ਗੁਰਦੁਆਰਾ ਥੜ੍ਹਾ ਸਾਹਿਬ, ਬਾਗੇਸ਼ਵਰ, ਉਤਰਾਖੰਡ      Gurudwara Thara Sahib, Bageshwar, Uttarakhand

ਗੁਰਦੁਆਰਾ ਥੜ੍ਹਾ ਸਾਹਿਬ, ਬਾਗੇਸ਼ਵਰ, ਉਤਰਾਖੰਡ Gurudwara Thara Sahib, Bageshwar, Uttarakhand

Average Reviews

Description

ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਸ ਅਸਥਾਨ ਨੂੰ ਪਹਿਲਾਂ ਗੁਰਦੁਆਰਾ ਝੰਡਾ ਸਾਹਿਬ, ਬਾਗੇਸ਼ਵਰ ਕਿਹਾ ਸੀ। ਅਜਕਲ ਗੁਰਦੁਆਰਾ ਥੜ੍ਹਾ ਸਾਹਿਬ ਨਾਂ ਨਾਲ ਪ੍ਰਚਲਿਤ ਹੈ। ਇਸ ਅਸਥਾਨ ਨਾਲ ਸੰਬੰਧ ਦੋ ਵਿਦਵਾਨਾਂ ਨੇ ਖੋਜ ਕਰਕੇ ਲੇਖ ਲਿਖੇ ਹਨ।

੭ ਅਗਸਤ ੧੯੬੯ ਨੂੰ ਗਿਆਨੀ ਹਰਚਰਨ ਸਿੰਘ ਦੁਆਰਾ ਗੁਰਦੁਆਰਾ ਝੰਡਾ ਸਾਹਿਬ, ਬਾਗੇਸ਼ਵਰ ਬਾਰੇ ਖੋਜ ਕੀਤੀ ਸੀ ਜਿਸ ਵਿਚ ਗਿਆਨੀ ਜੀ ਨੇ ਇਸ ਅਸਥਾਨ ਦੇ ਗੁਰੂ ਨਾਨਕ ਦੇਵ ਨਾਲ ਸੰਬੰਧਤ ਹੋਣ ਸੰਬੰਧੀ ਪੁਰਾਣੇ ਰਿਕਾਰਡ ਫਰੋਲਕੇ ਲੇਖ ਲਿਖਿਆ ਸੀ।

