ਗੁ. ਫੱਤੂ ਸੰਮੂ ਦੀਆਂ ਟਾਹਲੀਆਂ ਸਮਸ਼ਦੀਨ ਚਿਸ਼ਤੀ Gurudwara Fattu-Sammu dian Tahlian

ਗੁ. ਫੱਤੂ ਸੰਮੂ ਦੀਆਂ ਟਾਹਲੀਆਂ ਸਮਸ਼ਦੀਨ ਚਿਸ਼ਤੀ Gurudwara Fattu-Sammu dian Tahlian

Average Reviews

Description

ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਪਾਤਿਸ਼ਾਹੀ ੧੦ ਭਾਈ ਫੱਤੂ ਸੰਮੂ ਦੀਆਂ ਟਾਹਲੀਆ ਜਲਾਲਾਬਾਦ ਤੋਂ ਫਿਰੋਜਪੁਰ ਨੂੰ ਜਾਂਦਿਆਂ ਲਗਭਗ ਸਾਢੇ ਕ ਪੰਜ ਕਿਲੋਮੀਟਰ ‘ਤੇ ਮੁਖ ਮਾਰਗ ‘ਤੇ ਖੱਬੇ ਹਥ ਬਿਲਕੁਲ ਉਪਰ ਸਥਿਤ ਹੈ। ਇਹ ਅਸਥਾਨ ਸਮਸ਼ਦੀਨ ਚਿਸਤੀ ਪਿੰਡ ਦੇ ਰਕਬੇ ਵਿਚ ਹੈ। ਸੰਮੂ ਫਤੂ ਦੀ ਕਬਰ ਅਤੇ ਛਪੜ ਨਾਲ ਸੰਬੰਧਤ ਗੁਰਦੁਆਰਾ ਗੋਬਿੰਦਸਰ ਸਾਹਿਬ (ਨਾਨਕਸਰ ਠਾਠ) ਸ਼ੇਰ ਮੁਹੰਮਦ ਲਗਭਗ ਪੌਣੇ ਕ ਦੋ ਕਿਲੋਮੀਟਰ ‘ਤੇ ਚੜ੍ਹਦੇ ਦੀ ਤਰਫ ਹੈ। ਤਹਿਸੀਲ ਜਲਾਲਾਬਾਦ, ਜਿਲ੍ਹਾ ਫਾਜਿਲਕਾ ਹੈ।

ਗੁਰਦੁਆਰਾ ਸਾਹਿਬ ਦਾ ਬਾਹਰੀ ਦ੍ਰਿਸ਼

ਇਤਿਹਾਸ
ਖਿਦਰਾਣੇ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਉਤਰ-ਪਛਮ ਦਿਸ਼ਾ ਵਲ ਕੂਚ ਕਰਕੇ ਅਗੇ ਜਾ ਰਹੇ ਸਨ ਤਾਂ ਸੰਮੂ ਫਤੂ ਨੂੰ ਨਾਲ ਹੀ ਸਨ। ਕਈਆਂ ਮੀਲਾਂ ਦੇ ਚੌਗਿਰਦ ਦੀ ਖੁਲ੍ਹੀ ਜੂਹ ਸੀ। ਜੂਹ ਦੀ ਧਰਤੀ ਬਹੁਤ ਉਪਜਾਊ ਤੇ ਸੁੰਦਰ ਸੀ ਸਤਿਗੁਰੂ ਜੀ ਚੱਲਦੇ ਚੱਲਦੇ ਇਕ ਟਾਹਲੀਆਂ ਦੇ ਝੁੰਡ ਹੇਠਾਂ ਖਲੋ ਗਏ। ਉਸ ਵੇਲੇ ਸਾਹਿਬ ਨੇ ਸੰਮੂ ਤੇ ਫਤੂ ਨੂੰ ਸੱਦਿਆ। ਉਹਨਾਂ ਨੂੰ ਕੋਲ ਸੱਦ ਕੇ ਬਚਨ ਕੀਤਾ “ਤੁਸਾਂ ਦੀ ਸੇਵਾ ਤੇ ਅਸੀਂ ਬਹੁਤ ਪ੍ਰਸੰਨ ਹਾਂ, ਤੁਸੀਂ ਨਿਹਾਲ ਹੋਏ ਜੋ ਮਨ ਇੱਛਾ ਹੈ ਸੋ ਪ੍ਰਗਟ ਕਰੋ। ਜਿਵੇਂ ਭੁੱਖੇ ਨੂੰ ਅੰਨ ਕਿਹਾ ਜਾਵੇ ਤਾਂ ਉਹ ਚੌਂਕ ਉਠਦਾ ਹੈ ਤੇ ਉਛਲ ਕੇ ਅਗੇ ਹੁੰਦਾ ਹੈ ਤਿਵੇਂ ਸੰਮੂ ਤੇ ਫਤੂ ਹੱਥ ਜੋੜ ਕੇ ਹਾਜ਼ਰ ਹੋਏ। ਫਤੂ ਨੇ ਕਿਹਾ ‘ਮਹਾਰਾਜ ! ਅਸੀਂ ਗਰੀਬ ਹਾਂ। ਅਸਾਡੀ ਗਰੀਬੀ ਦੂਰ ਕਰੋ। ਅਸਾਂ ਨੂੰ ਸੁਤੰਤਰ ਭੂਮੀ ਚਾਹੀਦੀ ਹੈ। ਇਸ ਦੀ ਕਿਰਪਾ ਕਰੋ, ਮੇਹਨਤੀ ਬੰਦੇ ਹਾਂ। ਹੋਰ ਅਸੀਂ ਕੁਝ ਨਹੀਂ ਮੰਗਦੇ। ਫਤੂ ਦਾ ਬੋਲ ਸੁਣਕੇ ਸਤਿਗੁਰੂ ਜੀ ਨੇ ਬਚਨ ਕੀਤਾ, ਇਥੇ ਅਸੀਂ ਡੇਰਾ ਕਰਦੇ ਹਾਂ। ਤੁਸੀਂ ਘੋੜਾ ਫੇਰਕੇ ਜ਼ਮੀਨ ਮੱਲ ਲਵੋ ਤੇ ਇਹਨਾਂ ਟਾਹਲੀਆਂ ਹੇਠਾਂ ਪਿੰਡ ਬੰਨ੍ਹ ਲਵੋ। ਤੁਸਾਂ ਦਾ ਪਿੰਡ ਵਲਿਆ ਜਾਵੇਗਾ ਤਾਂ ਅਸੀਂ ਅਗੇ ਜਾਵਾਂਗੇ। ਜਾਓ ਘੋੜਾ ਫੇਰੋ। ਤੁਸਾਂ ਦਾ ਘੋੜਾ ਕੋਈ ਨਹੀਂ ਰੋਕੇਗਾ। ਚੰਗੀ ਤਰ੍ਹਾਂ ਵਾਹੁਣਾ ਤੇ ਰੰਜ ਕੇ ਖਾਣਾ ਉਸ ਵੇਲੇ ਫਤੂ ਤੇ ਸੰਮੂ ਘੋੜਿਆਂ ਤੇ ਸਵਾਰ ਹੋ ਗਏ ਦੂਰ ਦੂਰ ਤੱਕ ਉਹਨਾਂ ਨੇ ਘੋੜੇ ਫੇਰੇ ਉਸਦੇ ਪਿਛੋਂ ਟਾਹਲੀਆਂ ਵੱਢ ਕੇ ਝੁਗੀਆਂ ਪਾਉਣੀਆਂ ਆਰੰਭ ਕੀਤੀਆਂ। ਦੋ ਦਿਨਾਂ ਵਿਚ ਝੁਗੀਆਂ ਪੈ ਗਈਆਂ, ਉਹ ਆਪਣੇ ਨਾਲ ਡੰਗਰ ਤੇ ਬਾਲ – ਬੱਚਾ ਉਸੇ ਥਾਂ ਲੈ ਆਏ। ਖੁਸ਼ੀ ਨਾਲ ਰਹਿਣ ਲੱਗੇ। ਸਮਾਂ ਪਾਕੇ ਇਥੇ ਡੋਗਰਾਂ ਦੇ ਕਈ ਪਿੰਡ ਵਸ ਗਏ। ਸਿਖ ਇਤਿਹਾਸ ਦੇ ਕਈ ਸਰੋਤਾਂ ਵਿਚ ਮਿਲਦਾ ਹੈ ਕਿ ਇਥੇ ਗੁਰੂ ਅਸਥਾਨ ਬਣਿਆ ਹੋਇਆ ਸੀ ਗਿਆਨੀ ਠਾਕੁਰ ਸਿੰਘ(੧੯੨੫ਈ.) ਵੀ ਇਸ ਅਸਥਾਨ ਬਾਰੇ ਜਿਕਰ ਕਰਦੇ ਹੋਏ ਲਿਖਦੇ ਹਨ ਕਿ ਪੁਜਾਰੀ ਸਿਖ ਹੈ ਅਤੇ ਡੋਗਰ ਵੀ ਸ਼ਰਧਾ ਰਖਦੇ ਹਨ।’ ਮੁਸਲਮਾਨ ਬਹੁ ਗਿਣਤੀ ਇਲਾਕਾ ਅਤੇ ਸਿਖਾਂ ਵਸੋਂ ਦੀ ਇਸ ਜਗ੍ਹਾ ਅਣਹੋਂਦ ਕਾਰਨ ਹੌਲੀ ਹੌਲੀ ਇਥੋਂ ਗੁਰੂ ਸਾਹਿਬ ਜੀ ਦਾ ਇਹ ਅਸਥਾਨ ਅਲੋਪ ਹੋ ਗਿਆ ਸੀ।

