ਗੁਰੂ ਨਾਨਕ ਸਾਹਿਬ ਦੀ ਚਰਨਛੋਹ ਪ੍ਰਾਪਤ ਪੱਛਮੀ ਬੰਗਾਲ ਦੇ ਮੇਦਨੀਪੁਰ ਜ਼ਿਲ੍ਹਾ ਜਿਥੋਂ ਦੇ ਚੰਦਰਕੋਨਾ ਕਸਬੇ ਵਿਚ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਬਣਿਆ ਹੋਇਆ ਹੈ। ਇਹ ਖੜਗਪੁਰ (IIT – ਖੜਗਪੁਰ ਲਈ ਮਸ਼ਹੂਰ ਸ਼ਹਿਰ) ਤੋਂ ਲਗਭਗ 50 ਕਿਲੋਮੀਟਰ ਅਤੇ ਕਲਕੱਤਾ ਤੋਂ ਲਗਭਗ 170 ਕਿਲੋਮੀਟਰ ਦੂਰ ਹੈ। ਇਹ ਇੱਕ ਛੋਟਾ ਜਿਹਾ ਸ਼ਹਿਰ ਹੈ ਅਤੇ ਆਧੁਨਿਕ ਤਕਨੀਕਾਂ ਦੇ ਆਉਣ ਨਾਲ ਹੌਲੀ-ਹੌਲੀ ਵਧ ਰਿਹਾ ਹੈ। ਪਰ ਬਹੁਤਾ ਆਸਪਾਸ ਦਾ ਖੇਤਰ ਜੰਗਲੀ ਹੈ ਜਿਸ ਦੇ ਵਿਚ ਛੋਟੇ ਛੋਟੇ ਪਿੰਡ ਫੈਲੇ ਹੋਏ ਹਨ। ਖੇਤੀਬਾੜੀ ਮੁੱਖ ਕਿੱਤਾ ਬਣਿਆ ਹੋਇਆ ਹੈ ਅਤੇ ਜ਼ਿਆਦਾਤਰ ਲੋਕ ਹੇਠਲੇ ਮੱਧ ਵਰਗ ਦੇ ਕਿਸਾਨ ਹਨ। ਚੰਦਰਕੋਣਾ ਦੀ ਇਸ ਪਵਿੱਤਰ ਧਰਤੀ ਨਾਲ ਬਹੁਤ ਸਾਰੀਆਂ ਸਾਖੀਆਂ ਅਤੇ ਕੌਤਕ ਜੁੜੇ ਹੋਏ ਹਨ। ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਸਾਖੀ ਅਤੇ ਕਥਾਵਾਂ ਪੀੜ੍ਹੀ ਦਰ ਪੀੜ੍ਹੀ ਚਲਦੀਆਂ ਰਹੀਆਂ ਹਨ।
ਚੰਦਰਕੋਣਾ ਨਾਲ ਸਬੰਧਿਤ ਜੋ ਸਾਖੀ ਪ੍ਰਚਲਿਤ ਹੈ ਇਹ ਹੈ ਕਿ ਕੇਤੂ ਵੰਸ਼ ਦਾ ਰਾਜਾ ਚੰਦਰਕੇਤੂ ਰਾਏ ਰਾਜ ਕਰ ਰਿਹਾ ਸੀ ਜਦੋਂ ਗੁਰੂ ਸਾਹਿਬ ਅਸਾਮ ਤੋਂ ਜਗਨਨਾਥ ਪੁਰੀ ਨੂੰ ਜਾਂਦਿਆਂ ਇਸ ਸਥਾਨ ‘ਤੇ ਆਏ ਸਨ। ਰਾਜਾ ਚੰਦਰਕੇਤੂ ਦੇ ਇੱਕ ਲੜਕੀ ਹੀ ਸੀ ਅਤੇ ਉਹ ਆਪਣੇ ਭਵਿੱਖ ਦੇ ਸ਼ਾਸਕ ਬਾਰੇ ਚਿੰਤਤ ਸੀ। ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਰਾਜ ‘ਤੇ ਕੁਝ ਕ੍ਰਿਪਾ ਕਰਨ। ਇਸ ਲਈ ਚੰਦਰਕੇਤੂ ਦੀ ਚਿੰਤਾ ਦੇ ਹੱਲ ਵਜੋਂ, ਗੁਰੂ ਸਾਹਿਬ ਨੇ ਬੱਚੀ ਨੂੰ ਰਾਜਕੁਮਾਰ ਵਿੱਚ ਬਦਲ ਦਿੱਤਾ। ਇਸ ਸਾਖੀ ਦੇ ਵੱਖ-ਵੱਖ ਰੂਪ ਹਨ। ਇਕ ਮਾਨਤਾ ਇਹ ਵੀ ਹੈ ਕਿ ਚੰਦਰਕੇਤੂ ਬੇਔਲਾਦ ਸੀ ਇਸ ਲਈ ਉਸਨੇ ਬੱਚੇ ਦਾ ਆਸ਼ੀਰਵਾਦ ਮੰਗਿਆ। ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਅਤੇ ਪੁਰੀ – ਜਗਨਨਾਥ ਨੂੰ ਚਾਲੇ ਪਾਏ। ਜਦੋਂ ਗੁਰੂ ਸਾਹਿਬ ਪੁਰੀ ਤੋਂ ਵਾਪਸ ਮੁੜਦਿਆਂ ਦੁਬਾਰਾ ਚੰਦਰਕੋਨਾ ਆਏ ਤਾਂ ਚੰਦਰਕੇਤੂ ਨੇ ਕਿਹਾ ਕਿ ਮਹਾਰਾਜ ਮੇਰੇ ਬੱਚੀ ਨੇ ਜਨਮ ਲਿਆ ਹੈ। ਗੁਰੂ ਸਾਹਿਬ ਨੇ ਕਿਹਾ ਤੁਸੀਂ ਇਹ ਨਹੀਂ ਦੱਸਿਆ ਸੀ ਕਿ ਤੁਹਾਨੂੰ ਪੁੱਤਰ ਚਾਹੀਦਾ ਹੈ। ਇਸ ਦੇ ਨਤੀਜੇ ਵਜੋਂ ਗੁਰੂ ਸਾਹਿਬ ਨੇ ਬੱਚੀ ਨੂੰ ਰਾਜਕੁਮਾਰ ਵਿੱਚ ਬਦਲ ਦਿੱਤਾ। ਗੁਰੂ ਸਾਹਿਬ ਨੇ ਇੱਕ ਬੋਹੜ ਦੇ ਰੁੱਖ ਹੇਠਾਂ ਆਸਣ ਲਗਾਇਆ ਸੀ। ਅਜ ਵੀ ਇਹ ਬੋਹੜ ਦਾ ਰੁੱਖ ਹੈ ਗੁਰਦੁਆਰਾ ਸਾਹਿਬ ਵਿਚ ਮੌਜੂਦ ਹੈ। ਰੁੱਖ ਦੇ ਮੁੱਢ ਨਾਲ ਗੁਰੂ ਸਾਹਿਬ ਦੀ ਇਥੇ ਆਮਦ ਨਾਲ ਸੰਬੰਧਿਤ ਇਤਿਹਾਸ ਪੱਥਰ ਦੀ ਸਿਲ ‘ਤੇ ਲਿਖਿਆ ਹੋਇਆ ਹੈ।ੴ ਇਸ ਰੁੱਖ ਹੇਠ ਸਤਿਗੁਰੂ ਨਾਨਕ ਦੇਵ ਜੀ ਪੁਰੀ ਜਾਂਦੇ ਸਮੇਂ ਜੂਨ 1510 ਈ. ਨੂੰ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਪੁੱਜੇ। ਇਥੋਂ ਦੇ ਰਾਜਾ ਚੰਦਰਕਾਂਤ ਦੀ ਬੇਟੀ ਨੂੰ ਅਸ਼ੀਰਵਾਦ ਦੇਕੇ ਬੇਟਾ ਬਣਾਇਆ ਉਸ ਬੇਲ ਦਾ ਰੁੱਖ ਅਜ ਵੀ ਹੈ ਜਿਸ ਹੇਠ ਸਤਿਗੁਰੂ ਜੀ ਬੈਠੇ ਸਨ।ਚੰਦਰਕੋਣਾ ਦੇ ਇਸ ਅਸਥਾਨ ਦੀ ਸਾਖੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪ੍ਰਚੀਨ ਜਨਮਸਾਖੀ ‘ਚ ਦਰਜ ‘ਭੂਮੀਆ ਚੋਰ’ ਵਾਲੀ ਸਾਖੀ ਵਿਚ ਗੁਰੂ ਨਾਨਕ ਸਾਹਿਬ ਦੇ ਵਰ ਨਾਲ ਰਾਜੇ ਦੇ ਪੁਤਰੀ ਹੋਣ ਅਤੇ ਬਾਅਦ ‘ਚ ਪੁਤਰ ਬਣਨ ਨਾਲ ਮੇਲ ਖਾਂਦੀ ਹੈ। ਗਿਆਨੀ ਗਿਆਨ ਸਿੰਘ 1920 ਦੇ ਲਗਭਗ ਮੇਦਨੀਪੁਰ ਦੇ ਇਸ ਅਸਥਾਨ ਬਾਰੇ ਲਿਖਦੇ ਹਨ ਕਿ ਗੁਰੂ ਜੀ ਨੇ ਦੋ ਦਿਨ ਇਥੇ ਰਹਿਕੇ ਸੰਗਤਾਂ ਨੂੰ ਨਿਹਾਲ ਕੀਤਾ। ਪੱਕਾ ਦਰਬਾਰ ਸਾਹਿਬ ਬਣਿਆ ਹੋਇਆ ਹੈ।
