ਗੁਰਦੁਆਰਾ ਚੋਆ ਸਾਹਿਬ, ਜੇਹਲਮ, ਲਹਿੰਦਾ ਪੰਜਾਬ     Gurudwara Chowa Sahib, Rohtas, Jhelum, Lehnda Punjab

ਗੁਰਦੁਆਰਾ ਚੋਆ ਸਾਹਿਬ, ਜੇਹਲਮ, ਲਹਿੰਦਾ ਪੰਜਾਬ Gurudwara Chowa Sahib, Rohtas, Jhelum, Lehnda Punjab

Average Reviews

Description

ਗੁਰਦੁਆਰਾ ਚੋਆ ਸਾਹਿਬ ਦਾ ਪੰਛੀ ਝਾਤ ਚਿਤਰ ਅਤੇ ਪਿਛੇ ਦਿਖਦਾ ਰਹੁਤਾਸ ਕਿਲ੍ਹਾ

ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਚੋਆ ਸਾਹਿਬ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਜਿਹਲਮ ਦੇ ਰੋਹਤਾਸ ਵਿੱਚ ਸਥਿਤ ਹੈ । ਇਸ ਅਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਟਿੱਲਾ ਜੋਗੀਆਂ ਹੁੰਦੇ ਹੋਏ ਇੱਥੇ ਆਏ ਸਨ । ਉਸ ਵੇਲੇ ਏਥੇ ਕੋਈ ਵੱਸੋਂ ਨਹੀਂ ਸੀ । ਗੁਰੂ ਸਾਹਿਬ ਨੇ ਇਸ ਅਸਥਾਨ ਤੇ ਇਕ ਸੋਮਾ ਪ੍ਰਗਟ ਕੀਤਾ , ਜਲ ਦੇ ਉਸ ਸੋਮੇ ਨੂੰ ‘ਚੋਆ’ ਆਖਿਆ ਜਾਂਦਾ ਹੈ । ਇਸੇ ਕਰਕੇ ਇਸ ਅਸਥਾਨ ਦਾ ਨਾਮ ‘ਚੋਆ ਸਾਹਿਬ’ ਪ੍ਰਸਿੱਧ ਹੋ ਗਿਆ । ਰੋਹਤਾਸ ਸ਼ੇਰ ਸ਼ਾਹ ਸੂਰੀ ਵਲੋਂ ਬਣਾਇਆ ਗਿਆ ਵਿਸ਼ਾਲ ਕਿਲ੍ਹਾ ਹੈ ਜਿਸਦੇ ਅੰਦਰ ਬਾਅਦ ਵਿੱਚ ਇਸੇ ਨਾਮ ਤੇ ਕਸਬਾ ਵਸ ਗਿਆ । ਇਹ ਅਸਥਾਨ ਕਿਲ੍ਹੇ ਦੇ ਕਾਬਲੀ ਦਰਵਾਜ਼ੇ ਦੇ ਬਾਹਰ ਘਾਨ ਨਦੀ ਦੇ ਕਿਨਾਰੇ ਸਥਿਤ ਹੈ। ਇਸ ਅਸਥਾਨ ਦੇ ਦਰਸ਼ਨਾਂ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਚੱਲ ਕੇ ਆਏ ਸਨ । ਇਸ ਤਰ੍ਹਾਂ ਇਸ ਪਵਿੱਤਰ ਅਸਥਾਨ ਨੂੰ ਦੋ ਪਾਤਸ਼ਾਹੀਆਂ ਦੇ ਮੁਬਾਰਕ ਚਰਨਾਂ ਦੀ ਛੋਹ ਹਾਸਲ ਹੈ।