ਗਿਆਨ ਗਿਆਨ ਸਿੰਘ ਆਪਣੀ ਕਿਤਾਬ ਗੁਰਧਾਮ ਸੰਗ੍ਰਹਿ(੧੯੨੦ਈ) ਵਿਚ ਇਸ ਅਸਥਾਨ ਦਾ ਜਿਕਰ ਕਰਦੇ ਹਨ ਅਰ ਲਿਖਦੇ ਹਨ – ਟਾਲੀਆਂ ਪਿੰਡ ਮੁਕਤਸਰੋਂ ਪੰਦਾਂ ਕੋਸ, ਜਦ ਗੁਰੂ ਜੀ ਦਰਯਾ ਦਾ ਸੈਲ ਸ਼ਿਕਾਰ ਕਰਦੇ ਹੋਏ ਪੁੱਜੇ ਤਾਂ ਫਤੂ ਸਮੂ ਦੋਵੇਂ ਚੌਧਰੀ ਡੋਗਰਾਂ ਨੇ ਬਹੁਤ ਸੇਵਾ ਕਰਕੇ ਇੱਕ ਲੁੰਗੀ ੧ ਡੱਬਾ ਖੇਸ ਗੁਰੂ ਕੀ ਭੇਟਾ ਕੀਤੇ, ਗੁਰੂ ਜੀ ਖੇਸ ਮੋਢੇ ਉੱਤੇ ਧਰ ਲੁੰਗੀ ਲੱਕ ਬੰਨ੍ਹ ਲੀਤੀ, ਸਿੱਖਾਂ ਨੇ ਆਖਿਆ ਆਪ ਤਨਖਾਹੀ ਹੋ ਗਏ ਹੋ ਕਿਉਂਕਿ ਆਪਨੇ ਲੁੰਗੀ ਦਾ ਤੰਬਾ ਪਾਲਿਆ ਹੈ ਆਪਨੇ ਉੱਤਰ ਦਿਤਾ (ਜੈਸਾ ਦੇ ਵੈਸਾ ਭੇਸ, ਲੱਕ ਲੁੰਗੀ ਮੋਢੇ ਖੇਸ) ੧੦੦ ਰੁਪਏ ਦਾ ਕੜਾਹ ਪ੍ਰਸ਼ਾਦ ਕਰਾਕੇ ਤਨਖ਼ਾਹ ਬਖਸ਼ਾਈ।ਆਮਦਨੀ ੧੫੦ ਰੁਪਏ।
ਪੰਡਿਤ ਤਾਰਾ ਸਿੰਘ ਨਿਰੋਤਮ ਆਪਣੀ ਲਿਖਤ ‘ਸ੍ਰੀ ਗੁਰੂ ਤੀਰਥ ਸੰਗ੍ਰਹਿ’ (੧੮੮੫ਈ.) ਵਿਚ ਦਸਦੇ ਹਨ ਕਿ ਟਾਲੀਆਂ ਫੱਤੂ ਸੰਮੂ ਕੀ – ਮੁਕਤਸਰ ਸੇ ਪੰਦਰਾਂ ਕੋਸ ਵਾਯੂ ਕੋਣ ਮੇਂ ਪਰੋਜ਼ਪੁਰ (ਫੀਰੋਜ਼ਪੁਰ) ਕੇ ਸਮੀਪ ੧ , ਗੁਰਦੁਆਰਾ ੨ , ਸਿੱਖ ੩ – ਇਸ ਗ੍ਰਾਮ ਮੇਂ ਗਏ ਤਬ ਫੱਤੂ , ਸੰਮੂ ਡੋਗਰ ਬਹੁਤ ਦੂਧ ਲਿਆਏ। ਲੁੰਙੀ ਅਰ ਖੇਸ ਗੁਰੂ ਜੀ ਕੀ ਭੇਟ ਰੱਖੇ। ਗੁਰੂ ਜੀ ਨੇ ਲੇਕਰ ਲੁੰਙੀ ਲੱਕ ਬਾਂਧ, ਖੇਸ ਉਪਰ ਲੇ, ਡੋਗਰੋਂ ਸਾ ਵੇਸ ਕੀਆਂ। ਅਰ ਕਹਾ “ਤੇੜ ਲੁੰਙੀ ਮੋਢੇ ਖੇਸ॥ ਜੇਹਾ ਦੇਸ ਤੇਹਾ ਭੇਸ’ ਈਹਾਂ ਸਿੱਖਾਂ ਨੇ ਗੁਰੂ ਜੀ ਕੋ ਤਨਖਾਹ ਲਗਾਇ ਸਵਾ ਸੈ ਕਾ ਕੜਾਹ ਲੀਆ। ਪ੍ਰਥਮ ਅਯਨ ਕੇ ਚੌਦਾਂ ਅੰਸ ਕੀ ਨਵਮੀ ਚੌਪਈ ਮੇਂ ਲਿਖਾ ਹੈ – ਪੁਨ ਗੁਰ ਕਹਿਓ ਦੇਸ ਤਸ ਭੇਸ ॥ ਲੁੰਙੀ ਤੇੜ ਸੁ ਮੋਢੇ ਖੇਸ’’੪।

