ਟੂਟੀ ਗਾਢਨਹਾਰ ਗੋਪਾਲੁ।। ਜੋੜਾ ਮੇਲਾ ਮੁਕਤਸਰ ਦਾ
ਸਿਖ ਸਭਿਆਚਾਰ ਵਿਚ ਮਾਘੀ ਦਾ ਇਤਿਹਾਸਕ ਮਹਤਵ ਬੜਾ ਮਾਣਮੱਤਾ ਹੈ। ਖਿਦਰਾਣੇ ਦੀ ਢਾਬ ‘ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ੍ਰੀ ਅਨੰਦਪੁਰ ਸਾਹਿਬ ਬੇਦਾਵਾ ਦੇਣ ਵਾਲੇ ਚਾਲੀ ਸਿੰਘਾਂ ਵੱਲੋਂ ਇਥੇ ਮੁਗਲ ਫੌਜ ਦਾ ਜ਼ਬਰਦਸਤ ਟਾਕਰਾ ਕਰਨ ਤੋਂ ਬਾਅਦ ਬੇਦਾਵਾ ਪੜਵਾ ਕੇ ਟੁਟੀ ਗੰਢੀ ਸੀ। ਵੈਸਾਖ ਮਹੀਨੇ ਸੰਮਤ ੧੭੬੨ ਨੂੰ ਸਰਹੰਦ ਦਾ ਸੂਬਾ ਵਜੀਰ ਖਾਂ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗਵਾਈ ਵਾਲੀ ਖਾਲਸਾ ਦਾ ਖਿਦਰਾਣੇ ਦੀ ਢਾਬ ‘ਤੇ ਜੰਗ ਭਾਰੀ ਹੋਇਆ । ਸਿੰਘਾਂ ਨੇ ਇਸ ਜੰਗ ਵਿਚ ਵਡੀ ਬੀਰਤਾ ਨਾਲ ਸ਼ਹਾਦਤਾਂ ਪਾਈਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਹਾਂ ਸਿੰਘ ਦੀ ਇਛਾ ‘ਤੇ ਬੇਦਾਵਾ ਪਾੜ ਕੇ ਟੁਟੀ ਸਿੱਖੀ ਗੰਢੀ ਸੀ ਅਤੇ ਇਸ ਮੁਕਾਬਲੇ ਵਿਚ ਸ਼ਹੀਦ ਹੋਏ ਸਿੰਘਾਂ ਨੂੰ ਮੁਕਤੀ ਬਖਸ਼ ਕੇ ਇਸ ਥਾਂ ਦਾ ਨਾਂ ਖਿਦਰਾਣੇ ਦੀ ਢਾਬ ਤੋਂ ਮੁਕਤਸਰ ਰਖਿਆ। ਸ਼ਹੀਦ ਹੋਏ ਇਹਨਾਂ ਚਾਲੀ ਸਿੰਘਾਂ ਨੂੰ ਸਿੱਖ ਪੰਥ ਵਿਚ ‘ਚਾਲੀ ਮੁਕਤਿਆਂ’ ਦੇ ਨਾਂ ਨਾਲ ਨਾਲ ਯਾਦ ਕੀਤਾ ਜਾਂਦਾ ਹੈ। ‘ਟੁਟੀ ਸਿੱਖੀ ਗੰਢੀ’ ਦੇ ਮੁਹਾਵਰੇ ਨਾਲ ਯਾਦ ਕੀਤੀ ਜਾਂਦੀ ਇਹ ਘਟਨਾ ਗੁਰੂ ਵੱਲੋਂ ਮਨੁਖ ਦੀ ਟੁਟੀ ਗੰਢਣ ਦੇ ਸਿਧਾਂਤ ਦਾ ਅਮਲੀ ਵਰਤਾਰਾ ਹੈ, ਜਿਸ ਦਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਥਾਂ ਕਥਨ ਹੈ।
ਮਾਘੀ ਦਾ ਦਿਹਾੜਾ ‘ਤੇ ਸਿੱਖ ਬੀਬੀ ਮਾਈ ਭਾਗੋ ਨੂੰ ਖਾਸ ਤੌਰ ‘ਤੇ ਯਾਦ ਕੀਤਾ ਜਾਂਦਾ ਹੈ। ਜਿਸਨੇ ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਆਏ ਸਿੱਖਾਂ ਨੂੰ ਪਛਤਾਵੇ ਲਈ ਮਜਬੂਰ ਕੀਤਾ ਅਤੇ ਮੁੜ ਗੁਰੂ ਵਾਲੇ ਬਣਨ ਲਈ ਉਤਸਾਹਤ ਕੀਤਾ। ਇਹ ਮਾਤਾ ਭਾਗ ਕੌਰ ਦਾ ੪੦ ਸਿੱਖਾਂ ‘ਤੇ ਕੀਤਾ ਉਪਕਾਰ ਸੀ।
ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਨੂੰ ਭਾਰੀ ਜੋੜ ਮੇਲਾ ਲਗਦਾ ਹੈ ਅਤੇ ਇਥੇ ਇਸ ਦਿਨ ਕੀਰਤਨ, ਕਥਾ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਦਾ ਪ੍ਰਵਾਹ ਚਲਦਾ ਹੈ। ਸਿੱਖ ਸ਼ਰਧਾਲੂ ਇਸ ਦਿਨ ਪਵਿਤਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਅਤੇ ਇਤਿਹਾਸਿਕ ਲੜਾਈ ਨਾਲ ਸੰਬੰਧਤ ਥਾਵਾਂ ਦੇ ਦਰਸ਼ਨ ਕਰਦੇ ਹਨ। ਇਕ ਮਹੱਲਾ ਪ੍ਰਮੁਖ ਸਥਾਨ ਤੋਂ ਗੁਰਦੁਆਰਾ ਟਿਬੀਸਰ ਤਕ ਕਢਿਆ ਜਾਂਦਾ ਹੈ। ਮਾਘੀ ਦਾ ਤਿਉਹਾਰ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਹੋਰਨਾਂ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧਾਰਮਿਕ ਦੀਵਾਨਾਂ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
ਭਾਵੇਂ ਕਿ ਖਿਦਰਾਣੇ ਦੀ ਜੰਗ ੨੧ ਵੈਸਾਖ ਨੂੰ ਗਰਮੀ ਦੀ ਰੁਤ ਵਿਚ ਹੋਈ ਸੀ ਪ੍ਰੰਤੂ ਇਸ ਸੰਬੰਧੀ ਜੋੜ ਮੇਲੇ ਹਰ ਸਾਲ ੧ਮਾਘ ਨੂੰ ਭਰਦਾ ਹੈ।
Leave your comment