ਗੁ.ਗੋਬਿੰਦਸਰ ਸਾਹਿਬ, ਸ਼ੇਰ ਮੁਹੰਮਦ (ਜਲਾਲਾਬਾਦ) Gurudwara Gobindsar sahib (Sher Mohamamd)

ਗੁ.ਗੋਬਿੰਦਸਰ ਸਾਹਿਬ, ਸ਼ੇਰ ਮੁਹੰਮਦ (ਜਲਾਲਾਬਾਦ) Gurudwara Gobindsar sahib (Sher Mohamamd)

Average Reviews

Description

ਫੱਤੂ ਸੰਮੂ ਦੀਆਂ ਟਾਹਲੀਆਂ ਦਾ ਜਿਕਰ ਸਿਖ ਇਤਿਹਾਸ ਦੇ ਬਹੁਤ ਸਾਰੇ ਪੁਰਾਤਨ ਹਵਾਲਿਆਂ ਵਿਚ ਮਿਲਦਾ ਹੈ। ੧੯ਵੀਂ ਸਦੀ ਦੇ ਪਹਿਲੇ ਦੂਜੇ ਦਹਾਕੇ ਅਸਥਾਨ ਅਲੋਪ ਹੋ ਗਿਆ ਸੀ। ਦੁਬਾਰਾ ੧੯੯੯-੨੦੦੦ ਈ. ਦੇ ਨਜਦੀਕ ਇਹ ਪੁਰਾਤਨ ਅਸਥਾਨ ਪ੍ਰਗਟ ਹੋਇਆ ਹੈ। ਪੁਰਾਤਨ ਲਿਖਤਾਂ ਅਤੇ ਸਥਾਨਿਕ ਰਵਾਇਤ ਨੂੰ ਖੋਜਦਿਆਂ ਦੋ ਥਾਵਾਂ ‘ਤੇ ਨਿਸ਼ਾਨਦੇਹੀ ਕਰਦਿਆਂ ਗੁਰਦੁਆਰਾ ਸਾਹਿਬ ਉਸਾਰੇ ਗਏ ਹਨ। ਪੁਰਾਤਨ ਟਾਹਲੀਆਂ ਨਾਲ ਸੰਬੰਧਤ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਪਾਤਿਸ਼ਾਹੀ ੧੦ ਫੱਤੂ ਸੰਮੂ ਦੀਆਂ ਟਾਹਲੀਆਂ, ਸਮਸ਼ਦੀਨ ਚਿਸਤੀ ਅਤੇ ਪੁਰਾਤਨ ਛੱਪੜ ਅਤੇ ਫੱਤੂ ਸੰਮੂ ਦੀ ਕਬਰ ਨਾਲ ਸੰਬੰਧਤ ਗੁਰਦੁਆਰਾ ਗੋਬਿੰਦਸਰ ਸਾਹਿਬ, ਪੀਰ ਮੁਹੰਮਦ ਹੈ। ਦੋਵੇਂ ਅਸਥਾਨਾਂ ਦੀ ਦੂਰੀ ਲਗਭਗ ਡੇਢ ਕਿਲੋਮੀਟਰ ਹੈ। ਅਜੋਕੇ ਸਮੇਂ ਤਹਿਸੀਲ ਜਲਾਲਾਬਾਾਦ ਜਿਲ੍ਹਾ ਫਾਜਿਲਕਾ ਹੈ। ਪਹਿਲਾਂ ਜਿਲ੍ਹਾਂ ਫਿਰੋਜਪੁਰ ਹੁੰਦਾ ਸੀ।

ਇਤਿਹਾਸ
ਦਸਮ ਪਾਤਸ਼ਾਹ ਜੀ ਨਾਲ ਸੰਬੰਧਤ ਸਾਖੀ ਪੋਥੀ , ਸੂਰਜ ਪ੍ਰਕਾਸ਼ ਅਤੇ ਕਈ ਹੋਰ ਗ੍ਰੰਥਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਰਾਏ ਨਾਗਾ ਵਿੱਚ ਇਕ ਰਾਤ ਵਿਸ਼ਰਾਮ ਕੀਤਾ ਅਤੇ ਅਗਲੇ ਦਿਨ ਘੋੜਿਆਂ ਉੱਤੇ ਸਵਾਰ ਹੋ ਕੇ ਫੌਜ ਸਮੇਤ ਉਥੋਂ ਅੱਗੇ ਤੁਰ ਪਏ। ਨੌਂ ਥੇਹਾਂ ਵਾਲੇ ਪਿੰਡ ਨੌਥੇਹੇ ਦੇ ਕੋਲੋਂ ਦੀ ਲੰਘ ਕੇ ਗੁਰੂ ਜੀ ਫੱਤੂ ਸੰਮੂ ਦੇ ਡੇਰੇ ਜਾ ਪਹੁੰਚੇ। ਘੋੜਿਆਂ ਤੋਂ ਕਾਠੀਆਂ ਲਾਹ ਕੇ ਇੱਥੇ ਪੜਾਅ ਕੀਤਾ :
ਫੱਤੇ ਸੰਮੂ ਗ੍ਰਾਮ ਅਗਾਰੇ।
ਖਰੇ ਤੁਰੰਗ ਕਰਿ ਜ਼ੀਨ ਉਤਾਰੇ। –ਸੂਰਜ ਪ੍ਰਕਾਸ਼