ਗੁਰਦੁਆਰਾ ਪ੍ਰਬੰਧਕ ਕਮੇਟੀ, ਨਾਨਕ ਮਤਾ ਸਾਹਿਬ ਦੀ ਆਗਿਆ ਅਨੁਸਾਰ ਅਲਮੋੜਾ ਤੋਂ ਗੁਰਦੁਆਰਾ ਝੰਡਾ ਸਾਹਿਬ ਦੇ ਕਾਗਜਾਤ ਕਢਵਾ ਕੇ ਜਿਸ ਦਾ ਹਵਾਲਾ ਦਿੱਤਾ ਜਾ ਚੁੱਕਾ ਹੈ ਅਸੀਂ ੫-੬-੬੯ ਨੂੰ ਸ੍ਰੀ ਵਿਸਾਖੀ ਰਾਮ ਅਤੇ ਸ. ਆਸਾ ਸਿੰਘ ਜੀ ਹਲਦੁਆਨੀ ਸਮੇਤ ਅਲਮੋਰਾ ਤੋਂ ਚਲ ਕੇ ਬਾਗੇਸ਼ਵਰ ਪਹੁੰਚੇ। ਰਸਤੇ ਵਿਚ ਗੋਮਤੀ ਨਦੀ ਦੇ ਕਿਨਾਰੇ ਪੁਰਾਤਨ ਸ੍ਰੀ ਬੈਜਨਾਥ ਮੰਦਰ ਦੇ ਦਰਸ਼ਨ ਕੀਤੇ। ਬੈਜਨਾਥ ਤੋਂ ੧੪ ਮੀਲ ਅਗੇ ਸਰਜੂ ਨਦੀ ਅਤੇ ਗੋਮਤੀ ਦੇ ਸੰਗਮ ਦੇ ਕਿਨਾਰੇ ਬਾਗੇਸ਼ਵਰ ਸ਼ਹਿਰ ਵਸਿਆ ਹੋਇਆ ਹੈ, ਜਿਥੇ ਬਾਗੇਸ਼ਵਰ, ਜਿਸ ਦੀ ਗੈਜ਼ਟੀਅਰ ਅਨੁਸਾਰ ਵਾਕਏਸ਼ਵਰ, ਬਾਣੀ ਦਾ ਦੇਵਤਾ, ਜਾਂ ਬਾਘ ਏਸ਼ਵਰ (ਸ਼ੇਰ ਕਾ ਦੇਵਤਾ), ਦੇ ਨਾਮ ਨਾਲ ਪੂਜਾ ਹੁੰਦੀ ਹੈ । ਹੋਰ ਵੀ ਭੈਰੋਂ ਮੰਦਰ, ਤ੍ਰੈ ਜੁਗੀ ਦੇਵਤਾ ਦਾ ਮੰਦਰ, ਰਿਸ਼ੀ ਮਾਰਕੰਡੇ ਦਾ ਤਪ-ਅਸਥਾਨ ਦੇਖਣ ਦੇ ਯੋਗ ਹਨ। ਇਥੇ ੧੦-੧੨ ਘਰ ਪੰਜਾਬੀ ਸਹਿਜਧਾਰੀਆਂ ਦੇ ਹਨ, ਜਿਨ੍ਹਾਂ ਵਿਚ ਸ੍ਰੀ ਭਗਵਾਨ ਦਾਸ ਕੱਕੜ, ਡਾਕਟਰ ਮਨੋਹਰ ਲਾਲ ਜੀ ਅਤੇ ਸ੍ਰੀ ਮੋਹਰ ਚੰਦ ਕਪੂਰ ਆਦਿ ਮੁਖੀ ਸੱਜਣ ਹਨ। ਉਨ੍ਹਾਂ ਨੂੰ ਨਾਲ ਲੈ ਕੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਸ ਅਸਥਾਨ ਦੇ ਦਰਸ਼ਨ ਕੀਤੇ ਜਿਥੇ ਮਹਾਰਾਜ ਜੀ ਨੇ ਚਰਨ ਪਾਏ ਸਨ। ਇਸ ਜਗਾ ਸਰਜੂ ਨਦੀ ਦੇ ਕਿਨਾਰੇ ਘਾਟ ਦੇ ਉਪਰ ਬਣੀ ਹੋਈ ਹੈ, ਪੁਜਾਰੀ ਸ਼ਿਵ ਲਾਲ ਸ਼ਾਹ ਨੇ ਸਾਰੀ ਜ਼ਮੀਨ ਉਤੇ ਕਬਜਾ ਕਰ ਕੇ ਘਾਟ ਦੇ ਕਿਨਾਰੇ ਆਪਣੇ ਪਕੇ ਮਕਾਨ ਬਣਾਏ ਹੋਏ ਹਨ। ਮਹਾਰਾਜ ਜੀ ਦੇ ਪਵਿਤਰ ਅਸਥਾਨ ਲਈ ਕੇਵਲ ੨੦×੨੫ ਦੀ ਜਗਾ ਮਕਾਨ ਦੇ ਅੰਦਰ ਛੱਡੀ ਹੋਈ ਹੈ, ਜਿਥੇ ਛੋਟਾ ਜਿਹਾ ਥੜਾ ਸਾਹਿਬ ਬਣਿਆ ਹੋਇਆ ਹੈ ਅਤੇ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਇਸ ਬੜੇ ਸਾਹਿਬ ਨੂੰ ਜਾਣ ਲਈ ਬਾਜ਼ਾਰ ਵਿਚੋਂ ਛੋਟੀ ਜਿਹੀ ਗਲੀ ਪੁਜਾਰੀ ਨੇ ਕੱਢੀ ਹੋਈ ਹੈ । ਮੌਜੂਦਾ ਪੁਜਾਰੀ ਦਾ ਨਾਮ ਸ਼ੰਕਰ ਲਾਲ ਹੈ ਜੋ ਇਕ ਮਾਮੂਲੀ ਜਿਹਾ ਹੋਟਲ ਚਲਾ ਰਿਹਾ ਹੈ। ਅਤੇ ਅੱਗੇ ਜੋ ਰਸਤਾ ਥੜਾ ਸਾਹਿਬ ਤੋਂ ਘਾਟ ਨੂੰ ਉਤਰਦਾ ਸੀ ਉਹ ਪੁਜਾਰੀ ਨੇ ਬੰਦ ਕਰ ਦਿੱਤਾ ਹੋਇਆ ਹੈ। ਪੁਰਾਣੇ ਪਾਂਡਿਆਂ ਆਦਿ ਨੂੰ ਪੁਛਣ ਤੋਂ ਇਸ ਗਲ ਦਾ ਪਤਾ ਲਗਾ ਸੀ ਕਿ ਏਹ ਗੁਰੂ ਨਾਨਕ ਦੇਵਤਾ ਦਾ ਅਸਥਾਨ ਹੈ। ਪ੍ਰੰਤੂ ਪਟਵਾਰੀ ਪਾਸੋਂ ਸਾਰੇ ਕਾਗਜ਼ਾਤ ਦੇਖਣ ਤੋਂ ਖਸਰੇ ਖਤੌਨੀ ਵਿਚ ਥੜਾ ਸਾਹਿਬ ਲਿਖਿਆ ਹੋਇਆ ਤਾਂ ਮਿਲਦਾ ਹੈ ਪ੍ਰੰਤ ਗੁਰੂ ਮਹਾਰਾਜ ਦਾ ਨਾਮ ਕਿਤੇ ਨਹੀਂ ਮਿਲਦਾ। ਫਿਰ ਪੁਜਾਰੀ ਨਾਲ ਗਲਬਾਤ ਕੀਤੀ। ਉਸ ਦੇ ਪਾਸੋਂ ਪੁਰਾਣੇ ਕਾਗਜ਼ਾਤ ਦੇਖੇ ਤਾਂ ਉਸ ਵਿਚ ਮਹਾਰਾਜ ਦੇ ਗੁਰਦੁਆਰਾ ਦਾ ਨਵਾਂ ਪਲਾਟ ਨੰ: ੪੩੬ ਅਤੇ ਪੁਰਾਣਾ ਨੰ: ੧੨੨ ਮੌਜ਼ਾ ਕਤੂਰ ਮੱਲ ਸ਼ਾਮਲ ਟਾਊਨ ਏਰੀਆ, ਬਾਗੇਸ਼ਵਰ ਪੱਟੀ ਤਲਾ ਕਤਿਉਰ, ਪਰਗਨਾ ਦਾਨਪੁਰ, ਤਹਿਸੀਲ ਅਲਮੋੜਾ, ਖਾਂਟ ਖਾਤਾ ਨੰ: ੧੩/੧੬੮ ਮੰਦਰ ਗੁਰੂ ਦੇਵਤਾ ਲਿਖਿਆ ਹੋਇਆ ਮਿਲਿਆ। ਚਿਤ ਨੂੰ ਬੜੀ ਪ੍ਰਸੰਨਤਾ ਹੋਈ । ਕਿੱਥੇ ਪੰਜਾਬ ਹੈ ਅਤੇ ਕਿੱਥੇ ਬਾਗੇਸ਼ਵਰ ਕਿ ਜਿਥੇ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਰਨ ਪਾ ਕੇ ਧਰਤੀ ਨੂੰ ਭਾਗ ਲਾਏ । ਅਸੀਂ ਉਨ੍ਹਾਂ ਸਾਰੇ ਪੰਜਾਬੀ ਸਰਧਾਲੂਆਂ ਦੀ ਮੀਟਿੰਗ ਕੀਤੀ ਅਤੇ ਉਨਾਂ ਦੀ ਇਕ ਗੁਰਦੁਆਰਾ ਕਮੇਟੀ ਬਣਾ ਦਿੱਤੀ ਜਿਸ ਦੇ ਪ੍ਰਧਾਨ ਸ੍ਰੀ ਭਗਵਾਨ ਦਾਸ ਜੀ ਕੱਕੜ ਪਰਵਾਨ ਹੋਏ।