ਇਸ ਤੋਂ ਬਾਅਦ 12 ਜਨਵਰੀ , 1931–29 ਪੋਹ , ਸੰਮਤ 1987 ਸਾਇਕਲ ਯਾਤਰੀ ਧੰਨਾ ਸਿੰਘ ਇਸ ਅਸਥਾਨ ਦੀ ਯਾਤਰਾ ਲਈ ਮਿਦਨਾਪੁਰ ਗਿਆ ਜੋ ਪਿੰਡ ਬੈਕਾਦੋਹ ਤੋਂ ਚੱਲ ਕੇ ਨਦੀਆਂ ਤੋਂ ਨਾਲ ਲੰਘਦਾ ਹੋਇਆ 50 ਮੀਲ ‘ਤੇ ਜਿਲ੍ਹਾ ਮੇਦਨੀਪੁਰ ਪਹੁੰਚਿਆ। ਭਾਈ ਧੰਨਾ ਸਿੰਘ ਦਸਦੇ ਨੇ ਕਿ ”ਇਸ ਸ਼ਹਿਰ ਵਿਚ ਪਹਿਲੀ ਪਾਤਸ਼ਾਹੀ ਜੀ ਦਾ ਗੁਰਦੁਆਰਾ ਹੈ। ਇਸ ਬਾਰੇ ਉਹ ਇਹੀ ਦਸਦੇ ਨੇ ਕਿ ਇਸ ਜਗ੍ਹਾ ਗੁਰੂ ਜੀ ਇਕ ਰਾਜੇ ਦੀ ਲੜਕੀ ਤੋਂ ਲੜਕਾ ਬਨਾਇਆ ਸੀ। ਉਹਨਾਂ ਅਨੁਸਾਰ ਇਹ ਗੁਰਦੁਆਰਾ ਪਹਿਲੇ ਉਦਾਸੀ ਸਾਧਾਂ ਦੇ ਪਾਸ ਹੁੰਦਾ ਸੀ ਪ੍ਰੰਤੂ ਮਹੰਤ ਦੇ ਮਰਨੇ ਬਾਦ ਬੰਗਾਲੀਆਂ ਦੇ ਕਬਜ਼ੇ ਵਿਚ ਆ ਗਿਆ ਹੈ। ਪਹਿਲੇ ਇਸ ਗੁਰਦੁਆਰੇ ਨੂੰ ਨਾਨਕਵਾੜੀ ਆਖਦੇ ਹੁੰਦੇ ਸਨ। ਪਰ ਮਹੰਤ ਦੇ ਮਰਨੇ ਬਾਦ ਬੰਗਾਲੀਆਂ ਨੇ ਗੁਪਾਲਵਾੜੀ ਨਾਮ ਰੱਖ ਦਿੱਤਾ ਹੈ। ਇਸ ਗੁਰਦੁਆਰੇ ਨੂੰ ਆਮਦਨੀ ਬਹੁਤ ਹੈ , ਜਾਗੀਰ ਭੀ ਬਹੁਤ ਹੈ ਤੇ ਬੰਗਾਲ ਦੇਸ਼ ਵਿਚ ਹੈ। ਏਹ ਸ਼ੈਹਰ ਤੇ ਜਿਲਾ ਖਾਸ ਮਦਨੀਪੁਰ ਹੀ ਹੈ ਤੇ ਰੇਲ ਦਾ ਸਟੇਸ਼ਨ ਭੀ ਖਾਸ ਹੈ।”ਭਾਈ ਧੰਨਾ ਸਿੰਘ ਦੇ ਇਸ ਹਵਾਲੇ ਨਾਲ ਪੁਤਰੀ ਤੋਂ ਪੁਤਰ ਬਣਾਉਣ ਵਾਲੀ ਸਾਖੀ ਅਤੇ ਗੁਰੂ ਨਾਨਕ ਸਾਹਿਬ ਦੀ ਇਸ ਜਗ੍ਹਾ ਆਮਦ ਦੀ ਪੁਸ਼ਟੀ ਹੋ ਜਾਂਦੀ ਹੈ ਪ੍ਰੰਤੂ ਧੰਨਾ ਸਿੰਘ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਨੂੰ ਮੇਦਨੀਪੁਰ ਦਸਦੇ ਹਨ ਜੋ ਕਿ ਗੁਰਦੁਆਰਾ ਚੰਦਰਕੋਣਾ ਤੋਂ ਲਗਭਗ 35 ਕਿਲੋਮੀਟਰ ਹੈ। ਲਗਦਾ ਭਾਈ ਧੰਨਾ ਸਿੰਘ ਨੂੰ ਇਸ ਅਸਥਾਨ ਦੇ ਟਿਕਾਣੇ ਬਾਰੇ ਭੁਲੇਖਾ ਲਗ ਗਿਆ ਕਿਉਂਕਿ ਉਹ ਮਿਦਨਾਪੁਰ ਜਿਲ੍ਹੇ ਦੇ ਹੀ ਕਸਬੇ ਚੰਦਰਕੋਣਾ ਵਾਲੇ ਉਦਾਸੀ ਡੇਰੇ ਜਾਣ ਦੀ ਬਜਾਏ ਮਿਦਨਾਪੁਰ ਸ਼ਹਿਰ ਦੇ ਕਿਸੇ ਗੁਪਾਲਵਾੜੀ ਜਗ੍ਹਾ ‘ਤੇ ਪਹੁੰਚ ਗਏ। ਜਿਸ ਬਾਰੇ ਲਿਖਿਆ ਗਿਆ ਹੈ ਕਿ ਪਹਿਲਾਂ ਇਹ ਉਦਾਸੀਆਂ ਦਾ ਡੇਰਾ ਸੀ ਪ੍ਰੰਤੂ 35 ਕਿਲੋਮੀਟਰ ਦੂਰ(ਚੰਦਰਕੋਨਾ) ਵੀ ਉਸ ਸਮੇਂ ਉਦਾਸੀ ਦਾ ਇਕ ਹੋਰ ਪੁਰਾਤਨ ਡੇਰਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਸੀ ਅਤੇ ੳਸ ਸਮਾਂ ਉਥੋਂ ਦੇ ਉਦਾਸੀ ਸੰਤ ਇਹ ਗਲ ਦਾ ਦਾਅਵਾ ਵੀ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਇਸ ਜਗ੍ਹਾ ਆਏ ਸਨ ਅਤੇ ਰਾਜੇ ਚੰਦਰਕਾਂਤ ਦੀ ਬੱਚੀ ਨੂੰ ਰਾਜਕੁਮਾਰ ਵਿਚ ਬਦਲਿਆ ਸੀ। ਲਗਦਾ ਭਾਈ ਧੰਨਾ ਸਿੰਘ ਚੰਦਰਕੋਨਾ(ਜਿਲ੍ਹਾ ਮਿਦਨਾਪੁਰ) ਵਾਲੀ ਜਗ੍ਹਾ ਦਾ ਥੋੜਾ ਭੁਲੇਖਾ ਲਗਣ ਕਾਰਨ ਸ਼ਾਇਦ ਉਹ ਮਿਦਨਾਪੁਰ ਸ਼ਹਿਰ ਦੀ ਗੋਪਾਲਵਾੜੀ ਜਗ੍ਹਾ ਨੂੰ ਗੁਰੂ ਨਾਨਕ ਸਾਹਿਬ ਵਾਲੀ ਸਾਖੀ ਨਾਲ ਜੋੜ ਗਏ। ਜਦਕਿ ਉਸ ਸਮੇਂ ਚੰਦਰਕੋਨਾ ਵਿਚ ਉਦਾਸੀ ਡੇਰਾ ਮੌਜੂਦ ਸੀ।
ਸਿੱਖ ਇਤਿਹਾਸ ਦੀ ਪ੍ਰਸੰਗਿਕਤਾ ਤੋਂ ਇਲਾਵਾ, ਚੰਦਰਕੋਣਾ ਇਤਿਹਾਸਿਕ ਮਹੱਤਤਾ ਵਾਲੀ ਧਰਤੀ ਹੈ। ਇਸ ਧਰਤੀ ਅਤੇ ਇਸ ਦੇ ਗੁਆਂਢੀ ਖੇਤਰ ਵਿੱਚ ਬਹੁਤ ਸਾਰੀਆਂ ਵੱਖ-ਵੱਖ ਕਿਸਮਾਂ ਦੇ ਮੰਦਰ ਹਨ। ਮੰਦਰਾਂ ਦੇ ਵੱਖ-ਵੱਖ ਭਵਨਕਾਰੀ ਨਮੂਨੇ ਹਨ ਜੋ ਦਰਸਾਉਂਦੇ ਹਨ ਕਿ ਵੱਖ-ਵੱਖ ਰਾਜਵੰਸ਼ਾਂ ਨੇ ਇਸ ਧਰਤੀ ‘ਤੇ ਰਾਜ ਕੀਤਾ ਹੈ ਅਤੇ ਇਹ ਬਹੁਤ ਸਾਰੀਆਂ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਸੀ। ਇਹ ਧਰਤੀ ਬੰਗਾਲ ਦੇ ਉਸ ਖੇਤਰ ਦੇ ਅਧੀਨ ਹੈ ਜੋ ਕਦੇ ਭਗਤੀ ਲਹਿਰ ਦਾ ਵੱਡਾ ਕੇਂਦਰ ਸੀ। ਰਿਸ਼ੀ ਮੁਨੀਆਂ ਅਤੇ ਯੋਗੀਆਂ ਨੇ ਆਪਣੇ ਸਮਿਆਂ ਵਿਚ ਇਸ ਧਰਤੀ ਵਿਚ ਬਹੁਤ ਜਪ-ਤਪ ਕੀਤੇ ਸਨ। ਗੁਰੂ ਨਾਨਕ ਸਾਹਿਬ ਦੇ ਚਰਨ ਪਾਉਣ ਤੋਂ ਬਾਅਦ ਇਥੇ ਮੰਜੀ ਸਥਾਪਿਤ ਹੋ ਗਈ ਸੀ। ਜਿਸਨੂੰ ਬਾਅਦ ਵਿਚ ਉਦਾਸੀ ਸੰਤਾਂ ਨੇ ਸੰਭਾਲਿਆ। 20ਵੀਂ ਸਦੀ ਦੇ ਮੁਢਲੇ ਦਹਾਕਿਆਂ ਵਿਚ ਹੀ ਬੰਗਾਲ ਵਿਚ ਵਸੇ ਕਈ ਸਿਖਾਂ ਨੂੰ ਇਸ ਜਗ੍ਹਾ ਬਾਰੇ ਪਤਾ ਲਗ ਗਿਆ ਸੀ। ਉਦਾਸੀ ਸੰਤਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਹਥ ਲਿਖਤ ਛੋਟੀ ਬੀੜ ਵੀ ਸੀ। 