ਗੁਰਦੁਆਰਾ ਦੀ ਖੋਜ
ਇਸ ਅਸਥਾਨ ਦੀ ਖੋਜ ਇਤਿਹਾਸਕਾਰ ‘ਨਿਰੰਜਨ ਸਿੰਘ ਸਾਥੀ’ ਨੇ ੧੯੯੯ ਈ. ਵਿਚ ਕੀਤੀ। ਇਸ ਖੋਜ ਕਾਰਜ ਦੇ ਵਾਕੀਏ ਨੂੰ ਉਹਨਾਂ ਆਪਣੀ ਕਿਤਾਬ ‘ਚਰਨ ਚਲਉ ਮਾਰਗਿ ਗੋਬਿੰਦ‘ ਵਿਚ ਇਸ ਤਰ੍ਹਾਂ ਦਰਜ ਕੀਤਾ ਹੈ
"ਫੱਤੂ ਸੰਮੂ ਦੀਆਂ ਕਬਰਾਂ ਤੋਂ ਅਸੀਂ ਫੱਤੂ ਸੰਮੂ ਦੀਆਂ ਟਾਹਲੀਆਂ ਵੱਲ ਤੁਰ ਪਏ। ਇਹ ਅਸਥਾਨ ਕਬਰਾਂ ਤੋਂ ਡੇਢ ਕਿਲੋਮੀਟਰ ਦੇ ਫਾਸਲੇ ‘ਤੇ ਫਿਰੋਜ਼ਪੁਰ – ਜਲਾਲਾਬਾਦ – ਫਾਜ਼ਿਲਕਾ ਸੜਕ ਦੇ ਉੱਤੇ ਹੀ ਸੱਜੇ ਹੱਥ ਪਿੰਡ ਪੀਰ ਮੁਹੰਮਦ ਦੇ ਬੱਸ ਅੱਡੇ ਦੇ ਸਾਹਮਣੇ ਹੈ। ਇੱਥੇ ਵੀ ਇਕ ਛੋਟੀ ਜਿਹੀ ਕਬਰ ਹੈ ਜਿਸ ਉੱਤੇ ਇਕ ਛੋਟਾ ਜਿਹਾ ਸਾਧਾਰਨ ਕਮਰਾ ਬਣਿਆ ਹੋਇਆ ਹੈ। ਕਮਰੇ ਦੇ ਪਿਛੇ ਇਕ ਬਹੁਤ ਹੀ ਮੋਟੀ ਅਤੇ ਅਧ ਅਸਮਾਨ ਨੂੰ ਛੁਹਦੀ ਟਾਹਲੀ ਖਲੋਤੀ ਹੈ। ਨਾਲ ਹੀ ਇਕ ਹੋਰ ਪੁਰਾਣੀ ਟਾਹਲੀ ਸੁੱਕ ਕੇ ਡਿਗੀ ਪਈ ਹੈ ਪਰ ਉਸ ਦੀ ਲੱਕੜੀ ਨੂੰ ਛੇੜਿਆ ਨਹੀਂ ਜਾਂਦਾ। ਡਿਗੀ ਪਈ ਟਾਹਲੀ ਦੇ ਮੁਢ ਵਿਚ ਇਕ ਨਵੀਂ ਟਾਹਲੀ ਫੁਟ ਰਹੀ ਹੈ।  ਆਲੇ ਦੁਆਲੇ ਕੁਝ ਹੋਰ ਟਾਹਲੀਆਂ ਵੀ ਹਨ। ਟਾਹਲੀਆਂ ਦਾ ਇਹ ਝੁੰਡ ਪਿੰਡ ਸ਼ਮਸ਼ਦੀਨ ਚਿਸ਼ਟ ਦੀ ਜੂਹ ਵਿੱਚ ਹੈ। ਨਾਲ ਵਗਦੀ ਸੜਕ ਦੇ ਦੋਵੇਂ ਪਾਸੇ ਵਿੱਚ ਟਾਹਲੀਆਂ ਦੇ ਰੁਖ ਹਨ। ਕਬਰ ਅਤੇ ਟਾਹਲੀਆਂ ਦੁਆਲੇ ਕੁਝ ਵਿਹਲੀ ਥਾਂ ਪਈ ਹੈ। ਦੋ ਕਨਾਲਾਂ ਵਿੱਚ ਫੈਲੇ ਇਸ ਅਸਥਾਨ ਦੀ ਸੇਵਾ – ਸੰਭਾਲ ਬਾਬਾ ਬਲਬੀਰ ਨਾਥ ਕਰਦਾ ਹੈ ਜੋ ਭਗਵੇਂ ਵਸਤਰ ਤੇ ਕੰਨਾਂ ਵਿੱਚ ਮੁੰਦਰਾਂ ਪਹਿਨਦਾ ਹੈ।  ਸਾਡੇ ਪੁੱਛਣ ‘ਤੇ ਬਲਬੀਰ ਨਾਥ ਨੇ ਦਸਿਆ ਕਿ ਇਸ ਅਸਥਾਨ ਨੂੰ ‘ਟਾਹਲੀ ਪੀਰ’ ਕਹਿੰਦੇ ਹਨ।  