ਮੁਕਤਸਰ ਨੇੜਲੇ ਪਿੰਡ ਹਰੀਕੇ ਵਿਖੇ ਗੁਰੂ ਜੀ ਨੇ ਰਾਤ ਸੌਂਣ ਵਕਤ ਹਰੀਕੇ ਦੇ ਜਿਮੀਂਦਾਰਾਂ ਨੂੰ ਪਹਿਰਾ ਦੇਣ ਲਈ ਆਖਿਆ ਤਾਂ ਹਰੀਕਿਆਂ ਨੇ ਆਪਣੇ ਚਾਕਰ ਫੱਤੂ-ਸੰਮੂ ਨੂੰ ਪਹਿਰਾ ਦੇਣ ਲਈ ਭੇਜ ਦਿੱਤਾ ਅਤੇ ਆਪ ਘਰੀਂ ਜਾ ਕੇ ਸੌਂ ਗਏ। ਰਾਤ ਨੂੰ ਤਿੰਨ ਵਾਰ ਗੁਰੂ ਜੀ ਨੇ ਪੁੱਛਿਆ, ‘ਕੋਈ ਹਰੀਕਾ ਹੈ ਜਾਗਦਾ? ‘ਤਾਂ ਤਿੰਨੇ ਵਾਰ ਫੱਤੂ ਸੰਮੂ ਡੋਗਰਾ ਨੇ ਉੱਤਰ ਦਿੱਤਾ, ‘ਜੀ ਹਰੀਕੇ ਮਹੀਪਾਲ ਡੋਗਰ ਹਾਂ ਜਾਗਦੇ। ਫੱਤੂ ਸੰਮੂ ਨੇ ਸਾਰੀ ਰਾਤ ਸੁਚੇਤ ਹੋ ਕੇ ਬੜੇ ਸ਼ਰਧਾ-ਭਾਵ ਨਾਲ ਪਹਿਰਾ ਦਿੱਤਾ। ਗੁਰੂ ਜੀ ਉਨ੍ਹਾਂ ਦੀ ਸੇਵਾ ਉੱਤੇ ਬਹੁਤ ਖ਼ੁਸ਼ ਹੋਏ। ਦਿਨ ਚੜ੍ਹੇ ਗੁਰੂ ਜੀ ਨੇ ਉਨ੍ਹਾਂ ਨੂੰ ਪ੍ਰਸੰਨ ਹੋ ਕੇ ਕਿਹਾ, ‘ ਜੋ ਚਾਹੇ ਸੋ ਮੰਗੋ। ਗਿ . ਗਿਆਨ ਸਿੰਘ ਅਨੁਸਾਰ ਉਹਨਾਂ ਨੇ ਬੇਨਤੀ ਕੀਤੀ, ਅਸੀਂ ਇੱਥੇ ਹੀ (ਨੌਕਰ – ਚਾਕਰ) ਵਸਦੇ ਹਾਂ। ਇਹ ਵੱਡਾ ਦੁੱਖ ਹੈ, ਸਾਨੂੰ ਜਿੰਮੀਦਾਰਾ ਸੁਤੰਤਰ ਮਿਲੇ। ਦੂਜੇ ਦਿਨ ਗੁਰੂ ਜੀ ਉਨ੍ਹਾਂ ਸਮੇਤ ਸੈਰ ਸ਼ਿਕਾਰ ਕਰਦੇ ਦਸ ਬਾਰਾਂ ਕੋਹ ਨਿਕਲ ਗਏ। ਦੁਪਹਿਰ ਨੂੰ ਇਕ ਟਾਹਲੀ ਦੇ ਬ੍ਰਿਖ ਹੇਠ ਉਤਰ ਬੈਠੇ। ਮਹਾਰਾਜ ਜੀ ਨੇ ਫ਼ਰਮਾਇਆ, ਜਿੰਨੀ ਜਮੀਨ ਚਾਹੀਦੀ ਹੈ ਇੱਥੇ ਘੋੜਾ ਫੇਰ ਲਓ। ਏਸ ਹੁਕਮ ਅਨੁਸਾਰ ਉਨ੍ਹਾਂ ਨੇ ਦੋ ਪਿੰਡਾਂ ਦੀ ਜ਼ਮੀਨ ਰੋਕ ਕੇ ਮੜ੍ਹੀਆਂ ਗੱਡ ਲਈਆਂ। ਜਿਨ੍ਹਾਂ ਦਾ ਨਾਂ ਹੁਣ ਫੱਤੂ ਸਮੂ ਦੀਆਂ ਟਾਹਲੀਆਂ ਪ੍ਰਸਿੱਧ ਹੈ। -ਤਵਾਰੀਖ ਗੁਰੂ ਖਾਲਸਾ, ਪੰਨਾ 1053
ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਫੱਤੂ ਸੰਮੂ ਦੀਆਂ ਟਾਹਲੀਆਂ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਰੇਲਵੇ ਸਟੇਸ਼ਨ ਜਲਾਲਾਬਾਦ ਤੋਂ ਪੰਜ ਛੇ ਮੀਲ ਪਿੰਡ ਸ਼ੇਰਗੜ੍ਹ ਦੀ ਜੂਹ ਵਿੱਚ ਹਨ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦੇ ਨਾਂ ਕੁਝ ਜ਼ਮੀਨ ਵੀ ਹੈ। ਜਲਾਲਾਬਾਦ, ਮੁਕਤਸਰ ਤੋਂ 32 ਕਿਲੋਮੀਟਰ ਹੈ। ਇਥੋਂ ਸਤਲੁਜ ਦਰਿਆ ਬਹੁਤ ਨੇੜੇ ਪੈਂਦਾ ਹੈ। ਹਰੀਕੇ ਪੱਤਣ ਤੋਂ ਅੱਗੇ ਫਿਰੋਜ਼ਪੁਰ ਦੇ ਇਲਾਕੇ ਵਿੱਚ ਦਰਿਆ ਸਤਲੁਜ ਨੂੰ ‘ਨੈਂ’ ਕਹਿੰਦੇ ਹਨ। ‘ਸਾਖੀ ਪੋਥੀ‘ ਅਨੁਸਾਰ ਗੁਰੂ ਜੀ ਨੇ ਡੋਗਰਾਂ ਨੂੰ ਵਰ ਦਿੱਤਾ , ‘ ਨੈਇ ਤੇ ਬਸਦੇ ਰਹੇ , ਤੁਮਾਰੀ ਚੌਧਰਾਈ
ਭਾਈ ਸੰਤੋਖ ਸਿੰਘ ਨੇ ਇਸ ਬਖਸ਼ਿਸ਼ ਨੂੰ ਇਨ੍ਹਾਂ ਸ਼ਬਦਾਂ ਵਿੱਚ ਕਾਵਿ – ਬੱਧ ਕੀਤਾ ਹੈ :
ਬਸਦੇ ਰਹਹੁ ਤੀਰ ਇਸ ਨਈਂ।
ਨਈ ਚੌਧਤਾ ਤੁਮ ਕੋ ਦਈ।
ਨੈਂ ਕੇ ਤੀਰ ਤੀਰ ਜੋ ਦੇਸ਼।
ਹੋਇ ਤੁਮਾਰੇ ਦੇਸ਼ ਅਸ਼ੇਸ਼।
(ਤੀਰ ਤੀਰ : ਕੰਢੇ ਕੰਢੇ, ਅਸ਼ੇਸ਼ : ਸਾਰਾ)- ਸੂਰਜ ਪ੍ਰਕਾਸ਼

ਸੂਰਜ ਪ੍ਰਕਾਸ਼, ਜਿਲਦ ਚੌਦਵੀਂ (ਭਾਸ਼ਾ ਵਿਭਾਗ ਪੰਜਾਬ) ਦੇ ਪੰਨਾ 6051 ‘ਤੇ ਦਿੱਤੇ ਫੁੱਟ – ਨੋਟ ਅਨੁਸਾਰ ਇਹ ਡੋਗਰ ਸਤਲੁਜ ਦੇ ਕੰਢੇ-ਕੰਢੇ ਫਿਰੋਜ਼ਪੁਰ ਦੇ ਜ਼ਿਲ੍ਹੇ ਵਿੱਚ ਵਸਦੇ ਹਨ। ਇੰਜ ਡੋਗਰਾਂ ਉੱਤੇ ਦਸਮ ਪਾਤਸ਼ਾਹ ਦੀ ਕਿਰਪਾ ਹੋਈ। 
ਫੱਤੂ ਸੰਮੂ ਦੀਆਂ ਟਾਹਲੀਆਂ ਬਾਰੇ ਅਸੀਂ ਇਹ ਦੱਸਣਾ ਵੀ ਜ਼ਰੂਰੀ ਸਮਝਦੇ ਹਾਂ ਕਿ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਨੇੜੇ ਸ਼ੇਰਗੜ੍ਹ ਨਾਂ ਦਾ ਕੋਈ ਪਿੰਡ ਨਹੀਂ ਹੈ। ਇਸ ਲਈ ਫੱਤੂ ਸੰਮੂ ਦੀਆਂ ਟਾਹਲੀਆਂ ਦੀ ਸਹੀ ਸਥਿਤੀ ਲੱਭਣ ਦੀ ਲੋੜ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਉਪਰੋਕਤ ਸਫ਼ਰ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਮੁਕਤਸਰ ਤੋਂ ਪਹਿਲਾਂ ਉੱਤਰ-ਪੂਰਬ ਵੱਲ 18 ਕਿਲੋਮੀਟਰ ਹਰੀਕੇ ਕਲਾਂ ਤੱਕ ਗਏ ਤੇ ਉਥੋਂ ਫੇਰ ਮੁਕਤਸਰ ਵੱਲ ਪਰਤ ਕੇ ਮੁਕਤਸਰ ਦੇ ਉੱਤਰ-ਪੱਛਮ ਵੱਲ ਤਕਰੀਬਨ 40 ਕਿਲੋਮੀਟਰ ਦੇ ਫਾਸਲੇ ‘ਤੇ ਜਲਾਲਾਬਾਦ ਦੇ ਨੇੜੇ ਫੱਤੂ ਸੰਮੂ ਦੀਆਂ ਟਾਹਲੀਆਂ ਵਾਲੇ ਅਸਥਾਨ ‘ਤੇ ਪਹੁੰਚੇ। ਉੱਥੋਂ ਅੱਗੇ ਜੰਡ ਸਾਹਿਬ(ਨੇੜੇ ਸਾਦਿਕ) ਹੁੰਦੇ ਹੋਏ ਅਗੇ ਉੱਤਰ ਵਿੱਚ ਫਿਰੋਜ਼ਪੁਰ ਦੇ ਨੇੜੇ ਪਿੰਡ ਵਜੀਦਪੁਰ ਵਿੱਚ ਜਾ ਡੇਰਾ ਕੀਤਾ।
ਅਸਥਾਨ ਦੁਬਾਰਾ ਤੋਂ ਪ੍ਰਗਟ ਹੋਣਾ
ਇਸ ਅਸਥਾਨ ਦੀ ਖੋਜ ਇਤਿਹਾਸਕਾਰ ਨਿਰੰਜਨ ਸਿੰਘ ਸਾਥੀ ਨੇ 1999 ਈ. ਵਿਚ ਕੀਤੀ ਸੀ। ਉਹਨਾਂ ਅਨੁਸਾਰ ਮਹਾਨ ਕੋਸ਼ ਦੇ ਇੰਦਰਾਜ ਵਿਚ ਜੋ ਸ਼ੇਰਗੜ ਨਾਂ ਦੇ ਪਿੰਡ ਦੀ ਜਾਣਕਾਰੀ ਹੈ ਉਸ ਅਨੁਸਾਰ ਜਲਾਲਾਬਾਦ ਦੇ ਨੇੜੇ ਨਾ ਤਾਂ ਕਿਤੇ ਕੋਈ ‘ਸ਼ੇਰਗੜ੍ਹ ਸੀ ਅਤੇ ਨਾ ਹੀ ਕਿਤੇ ਗੁਰਦੁਆਰਾ ਫੱਤੂ ਸੰਮੂ ਦੀਆਂ ਟਾਹਲੀਆਂ’। ਖੋਜ ਕਰਨ ‘ਤੇ ਪਤਾ ਲਗਿਆ ਕਿ ਫੱਤੂ ਸੰਮੂ ਦੀਆਂ ਟਾਹਲੀਆਂ ਵਾਲਾ ਪਿੰਡ ਹੈ ਤਾਂ ਜਲਾਲਾਬਾਦ ਦੇ ਨੇੜੇ ਹੀ ਹੈ ਪਰ ਉਸ ਦਾ ਨਾਂ ‘ਸ਼ੇਰਗੜ੍ਹ’ ਨਹੀਂ, ‘ਸ਼ੇਰ ਮੁਹੰਮਦ ਮਾਹੀਗੀਰ’ ਹੈ। ਉਸ ਪਿੰਡ ਦੇ ਲੋਕ ਦੱਸਦੇ ਹਨ ਕਿ ਇਸ ਪਿੰਡ ਵਿੱਚ ਫੱਤੂ ਸੰਮੂ ਦੀਆਂ ਟਾਹਲੀਆਂ ਵੀ ਹਨ ਅਤੇ ਉਨ੍ਹਾਂ ਦੀਆਂ ਕਬਰਾਂ ਵੀ ਹਨ । ਇਕ ਕਬਰ ਉੱਤੇ ਹਰ ਸਾਲ ਮੇਲਾ ਲੱਗਦਾ ਹੈ।