ਗੁਰਦੁਆਰਾ ਸਾਹਿਬ ਦੀ ਇਮਾਰਤ, ਸਰੋਵਰ ਅਤੇ ਦਿਖਦਾ ਚੁਗਿਰਦਾ

ਗਿਆਨੀ ਠਾਕੁਰ ਸਿੰਘ ਆਪਣੀ ਕਿਤਾਬ ‘ਗੁਰਧਾਮ ਦੀਦਾਰ’ ਵਿੱਚ ਇਸ ਅਸਥਾਨ ਦਾ ਜ਼ਿਕਰ ਕਰਦਿਆਂ ਲਿਖਦੇ ਹਨ ,” ਸ਼ਹਿਰ ਰਹੁਤਾਸ (ਰੋਹਤਾਸ) ਤੋਂ ਉਤਰ ਦੇ ਪਾਸੇ ਪਹਾੜੀ ਤੋਂ ਹੇਠਾਂ ਚੋ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਗੁਰਦੁਆਰਾ ਹੈ। ਗੁਰੂ ਜੀ ਟਿੱਲਾ ਬਾਲ ਗੁੰਦਾਈ ਤੋਂ ਇੱਕ ਸਿੱਖ ਨੂੰ ਮਿਲਨ ਲਈ ਇੱਥੇ ਆਏ , ਉਸ ਸਿੱਖ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜਲ ਦੀ ਬਹੁਤ ਤਕਲੀਫ਼ ਹੈ । ਤਾਂ ਗੁਰਾਂ ਨੇ ਇਕ ਪੱਥਰ ਦੀ ਸਿਲਾ ਉਠਾਕੇ ਵਿੱਚੋਂ ਬੇਅੰਤ ਜਲ ਕੰਢਿਆਂ । ਜਿੱਥੇ ਹੁਣ ਚਸ਼ਮਾ ਸਾਹਿਬ ਨਾਮੀ ਨਿੱਕਾ ਜਿਹਾ ਤਲਾਬ ਬਣਿਆ ਹੋਇਆ ਹੈ । ਗੁਰਦੁਆਰੇ ਤੋਂ ਇੱਕ ਮੀਲ ਚੜ੍ਹਦੇ ਵੱਲ ਇੱਕ ਮੀਲ ਲਹਿੰਦੇ ਪਾਸੇ ਇਤਨਾ ਜਲ ਚੱਲਦਾ ਹੈ ਕਿ ਘਰਾਟ ਚਲਦੇ ਹਨ , ਇਸ ਤੋਂ ਅੱਗੇ ਪਿੱਛੇ ਚੋ ਖੁਸ਼ਕ ਪਿਆ ਹੈ । ਇਹ ਬਰਕਤ ਗੁਰੂ ਨਾਨਕ ਦੇਵ ਜੀ ਦੀ ਹੈ ।…..ਗੁਰਦੁਆਰੇ ਦੇ ਨਾਲ ੨੭ ਘੁਮਾਉ ਜ਼ਮੀਨ ਤੇ ੨੬੦ ਰੁਪਏ ਸਾਲਾਨਾ ਜਾਗੀਰ ਸਿੱਖ ਰਾਜ ਸਮੇਂ ਤੋਂ ਹੈ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਚੰਗਾ ਹੈ । ਏਕਾਂਤ ਪਸੰਦ ਸੱਜਣਾਂ ਲਈ ਉਹ ਥਾਂ ਭਜਨ ਕਰਨ ਵਾਲੀ ਬਹੁਤ ਹੀ ਚੰਗੀ ਹੈ ।”