ਪਿੰਡ ਸ਼ਮਸ਼ਦੀਨ ਚਿਸ਼ਤੀਆਂ ਅਤੇ ਬਰਾਨਦੀਨ ਵਾਲਾ ਦੇ ਲੋਕ ਇਥੇ ਹਰ ਸਾਲ ਪਹਿਲੀ ਹਾੜ ਨੂੰ ਮੇਲਾ ਲਾਉਂਦੇ ਹਨ। ਗੁਰੂ ਸਿੰਘ ਗੋਬਿੰਦ ਮੁਕਤਸਰ ਦੀ ਜੰਗ ਤੋਂ ਬਾਅਦ ਇਧਰ ਆਏ ਸਨ। ਮੁਕਤਸਰ ਦੀ ਜੰਗ 18 ਵਿਸਾਖ 1763 ਬਿ. ਹੋਈ ਸੀ। ਇਸ ਲਈ ਮੇਲਾ ਲਗਾਉਣ ਦੀ ਤਰੀਕ ਪਹਿਲੀ ਹਾੜ, ਇਕ ਡੇਢ ਮਹੀਨੇ ਦੇ ਫਰਕ ਨਾਲ ਗੁਰੂ ਜੀ ਇਧਰ ਆਉਣ ਦੇ ਸਮੇਂ ਨਾਲ ਮੇਲ ਖਾ ਜਾਂਦੀ ਹੈ। ਪਿਛਲੇ ਸਾਲ(੧੯੯੮ਈ.) ੨੯ ਕਤਕ ਨੂੰ ਇੱਥੇ ਅਖੰਡ ਪਾਠ ਵੀ ਕਰਾਇਆ ਗਿਆ ਸੀ। 
ਅਸੀਂ ਬਲਬੀਰ ਨਾਥ ਨੂੰ ਪੁਛਿਆ ਕਿ ਤੁਹਾਨੂੰ ਪਤਾ ਹੈ ਕਿ ਫੱਤੂ ਸੰਮੂ ਦੇ ਟਾਹਲੀਆਂ ਹਨ ਅਤੇ ਇਹ ਅਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ਬਾਬਾ ਜੀ ਨੇ ਨਾਂਹ ਵਿੱਚ ਸਿਰ ਹਿਲਾਉਦਿਆਂ ਕਿਹਾ, ‘ਸਾਨੂੰ ਇਸ ਗਲ ਦਾ ਕੋਈ ਗਿਆਨ ਨਹੀਂ ਪਰ ਜੇ ਗੱਲ ਹੋਵੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਆਪ ਪਾਠ ਕਰ ਲੈਂਦੇ ਹਾਂ। ਸਾਡਾ ਅਕੀਦਾ ਗੁਰੂਆਂ ਵਿੱਚ ਹੀ ਹੈ। ਮੈਂ ਕਿਹਾ, ‘ਬਾਬਾ ਜੀ ਨੇ ਕੰਨੀਂ ਮੁੰਦਰਾਂ ਵਾਲਾ ਵੇਸ ਤਾਂ ਕਬਰ ਦੇ ਸੇਵਾਦਾਰ ਹੋਣ ਕਰਕੇ ਧਾਰਿਆ ਹੈ ਜਾਂ ਵੈਸੇ ਉਹਨਾਂ ਦੀ ਸ਼ਰਧਾ ਗੁਰੂ ਸਾਹਿਬਾਨ ਉਤੇ ਹੀ ਹੈ। ਮੇਰੀ ਗੱਲ ਸੁਣ ਕੇ ਬਾਬਾ ਜੀ ਨੇ ਹਾਂ ਵਿਚ ਸਿਰ ਹਿਲਾਇਆ ਹੈ। 
ਜਗਦੀਸ਼ ਸਿੰਘ ਥਿੰਦ ਨੇ ਕਿਹਾ, ਅਸਲ ਵਿੱਚ ਇਹ ਕਿਸੇ ਫਕੀਰ ਦੀ ਕਬਰ ਨਹੀਂ ਹੈ। ਟਾਹਲੀ ਪੀਰ ਦਾ ਨਾਂ ਹੋਣ ਕਰਕੇ ਥੜੇ ਨੂੰ ਕਬਰ ਦੀ ਸ਼ਕਲ ਦੇ ਦਿੱਤੀ ਗਈ ਹੈ। 