1940 ਦੇ ਲਗਭਗ ਇਸ ਡੇਰੇ ਦੇ ਮੁਖੀ ਬਾਬਾ ਸ਼ਰਨਦਾਸ ਜੀ ਉਦਾਸੀ ਬਣੇ ਜਿਨ੍ਹਾਂ ਦਾ ਪਿਛੋਕੜ ਉੜੀਸਾ ਦਾ ਸੀ। ਬਾਬਾ ਸ਼ਰਨਦਾਸ ਜੀ ਨੇ ਅੰਮ੍ਰਿਤਸਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਹਾਸਿਲ ਕੀਤੀ ਸੀ।ਜਿਸ ਕਾਰਨ ਉਹ ਪੰਜਾਬੀ ਪੜ੍ਹਣਾ, ਬੋਲਣਾ ਚੰਗੀ ਤਰ੍ਹਾਂ ਜਾਣਦੇ ਸਨ। 1950 ਦੇ ਲਗਭਗ ਉਹਨਾਂ ਨੇ ਬੰਗਾਲ ਵਿਚਲੇ ਸ਼ਹਿਰਾਂ ਅਸਨਸੋਲ, ਕਲਕੱਤਾ, ਖੜਗਪੁਰ ਆਦਿ ਸ਼ਹਿਰ ਜਿਥੇ ਜਿਥੇ ਸਿਖ ਸੰਗਤ ਵਸਦੀ ਸੀ, ਵਿਚ ਜਾਕੇ ਗੁਰੂ ਨਾਨਕ ਦੇਵ ਜੀ ਦੇ ਇਸ ਅਸਥਾਨ ਨੂੰ ਸੰਭਾਲ ਦੀ ਜਿੰਮੇਵਾਰੀ ਲਈ ਬੇਨਤੀ ਕੀਤੀ। ਅਖੀਰ ਖੜਗਪੁਰ ਦੀ ਸੰਗਤ ਨੇ 1952 ਵਿਚ ਗੁਰੂ ਨਾਨਕ ਸਾਹਿਬ ਜੀ ਦੇ ਆਸਣ ਲਗਾਉਣ ਵਾਲੀ ਜਗ੍ਹਾ ‘ਤੇ ਛੋਟਾ ਜਿਹਾ ਦਰਬਾਰ ਸਾਹਿਬ ਉਸਾਰਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਇਹ ਦਰਬਾਰ ਅਜ ਵੀ ਚੰਗੀ ਹਾਲਤ ਵਿਚ ਮੌਜੂਦ ਹੈ। ਖੜਗਪੁਰ ਦੇ ਰਹਿਣ ਵਾਲੇ ਸ. ਖਿਆਲ ਸਿੰਘ 1962 ਤੋਂ ਲਗਤਾਰ ਇਸ ਅਸਥਾਨ ਨਾਲ ਜੁੜੇ ਹੋਏ ਸਨ। ਜੋ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਵੀ ਰਹੇ। 1975 ਵਿਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ‘ਤੇ ਪਹਿਲੀ ਵਾਰ ਸਿਖ ਸੰਗਤਾਂ ਨੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਲੰਗਰ ਤਿਆਰ ਕੀਤਾ। 1984 ਤੋਂ ਬਾਅਦ ਹਰ ਮਹੀਨੇ ਪੂਰਨਮਾਸ਼ੀ ਨੂੰ ਰੈਣ ਸਭਾਈ ਕੀਰਤਨ ਸਮਾਗਮ ਕਰਵਾਉਣੇ ਆਰੰਭ ਹੋਏ। ਸੰਗਤਾਂ ਦੂਰੋਂ ਦੂਰੋਂ ਮਹੀਨੇਵਾਰ ਸਮਾਗਮ ‘ਤੇ ਆਉਣੀਆਂ ਸ਼ੁਰੂ ਹੋਈਆਂ।1993 ਵਿਚ ਵਿਚ 40×40 ਦਾ ਇਕ ਲੰਗਰ ਹਾਲ ਤਿਆਰ ਤਿਆਰ ਕੀਤਾ ਗਿਆ। ਚੰਦਰਕੋਣਾ ਤੋਂ ਕੁਝ ਸੌ ਕਿਲੋਮੀਟਰ ਦੇ ਦਾਇਰੇ ਵਿੱਚ ਵਸਦੀ ਸਿੱਖ ਸੰਗਤ ਸ੍ਰੀ ਪਟਨਾ ਸਾਹਿਬ, ਜਮਸ਼ੇਦਪੁਰ (ਟਾਟਾਨਗਰ), ਰਾਂਚੀ, ਹਜ਼ਾਰੀਬਾਗ, ਧਨਬਾਦ, ਦੁਰਗਾਪੁਰ ਆਦਿ ਸ਼ਹਿਰਾਂ ਵਿੱਚ ਚੰਦਰਕੋਣਾ ਆਉਣ ਲੱਗੀ। ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸਿੱਖ ਸੰਗਤਾਂ ਦੇ ਉਤਸ਼ਾਹ ਨਾਲ ਥੋੜੇ ਸਮੇਂ ਵਿੱਚ ਹੀ ਚੰਦਰਕੋਣਾ ਗੁਰਦੁਆਰਾ ਸਾਹਿਬ ਬਾਰੇ ਪੂਰਬੀ ਭਾਰਤ ਦੀਆਂ ਸੰਗਤਾਂ ਨੂੰ ਪਤਾ ਲਗਣ ਲਗ ਪਿਆ।
1995 ਈ. ਵਿਚ ਬੰਬਈ, ਬੰਗਾਲ ਅਤੇ ਖਾਸ ਕਰ ਖੜਗਪੁਰ ਦੀ ਸੰਗਤ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਵਿਸਥਾਰ ਕਰਨਾ ਸ਼ੁਰੂ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਇਹ ਆਪਣੀ ਇਤਿਹਾਸਕ ਮਹੱਤਤਾ ਕਾਰਨ ਪੂਰਬੀ ਭਾਰਤ ਵਿਚ ਸਿਖ ਅਸਥਾਨ ਬਣ ਗਿਆ। ਖੜਗਪੁਰ ਦੀ ਸਿਖ ਸੰਗਤ ਨਾਲ ਗਲ ਕਰਨ ‘ਤੇ ਉਹਨਾਂ ਦਸਿਆ ਕਿ 1995-96 ਵਿਚ ਜਦ ਗੁਰਦੁਆਰਾ ਸਾਹਿਬ ਬਣਿਆ ਸੀ ਤਾਂ ਉਸ ਇਲਾਕੇ ਵਿਚ ਬਹੁਤ ਘੱਟ ਸਥਾਨਿਕ ਕਿਸਾਨ ਪਰਿਵਾਰ ਰਹਿੰਦੇ ਸਨ। ਬਾਕੀ ਪਿੰਡ ਵਾਸੀ ਦੂਰ-ਦੂਰ ਤੱਕ ਫੈਲੇ ਹੋਏ ਸਨ। ਉਹ ਸਿੱਖ ਸੰਗਤਾਂ ਦਾ ਬਹੁਤ ਸੁਆਗਤ ਕਰਦੇ ਅਤੇ ਆਪਣੀ ਸਮਰੱਥਾ ਅਨੁਸਾਰ ਹਰ ਤਰ੍ਹਾਂ ਦੀ ਸੇਵਾ ਕਰਦੇ ਸਨ।ਅਜ ਤਕ ਵੀ ਸਿਖਾਂ ਦੀ ਵਸੋਂ ਚੰਦਰਕੋਣਾ, ਮਿਦਨਾਪੁਰ ਸ਼ਹਿਰਾਂ ਦੇ ਆਸਪਾਸ ਨਹੀਂ ਹੈ। ਪ੍ਰੰਤੂ ਫਿਰ ਵੀ ਸਿੱਖ ਸੰਗਤਾਂ ਵੱਡੀ ਗਿਣਤੀ ਵਿਚ ਪੁਜਣ ਲਗੀਆਂ। ਪਹਿਲਾਂ ਸੜਕਾਂ ਵਗੈਰਾ ਦਾ ਵਿਕਾਸ ਨਹੀਂ ਹੋਇਆ ਸੀ। ਰਸਤੇ ਕੱਚੇ ਸਨ। ਰਾਸ਼ਟਰੀ ਰਾਜਮਾਰਗ ਲਗਭਗ 30-50 ਕਿਲੋਮੀਟਰ ਦੂਰ ਸੀ। ਸਿੱਖ ਸੰਗਤਾਂ ਨੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੱਚੀ ਸੜਕ ਨੂੰ ਪੱਕਾ ਕਰਵਾਇਆ ਤਾਂ ਜੋ 4 ਪਹੀਆ ਵਾਹਨ ਅਤੇ ਹੋਰ ਵਾਹਨ ਲੰਘ ਸਕਣ।