ਇਕ ਦਸੰਬਰ 1999 ਨੂੰ ਨਿਰੰਜਨ ਸਿੰਘ ਸਾਥੀ ਆਪਣੇ ਸਾਥੀਆਂ ਸਮੇਤ ਇਸ ਪਿੰਡ ਪਹੁੰਚਦੇ ਹਨ। ਸ਼ੇਰ ਮੁਹੰਮਦ ਮਾਹੀਗੀਰ ਅਤੇ ਇਸਦੇ ਆਸਪਾਸ ਪਿੰਡਾਂ ਵਿਚ ਸੰਨ 1947 ਤੋਂ ਪਹਿਲਾਂ ਮੁਸਲਮਾਨ ਡੋਗਰ ਵਸਦੇ ਸਨ ਜੋ ਦੇਸ਼ – ਵੰਡ ਸਮੇਂ ਸਾਰੇ ਦੇ ਸਾਰੇ ਪਾਕਿਸਤਾਨ ਨੂੰ ਹਿਜਰਤ ਕਰ ਗਏ। ਇਥੋਂ ਦਰਿਆ ਸਤਲੁਜ ਛੇ ਸੱਤ ਕਿਲੋਮੀਟਰ ਦੂਰ ਹੈ। ਦਸਮ ਪਾਤਸ਼ਾਹ ਨੇ ਫੱਤੂ ਤੇ ਸੰਮੂ ਡੋਗਰਾਂ ਨੂੰ ‘ਨੈਇ'(ਨਦੀ) ‘ਤੇ ਵਸਦੇ ਰਹੋ ਦਾ ਵਰ ਦਿੱਤਾ ਸੀ।
ਸ਼ੇਰ ਮੁਹੰਮਦ ਮਾਹੀਗੀਰ ਦੇ ਸਰਪੰਚ ਸ: ਪ੍ਰਿਤਪਾਲ ਸਿੰਘ ਸੰਧੂ ਅਤੇ ਸ ਚੰਨਣ ਸਿੰਘ ਨੇ ਨਿਰੰਜਨ ਸਿੰਘ ਸਾਥੀ ਦੀ ਇਹ ਅਸਥਾਨ ਲੱਭਣ ਵਿਚ ਮਦਦ ਕੀਤੀ। ‘ਸਾਥੀ’ ਅਨੁਸਾਰ ਚੰਨਣ ਸਿੰਘ ਸਾਨੂੰ ਪਿੰਡ ਦੇ ਦੱਖਣ ਵੱਲ ਲਗਪਗ ਇਕ ਕਿਲੋਮੀਟਰ ਦੇ ਫਾਸਲੇ ‘ ਤੇ ਖੇਤਾਂ ਵਿੱਚ ਲੈ ਗਏ। ਖੇਤਾਂ ਵਿੱਚ ਨਵੀਆਂ ਉੱਗੀਆਂ ਕਣਕਾਂ ਦੀ ਹਰਿਆਲੀ ਦੂਰ – ਦੂਰ ਤੱਕ ਹਰੀ ਚਾਦਰ ਵਾਂਗ ਵਿਛੀ ਹੋਈ ਸੀ। ਸ : ਚੰਨਣ ਸਿੰਘ ਖੇਤਾਂ ਦੇ ਵਿਚਕਾਰ ਇਕ ਛੱਪੜ ਦੇ ਕਿਨਾਰੇ ਜਾ ਖੜ੍ਹੇ ਹੋਏ। ਕਹਿਣ ਲੱਗੇ ‘ਇਹ ਸਾਡੇ ਪਿੰਡ ਦਾ ਬਹੁਤ ਪੁਰਾਣਾ ਛੱਪੜ ਹੈ। ਇਸ ਦੇ ਕੰਢੇ ਇਕ ਪੁਰਾਣੀ ਖੂਹੀ ਹੁੰਦੀ ਸੀ। ਹੁਣ ਉਹ ਛੱਪੜ ਦੇ ਵਿੱਚ ਹੀ ਦਬ ਗਈ ਹੈ। ਜ਼ਮੀਨ ਪੁੱਟੀਏ ਤਾਂ ਵਿੱਚੋਂ ਨਿਕਲ ਸਕਦੀ ਹੈ। ਇੱਥੇ ਹੀ ਨੇੜੇ ਕਿਤੇ ਫੱਤੂ ਸੰਮੂ ਰਹਿੰਦੇ ਸਨ। ਉਹ ਭਗਤ ਲੋਕ ਸਨ। ਇਸ ਛੱਪੜ ਦੇ ਨਾਂ ਚਾਰ ਕਿੱਲੇ ਜ਼ਮੀਨ ਹੈ। ਕੁਝ ਜ਼ਮੀਨ ਵਿੱਚ ਫ਼ਸਲ ਬੀਜੀ ਜਾਂਦੀ ਹੈ। ਇਸ ਛੱਪੜ ਤੋਂ ਤਿੰਨ ਚਾਰ ਖੇਤਾਂ ਦੇ ਫ਼ਰਕ ‘ ਤੇ ਉੱਚੀ ਜਿਹੀ ਥਾਂ ’ਤੇ ਵਣ ਦਾ ਇਕ ਪੁਰਾਣਾ ਮਧਰਾ ਜਿਹਾ ਰੁੱਖ ਸੀ। ਕੁਝ ਘਾਹ – ਬੂਟ ਵੀ ਉੱਗਿਆ ਹੋਇਆ ਸੀ। ਵਣ ਦੇ ਨਾਲ ਹੀ ਇਕ ਨਵੀਂ ਬਣੀ ਹੋਈ ਲੰਬੀ ਕਬਰ ਸੀ। ਕਬਰ ਉੱਤੇ ਹਰੇ ਰੰਗ ਦੀ ਚਾਦਰ ਵਿਛੀ ਹੋਈ ਸੀ। ਸ.ਚੰਨਣ ਸਿੰਘ ਅਤੇ ਝੋਕ ਟਹਿਲ ਸਿੰਘ ਦੇ ਜਥੇਦਾਰ ਗੁਰਮੁਖ ਸਿੰਘ ਨੇ ਦੱਸਿਆ ਕਿ ਇੱਥੇ ਪਹਿਲਾਂ ਦੋ ਕਬਰਾਂ ਹੁੰਦੀਆਂ ਸਨ। ਉਨ੍ਹਾਂ ਦੇ ਢਹਿ ਜਾਣ ‘ਤੇ ਉਨ੍ਹਾਂ ਦੀਆਂ ਉਖੜੀਆਂ ਹੋਈਆਂ ਨਾਨਕਸ਼ਾਹੀ ਇੱਟਾਂ ਇੱਧਰ ਉਧਰ ਖਿਲਰੀਆਂ ਪਈਆਂ ਹੁੰਦੀਆਂ ਸਨ। ਹੁਣ ਲੋਕਾਂ ਨੇ ਦੋ ਦੇ ਥਾਂ ‘ ਤੇ ਇਕ ਲੰਮੀ ਕਬਰ ਬਣਾ ਦਿੱਤੀ। ਆਲੇ – ਦੁਆਲੇ ਦੇ ਕੁਝ ਪਿੰਡਾਂ ਵਿੱਚ , ਜਿਵੇਂ ਸ਼ੇਰ ਮੁਹੰਮਦ ਮਾਹੀਗੀਰ, ਬਰਾਨਦੀਨ ਵਾਲਾ ਉਰਫ ਪੀਰ ਮੁਹੰਮਦ , ਸ਼ਮਸਦੀਨ ਚਿਸ਼ਤੀਆਂ ਅਤੇ ਮਲਕਜ਼ਾਦਾ ਆਦਿ ਵਿੱਚ ਇਹ ਥਾਂ ਫੱਤੂ ਸੰਮੂ ਦੀਆਂ ਕਬਰਾਂ ਦੇ ਨਾਂ ਨਾਲ ਮਸ਼ਹੂਰ ਹੈ। ਇਨ੍ਹਾਂ ਕਬਰਾਂ ਦੇ ਆਲੇ – ਦੁਆਲੇ ਕਬਰਸਤਾਨ ਹੁੰਦਾ ਸੀ। ਕਬਰਸਤਾਨ ਦੀ ਤਿੰਨ ਕਿੱਲੇ ਜ਼ਮੀਨ ਸ਼ੇਰ ਮੁਹੰਮਦ ਮਾਹੀਗੀਰ ਵਿੱਚ ਹੈ ਅਤੇ ਦਸ ਬਾਰਾਂ ਕਿੱਲੋ ਬਰਾਨਦੀਨ ਵਾਲਾ ਪੀਰ ਮੁਹੰਮਦ ਵਿੱਚ। ਇਹ ਜ਼ਮੀਨ ਹੁਣ ਵਕਫ ਬੋਰਡ ਦੇ ਅਧੀਨ ਹੈ। ਲੋਕ ਇਨ੍ਹਾਂ ਕਬਰਾਂ ਦੀ ਮਾਨਤਾ ਕਰਦੇ ਹਨ। ਕਦੀ – ਕਦੀ ਕੋਈ ਰਾਤ ਨੂੰ ਇੱਥੇ ਦੀਵਾ ਜਗਾ ਜਾਂਦਾ। ਕੋਈ ਸੁੱਖ ਪੂਰੀ ਹੋਣ ‘ ਤੇ ਇੱਥੇ ਖੀਰ ਵੰਡੀ ਜਾਂਦੀ। ਕਬਰ ਦੇ ਨੇੜੇ ਇਕ ਨਲਕਾ ਵੀ ਲੱਗਾ ਹੋਇਆ। ਲੋਕ ਇਨ੍ਹਾਂ ਕਬਰਾਂ ਦਾ ਸਤਿਕਾਰ ਵੀ ਕਰਦੇ ਅਤੇ ਇਨ੍ਹਾਂ ਤੋਂ ਭੈਅ ਵੀ ਖਾਂਦੇ। ਇਸ ਅਸਥਾਨ ਨੂੰ ਲਭਣ ਸਮੇ ਨਿਰੰਜਨ ਸਿੰਘ ਸਾਥੀ ਨੇ ਉਪਰੋਕਤ ਜਾਣਕਾਰੀ ਦੀਆਂ ਜੋ ਗਵਾਹੀਆਂ ਸਥਾਨਿਕ ਨਿਵਾਸੀਆਂ ਤੋਂ ਲਈਆਂ ਉਹ ਆਸਪਾਸ ਦੇ ਦੋ ਤਿੰਨ ਚਾਰ ਪਿੰਡਾਂ ਦੇ ਵਸਨੀਕ ਸਨ। ਜਿੰਨ੍ਹਾਂ ਦੇ ਨਾਂ ਸ : ਚੰਨਣ ਸਿੰਘ , ਸ : ਪਰਮਜੀਤ ਸਿੰਘ ਪੁੱਤਰ ਸ : ਜਗੀਰ ਸਿੰਘ (ਦੋਵੇਂ ਪਿੰਡ ਸ਼ੇਰ ਮੁਹੰਮਦ ਮਾਹੀਗੀਰ), ਸ੍ਰੀ ਖੁਸ਼ਹਾਲ ਚੰਦ, ਸ੍ਰੀ ਵਜ਼ੀਰ ਚੰਦ, ਸ : ਹਰਜਿੰਦਰ ਸਿੰਘ ਭਤੀਜਾ ਸ : ਨੱਥਾ ਸਿੰਘ ਸਰਪੰਚ (ਤਿੰਨੇ ਪਿੰਡ ਬਰਾਨਦੀਨ ਵਾਲਾ ਅਤੇ ਸ੍ਰੀ ਮੋਹਨ ਲਾਲ (ਪਿੰਡ ਮਲਕਜ਼ਾਦਾ) ਆਦਿ ਸਨ।ਪਿੰਡ ਸ਼ੇਰ ਮੁਹੰਮਦ ਮਾਹੀਗੀਰ ਦੇ ਸਰਪੰਚ ਸ : ਪ੍ਰਿਤਪਾਲ ਸਿੰਘ ਪੱਪੀ ਸੰਧੂ (ਉਮਰ 30 ਸਾਲ) ਸਪੁੱਤਰ ਸ : ਹਰਬੰਸ ਸਿੰਘ ਸੰਧੂ ਨੇ ਨਿਰੰਜਨ ਸਿੰਘ ਸਾਥੀ ਨੂੰ ਦੱਸਿਆ ਕਿ ਉਨ੍ਹਾਂ ਦੇ ਬਾਬਾ ਜੀ ਸ : ਬਲਵੰਤ ਸਿੰਘ ਸੰਧੂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਅਨੁਸਾਰ ਦੱਸਿਆ ਕਰਦੇ ਸਨ ਕਿ ਇਹ ਫੱਤੂ ਸੰਮੂ ਦੀਆਂ ਕਬਰਾਂ ਹਨ। ਫੱਤੂ ਸੰਮੂ ਦੋਵੇਂ ਭਰਾ ਸਨ ਅਤੇ ਛੱਪੜ ਵਾਲੇ ਅਸਥਾਨ ‘ਤੇ ਗੁਰੂ ਸਾਹਿਬ ਦੇ ਚਰਨ ਪਾਉਣ ਬਾਰੇ ਸਾਖੀ ਸੁਣੀ ਹੈ।

ਭਾਈ ਧੰਨਾ ਸਿੰਘ ਦੁਆਰਾ ਇਸ ਅਸਥਾਨ ਦਾ ਜਿਕਰ ਅਤੇ ਨਿਸ਼ਨਦੇਹੀ