ਗੁਰਦੁਆਰਾ ਚੋਆ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਉਣ ਬਾਰੇ ਸਿੱਖ ਯਾਤਰੀ ਭਾਈ ਧੰਨਾ ਸਿੰਘ ਆਪਣੀ ਕਿਤਾਬ ‘ਗੁਰ ਤੀਰਥ ਸਾਈਕਲ ਯਾਤਰਾ’ ਵਿੱਚ ਲਿਖਦੇ ਹਨ ਕਿ, “ਗੁਰਦੁਆਰਾ ਚੋਆ ਸਾਹਿਬ ਪਾਤਸ਼ਾਹੀ ੧ ਜੀ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨੇ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਾ. ਛੇਵੀਂ ਵੀ ਆਏ ਹਨ ਜੋ ਕੋ ਦੋਨਾਂ (ਦੋਵੇਂ) ਹੀ ਪਾਤਸ਼ਾਹੀਆਂ ਇੱਕੋ ਹੀ ਗੁਰਦੁਆਰਾ ਬਨਿਆ ਵਾ ਹੈ । ਇਸ ਜਗ੍ਹਾ ਗੁਰੂ ਜੀ ਪਿੰਡ ਨੜਾਲੀ ਤੋਂ ਆਏ ਸਨ ਜੋ ਪੱਛਮ ਉਤਰ ਦੀ ਗੁੱਠ ਵਿੱਚ ੨੦ ਮੀਲ ਤੇ ਹੈ ਤੇ ਗਏ ਸ਼ੈਹਰ (ਸ਼ਹਿਰ) ਗੁਜਰਾਤ ਸਨ ਜੋ ਚੜ੍ਹਦੇ ਤੇ ਦੱਖਣ ਦੀ ਗੁੱਠ ਵਿੱਚ …… ਮੀਲ ਤੇ ਹੈ । ਇਸ ਜਗ੍ਹਾ ਗੁਰੂ ਜੀ (ਛੇਵੇਂ ਪਾਤਸ਼ਾਹ ਜੀ) ਨੇ ਇਕ ਰਾਤ ਕੱਟੀ ਹੈ । ਜਿਸ ਵਕਤ ਗੁਰੂ ਜੀ ਆਏ ਸਨ ਉਸ ਵਕਤ ਕਿਲਾ ਤੇ ਰੋਹਤਾਸ ਸ਼ੈਹਰ ਮੌਜੂਦ ਸੀ । ਜੋ ਗੁਰਦੁਆਰਾ ਸਾਹਿਬ ਜੀ ਤੇ ਚੋਆ ਜੀ ਹੈ , ਇਸ ਦੇ ਦੱਖਣ ਦੀ ਬਾਹੀ ਤੇ ਇੱਕ ਬੁੰਗੇ ਵਿੱਚ ਬਨਿਆ ਵਾ ਹੈ ਜਿਸ ਵਿੱਚ ਇਕ ਖੂਹੀ ਵੀ ਹੈ ਤੇ ਛੋਟੀ ਹਲਟੀ ਵੀ ਲੱਗੀ ਹੋਈ ਹੈ । ਇਸ ਬੁੰਗੇ ਵਿੱਚ ੧੦ ਕੋਠੜੀਆਂ ਤੇ ਇਕ ਹਾਲ ਕਮਰਾ ਬਨਿਆ ਵਾ ਹੈ । ਯਾਤਰੂਆਂ ਦੇ ਰਹਿਨ ਵਾਸਤੇ । ਇਸ ਬੁੰਗੇ ਦੇ ਦਰਵਾਜ਼ੇ ਉੱਤੇ ਜੋ ਇਹ ਚੋਆ ਸਾਹਿਬ ਜੀ ਤੇ ਗੁਰਦੁਆਰਾ ਸਾਹਿਬ ਜੀ ਵੱਲ ਉਤਰ ਦੀ ਤਰਫ ਹੈ , ਦਰਵਾਜ਼ੇ ਉੱਤੇ ਲਿਖਾ ਹੋਇਆ ਹੈ – ਸ੍ਰੀ ਸਤਿਗੁਰੂ ਬੁੰਗਾ ਹਰਿ ਗੋਬਿੰਦ ਜੀ ਅਕਾਲ ਸਹਾਏ ।ਸੋ ਪਾਤਸ਼ਾਹੀ ਛੇਵੀਂ ਦੀ ਯਾਦਗਾਰ ਕੋਈ ਨਹੀਂ ਬਨੀ ਹੋਈ ਹੈ । ਸਿਰਫ ਇਸ ਬੁੰਗੇ ਤੋਂ ਇਸ ਵਿੱਚ ਵੀ ਗੁਰੂ ਜੀ ਦੇ ਬੈਠਨੇ ਦਾ ਕੋਈ ਨਸਾਨ (ਨਿਸ਼ਾਨ) ਨਹੀਂ ਬਨਾਇਆ ਵਾ ਹੈ । “

ਛੱਤ ਉਪਰ ਦਿਖਦਾ ਗੁੰਬਦ

ਇਮਾਰਤ ਇਸ ਇਲਾਕੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਆਪਣੇ ਅਧੀਨ ਕੀਤਾ ਸੀ ਤੇ ਮੁਢਲੀ ਸੇਵਾ ਕਰਵਾਈ ਉਪਰੰਤ ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਕਰਵਾਈ ਤੇ ੨੭ ਘੁਮਾਂ ਜ਼ਮੀਨ ਤੇ ੨੦੬੦ ਰੁਪਏ ਸਾਲਾਨਾ ਜਾਗੀਰ ਵੀ ਲਗਵਾਈ । ਇਹ ਇਮਾਰਤ ਬਹੁਤ ਹੀ ਸੁੰਦਰ ਤੇ ਮਜ਼ਬੂਤ ਬਣੀ ਹੋਈ ਹੈ ਤੇ ਅੱਜ ਵੀ ਮੌਜੂਦ ਹੈ।