ਅਜੋਕੇ ਸਮੇਂ ਦਰਬਾਰ ਸਾਹਿਬ ਦੇ ਸਾਹਮਣੇ ਇਤਿਹਾਸਕ ਬੋਹੜ ਦਾ ਰੁੱਖ ਹੈ। ਰੁੱਖ ਤੋਂ ਅਗਲੇ ਪਾਸੇ ਸਰੋਵਰ ਹੈ। ਕੋਲ ਵੀ ਵੱਡੀ ਇਮਾਰਤ ਉਸਾਰੀ ਗਈ ਹੈ ਜਿਸਦੇ ਹੇਠਾਂ ਲੰਗਰ ਹਾਲ, ਬਰਾਂਡੇ, ਰਸੋਈ,ਦਫਤਰ ਆਦਿ ਬਣਾਏ ਗਏ ਹਨ। ਉਪਰ ਵੱਡਾ ਦਰਬਾਰ ਬਣਾਇਆ ਗਿਆ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜਿ ਦਾ ਪ੍ਰਕਾਸ਼ ਹੈ।ਗੁਰਦੁਆਰਾ ਸਾਹਿਬ ਦੇ ਨਾਲ ਹੀ ਉਦਾਸੀ ਸੰਤਾਂ ਦਾ ਪੁਰਾਤਨ ਡੇਰਾ ਹੈ ਜਿਸ ਵਿਚ ਕਈ ਸੰਤਾਂ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿਚੋਂ ਇਕ ਸਮਾਧ ਬਾਬਾ ਸ਼ਰਨ ਦਾਸ ਜੀ ਦੀ ਹੈ ਜਿਨ੍ਹਾਂ ਦੀ ਮੂਰਤੀ ਵੀ ਲਗੀ ਹੋਈ ਹੈ। ਬਾਬਾ ਸ਼ਰਨਦਾਸ ਜੀ ਦਾ ਇਸ ਗੁਰਦੁਆਰਾ ਬਣਾਉਣ ਵਿਚ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਹੀ ਸਿਖ ਸੰਗਤਾਂ ਵਿਚ ਜਾਕੇ ਪ੍ਰਚਾਰ ਕੀਤਾ ਕਿ ਇਸ ਜਗ੍ਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਬਣਨਾ ਚਾਹੀਦਾ ਹੈ ਕਿਉਕਿ ਇਹ ਜਗ੍ਹਾ ਉਹਨਾਂ ਦੀ ਹੀ ਹੈ। ਉਹ ਦਸਦੇ ਸਨ ਗੁਰੂ ਨਾਨਕ ਸਾਹਿਬ ਦੀ ਸਾਖੀ ਪੀੜੀ ਦਰ ਪੀੜੀ ਇਥੋਂ ਦੇ ਉਦਾਸੀ ਸੰਤਾਂ ਵਿਚ ਤੁਰੀ ਆ ਰਹੀ ਹੈ। ਬਾਬਾ ਸ਼ਰਨਦਾਸ ਜੀ 1996 ਵਿਚ ਸੁਵਰਗਵਾਸ ਹੁੰਦੇ ਹਨ।
ਚੰਦਰਕੋਣਾ ਗੁਰਦੁਆਰਾ ਸਾਹਿਬ ਪਹੁੰਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਪਹਿਲਾਂ ਖੜਗਪੁਰ ਪਹੁੰਚਣਾ। ਫਿਰ ਖੜਗਪੁਰ ਤੋਂ ਚੰਦਰਕੋਣਾ ਗੁਰਦੁਆਰਾ ਸਾਹਿਬ ਤੱਕ ਟੈਕਸੀ ਮਿਲ ਜਾਂਦੀ ਹੈ, ਇਹ ਦੂਰੀ ਲਗਭਗ 40-50 ਕਿਲੋਮੀਟਰ ਹੈ ਅਤੇ ਸੜਕ ਦੀ ਸਥਿਤੀ ਦੇ ਅਧਾਰ ‘ਤੇ ਲਗਭਗ 1-2 ਘੰਟੇ ਲੱਗ ਸਕਦੇ ਹਨ। ਖੜਗਪੁਰ ਰੇਲਵੇ ਸਟੇਸ਼ਨ ਦਿੱਲੀ, ਮੁੰਬਈ, ਨਾਗਪੁਰ, ਚੇਨਈ ਅਤੇ ਹਾਵੜਾ ਭਾਰਤੀ ਰੇਲਵੇ ਨਾਲ ਬਹੁਤ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ। ਜਿਆਦਾਤਰ ਰੇਲਗੱਡੀਆਂ ਜੋ ਹਾਵੜਾ (ਕਲਕੱਤਾ) ਰੇਲਵੇ ਸਟੇਸ਼ਨ ਵੱਲ ਜਾ ਰਹੀ ਹੈ, ਖੜਗਪੁਰ ਵਿੱਚੋਂ ਹੀ ਲੰਘਦੀਆਂ ਹਨ। ਜੇਕਰ ਕੋਈ ਹਵਾਈ ਜਹਾਜ਼ ਰਾਹੀਂ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਕਲਕੱਤਾ ਏਅਰਪੋਰਟ ਲਈ ਫਲਾਈਟ ਲੈਣੀ ਪੈਂਦੀ ਹੈ। ਉੱਥੋਂ ਖੜਗਪੁਰ ਜਾਣ ਲਈ ਰੇਲਗੱਡੀ ਲਈ ਜਾ ਸਕਦੀ ਹੈ ਜਾਂ ਸਿੱਧੇ ਚੰਦਰਕੋਣਾ ਗੁਰਦੁਆਰਾ ਸਾਹਿਬ ਲਈ ਟੈਕਸੀ ਕਿਰਾਏ ਲਈ ਮਿਲ ਜਾਂਦੀ ਹੈ। ਅਗਰ ਆਪਣੇ ਨਿਜੀ ਵਾਹਨ ‘ਤੇ ਜਾਣਾ ਹੈ ਤਾਂ ਗੁਰਦੁਆਰਾ ਪੀਡੀਆ ਵੱਲੋਂ ਗੂਗਲ ਮੈਪ ਰਾਹੀਂ ਹੇਠਾਂ ਸਹੀ ਟਿਕਾਣਾ ਦਿੱਤਾ ਹੋਇਆ ਹੈ, ਉਥੋਂ ਦੇਖ ਸਕਦੇ ਹੋ।
ਅਜੋਕਾ ਪ੍ਰਬੰਧ – ਗੁਰਦੁਆਰਾ ਸਾਹਿਬ ਬਹੁਤ ਹੀ ਰਮਣੀਕ ਜਗ੍ਹਾ ‘ਤੇ ਹੈ। ਆਸਪਾਸ ਜੰਗਲ ਹੈ ਜਿਸ ਵਿਚ ਛੋਟੇ ਛੋਟੇ ਪਿੰਡ ਵਸੇ ਹੋਏ ਹਨ। ਗੁਰਦੁਆਰਾ ਸਾਹਿਬ ਦਾ ਅਜੋਕਾ ਪ੍ਰਬੰਧ ਸ੍ਰੀ ਗੁਰੂ ਸਿੰਘ ਸਭਾ ਖੜਗਪੁਰ ਟਰੱਸਟ ਕਰਦਾ ਹੈ। ਜਿਸਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਸੇਖੋਂ, ਜਰਨਲ ਸਕੱਤਰ ਨਰਿੰਦਰ ਸਿੰਘ ਸਲੂਜਾ, ਮੀਤ ਪ੍ਰਧਾਨ ਹਰਜਿੰਦਰ ਸਿੰਘ ਅਤੇ ਰਵਿੰਦਰ ਸਿੰਘ ਚਹਿਲ, ਕੈਸ਼ੀਅਰ ਹਰਦੀਪ ਸਿੰਘ, ਜੁਆਇੰਟ ਸੈਕਟਰੀ ਗੋਬਿੰਦਰ ਸਿੰਘ, ਗ੍ਰੰਥੀ ਸਿੰਘ ਬਾਬਾ ਸਤਨਾਮ ਸਿੰਘ ਸਨ ਜੋ ਬੜੇ ਹੀ ਭਲੇ ਸਿੰਘ ਹਨ। 24 ਘੰਟੇ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਹੈ। ਹਰ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚ ਕੇ ਰੈਣ ਸਭਾਈ ਕੀਰਤਨ ਸਮਾਗਮ ਕਰਦੀਆਂ ਸਨ। ਰਾਤ ਦੀ ਰਿਹਾਇਸ਼ ਇਥੇ ਹੀ ਕਰਦੀਆਂ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਨਾਂ ਸਾਢੇ 12 ਏਕੜ ਦਾ ਇੰਤਕਾਲ ਚੜ੍ਹਿਆ ਹੋਇਆ ਹੈ ਪ੍ਰੰਤੂ ਕਬਜਾ ਹਜੇ ਸਥਾਨਿਕ ਲੋਕਾਂ ਕੋਲ ਹੀ ਹੈ। ਸਰਕਾਰੀ ਰਿਕਾਰਡ ਵਿਚ ਇਹ ਜਮੀਨ ‘ਗ੍ਰੰਥ ਜੀਓ ਠਾਕੁਰ’ (ਗੁਰ ਗ੍ਰੰਥ ਸਾਹਿਬ ਜੀ ਮਹਾਰਾਜ) ਦੇ ਨਾਂ ਹੈ।
Near Me