ਉਪਰੋਕਤ ਨਿਰੰਜਨ ਸਿੰਘ ਸਾਥੀ ਦੀ ਖੋਜ ਤੋਂ ਇਲਾਵਾ ੧੦ ਅਕਤੂਬਰ ੧੯੩੧ ਨੂੰ ਸਾਇਕਲ ਯਾਤਰੀ ਭਾਈ ਧੰਨਾ ਸਿੰਘ ਨੇ ਇਸ ਅਸਥਾਨ ਦੇ ਦਰਸ਼ਨ ਕੀਤੇ ਸਨ। ਧੰਨਾ ਸਿੰਘ ਦੀ ਇਸ ਯਾਤਰਾ ਦੀ ਲਿਖਤ ‘ਸਾਥੀ ਜੀ’ ਦੀ ਖੋਜ ਤੋਂ ੧੭ ਸਾਲ ਬਾਅਦ ੧੯੧੬ ਈ. ਵਿਚ ਛਪਦੀ ਹੈ। ਗੁਰੂ ਸਾਹਿਬ ਦੇ ਅਸਥਾਨ ਬਾਰੇ ਧੰਨਾ ਸਿੰਘ ਵੱਲੋਂ ਦੱਸੇ ਟਿਕਾਣੇ ਅਤੇ ਨਿਰੰਜਣ ਸਿੰਘ ਸਾਥੀ ਵਲੋਂ ਕੀਤੀ ਨਿਸ਼ਾਨਦੇਹੀ ਬਿਲਕੁਲ ਮੇਲ ਖਾਂਦੀ ਹੈ। ਧੰਨਾ ਸਿੰਘ ਨੇ ਜੋ ਇਸ ਅਸਥਾਨ ਬਾਰੇ ਲਿਖਿਆ ਹੈ ਉਹ ਹੂਬਹੂ ਇਸ ਤਰ੍ਹਾ ਹੈ – "ਪੀਰ ਮੁਹੰਮਦ ਪਿੰਡ ਦੇ ਚੜਦੇ ਦੀ ਤਰਫ 1 ਮੀਲ ‘ ਤੇ ਫੱਤੂ ਸੰਮੂ ਟਾਲੀਆਂ ਹੈ ਤੇ ਪਾਸ ਹੀ ਇਕ ਛੱਪੜ ਹੈ। ਤੇ ਉਤਰ ਦੀ ਤਰਫ 3 ਫਰਲਾਂਗ ‘ਤੇ ਪਿੰਡ ਸ਼ੇਰ ਮੁਹੰਮਦ ਹੈ। ਇਸ ਜਗ੍ਹਾ ਦੀ ਸਾਖੀ ਏਹ ਹੈ ਕੇ ਦੋ ਭਰਾ ਫਤੂ ਤੇ ਸੰਮੂ ਦਰਿਆ ਸਤਲੁਜ ਦੇ ਪਾਰ ਪਿੰਡ ਡੋਗਰਾਂ ਦੇ ਰੈਹਨ ਵਾਲੇ ਸਨ ਜੋ ਕੇ ਛਿਪਦੀ ਦੀ ਤੁਛ 15 ਮੀਲ ‘ਤੇ ਹੈ। ਇਹ ਦੋਨੋਂ ਭਰਾ ਚੋਰੀ ਬਹੁਤ ਕਰਦੇ ਹੁੰਦੇ ਸਨ। ਕੇਰਾ ਆਪਣੇ ਪਿੰਡ ਕਿਸੇ ਹੋਰ ਪਿੰਡ ਵਿਚੋਂ ਮੈਸ ਛੱਡ ਤੁਰੇ ਤੇ ਦਰਿਆ ਸਤਿਲੁਜ ਪਾਰ ਹੋ ਆਏ ਤੇ ਇਸ ਛੱਪੜ ਵਿਚ ਮੈਸਾਂ ਬੈਠਾ ਦਿਤੀਆਬ ਤੇ ਆਪ ਜੰਗਲ ਵਿਚ ਲੁਕ ਕੇ ਬੈਠ ਗਏ ਤਾਂ ਫਿਰ ਇਤਨੇ ਵਿਚ ਮੁਕਤਸਰ ਤੋਂ ਛਕਾਰ ਖੇਡਦੇ – ਖੇਡਦੇ ਦਸਮ ਪਿਤਾ ਜੀ ਆ ਗਏ। ਜੋ ਕੇ ਮੁਕਤਸਰ ਦਖਨ ਦੀ ਤ੍ਰਫ 12 ਮੀਲ ‘ਤੇ ਹੈ। ਜਿਸ ਵਕਤ ਦਸਮ ਪਿਤਾ ਜੀ ਆਏ ਤਾਂ ਇਨ੍ਹਾਂ ਡੋਗਰਾਂ ਨੇ ਇਕ ਖੇਸ ਤੇ ਇਕ ਲੂੰਗੀ ਦਿੱਤੀ ਜੋ ਪਿਤਾ ਜੀ ਲੂੰਗੀ ਤੇੜ ਤੇ ਖੇਸ ਮੋਢੇ ਰੱਖ ਲਿਆ ਤਾਂ ਸਿੱਖਾਂ ਦੇ ਪੁਛਨ ਪਰ ਗੁਰੂ ਜੀ ਨੇ ਏਹ ਹੁਕਮ ਦਿੱਤਾ ਸੀ ਕੇ ਭਾਈ ‘ਜੈਸਾ ਦੇਸ ਭੈਸਾ ਭੇਸ, ਤੇੜ ਲੂੰਗੀ ਤੇ ਮੁੰਡੇ ਖੇਸ’ ਤਾਂ ਫਿਰ ਫਤੂ ਸਮੂ ਦੋਨਾਂ ਭਰਾਵਾਂ ਨੇ ਪਿਤਾ ਜੀ ਵਾਸਤੇ ਮੈਸਾਂ ਦਾ ਦੁੱਧ ਲਿਆਂਦਾ ਸੀ। ਤਾਂ ਪਿਤਾ ਜੀ ਨੇ ਕਹਿਆ ਕਿ ਭਾਈ ਅਸੀਂ ਨਹੀਂ ਛਕਾਂਗੇ ਕਿਉਂਕਿ ਏਹ ਮੈਸਾਂ ਚੋਰੀ ਦੀਆਂ ਹਨ ਤਾਂ ਪਿਤਾ ਜੀ ਨੇ ਦੁਧ ਨਹੀਂ ਛਕਿਆ ਹੈ ਤੇ ਦੋਨਾਂ ਭਰਾਵਾਂ ਨੂੰ ਸੱਚਾ ਉਪਦੇਸ਼ ਦਿੱਤਾ ਸੀ ਤੇ ਅੱਗੇ ਨੂੰ ਚੋਰੀ ਕਰਨੀ ਤੋਂ ਤੋਬਾ ਕਰ ਗਏ। ਤਾਂ ਫਿਰ ਐਤਨੇ ਨੂੰ ਮੈਸਾਂ ਦੇ ਮਾਲਕ ਆ ਗਏ ਤਾਂ ਦੋਨੋਂ ਭਰਾ ਦਸਮ ਪਿਤਾ ਜੀ ਨੇ ਚਰਨਾਂ ਤੇ ਆ ਡਿੱਗੇ। ਜੋ ਕੇ ਏਹ ਕਹਨੇ ਲਗੋ ਕੇ ਅੱਗੇ ਨੂੰ ਤੋਂ ਅਸੀਂ ਤੋਬਾ ਕਰ ਗਏ ਹਾਂ ਸਾਡੀ ਇਜ਼ਤ ਰੱਖੋ। ਤਾਂ ਫਿਰ ਪਿਤਾ ਜੀ ਨੇ ਮੈਸਾਂ ਦੇ ਮਾਲਕਾਂ ਨੂੰ ਏਹ ਕਹਿਆ ਕੇ ਜਾਓ ਭਾਈਓ, ਮੈਸਾਂ ਛੱਪੜ ਵਿਚ ਬੈਠੀਆਂ ਹੈ, ਪਛਾਨ ਕੇ ਲੈ ਜਾਵੋ ਤਾਂ ਜਾ ਕੇ ਕੀ ਦੇਖਦੇ ਹੈ ਕੇ ਮੈਸਾਂ ਤਾਂ ਬੂਰੇ ਰੰਗ ਦੀਆਂ ਹੈ। ਜੋ ਕੇ ਸਾਡੀਆ ਤਾਂ ਕਾਲੀਆਂ ਸਨ। ਜੋ ਕੇ ਪੈਹਲੇ ਰੰਗ ਮੈਸਾਂ ਦੇ ਕਾਲੇ ਹੀ ਸਨ। ਏਹ ਦਸਮ ਪਿਤਾ ਜੀ ਨੇ ਬੂਰੀਆਂ ਕੀਤੀਆਂ ਸਨ। ਉਸੀ ਦਿਨ ‘ਤੇ ਹੀ ਦੋਨਾਂ ਭਰਾਵਾਂ ਨੇ ਦਸਮ ਪਿਤਾ ਜੀ ਦੀ ਸ਼ਰਨ ਲੈ ਉਸੀ ਜਗਾ ਡੇਰਾ ਲਗਾ ਦਿੱਤਾ ਸੀ। ਜੋ ਕੇ ਉਸੀ ਜਗਾ ਸਰੀਰ ਛੱਡ ਗਏ ਸਨ। ਜੋ ਕੇ ਅਜ ਕਲ ਦੋਨਾਂ ਹੀ ਭਰਾਵਾਂ ਦੀ ਕਬਰ ਬਨੀ ਹੋਈ ਹੈ ਇਕੋ ਹੀ ਤੇ ਹਾੜ ਦੇ ਮਹੀਨੇ ਵਿਚ ਮੇਲਾ ਲਗਦਾ ਹੈ। ਦਸਮ ਪਿਤਾ ਜੀ ਦੀ ਕੋਈ ਬੀ ਯਾਦਗਾਰ ਨਹੀਂ ਬਨੀ ਹੋਈ ਹੈ। ਪੈਹਲੇ ਟਾਹਲੀਆਂ ਦੇ ਦਰਖੱਤ ਹੁੰਦੇ ਸਨ ਪਰ ਅਜ ਕਲ ਤਾਂ ਜੰਡ ਤੇ ਬਾਣ ਦੇ ਦਰਖੱਤ ਹੈ। ਜਮੀਨ 80 ਘੁਮਾਂ ਹੈ ਜੋ ਕੇ ਪਿੰਡ ਦੇ ਹੀ ਲੋਕ ਦੱਬੀ ਬੈਠੇ ਹੈ। ਏਹ ਜਗ੍ਹਾ ਤੇ ਜਮੀਨ ਪਿੰਡ ਪੀਰ ਮੁਹੰਮਦ ਵਿਚ ਹੈ। ਇਹ ਪਿੰਡ ਸਾਰੇ ਮੁਸਲਮਾਨ ਡੋਗਰਾਂ ਦੇ ਹਨ। ਇਸ ਜਗ੍ਹਾ ਤੋਂ ਦਸਮ ਪਿਤਾ ਜੀ ਪਿੰਡ ਹਰੀ ਕੇ ਭਾਟੇ ਪਹੁੰਚੇ ਸਨ। ਜੋ ਕੇ ਪਹਾੜ ਦੀ ਤਰਫ 4 ਮੀਲ ਤੇ ਹੈ। ਇਸ ਜਗਾ ਤੋਂ ਸ਼ੈਹਰ ਜਲਾਲਬਾਦ ਛਿਪਦੀ ਦੀ ਤਰਫ 3 ਮੀਲ ਤੇ ਹੈ। ਫਤੂ – ਸੰਮੂ ਦੀ ਕਬਰ ਤੋਂ ਪਹਾੜ ਦੀ ਤਫ 200 ਕਰਮਾਂ ‘ਤੇ ਮਾਈਸਰ ਦਾਰਾ ਦੀ ਕਬਰ ਬਨੀ ਹੋਈ ਹੈ ਤੇ ਕਿਕਰ ਦੇ ਉਤੇ ਚਿੱਟਾ ਝੰਡਾ ਬਜਾ ਹੋਆ ਹੈ। ਤੇ ਪਾਸ ਹੀ ਇਕ ਕੱਚਾ ਕੋਠਾ ਪਾਇਆ ਹੋਆ ਹੈ। ਜੋ ਕੇ ਮੁਸਲਮਾਨਾਂ ਨੇ ਹੀ ਬਨਾਇਆ ਹੋਆ ਹੈ। ਡਾਕਖਾਨਾ ਜਲਾਲਾਬਾਦ , ਤਸੀਲ ਮੁਕਤਸਰ ਹੈ। ਸਟੇਸ਼ਨ ਜਲਾਲਾਬਾਦ ਤੋਂ ਚੜ੍ਹਦੇ ਦੀ ਤਰਫ 3 ਮੀਲ ਤੇ ਹੈ ਜਿਲਾ ਫਰੋਜਪੁਰ ਹੈ। ਵਾਹਿਗੁਰੂ।"
ਉਪਰੋਕਤ ਲਿਖਤ(੧੯੩੧ ਈ:) ਪੜ੍ਹਨ ਤੋਂ ਬਾਅਦ ਫੱਤੂ ਸੰਮੂ ਨਾਲ ਸੰਬੰਧਤ ਅਸਥਾਨ ਦੀ ਨਿਸ਼ਾਨਦਾਹੀ ਗੁਰਦੁਆਰਾ ਗੋਬਿੰਦਸਰ ਸਾਹਿਬ ਨਾਨਕਸਰ ਠਾਠ, ਸ਼ੇਰ ਮੁਹੰਮਦ ਵਾਲੇ ਅਸਥਾਨ ਦੀ ਹੋ ਜਾਂਦੀ ਹੈ।

ਮੌਜੂਦਾ ਹਾਲਾਤ