ਪਿੰਡ ਸ਼ੇਰ ਮੁਹੰਮਦ ਮਾਹੀਗੀਰ, ਬਰਾਨਦੀਨ ਵਾਲਾ ਪੀਰ ਮੁਹੰਮਦ ਅਤੇ ਸ਼ਮਸ਼ਦੀਨ ਚਿਸ਼ਤੀਆਂ ਵਿੱਚ ਜੋ ਕੁਝ ਅਸੀਂ ਸੁਣਿਆ ਅਤੇ ਵੇਖਿਆ ਸੀ ਉਸ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਦਸਮ ਪਾਤਸ਼ਾਹ ਦੇ ਹੁਕਮ ਅਨੁਸਾਰ ਡੋਗਰ ਭਰਾਵਾਂ ਫੱਤੂ ਅਤੇ ਸੰਮੂ ਨੇ ਜਿਸ ਅਸਥਾਨ ‘ਤੇ ਆਪਣਾ ਪਿੰਡ ਵਸਾਇਆ ਸੀ ਜਾਂ ਦੋ ਪਿੰਡਾਂ ਦੀ ਜ਼ਮੀਨ ਮੱਲੀ ਸੀ, ਉਹ ਅਸਥਾਨ ਇਨ੍ਹਾਂ ਪਿੰਡਾਂ ਦੀ ਜੂਹ ਵਿੱਚ ਹੀ ਹੈ। ਪਿੰਡ ਸ਼ੇਰ ਮੁਹੰਮਦ ਮਾਹੀਗੀਰ ਵਿੱਚ ਫੱਤੂ ਸੰਮੂ ਦੀਆਂ ਕਬਰਾਂ ਦੀ ਪੱਕੀ ਤੇ ਪ੍ਰਸਿੱਧ ਰਵਾਇਤ ਇਸ ਘਟਨਾ ਦੀ ਸਾਰੀ ਲੜੀ ਨੂੰ ਜੋੜਦੀ ਹੈ। ਇਹ ਗੱਲ ਸਹੀ ਜਾਪਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਟਾਹਲੀਆਂ ਵਾਲੇ ਅਸਥਾਨ ‘ਤੇ ਆਏ ਸਨ ਪਰ ਮੁਸਲਮਾਨੀ ਇਲਾਕਾ ਹੋਣ ਕਰਕੇ ਇੱਥੇ ਗੁਰੂ ਅਸਥਾਨ ਨਹੀਂ ਬਣ ਸਕਿਆ। ਲੋਕ ਇਸ ਅਸਥਾਨ ਨੂੰ ਪੂਜਨੀਕ ਤਾਂ ਮੰਨਦੇ ਸਨ ਪਰ ਉਨ੍ਹਾਂ ਨੂੰ ਇੱਥੇ ਗੁਰੂ – ਆਗਮਨ ਦਾ ਪਤਾ ਨਹੀਂ ਸੀ ਜਾਂ ਇੱਥੇ ਗੁਰੂ ਜੀ ਦੇ ਆਉਣ ਦੀ ਗੱਲ ਭੁੱਲ ਗਈ ਸੀ ਅਤੇ ਇਹ ਅਸਥਾਨ ‘ਟਾਹਲੀ ਪੀਰ’ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਕਿਸੇ ਥਾਂ ਦਾ ਅਸਲ ਬਿਰਤਾਂਤ ਕਈ ਵਾਰ ਸਮੇਂ ਦੀ ਗਰਦ ਵਿੱਚ ਦੱਬ ਜਾਂਦਾ ਹੈ ਅਤੇ ਵੱਖਰੀ ਤਰ੍ਹਾਂ ਦਾ ਮਾਹੌਲ ਹਾਵੀ ਹੋ ਜਾਣ ਦੇ ਕਾਰਨ ਪੁਰਾਣੀਆਂ ਰਵਾਇਤਾਂ ਆਪਣਾ ਰੂਪ ਬਦਲ ਲੈਂਦੀਆਂ ਹਨ। ਇਕ ਗੱਲ ਇਹ ਵੀ ਹੈ ਕਿ ਇਨ੍ਹਾਂ ਪਿੰਡਾਂ ਦੀ ਪੁਰਾਣੀ ਮੁਸਲਮਾਨ ਆਬਾਦੀ ਸਾਰੀ ਦੀ ਸਾਰੀ ਪਾਕਿਸਤਾਨ ਚਲੀ ਗਈ ਹੈ। ਇਨ੍ਹਾਂ ਪਿੰਡਾਂ ਦੀਆਂ ਪੁਰਾਣੀਆਂ ਰਵਾਇਤਾਂ ਬਾਰੇ ਕੁਝ ਦੱਸਣ ਵਾਲਾ ਹੁਣ ਇੱਥੇ ਕੋਈ ਨਹੀਂ ਹੈ। ਇਨ੍ਹਾਂ ਪਿੰਡਾਂ ਦੀ ਮੌਜੂਦਾ ਆਬਾਦੀ ਮਿੰਟਗੁਮਰੀ(ਪਾਕਿਸਤਾਨ) ਦੇ ਜ਼ਿਲ੍ਹੇ ਵਿੱਚੋਂ ਆ ਕੇ ਵਸੀ ਹੋਈ ਹੈ। ਇਸ ਵਸੋਂ ਦਾ ਬਹੁ – ਗਿਣਤੀ ਭਾਗ ਸਹਿਜਧਾਰੀ ਕੰਬੋਜ ਸਿੱਖ ਹਨ ਜੋ ਆਪਣੇ ਖ਼ੁਸ਼ੀ ਗ਼ਮੀ ਦੇ ਸਾਰੇ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰਦੇ ਹਨ। ਮੌਕੇ ਦੀ ਸਥਿਤੀ ਅਤੇ ਸੁਣੇ ਸਮਾਚਾਰਾਂ ਤੋਂ ਗੱਲ ਇੰਜ ਬਣਦੀ ਹੈ ਕਿ ਭਾਈ ਫੱਤੂ ਅਤੇ ਜੰਮੂ ਦੋਵੇਂ ਭਰਾ ਕਿਉਂਕਿ ਦਸਮ ਪਾਤਸ਼ਾਹ ਦੇ ਵਰੋਸਾਏ ਹੋਏ ਬਜ਼ੁਰਗ ਸਨ ਇਸ ਲਈ ਇਲਾਕੇ ਵਿੱਚ 1947 ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਕਬਰਾਂ ਦੀ ਮਾਨਤਾ ਕੀਤੀ ਜਾਂਦੀ ਸੀ ਅਤੇ ਹੁਣ ਵੀ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਜੇ ਇਸ ਸਾਰੇ ਬਿਰਤਾਂਤ ਨੂੰ ਪੜ੍ਹ ਸੁਣ ਇਸ ਇਲਾਕੇ ਵਿੱਚ ਕੋਈ ਹੋਰ ਪਿੰਡ ਜਾਂ ਅਸਥਾਨ ਇਹ ਦਾਅਵਾ ਨਹੀਂ ਕਰਦਾ ਕਿ ਫੱਤੂ ਸੰਮੂ ਨਾਲ ਸਬੰਧਿਤ ਕੋਈ ਅਸਥਾਨ ਉਨ੍ਹਾਂ ਦੇ ਪਿੰਡ ਜਾਂ ਇਲਾਕੇ ਵਿੱਚ ਹੈ ਤਾਂ ਨਿਸ਼ਚਿਤ ਤੌਰ ‘ਤੇ ਪਿੰਡ ਸ਼ਮਸ਼ਦੀਨ ਚਿਸ਼ਤੀਆਂ ਵਿੱਚ ਟਾਹਲੀਆਂ ਵਾਲਾ ਅਸਥਾਨ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ – ਅਸਥਾਨ ਹੈ ਅਤੇ ਫੱਤੂ ਸੰਮੂ ਦੋਹਾਂ ਭਰਾਵਾਂ ਦੀਆਂ ਕਬਰਾਂ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਵਿੱਚ ਸਹੀ ਸਿੱਧ ਹੁੰਦੀਆਂ ਹਨ। 
ਬੜੀ ਖ਼ੁਸ਼ੀ ਦੀ ਗੱਲ ਹੈ ਕਿ ਹੁਣ ਉਪਰੋਕਤ ਦੋਹਾਂ ਅਸਥਾਨਾਂ ਉੱਤੇ ਗੁਰੂ – ਅਸਥਾਨ ਬਣ ਗਏ ਹਨ । ਪਿੰਡ ਸ਼ੇਰ ਮੁਹੰਮਦ ਮਾਹੀਗੀਰ ਵਿੱਚ ਪੁਰਾਤਨ ਛੱਪੜ ਵਾਲੇ ਅਸਥਾਨ ‘ ਤੇ ਨਾਨਕਸਰ ਸੰਪਰਦਾਇ ਦੇ ਸਿੰਘਾਂ ਨੇ ਗੁਰਦੁਆਰਾ ਗੋਬਿੰਦਸਰ ਸਾਹਿਬ ਬਣਾ ਦਿੱਤਾ ਹੈ। ਪੁਰਾਤਨ ਛੱਪੜ ਵਾਲੀ ਜਗ੍ਹਾ ‘ਤੇ ਹੁਣ ਵਿਸ਼ਾਲ ਸਰੋਵਰ ਸੁਭਾਇਮਾਨ ਹੈ। ਪਿੰਡ ਸ਼ਮਸ਼ਦੀਨ ਚਿਸ਼ਤੀਆਂ ਵਾਲੇ ਇਸ ਅਸਥਾਨ ਦੀ ਕਾਰ ਸੇਵਾ ਭਾਈ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਨੇ ਕਰਵਾਈ ਹੈ।"

ਮੌਜੂਦਾ ਹਾਲਾਤ ਅਤੇ ਪ੍ਰਬੰਧ ਗੁਰਦੁਆਰਾ ਸਾਹਿਬ ਦੀ ਨਵੀਂ ਆਲੀਸ਼ਾਨ ਇਮਾਰਤ ਤਾਮੀਰ ਕੀਤੀ ਗਈ ਹੈ ਜਿਸਦੇ ਹੇਠਾਂ ਲੰਗਰ ਹਾਲ ਤਿਆਰ ਕੀਤਾ ਗਿਆ ਹੈ ਪੌੜੀਆਂ ਚੜ੍ਹਕੇ ਪਹਿਲੀ ਮੰਜਿਲ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਗੁਰਦੁਆਰਾ ਸਾਹਿਬ ਦਾ ਮੁਖ ਦੁਆਰਾ ਮੁਖ ਮਾਰਗ ਵਾਲੇ ਪਾਸੇ ਹੈ। ਦਰਬਾਰ ਸਾਹਿਬ ਦੇ ਉਤਰ ਦਿਸ਼ਾ ਵਾਲੇ ਪੁਰਾਤਨ ਟਾਹਲੀਆਂ ਹਨ ਜਿਨ੍ਹਾਂ ਦੇ ਆਸਪਾਸ ਥੜ੍ਹਾ ਬੰਨਿਆ ਹੋਇਆ ਹੈ। ਆਸ ਪਾਸ ਰਿਹਾਇਸ਼ੀ ਕਮਰੇ ਬਣੇ ਹੋਏ ਹਨ। ਟਾਹਲੀਆਂ ਕੋਲ ਛੋਟਾ ਅਤੇ ਦਰਬਾਰ ਸਾਹਿਬ ਦੇ ਸਾਹਮਣੇ ਉਚਾ ਨਿਸ਼ਾਨ ਸਾਹਿਬ ਝੂਲ ਰਹੇ ਹਨ। ਪਹਿਲਾਂ ਇਸ ਅਸਥਾਨ ਦੀ ਸੇਵਾ ਦਮਦਮੀ ਟਕਸਾਲ ਨੇ ਬਾਬਾ ਸੁਖਦੇਵ ਸਿੰਘ ਦੀ ਅਗਵਾਈ ਵਿਚ ਕਰਵਾਈ। ਅਜੋਕੇ ਸਮੇਂ ਬਾਬਾ ਜੱਜ ਸਿੰਘ ਮੁਖ ਸੇਵਾਦਾਰ ਹਨ।
ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ 24 ਘੰਟੇ ਹੈ।

ਨਿਸ਼ਾਨੀਆਂ ਪੁਰਾਤਨ ਟਾਹਲੀਆਂ ਦਾ ਝੂੰਡ ਮੌਜੂਦ ਹੈ। ਸਭ ਤੋਂ ਬਿਰਧ ਟਾਹਲੀ ਜਿਸ ਨੂੰ ਟਾਹਲੀ ਪੀਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਗੁਰਦੁਆਰਾ ਸਾਹਿਬ ਵਿਚ ਮੌਜੂਦ ਹੈ। ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਂਦੀਆਂ ਹਨ।

Photos