ਗੁਰਦੁਆਰਾ ਸਿੰਘ ਸਭਾ ਲਾਇਲਪੁਰ, ਲਹਿੰਦਾ ਪੰਜਾਬ

ਗੁਰਦੁਆਰਾ ਸਿੰਘ ਸਭਾ ਲਾਇਲਪੁਰ, ਲਹਿੰਦਾ ਪੰਜਾਬ

ਜਦੋਂ ਅੰਗਰੇਜ਼ਾਂ ਨੇ ਪੰਜਾਬ ਦੀਆਂ ਬਾਰਾਂ ਵਸਾਈਆਂ ਤਾਂ ਉਹਨਾਂ ਨੂੰ ਆਬਾਦ ਕਰਨ ਵਿੱਚ ਪੰਜਾਬ ਦੇ ਖਾਸਕਰ ਮਾਝੇ ਤੇ ਮਾਲਵੇ ਵਿਚਲੇ ਸਿੱਖਾਂ ਦਾ ਵਿਸ਼ੇਸ਼ ਯੋਗਦਾਨ ਸੀ । ਜਿਹਨਾਂ ਖੂਨ ਪਸੀਨਾ ਇਕ ਕਰਕੇ ਬੇਅਬਾਦ ਜ਼ਮੀਨਾਂ ਨੂੰ ਹਰਾ ਭਰਿਆ ਕਰ ਦਿੱਤਾ ।

ਬਾਰ ਵਿਚਲਾ ਲਾਇਲਪੁਰ ਜ਼ਿਲ੍ਹਾ ਇਕ ਪ੍ਰਮੁੱਖ ਨਹਿਰ ਕਲੋਨੀ ਸੀ । ਜਿਸਦਾ ਜ਼ਿਲ੍ਹਾ ਹੈੱਡਕੁਆਟਰ ਬਰਤਾਨਵੀ ਗਵਰਨਰ ਜੇਮਸ ਬਰਾਡਵੁੱਡ ਲਾਇਲ ਦੇ ਨਾਮ ਉੱਪਰ 1892 ਵਿੱਚ ਵਸਾਇਆ ਗਿਆ ਸ਼ਹਿਰ ਲਾਇਲਪੁਰ ਸੀ ਜੋ ਕਿ ਸਿੱਖਾਂ ਦਾ ਘੁੱਗ ਵੱਸਦਾ ਸ਼ਹਿਰ ਸੀ । ਜਿੱਥੋਂ ਦੇ ਸਿੱਖ ਆਰਥਿਕ ਪੱਖੋਂ ਸੁਖਾਲੇ ਤੇ ਅਸਰ ਰਸੂਖ਼ ਵਾਲੇ ਸਨ ਲਾਇਲਪੁਰ ਸ਼ਹਿਰ ਸਿੱਖਾਂ ਦੀ ਸ਼ਾਨ ਤੇ ਚੜ੍ਹਤ ਦਾ ਪ੍ਰਤੀਕ ਸੀ । ਸਿੱਖ ਹਿੰਦੂਆਂ ਨੂੰ ਨਾਲ ਮਿਲਾਕੇ ਇਸ ਸ਼ਹਿਰ ‘ਚ 62 ਫੀਸਦੀ ਆਬਾਦੀ ਨਾਲ ਬਹੁਗਿਣਤੀ ਵਿੱਚ ਸਨ ।