ਜਲਾਲਾਬਾਦ ਤੋਂ ਫਿਰੋਜ਼ਪੁਰ ਨੂੰ ਜਾਂਦਿਆਂ ਲਗਭਗ ੬ ਕਿਲੋਮੀਟਰ ਦੀ ਦੂਰੀ ‘ਤੇ ਸੜਕ ਦੇ ਉਪਰ ਹੀ ਸੱਜੇ ਹੱਥ ਪਿੰਡ ਪੀਰ ਮੁਹੰਮਦ ਆਉਂਦਾ ਹੈ। ਇਸ ਪਿੰਡ ਦੇ ਚੜ੍ਹਦੇ ਦੀ ਤਰਫ ਲਗਭਗ ਸਵਾ ਕਿਲੋਮੀਟਰ ‘ਤੇ ਗੁਰੂ ਗੋਬਿੰਦ ਦਾ ਚਰਨ ਛੋਹ ਪ੍ਰਾਪਤ ਇਹ ਅਸਥਾਨ ਹੈ। ਆਸਪਾਸ ਵਾਹੀਯੋਗ ਖੇਤ ਹਨ। ਪੁਰਾਤਨ ਛੱਪੜ ਦਾ ਸਰੂਪ ਅਜ ਵੀ ਗੁਰਦੁਆਰਾ ਸਾਹਿਬ ਦੀ ਚਾਰਦੁਆਰੀ ਦੇ ਬਾਹਰ ਦੇਖਿਆ ਜਾ ਸਕਦਾ ਹੈ। ਇਸ ਛਪੜ ਦੇ ਕੁਝ ਹਿਸੇ ‘ਤੇ ਪੱਕਾ ਸਰੋਵਰ ਵੀ ਬਣਾ ਦਿਤਾ ਗਿਆ ਹੈ। ਭਾਈ ਧੰਨਾ ਸਿੰਘ ੧੯੩੧ ਵਿਚ ਜੋ ਮਾਈਸਰ ਦਾਰਾ ਦੀ ਕਬਰ ਅਤੇ ਇਕ ਕਿਕਰ ਹੋਣ ਦੀ ਗਲ ਕਰਦੇ ਸਨ ਹੁਣ ਉਹ ਨਹੀਂ ਹੈ। ੭੦ ਸਾਲਾ ਜਰਨੈਲ ਸਿੰਘ ਵਾਸੀ ਸ਼ੇਰ ਮੁਹੰਮਦ ਨੇ ਗੁਰਦੁਆਰਾ ਪੀਡੀਆ ਨੂੰ ਦਸਿਆ ਕਿ ਆਪਣੇ ਬਚਪਨ ਵਿਚ ਉਸਨੇ ਇਹ ਕਿਕਰ ਅਤੇ ਕਬਰ ਦੇਖੇ ਹਨ। ਅਜ ਵੀ ਗੁਰਦੁਆਰਾ ਸਾਹਿਬ ਦੇ ਆਸਪਾਸ ਗੁਮਨਾਮ ਕਈ ਕਬਰਾਂ ਹਨ।
ਇਸ ਅਸਥਾਨ ਦੀ ਸੇਵਾ ਨਾਨਕਸਰ ਸੰਪਰਦਾਇ ਦੇ ਡੇਰਾ ਰੂੰਮੀ ਦੇ ਬਾਬਾ ਹਰਨਾਮ ਸਿੰਘ ਭੁੱਚੋ ਵਾਲਿਆਂ ਕੋਲ ਹੈ। ਕੋਲ ਹੀ ਬਾਬਿਆਂ ਵੱਲੋਂ ਇਕ ਵਿਦਿਆਲਿਆ ‘ਬਾਬਾ ਵਧਾਵਾ ਸਿੰਘ ਵਿਦਿਆ ਕੇਂਦਰ’ ਚਲਾਇਆ ਜਾ ਰਿਹਾ ਹੈ ਜਿਥੇ ਗੁਰਸਿਖ ਬੱਚਿਆਂ ਦੀ ਪੜ੍ਹਾਈ ਮੁਫਤ ਹੈ। ਬਾਬਾ ਬਲਜੀਤ ਸਿੰਘ ਇਸ ਅਸਥਾਨ ਦੇ ਮੁਖ ਸੇਵਾਦਾਰ ਹਨ।ਗੁਰਦੁਆਰਾ ਸਾਹਿਬ ਵਿਚ ਨਾਨਕਸਰ ਸੰਪਰਦਾਇ ਦੀ ਹੀ ਮਰਿਆਦਾ ਚਲਦੀ ਹੈ। ਨਿਸ਼ਾਨ ਸਾਹਿਬ ਨਹੀਂ ਲਗਿਆ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਜਗ੍ਹਾ ਚਰਨ ਪਾਉਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਤਿਹਾਸ ਨਹੀਂ ਲਿਖਿਆ ਹੋਇਆ। ਨੇੜਲੇ ਪਿੰਡਾਂ ਵਿਚ ਵਸਦੀਆਂ ਬਹੁਤੀਆਂ ਸੰਗਤਾਂ ਨੂੰ ਵੀ ਇਸ ਜਗ੍ਹਾ ਦੇ ਇਤਿਸਾਸ ਬਾਰੇ ਨਹੀਂ ਪਤਾ।
ਜਗ੍ਹਾ ਬਹੁਤ ਹੀ ਰਮਣੀਕ ਹੈ। ਆਸਪਾਸ ਰੁੱਖਾਂ ਦੀ ਭਰਮਾਰ ਹੈ, ਫਸਲਾਂ ਲਹਿਰਾਉਂਦੀਆਂ ਦਿਖਦੀਆਂ ਹਨ। ਕਈ ਥਾਵਾਂ ‘ਤੇ ਪੁਰਾਤਨ ਛਪੜ ਦੀ ਦਿਖ ਨਜ਼ਰੀਂ ਪੈਣ ਕਾਰਨ ਬੀਤੇ ਵਕਤ ਦੀ ਯਾਦ ਤਾਜ਼ਾ ਕਰਵਾਉਂਦਾ ਹੈ।
ਲੰਗਰ – ਲੰਗਰ, ਰਿਹਾਇਸ਼ ਦਾ ਪ੍ਰਬੰਧ ਹੈ।
ਨਿਸ਼ਾਨੀਆਂ – ਪੁਰਾਤਨ ਛੱਪੜ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਬਾਹਰਵਾਰ ਦਖਣ ਵਿਚ ਖੇਤਾਂ ਵਿਚ ਇਕ ਕਬਰ ਮੌਜੂਦ ਹੈ ਜਿਸ ਬਾਰੇ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਫੱਤੂ ਸੰਮੂ ਦੀ ਹੈ।

Photos