੪੭ ਤੋਂ ਪਹਿਲਾਂ ਕਰਵਾਈ ਸੇਵਾ ਦੀ ਯਾਦ ਵਿਚ ਉਕਰੀ ਗੁਰਮੁਖੀ ਦੇ ਧੁੰਦਲਾ ਪਏ ਅਖਰ
ਸਥਾਨਿਕ ਅਤੇ ਵਿਦੇਸ਼ ਦੀ ਸੰਗਤ ਵੱਲੋਂ ਕੀਤੀ ਜਾ ਰਹੀ ਕਾਰ ਸੇਵਾ ਦਾ ਦ੍ਰਿਸ਼

ਗੁਰਦੁਆਰੇ ਦੀ ਇਮਾਰਤ ਆਪਣੀਆਂ 23 ਖਿੜਕੀਆਂ ਅਤੇ ਚਾਰ- ਚਾਰ ਫੁੱਟ ਚੌੜੀਆਂ ਕੰਧਾਂ ਸਦਕਾ ਇਮਾਰਤ ਸਾਜ਼ੀ ਦਾ ਸ਼ਾਹਕਾਰ ਇੱਕ ਨਮੂਨਾ ਹੈ। ਇਸ ਅਸਥਾਨ ਦੇ ਇਕ ਪਾਸੇ ਘਾਨ ਨਦੀ , ਦੂਜੇ ਪਾਸੇ ਕਿਲ੍ਹਾ ਤੇ ਬਾਕੀ ਦੋਵੇਂ ਪਾਸਿਆਂ ਤੇ ਜੰਗਲ ਹੈ । ਇਸ ਅਸਥਾਨ ਤੇ ਸਰੋਵਰ ਜਿਸਨੂੰ ਚੋਆ ਸਾਹਿਬ ਆਖਿਆ ਜਾਂਦਾ ਹੈ , ਉਹ ਹੁਣ ਵੀ ਮੌਜੂਦ ਹੈ ।