ਲਾਇਲਪੁਰ ਸ਼ਹਿਰ ਦੇ ਬਿਲਕੁਲ ਵਿਚਕਾਰ ਅੰਗਰੇਜ਼ਾਂ ਨੇ ਇਕ ਘੰਟਾ ਘੰਟਾ-ਘਰ ਚੌਕ ਉਸਾਰਿਆ ਸੀ । ਇਸੇ ਚੌਂਕ ਚੋਂ ਅਲੱਗ-ਅਲੱਗ 8 ਪ੍ਰਮੁੱਖ ਬਾਜ਼ਾਰਾਂ ਰੇਲ ਬਾਜ਼ਾਰ, ਕਚਹਿਰੀ ਬਾਜ਼ਾਰ, ਕਾਰਖਾਨਾ ਬਾਜ਼ਾਰ, ਚਨਿਊਟ ਬਾਜ਼ਾਰ, ਆਮੇਨਪੁਰ ਬਾਜ਼ਾਰ, ਭਵਾਨਾ ਬਾਜ਼ਾਰ, ਝੰਗ ਬਾਜ਼ਾਰ ਅਤੇ ਮਿੰਟਗੁਮਰੀ ਬਾਜ਼ਾਰ ਨੂੰ ਅਲੱਗ-ਅਲੱਗ ਰਸਤੇ ਨਿਕਲਦੇ ਹਨ। ਇਹ ਚੌਂਕ ਅੰਗਰੇਜ਼ੀ ਝੰਡੇ ਯੂਨੀਅਨ ਜੈਕ ਦੀ ਤਰਜ਼ ਤੇ ਉਸਾਰਿਆ ਗਿਆ ਸੀ।

ਇਸ ਘੰਟਾਘਰ ਚੌਰਾਹੇ ਵਿਚੋਂ ਜਿਹੜੀ ਸੜਕ ਕਚਹਿਰੀ ਬਾਜ਼ਾਰ ਵੱਲ ਨੂੰ ਜਾਂਦੀ ਹੈ । ਉਸ ਸੜਕ ਤੇ ਖੱਬੇ ਹੱਥ ਇਕ ਬਹੁਤ ਵਿਸ਼ਾਲ ਅਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਮੌਜੂਦ ਹੈ, ਜਿਸ ਨੂੰ ਕਦੇ ਵੱਡਾ ਗੁਰਦੁਆਰਾ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ। ਇਹੀ ਗੁਰਦੁਆਰਾ ਸਿੰਘ ਸਭਾ ਸਾਹਿਬ ਲਾਇਲਪੁਰ ਦੀ ਇਮਾਰਤ ਹੈ । ਗੁਰਦੁਆਰਾ ਸਿੰਘ ਸਭਾ ਸਾਹਿਬ ਦੀ ਇਮਾਰਤ ਵੀਹਵੀਂ ਸਦੀ ਦੇ ਮੁੱਢਲੇ ਦਹਾਕੇ ‘ਚ ਮਾਸਟਰ ਸੁੰਦਰ ਸਿੰਘ ਜੀ ਲਾਇਲਪੁਰੀ ਵਰਗੇ ਗੁਰਸਿੱਖਾਂ ਦੇ ਉੱਦਮ ਨਾਲ ਉਸਾਰੀ ਗਈ । 1908 ਵਿੱਚ ਏਸੇ ਗੁਰਦੁਆਰਾ ਸਾਹਿਬ ਦੇ ਅਹਾਤੇ ‘ਚ ਸਿੱਖ ਬੱਚਿਆ ਲਈ ਇਕ ਪ੍ਰਾਇਮਰੀ ਸਕੂਲ ਖੋਲਿਆ ਗਿਆ । (ਜੋ ਕਿ ਬਾਅਦ ਵਿੱਚ ‘ਖ਼ਾਲਸਾ ਕਾਲਜ ਲਾਇਲਪੁਰ’ ਦੇ ਰੂਪ ਵਿੱਚ ਸਥਾਪਿਤ ਹੋਇਆ । ਵੰਡ ਮੌਕੇ ਇਸ ਕਾਲਜ ਦੀ ਇਮਾਰਤ ਦਾ ਤਬਾਦਲਾ ਇਸਲਾਮੀਆ ਕਾਲਜ ਜਲੰਧਰ ਦੀ ਇਮਾਰਤ ਨਾਲ ਕੀਤਾ ਗਿਆ । ਜੋ ਕਿ ਹੁਣ ‘ਲਾਇਲਪੁਰ ਖ਼ਾਲਸਾ ਕਾਲਜ ਜਲੰਧਰ’ ਦੇ ਨਾਮ ਨਾਲ ਪੰਜਾਬ ਦੀ ਨਾਮਵਰ ਵਿੱਦਿਅਕ ਸੰਸਥਾ ਹੈ । ਅਤੇ ਲਾਇਲਪੁਰ ਦਾ ਮੁੱਢਲਾ ਖਾਲਸਾ ਕਾਲਜ ਇਸਲਾਮੀਆ ਕਾਲਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ।) ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਕੁਝ ਕਮਰਿਆਂ ਵਿਚ ਸਿੱਖ ਬੀਬੀਆਂ ਨੂੰ ਸਿਲਾਈ-ਕਢਾਈ ਦਾ ਕੰਮ ਸਿਖਾਇਆ ਜਾਂਦਾ ਸੀ।

ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਤਿੰਨ ਮੰਜ਼ਿਲਾ ਹੈ। ਇਸਦੇ ਉਪਰਲੀ ਉੱਚਾ ਗੁੰਬਦ ਬਾਜ਼ਾਰ ਵਿਚ ਕਾਫੀ ਦੂਰੋਂ ਹੀ ਵਿਖਾਈ ਦੇ ਜਾਂਦਾ ਹੈ। ਮੌਜੂਦਾ ਸਮੇਂ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਹੁੰਦਾ ਪਰ ਬਾਕੀ ਗੁਰਦੁਆਰਾ ਸਾਹਿਬ ਦੀਆਂ ਸਭ ਨਿਸ਼ਾਨੀਆਂ ਜਿਉਂ ਦੀਆਂ ਤਿਉਂ ਮੌਜੂਦ ਹਨ।

ਇਸ ਵਿਚ ਗੁਰਦੁਆਰਾ ਸਾਹਿਬ ਵਿੱਚ ਪ੍ਰਕਾਸ਼ ਅਸਥਾਨ ਅਤੇ ਲੰਗਰ ਹਾਲ ਨੂੰ ਤੋਂ ਇਲਾਵਾ 100 ਤੋਂ ਵਧੇਰੇ ਹੋਰ ਕਮਰੇ ਮੌਜੂਦ ਹਨ। ਮੌਜੂਦਾ ਸਮੇਂ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸਰਕਾਰੀ ਪਾਕਿਸਤਾਨ ਮਾਡਲ ਹਾਈ ਸਕੂਲ ਵਜੋਂ ਵਰਤਿਆ ਜਾ ਰਿਹਾ ਹੈ । ਬੇਸ਼ੱਕ ਸਕੂਲ ਦਾ ਨਾਮ ਸਰਕਾਰੀ ਸਕੂਲ ਹੈ ਪਰ ਸਥਾਨਕ ਲੋਕ ਇਸਨੂੰ ‘ਗੁਰਦੁਆਰੇ ਵਾਲੇ ਸਕੂਲ’ ਦੇ ਨਾਂਅ ਨਾਲ ਸੰਬੋਧਿਤ ਕਰਦੇ ਹਨ।

ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਬਾਹਰ ਖੱਬੇ ਹੱਥ ਲਗਾਏ ਗਏ ਨਿਸ਼ਾਨ ਸਾਹਿਬ ਦਾ ਥੜ੍ਹਾ ਮੌਜੂਦ ਹੈ । ਜਿੱਥੇ ਨਿਸ਼ਾਨ ਸਾਹਿਬ ਕੁਝ ਤੇ ਜੰਗਾਲਿਆ ਗਿਆ ਤੇ ਦੂਸਰਾ ਉੱਪਰੋਂ ਸਥਾਨਕ ਲੋਕਾਂ ਜਾਂ ਸਕੂਲ ਦੇ ਕਰਮਚਾਰੀ ਦੁਆਰਾ ਮੋੜਿਆ ਗਿਆ ਮਹਿਸੂਸ ਹੁੰਦਾ ਹੈ । ਨਿਸ਼ਾਨ ਸਾਹਿਬ ਦਾ ਥੜ੍ਹਾ ਸਬੂਤਾ ਹੈ । ਜਿਸ ਉੱਪਰ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ ਕਿ ;

‘ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਮਿਤੀ ਮਾਘ 2 ਸੰਮਤ ਖ਼ਾਲਸਾ 240 ਨੂੰ ਭਾਈ ਰਤਨ ਸਿੰਘ ਮੇਹਰ ਸਿੰਘ ਜੀ ਬਜਾਜ ਲਾਇਲਪੁਰ ਨੇ ਕਰਵਾਈ। ਦਾਸ ਸਕੱਤਰ ਸ੍ਰੀ ਗੁਰੂ ਸਿੰਘ ਸਭਾ ਲਾਇਲਪੁਰ-15.1.1939।’

ਇਸੇ ਤਰ੍ਹਾਂ ਲੰਗਰ ਹਾਲ ਦੇ ਬਾਹਰ ਲੱਗੀ ਇਕ ਸਿੱਲ੍ਹ ‘ਤੇ ਸ਼ਾਹਮੁਖੀ ਲਿਪੀ ਵਿਚ ਇਸ ਪ੍ਰਕਾਰ ਲਿਖਿਆ ਗਿਆ ਹੈ-‘ਇਸ ਬਰਾਂਦੇ ਕੀ ਚਿਪਸ ਕੀ ਸੇਵਾ ਯਕਮ ਸਾਵਨ ਮੁਬਲਗ਼ 3100/-, ਸੰਮਤ 2001, ਭਾਈ ਜੁਨੇਦ ਸਿੰਘ ਹਕੀਮ ਲਾਇਲਪੁਰ ਨਿਵਾਸੀ ਨੇ ਕਰਾਈ।’

ਵੰਡ ਵੇਲੇ ਵੀ ਇਹ ਆਸ ਕੀਤੀ ਜਾ ਰਹੀ ਸੀ ਕਿ ਲਾਇਲਪੁਰ ਜ਼ਿਲ੍ਹਾ ਚੜਦੇ ਪੰਜਾਬ ਨੂੰ ਮਿਲੇਗਾ ਅਤੇ ਸਿੱਖਾਂ ਨੇ ਨਨਕਾਣਾ ਸਾਹਿਬ ਦੇ ਇਲਾਕੇ ਤੇ ਲਾਇਲਪੁਰ ਸਮੇਤ ਮਿੰਟਗੁਮਰੀ ਤੇ ਇਲਾਕੇ ਨੂੰ ਚੜਦੇ ਪੰਜਾਬ ‘ਚ ਸ਼ਾਮਲ ਕਰਵਾਉਣ ਲਈ ਬਹੁਤ ਜ਼ੋਰ ਅਜ਼ਮਾਇਸ਼ ਕੀਤੀ ਪਰ ਅਜਿਹਾ ਨਾ ਹੋ ਸਕਿਆ । ਉੱਥੋਂ ਦੇ ਸਿੱਖ ਤੇ ਹਿੰਦੂ ਆਪਣੇ ਭਰੇ ਭਰਾਏ ਘਰ ਛੱਡ ਵੱਢ ਟੁੱਕ ਦਾ ਸ਼ਿਕਾਰ ਹੁੰਦੇ ਖਾਲ਼ੀਂ ਹੱਥ ਚੜਦੇ ਪੰਜਾਬ ਪੁੱਜੇ ।

ਲਾਇਲਪੁਰ ਸ਼ਹਿਰ ਬੇਸ਼ੱਕ ਸਿੱਖਾਂ ਤੋਂ ਖਾਲੀ ਹੋ ਗਿਆ ਪਰ ਸਿੱਖ ਸਰਗਰਮੀਆਂ ਦਾ ਕੇਂਦਰ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ ਅੱਜ ਵੀ ਓਵੇਂ ਖੜੀ ਹੈ ਅਤੇ ਲਾਇਲਪੁਰ ਵਿੱਚ ਸਿੱਖਾਂ ਦੇ ਪ੍ਰਭਾਵ ਦੀ ਗਵਾਹ ਹੈ ।

Leave your comment
Comment
Name
Email