ਗੁਰਦੁਆਰਾ ਜਨਮ ਅਸਥਾਨ  ਮਾਤਾ ਸਾਹਿਬ ਕੌਰ, ਰਹੁਤਾਸ ਕਿਲ੍ਹਾ, ਜਿਹਲਮ ਲਹਿੰਦਾ ਪੰਜਾਬ       Janam Astham Mata Sahib kaur, Rohtas, Dina, Jhelum, Lehnda Panjab

ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ, ਰਹੁਤਾਸ ਕਿਲ੍ਹਾ, ਜਿਹਲਮ ਲਹਿੰਦਾ ਪੰਜਾਬ Janam Astham Mata Sahib kaur, Rohtas, Dina, Jhelum, Lehnda Panjab

Average Reviews

Description

ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ, ਪਿਛਾ ਦਿਖਦਾ ਰੋਹਤਾਸ ਦਾ ਕਿਲ੍ਹਾ

ਲਹਿੰਦੇ ਪੰਜਾਬ ਦੇ ਜ਼ਿਲ੍ਹਾ ਜਿਹਲਮ ‘ਚ ਸਥਿਤ ਕਿਲ੍ਹਾ ਰੋਹਤਾਸ ਇਕ ਇਤਿਹਾਸਕ ਮਹੱਤਵ ਰੱਖਦਾ ਹੈ । ਇਹ ਕਿਲ੍ਹਾ ਥੋੜ੍ਹੇ ਸਮੇਂ ਲਈ ਦਿੱਲੀ ਤਖ਼ਤ ਤੇ ਬੈਠੇ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ ੧੬ਵੀਂ ਸਦੀ ਵਿੱਚ ਮੁਗਲਾਂ ਨੂੰ ਟੱਕਰ ਦੇਣ ਲਈ ਬਣਾਇਆ ਸੀ । ਇਹ ਕਿਲ੍ਹਾ ੧੭੧ ਏਕੜ ਵਿੱਚ ਫੈਲਿਆ ਹੋਇਆ ਹੈ । ਇਸਦੀ ਕੰਧ ੩੦ ਫੁੱਟ ਚੌੜੀ ਤੇ ੫੦ ਫੁੱਟ ਉੱਚੀ ਸੀ , ਇਸ ਦੇ ਚੌਹਾਂ ਪਾਸਿਆਂ ਉੱਤੇ ੬੮ ਬੁਰਜ ਅਤੇ ੧੨ ਦਰਵਾਜ਼ੇ ਸਨ । ਇਸਦੇ ਕਸ਼ਮੀਰੀ ਦਰਵਾਜ਼ੇ ਜੋ ਕਿ ੭੦ ਫੁੱਟ ਵੱਡਾ ਹੈ ਦੇ ਬਿਲਕੁਲ ਨਜ਼ਦੀਕ ਖ਼ਾਲਸੇ ਦੀ ਮਾਤਾ ਸਾਹਿਬ ਕੌਰ ਜੀ ਦਾ ਪਵਿੱਤਰ ਪ੍ਰਕਾਸ਼ ਅਸਥਾਨ ਹੈ। ਜਿੱਥੇ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ ਸਥਿਤ ਹੈ।

ਗੁਰਦੁਆਰਾ ਸਾਹਿਬ ਦਾ ਪੁਰਾਤਨ ਦਰਬਾਰ ਜੋ ਮਹਾਰਾਜਾ ਰਣਜੀਤ ਸਿੰਘ ਨੇ ਯਾਦਗਾਰ ਵਜੋਂ ਤਾਮੀਰ ਕਰਵਾਈ, ਜਿਸਦੀ ੨੦੧੨ ਮੁਰੰਮਤ ਕੀਤੀ ਗਈ

੧੬ਵੀਂ ਸਦੀ ਵਿੱਚ ਬਣੇ ਇਸ ਕਿਲ੍ਹੇ ਵਿੱਚ ਸਮੇਂ ਦਾ ਨਾਲ ਆਬਾਦੀ ਵੱਸ ਗਈ । ਹੁਣ ਵੀ ਇਸਦੇ ਅੰਦਰਲੀ ਆਬਾਦੀ ਪਿੰਡ ਰੋਹਤਾਸ ਦੇ ਨਾਮ ਨਾਲ ਆਬਾਦ ਹੈ ਅਤੇ ਉਹ ਹੁਣ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਜਿਹਲਮ ਦੀ ਤਹਿਸੀਲ ਦੀਨਾ ਅਧੀਨ ਆਉਂਦਾ ਹੈ।

ਇਸ ਕਿਲ੍ਹੇ ਤੋਂ ਥੋੜੀ ਵਿੱਥ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਗੁਰਦੁਆਰਾ ਚੋਆ ਸਾਹਿਬ ਰੋਹਤਾਸ ਸਥਿਤ ਹੈ । ਜਿੱਥੇ ਗੁਰੂ ਨਾਨਕ ਪਾਤਸ਼ਾਹ ਕਾਬਲ , ਕੰਧਾਰ ਤੇ ਪਿਸ਼ਾਵਰ ਤੋਂ ਵਾਪਸ ਪਰਤਦੇ ਹੋਏ ਆਏ ਸਨ। ਉਸ ਅਸਥਾਨ ਦੀ ਸੇਵਾ ਸੰਭਾਲ ਕਰਨ ਵਾਲੇ ਭਾਈ ਹਰ ਭਗਵਾਨ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਸੰਮਤ ੧੭੩੮ ਕੱਤਕ ਦੀ ੧੮ ਤਰੀਕ ਨੂੰ ਮਾਤਾ ਸਾਹਿਬ ਕੌਰ ਜੀ ਦਾ ਪ੍ਰਕਾਸ਼ ਹੋਇਆ। ਜਿੰਨਾ ਦੀ ਝੋਲੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਨਾਦੀ ਪੁੱਤਰ ਖ਼ਾਲਸਾ ਪਾਇਆ। ਗੁਰਦੁਆਰਾ ਬਾਲ ਗੁੰਦਾਈ ਟਿੱਲਾ ਜੋਗੀਆਂ ਦੱਖਣ ਪੱਛਮ ਵਾਲੇ ਪਾਸੇ ਲਗਭਗ ੨੦ ਕਿਲੋਮੀਟਰ ‘ਤੇ ਸੁਭਾਏਮਾਨ ਹੈ।

੨੦੧੪ ਵਿਚ ਮਾਤਾ ਜੀ ਦੇ ਜਨਮ ਦਿਹਾੜੇ ‘ਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

ਭਾਈ ਹਰ ਭਗਵਾਨ ਜੀ ਦਾ ਘਰ ਜਿੱਥੇ ਮਾਤਾ ਜੀ ਦਾ ਪ੍ਰਕਾਸ਼ ਹੋਇਆ, ਕਿਲ੍ਹੇ ਦੇ ਕਸ਼ਮੀਰੀ ਦਰਵਾਜ਼ੇ ਦੇ ਅੰਦਰ ਬਿਲਕੁਲ ਨਜ਼ਦੀਕ ਸਥਿਤ ਸੀ । ਖ਼ਾਲਸਾ ਰਾਜ ਵੇਲੇ ਜਦੋਂ ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆਇਆ ਤਾਂ ਉਹਨਾਂ ਜਿੱਥੇ ਗੁਰਦੁਆਰਾ ਚੋਆ ਸਾਹਿਬ ਦੀ ਇਮਾਰਤ ਮੁੜ ਉਸਾਰੀ ਉੱਥੇ ਹੀ ਇਸ ਅਸਥਾਨ ਤੇ ਵੀ ਪੱਕੀ ਉਸਾਰੀ ਕਰਕੇ ਉੱਪਰ ਗੁੰਬਦ ਉਸਾਰ ਗੁਰੂ ਘਰ ਦੀ ਪੱਕੀ ਇਮਾਰਤ ਦੀ ਸੇਵਾ ਕਰਵਾਈ ।

ਰੋਹਤਾਸ ਦੇ ਇਤਿਹਾਸਕ ਕਿਲ੍ਹੇ ਬਾਰੇ :-

ਸ਼ੇਰ ਸ਼ਾਹ ਸੂਰੀ ਨੇ ਇਹ ਕਿਲ੍ਹਾ ਬੰਗਾਲ ਦੇ ਸ਼ਾਹਬਾਜ ਕਿਲ੍ਹੇ ਦੀ ਤਰਜ ਤੇ ਬਣਾਇਆ ਸੀ। ਤਾਰੀਖ਼ ਦਾਊਦੀ ਅਨੁਸਾਰ ਇਸ ਤੇ ਅੱਠ ਕਰੋੜ ਪੰਜ ਲੱਖ ਪੰਜ ਹਜ਼ਾਰ ਤੇ ਢਾਈ ਦਾਮ ਲਾਗਤ ਆਈ ਸੀ । ਤੇ ਇਹ ਢਾਈ ਮੀਲ ਦੇ ਘੇਰੇ ਵਿੱਚ ਬਣਿਆ ਹੋਇਆ ਸੀ।

ਇਹ ਕਿਲ੍ਹਾ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਨੇ ਜਿੱਤ ਕੇ ਆਪਣੇ ਅਧੀਨ ਕੀਤੀ । ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੇ ਸਮੇਂ ਇਹ ਸਿੱਖ ਸਰਗਰਮੀਆਂ ਦਾ ਵੱਡਾ ਕੇੰਦਰ ਰਿਹਾ । ਮਹਾਰਾਜਾ ਰਣਜੀਤ ਸਿੰਘ ਸਮੇਂ ਸਮੇਂ ਇੱਥੇ ਆ ਕੇ ਠਹਿਰਦੇ ਸਨ । ਜਦੋਂ ਉਹ 1831 ਈ. ਵਿੱਚ ਬਿਮਾਰ ਹੋਏ ਤਾਂ ਉਨ੍ਹਾਂ ਇੱਥੇ ਰਹਿ ਕੇ ਅੰਗਰੇਜ਼ ਡਾਕਟਰ ਤੋਂ ਇਲਾਜ ਕਰਵਾਇਆ ਸੀ।

ਰਹੁਤਾਸ ਦਾ ਕਿਲ੍ਹਾ

ਜਦੋਂ ਹਜ਼ਾਰਾ ਦੇ ਪਠਾਣਾਂ ਨੇ ਸਿੱਖ ਰਾਜ ਵਿਰੁੱਧ ਬਗਾਵਤ ਕੀਤੀ ਤਾਂ ਉਹਨਾਂ ਨੂੰ ਸੋਧਣ ਲਈ ਇੱਥੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਭਰੋਸਯੋਗ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੂੰ ਭੇਜਿਆ ਸੀ । ਇਸੇ ਹੀ ਕਿਲ੍ਹੇ ਤੋਂ ਚੜ੍ਹਾਈ ਕਰਕੇ ਪਿਸ਼ਾਵਰ ਵਾਲੇ ਯਾਰ ਮੁਹੰਮਦ ਖਾਨ ਬਾਰਜ਼ਈ ਨੂੰ ਹਰਾ ਕੇ ਪਿਸ਼ਾਵਰ ਦਾ ਇਲਾਕਾ ਸਿੱਖ ਰਾਜ ਵਿੱਚ ਸ਼ਾਮਲ ਕੀਤਾ ਸੀ ।

ਜਦੋਂ ਸਰਦਾਰ ਹਰੀ ਸਿੰਘ ਨਲਵਾ ਜਮਰੌਦ ਵਿੱਚ ਸ਼ਹੀਦ ਹੋਏ ਉਦੋਂ ਮਹਾਰਜਾ ਰਣਜੀਤ ਸਿੰਘ ਲਾਹੌਰੋਂ ਕੂਚ ਕਰਕੇ ਰਹੁਤਾਸ ਆ ਕੇ ਠਹਿਰੇ ਸਨ । ਇੱਥੋਂ ਹਾਲਤਾਂ ਦਾ ਜਾਇਜ਼ਾ ਲੈ ਅੱਗੇ ਕੂਚ ਕੀਤਾ ਸੀ ।

ਖ਼ਾਲਸਾ ਰਾਜ ਦੇ ਅੰਤ ਤੱਕ ਇਹ ਕਿਲ੍ਹਾ ਸਿੱਖਾਂ ਦੇ ਅਧੀਨ ਰਿਹਾ ਤੇ ਫੇਰ ਬਰਤਾਨਵੀ ਸ਼ਾਸਨ ਅਧੀਨ ਆ ਗਿਆ ਤੇ ‘47 ਦੀ ਵੰਡ ਮੌਕੇ ਇਹ ਇਲਾਕਾ ਪਾਕਿਸਤਾਨ ਨੂੰ ਦੇ ਦਿੱਤਾ ਗਿਆ । ਜੰਮੂ ਕਸ਼ਮੀਰ ਵਾਲੇ ਪਾਸਿਓਂ ਇਹ ਕਿਲ੍ਹਾ ਸਰਹੱਦ ਤੋਂ ਤਕਰੀਬਨ 25 ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਗੁਰਦੁਆਰਾ ਸਾਹਿਬ ਦੇ ਮੌਜੂਦਾ ਹਾਲਾਤ– ਲਹਿੰਦੇ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿਚ ਵਸਦੀ ਸਿਖ ਸੰਗਤ ਦਰਸ਼ਨਾਂ ਆਉਂਦੀ ਰਹਿੰਦੀ ਹੈ। ਮਾਤਾ ਜੀ ਦੇ ਜਨਮ ਦਿਹਾੜੇ ‘ਤੇ ਵੀ ਕਈ ਵਾਰ ਸਮਾਗਮ ਕਰਵਾਇਆ ਜਾਂਦਾ ਹੈ। ੨੦੧੨ ਈ. ਦੇ ਨਜਦੀਕ ਇਸ ਅਸਥਾਨ ਦੀ ਸਾਂਭ ਸੰਭਾਲ ਕੀਤੀ ਗਈ। ਰੰਗ ਰੋਕਣ ਕਰਕੇ ਅੰਦਰ ਸਫੇਦ ਪੱਥਰ ਲਗਾਇਆ ਗਿਆ ਹੈ। ਲੋਹੇ ਦੇ ਦਰਵਾਜ਼ੇ ਲਗਾਏ ਗਏ ਹਨ। ਉਪਰ ਗੁੰਬਦ ਬਣਾ ਸਟੀਲ ਦੇ ਕਲਸ ਲਗਾਏ ਗਏ ਹਨ।

ਖਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਸੰਨ ੧੯੪੭ ਤੋਂ ਬਾਅਦ ਪਹਿਲੀ ਵਾਰੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਲਾ ਰੋਹਤਾਸ ਚਰਨ ਪਾਏ ਅਤੇ ੧ ਨਵੰਬਰ, ੨੦੧੫ ਨੂੰ ਨਨਕਾਣਾ ਸਾਹਿਬ ਦੀਆਂ ਸੰਗਤਾਂ ਪਾਸੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ। ਤਸਵੀਰਾਂ ਦੀ ਜ਼ੁਬਾਨੀ-

ਗੁਰਦੁਆਰਾ ਸਾਹਿਬ ਦੇ ਸਾਹਮਣੇ ਲਗੀਆਂ ਚਾਨਣੀਆਂ ਅਤੇ ਪਿਛੇ ਦਿਖਦਾ ਕਿਲ੍ਹਾ ਰਹੁਤਾਸ

ਕੀਰਤਨ ਦਰਬਾਰ
ਨਤਮਸਤਕ ਹੁੰਦੀਆਂ ਮੁਕਾਮੀ ਸੰਗਤਾਂ

Photos