ਪੁਰਾਤਨ ਇਮਾਰਤ, ਪਿਛੇ ਰਹੁਤਾਸ ਦੇ ਕਿਲ੍ਹੇ ਦੀਆਂ ਕੰਧਾਂ, ਢਹਿ ਚੁੱਕੀ ਦਰਸ਼ਨੀ ਡਿਉਢੀ

ਭਾਵੇਂ ਕਿ ਦਰਸ਼ਨੀ ਡਿਉਢੀ ਸਮੇਂ ਦੇ ਨਾਲ ਢਹਿ ਚੁੱਕੀ ਹੈ । ਉਸਦਾ ਇੱਕੋ ਥਮਲਾ ਨਿਸ਼ਾਨ ਵਜੋਂ ਬਚਿਆ ਹੈ। ਪਰ ਬਾਕੀ ਗੁਰਦੁਆਰਾ ਸਾਹਿਬ ਦੀ ਇਮਾਰਤ ਜੋ ਕਿ ਤਿੰਨ ਮੰਜ਼ਿਲਾ ਹੈ ਉਹ ਆਪਣੀ ਖੂਬਸੂਰਤੀ ਨਾਲ ਉਸੇ ਤਰ੍ਹਾਂ ਕਾਇਮ ਖੜ੍ਹੀ ਹੈ । ਜਿਸਦੇ ਉਪਰ ਇਕ ਚੌਂਤਰੇ ਜਿੰਨੀ ਉੱਚੀ ਥਾਂ ਤੇ ਖੂਬਸੂਰਤ ਗੁੰਬਦ ਹੈ ਤੇ ਚਾਰੇ ਖੂੰਜਿਆਂ ਤੇ ਛੋਟੋ ਗੁੰਬਦ ਹਨ । ਦਰਬਾਰ ਸਾਹਿਬ ਦੇ ਅੰਦਰੋਂ ਹੀ ਉਪਰਲੀਆਂ ਮੰਜਿਲਾਂ ਲਈ ਪੌੜੀਆਂ ਜਾਂਦੀਆਂ ਹਨ । ਅੰਦਰ ਹਵਾ ਦੇ ਲਈ ਖੁੱਲ੍ਹੀਆਂ ਖਿੜਕੀਆਂ ਹਨ ਜਿੰਨਾਂ ਦੇ ਬਾਹਰ ਪਾਲਕੀ ਨੁਮਾ ਗੁੰਬਦ ਬਣੇ ਹੋਏ ਹਨ । ਸਾਰੀ ਇਮਾਰਤ ਨਾਨਕਸ਼ਾਹੀ ਨਿੱਕੀਆਂ ਇੱਟਾਂ ਦੀ ਬਣੀ ਹੋਈ ਹੈ ਤੇ ਇੱਟਾਂ ਦੇ ਜੋੜ ਤੇ ਚੂਨੇ ਦਾ ਪਲੱਸਤਰ ਹੋਇਆ ਹੈ । ਚਾਰੇ ਨੁੱਕਰਾਂ ਤੇ ਬੜੇ ਸੁੰਦਰ ਚੂੜੀਦਾਰ ਥਮਲੇ ਬਣਾ ਕੇ ਉੱਪਰ ਛੋਟੇ ਗੁੰਬਦ ਉਸਾਰੇ ਹਨ । ਇਸਦੇ ਖਿੜਕੀਆਂ ਦਰਵਾਜ਼ੇ ਤਿੰਨ ਪਾਸੇ ਖੁੱਲ੍ਹਦੇ ਹਨ । ਜਦਕਿ ਪਿਛਲੇ ਪਾਸੇ ਪਹਾੜ ਆ ਲੱਗਦਾ ਹੈ । ਡਿਉਢੀ ਜਿਸਦੀ ਕਿ ਹੁਣ ਇੱਕ ਨਿਸ਼ਾਨੀ ਹੀ ਬਚੀ ਹੈ ਤੋਂ ਅੰਦਰ ਦਾਖਲ ਹੋਣ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸੱਜੇ ਹੱਥ ਸਰੋਵਰ ਹੈ । ਜੋ ਕਿ ਹੁਣ ਵੀ ਪੂਰੀ ਸ਼ਾਨ ਨਾਲ ਸਲਾਮਤ ਹੈ । ਤੇ ਖੱਬੇ ਹੱਥ ਹੁਣ ਕਿੰਨੂਆਂ ਦਾ ਬਾਗ ਲੱਗਿਆ ਹੋਇਆ ਹੈ । ਤੇ ਪਿਛਲੇ ਪਾਸੇ ਰੋਹਤਾਸ ਦਾ ਕਿਲ੍ਹਾ ਦਿਖਾਈ ਦਿੰਦਾ ਹੈ । ਹੁਣ ਸੰਸਥਾ ‘ਰਣਜੀਤ ਨਗਾਰਾ’ ਇਸ ਅਸਥਾਨ ਦੀ ਪੁਰਾਤਨ ਦਿੱਖ ਬਹਾਲ ਕਰਨ ਲਈ ਬਹੁਤ ਮਿਹਨਤ ਤੇ ਲਗਨ ਨਾਲ ਬਿਨਾ ਕੋਈ ਬਦਲਾਅ ਕੀਤੇ ਕਾਰ ਸੇਵਾ ਕਰਵਾ ਰਹੀ ਹੈ । ਵਿਹੜੇ ਵਿੱਚ ਫਰਸ਼ ਲਗਾਇਆ ਜਾ ਰਿਹਾ ਹੈ ਤੇ ਕੰਧਾਂ ਤੇ ਜੰਮੀ ਧੂੜ ਮਿੱਟੀ ਸਾਫ ਕਰਕੇ ਜਿੱਥੇ ਮੁਰੰਮਤ ਦੀ ਲੋੜ ਹੈ ਕੀਤੀ ਜੈ ਰਹੀ ਹੈ ।

ਸਰੋਵਰ ਦੀ ਸਫ਼ਾਈ ਤੇ ਬਣਦੀ ਮੁਰੰਮਤ ਕਰ ਮੁੜ ਤੋਂ ਨਿਰਮਲ ਜਲ ਨਾਲ ਭਰਿਆ ਗਿਆ ਹੈ ।

ਗੁਰਦੁਆਰਾ ਸਾਹਿਬ ਦਾ ਕਾਰਸੇਵਾ ਕਰਨ ਤੋਂ ਪਹਿਲਾਂ ਦਾ ਚਿਤਰ
ਚਲ ਰਹੀ ਕਾਰਸੇਵਾ
ਇਮਾਰਤ ਦਾ ਨਵੀਨੀਕਰਨ ਅਤੇ ਫਰਸ਼

