ਮਾਫ਼ੀ ਮੰਗਣ ਅਤੇ ਮਾਫ਼ ਕਰ ਦੇਣ ਦਾ ਗੁਣ - ਗੁਰਦੁਆਰਾ ਕਬੂਲਪੁਰਾ, ਪਟਿਆਲਾ ਰਿਆਸਤ

ਮਾਫ਼ੀ ਮੰਗਣ ਅਤੇ ਮਾਫ਼ ਕਰ ਦੇਣ ਦਾ ਗੁਣ – ਗੁਰਦੁਆਰਾ ਕਬੂਲਪੁਰਾ, ਪਟਿਆਲਾ ਰਿਆਸਤ

ਵੀਹਵੀਂ ਸਦੀ ਦੇ ਅਰੰਭ ਵਿਚ ਪਟਿਆਲਾ ਰਿਆਸਤ ਵਿਚ ਪੈਂਦੇ ਪਿੰਡ ਕਬੂਲਪੁਰਾ ਵਿਖੇ ਕੁਝ ਅਪਰਾਧੀਆਂ ਨੇ ਗੁਰਦੁਆਰੇ ਵਿਚ ਕੋਈ ਅਪਰਾਧਿਕ ਕੰਮ ਕੀਤਾ ਤਾਂ ਗੁਰਦੁਆਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਨੇ ਉਹਨਾਂ ਦੇ ਵਿਰੁੱਧ ਮੁਕੱਦਮਾ ਕਰ ਦਿੱਤਾ। ਸਥਾਨਕ ਮੁਸਲਮਾਨ ਉਹਨਾਂ ਅਪਰਾਧੀਆਂ ਦੀ ਮੱਦਦ ਕਰ ਰਹੇ ਸਨ ਅਤੇ ਉਹਨਾਂ ਦਾ ਵਕੀਲ ਵੀ ਮੁਫ਼ਤ ਸੇਵਾ ਦੇ ਰਿਹਾ ਸੀ। ਇਸਦੇ ਨਾਲ ਉਹ ਅਪਰਾਧੀਆਂ ਦੇ ਪਰਿਵਾਰਾਂ ਦੀ ਵੀ ਸਹਾਇਤਾ ਕਰ ਰਹੇ ਸਨ।

ਪਰ ਦੂਜੇ ਪਾਸੇ ਮਹੰਤ ਸਾਹਿਬ ਕੇਸ ਲੜ੍ਹ ਰਹੇ ਸਨ ਅਤੇ ਸਰਦਾਰ ਜਾਤੀ ਸਿੰਘ ਉਹਨਾਂ ਦਾ ਵਕੀਲ ਸੀ। ਕੇਸ ਲੜ੍ਹਨ ਲਈ ਲੋੜੀਂਦੇ ਪੈਸੇ ਨਾ ਹੋਣ ਕਰਕੇ ਕੇਸ ਲੜ੍ਹਨ ਵਿਚ ਮੁਸ਼ਕਲ ਪੇਸ਼ ਆ ਰਹੀ ਸੀ। ਅਦਾਲਤ ਦੇ ਖਰਚਿਆਂ ਲਈ ਚੰਦਾ ਇਕੱਠਾ ਕੀਤਾ ਜਾਂਦਾ ਸੀ ਅਤੇ ਕਈ ਵਾਰੀ ਇਸ ਕਾਰਜ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਵੀ ਦਿੱਤੇ ਜਾਂਦੇ ਸਨ ਪਰ ਉਗਰਾਹੀ ਬਹੁਤ ਘੱਟ ਹੁੰਦੀ ਸੀ।

1914 ਦੀ ਖ਼ਬਰ

ਕਈ ਸਾਲ ਕੇਸ ਚੱਲਿਆ ਅਤੇ ਪਿੰਜੌਰ ਦੇ ਨਾਜ਼ਮ ਨੇ ਹੇਠਲੀ ਅਦਾਲਤ ਵਿਚ ਮਿਲੀ ਸਜ਼ਾ ਅਤੇ ਜੁਰਮਾਨਾ ਤਾਂ ਘਟਾ ਦਿੱਤਾ ਪਰ ਮਾਫ਼ ਕੁੱਝ ਨਾ ਕੀਤਾ ਜਿਸ ਕਰਕੇ ਅਪਰਾਧੀ ਬੱਚਦੀ ਸਜ਼ਾ ਅਤੇ ਜੁਰਮਾਨਾ ਮਾਫ਼ ਕਰਾਉਣ ਲਈ ਅਤੇ ਮਹੰਤ ਸਾਹਿਬ ਸਜ਼ਾ ਅਤੇ ਜੁਰਮਾਨਾ ਵਧਾਉਣ ਲਈ ਪਟਿਆਲਾ ਦੀ ਚੀਫ਼ ਕੋਰਟ ਵਿਚ ਚਲੇ ਗਏ।

ਹਾਲੇ ਕੇਸ ਚੱਲ ਹੀ ਰਿਹਾ ਸੀ ਕਿ ਦੋਵਾਂ ਧਿਰਾਂ ਵਿਚ ਸੁਲਾਹ ਹੋ ਗਈ ਜਿਸ ਦੇ ਨਤੀਜੇ ਵੱਜੋਂ 14 ਅਪਰਾਧੀਆਂ ਨੇ ਮਾਫ਼ੀ ਮੰਗ ਲਈ ਅਤੇ ਸੰਗਤ ਵੱਲੋਂ ਲਾਇਆ 210 ਰੁਪਏ ਦਾ ਦੰਡ ਭਰਨ ਲਈ ਰਾਜ਼ੀ ਹੋ ਗਏ। ਇਕੱਤਰ ਸੰਗਤ ਨੇ 100 ਰੁਪਈਆ ਹੋਰ ਪਾ ਕੇ ਗੁਰਦੁਆਰਾ ਸਾਹਿਬ ਵਿਖੇ ਇਕ ਖੂਹ ਲਵਾ ਦਿੱਤਾ ਅਤੇ ਸਾਰਾ ਪਿੰਡ ਇਕੋ ਥਾਵੇਂ ਪਾਣੀ ਪੀਣ ਲੱਗਿਆ।

ਮਾਫ਼ੀ ਮੰਗਣ ਅਤੇ ਮਾਫ਼ ਕਰ ਦੇਣ ਦਾ ਗੁਣ ਪਰਉਪਕਾਰ ਦੇ ਕਾਰਜਾਂ ਵਿਚ ਸਹਾਈ ਹੁੰਦਾ ਹੈ।

  • ਪ੍ਰੋ ਪਰਮਵੀਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ
Leave your comment
Comment
Name
Email