਜੋਗੀਆਂ ਦਾ ਟਿਕਾਣਾ ਹੋਣ ਕਾਰਨ ਸ਼ਿਵਰਾਤਰੀ ਦਾ ਮੇਲਾ ਲੱਗਦਾ ਸੀ । ਪਰ ਵੰਡ ਤੋਂ ਬਾਅਦ ਇਹ ਅਸਥਾਨ ਵਿਰਾਨ ਹੋ ਗਿਆ।
ਪਰ ਅੱਜ ਵੀ ਇਸਦੀ ਇਮਾਰਤ ਕਾਫੀ ਮਜ਼ਬੂਤ ਹੈ । ਸਰੋਵਰ ਦੀ ਸ਼ੋਭਾ ਅੱਜ ਵੀ ਦੇਖਿਆ ਬਣਦੀ ਹੈ । ਜੇਕਰ ਸਮਾਂ ਰਹਿੰਦੇ ਇਸ ਅਸਥਾਨ ਦੀ ਸੰਭਾਲ ਹੋ ਜਾਵੇ ਤਾਂ ਇਸਨੂੰ ਮੁੜ ਤੋਂ ਪਹਿਲੀ ਦਿੱਖ ਵਿੱਚ ਹੀ ਸੰਭਾਲਿਆ ਜਾ ਸਕਦਾ । ਇਹ ਅਸਥਾਨ ਸਮੁੰਦਰ ਤਲ ਤੋਂ 3200 ਸੌ ਫੁੱਟ ਤੋਂ ਵੱਧ ਉਚਾਈ ਤੇ ਸਥਿਤ ਹੈ । ਇੱਥੋਂ ਖੜੇ ਹੋ ਕੇ ਆਸ ਪਾਸ ਦਾ ਸਾਰਾ ਇਲਾਕਾ ਦਿਸਦਾ ਹੈ ।
ਇੱਥੇ ਪਹੁੰਚਣ ਲਈ ਨੇੜਲੇ ਸ਼ਹਿਰ ਦੀਨਾ ਹੈ । ਜਿੱਥੇ ਰੋਹਤਾਸ ਹੁੰਦੇ ਹੋਏ ਇੱਥੇ ਪਹੁੰਚਿਆ ਜਾ ਸਕਦਾ ਹੈ । ਜੇਹਲਮ ਸ਼ਹਿਰ ਤੋਂ ਇਹ ਅਸਥਾਨ ੧੨ ਮੀਲ ਪੱਛਮ ਵੱਲ ਹੈ । ਰੋਹਤਾਸ ਦੇ ਕਿਲ੍ਹੇ ਤੋਂ ਪੰਜ ਕੁ ਕਿਲੋਮੀਟਰ ਤੱਕ ਤਾਂ ਪੱਕੀ ਸੜਕ ਰਾਹੀਂ ਆਇਆ ਜਾ ਸਕਦਾ ਹੈ ਅੱਗੇ ਸੜਕ ਤੋਂ ਕੱਚਾ ਰਸਤਾ ਲਹਿੰਦਾ ਹੈ । ਜੋ ਤਕਰੀਬਨ 15 ਕਿਲੋਮੀਟਰ ਹੈ । ਟਿੱਲਾ ਜੋਗੀਆਂ ਤੋਂ ਪਹਿਲਾਂ ਆਖ਼ਰੀ ਪਿੰਡ ਡੋਰ ਮੋਗਲੀ ਹੈ। ਜਿੱਥੋਂ ਤੱਕ ਗੱਡੀ ਜਾਂਦੀ ਹੈ । ਇੱਥੋਂ ਅੱਗੇ ਦਾ ੧੦ ਕਿਲੋਮੀਟਰ ਦਾ ਫਾਸਲਾ ਫਿਲਹਾਲ ਪੈਦਲ ਹੀ ਤੈਅ ਕਰਨਾ ਪੈਂਦਾ ਹੈ।
ਸੰਨ ੨੦੨੨ ਵਿੱਚ ਇਸ ਇਲਾਕੇ ਨੂੰ ਸਰਕਾਰ ਵੱਲੋਂ ‘ਟਿੱਲਾ ਜੋਗੀਆਂ ਰਾਸ਼ਟਰੀ ਪਾਰਕ’ ਵਜੋਂ ਸਥਾਪਿਤ ਕੀਤਾ ਗਿਆ । ਆਉਣ ਵਾਲੇ ਸਮੇਂ ਵਿੱਚ ਟਿੱਲਾ ਜੋਗੀਆਂ ਤੱਕ ਸੜਕ ਬਣ ਸਕਦੀ ਹੈ ।
ਇਸ ਅਸਥਾਨ ਤੇ ਜੋਗੀ ਬਾਲ ਨਾਥ ਪਾਸੋਂ ਪੰਜਾਬੀ ਲੋਕ ਕਥਾ ਹੀਰ ਰਾਂਝੇ ਦੇ ਮੁੱਖ ਪਾਤਰ ਰਾਂਝੇ ਨੇ ਕੰਨ ਪੜਵਾਏ ਤੇ ਜੋਗ ਧਾਰਨ ਕੀਤਾ ਸੀ । ਮੰਨਿਆ ਜਾਂਦਾ ਹੈ ਕਿ ਦੁਨੀਆ ਦਾ ਪ੍ਰਸਿੱਧ ਸ਼ਾਸਕ ਸਿੰਕਦਰ ਵੀ ਇਸ ਅਸਥਾਨ ਆਇਆ ਸੀ ।
ਅੱਜ ਇਹ ਅਸਥਾਨ ਸੁੰਨਸਾਨ ਤੇ ਵਿਰਾਨ ਹੈ । ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਉਪਰਾਲਾ ਕਰਦਿਆਂ ਇਸ ਅਸਥਾਨ ਦੀ ਸੇਵਾ ਸੰਭਾਲ ਲਈ ਯਤਨ ਕਰਨੇ ਚਾਹੀਦੇ ਹਨ।
ਗੁਰਦੁਆਰਾ ਚੋਆ ਸਾਹਿਬ ਰਹੁਤਾਸ ਅਤੇ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਰਹੁਤਾਸ ਤੋਂ ਸੜਕੀ ਮਾਰਗ ਰਾਹੀਂ ਇਸ ਅਸਥਾਨ ਦੀ ਦੂਰੀ ਉਤਰ-ਪੂਰਬ ਵਲ ਲਗਭਗ ੨੫ ਕਿਲੋਮੀਟਰ ਹੈ।
ਹੇਠਾਂ ਚਿਤਰ ਦੇਖੋ
Near Me