ਕਾਰਸੇਵਾ ਕਰਨ ਤੋਂ ਬਾਅਦ ਦੇ ਚਿਤਰ

ਰਹੁਤਾਸ ਦੇ ਤਿੰਨ ਗੁਰਦੁਆਰੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਰਸਤਾ ਕਿਲ੍ਹਾ ਦੇ ਅੰਦਰੋਂ ਆਉੰਦਾ ਹੈ । ਰਹੁਤਾਸ ਕਿਲ੍ਹੇ ਨੇੜਲੇ ਤਿੰਨ ਗੁਰਦੁਆਰੇ, ਜਿਨ੍ਹਾਂ ਵਿਚ ਕਿਲ੍ਹੇ ਅੰਦਰਲਾ ਗੁਰਦੁਆਰਾ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ, ਗੁਰਦੁਆਰਾ ਚੋਆ ਸਾਹਿਬ ਤੇ ਗੁਰਦੁਆਰਾ ਬਾਲ ਗੁੰਦਾਈ, ਟਿੱਲਾ ਜੋਗੀਆਂ ਹੈ। ਇਹਨਾਂ ਤਿੰਨਾਂ ਅਸਥਾਨਾਂ ਦੀ ਕਾਰ ਸੇਵਾ ਸੰਸਥਾ ‘ਰਣਜੀਤ ਨਗਾਰਾ’ ਵੱਲੋਂ ਸਥਾਨਕ ਪ੍ਰਸ਼ਾਸ਼ਨ ਦੀ ਮੱਦਦ ਨਾਲ ਕਰਵਾਈ ਜਾ ਰਹੀ ਹੈ ਅਤੇ ਨਾਲ ਹੀ ਸੰਸਥਾ ਵੱਲੋਂ ਤਿੰਨਾਂ ਅਸਥਾਨਾਂ ਨੂੰ ਇੱਕੋ ਰਸਤੇ ਜੋੜਨ ਦੀ ਸੇਵਾ ਵੀ ਚੱਲ ਰਹੀ ਹੈ ।

ਜੋੜ ਮੇਲਾ ਇਸ ਅਸਥਾਨ ਤੇ ਕੱਤਕ ਦੀ ਪੂਰਨਮਾਸ਼ੀ ਨੂੰ ਬਹੁਤ ਭਾਰੀ ਜੋੜ ਮੇਲਾ ਲੱਗਦਾ ਸੀ । ਜਿਸ ਵਿੱਚ ਦੂਰੋਂ ਨੇੜਿਓ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰੀ ਭਰਦੀ ਸੀ । ਪਰ ਵੰਡ ਤੋਂ ਬਾਅਦ ਹੋਰਨਾਂ ਅਸਥਾਨਾਂ ਵਾਂਗ ਸਾਂਭ ਸੰਭਾਲ ਤੇ ਨਿੱਤ ਦੀ ਮਰਿਯਾਦਾ ਤੋਂ ਸੱਖਣਾ ਹੋ ਗਿਆ । ਪਰ ਹੁਣ ਸੰਸਥਾ ‘ਰਣਜੀਤ ਨਗਾਰਾ’ ਵਲੋਂ ਇਸਦੀ ਤੇ ਨਾਲ ਲੱਗਦੇ ਅਸਥਾਨਾਂ ਦੀ ਪੁਰਤਾਨ ਰੂਪ ਵਿੱਚ ਹੀ ਸੰਭਾਲ ਕਰਨ ਦਾ ਇਹ ਉੱਦਮ ਪ੍ਰਸੰਸਾ ਯੋਗ ਹੈ । ਇਸ ਪਾਸੇ ਹੋਰਨਾਂ ਸੰਸਥਾਵਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ।

ਚਿਤਰਾਂ ਲਈ ਧੰਨਵਾਦ (Thanks)- Shahid shabir, Mirza Baig, Hudaspes Light Bok

ਗੁਰਦੁਆਰਾ ਸਾਹਿਬ ਨਾਲ ਸੰਬੰਧਤ ਪਿਛਲੇ ਵਖ ਵਖ ਸਮੇਂ ਦੇ ਚਿਤਰ ਹੇਠਾਂ ਦੇਖ ਸਕਦੇ ਹੋ ਜੀ

Photos