ਉਨ੍ਹਾਂ ਸਾਰਿਆਂ ਨੇ ਭਰੋਸਾ ਦਿਵਾਇਆ ਕਿ ਜੇ ਕੋਈ ਜੀਵਨ ਵਾਲਾ ਗੁਰਸਿੱਖ ਗਰੰਥੀ ਭੇਜੋ ਤਾਂ ਪ੍ਰਸਾਦਿ ਪਾਣੀ ਦੀ ਸੇਵਾ ਅਸੀਂ ਕਰਾਂਗੇ, ਜੋ ਇਸ ਮਹਾਰਾਜ ਦੇ ਅਸਥਾਨ ਦੀ ਸੇਵਾ ਸੰਭਾਲ ਕਰੇ। ਹਰ ਇਕ ਸੰਗਰਾਂਦ ਨੂੰ ਇਸ ਅਸਥਾਨ ਤੇ ਸਥਾਨਕ ਲੋਕ ਪੂਜਾ ਭੇਟਾ ਚੜਾਉਂਦੇ ਹਨ ਅਤੇ ਕੜਾਹ ਪ੍ਰਸਾਦਿ ਦੀ ਦੇਗ ਦਾ ਭੋਗ ਲਵਾਉਦੇ ਹਨ। ਰਾਤ ਬਾਗੇਵਰ ਰਹਿ ਕੇ ਦੂਸਰੇ ਦਿਨ ਅਸੀਂ ਵਾਪਸ ਪਹੁੰਚੇ। ਫਿਰ ਮੁਹਾਫ਼ਜ ਖਾਨੇ ਵਿਚ ਗੁਰਦੁਆਰਾ ਸਾਹਿਬ ਦੇ ਕਾਗਜ਼ਾਤਾਂ ਦੀ ਭਾਲ ਸ਼ੁਰੂ ਕੀਤੀ। ਦਸ ਆਦਮੀ ਮਹਾਰਾਜ ਦੇ ਅਸਥਾਨ ਦੇ ਕਾਗਜ਼ਾਤਾਂ ਦੀ ਭਾਲ ਕਰਦੇ ਰਹੇ। ਪ੍ਰੰਤੂ ਕੋਈ ਕਾਗਜ ਨਾ ਮਿਲ ਪਾਏ।

ਫਿਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ। ਡੀ. ਐਮ. ਅਲਮੋੜਾ ਦੀ ਸਪੈਸ਼ਲ ਇਜਾਜ਼ਤ ਲੈ ਕੇ ਸੰਨ ੧੮੩੫ ਈ. ਦਾ ਪੁਰਾਣਾ ਰੀਕਾਰਡ ਜਿਸ ਵੇਲ ਕਢ ਕੇ ਤੱਕਿਆ ਤਾਂ ਪੜ੍ਹ ਕੇ ਹੈਰਾਨੀ ਤੇ ਖੁਸ਼ੀ ਦੀ ਹਦ ਨਾ ਰਹੀ ਕਿ ੬ ਜਗਾ ਪੁਰਾਣੀ ਫਰਦ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਲਿਖਿਆ ਹੋਇਆ ਮਿਲਿਆ।
ਮਾਹ ਜੂਨ ਸੰਨ ੧੮੩੫ ਈ. ਮਹਾਰਾਜਾ ਅਧੀਰਾਜ ਸ਼੍ਰੀ ਰਾਜਾ ਬਾਜ ਬਹਾਦਰ ਚੰਦ, ਕਤਿਊਰ ਨੇ ਭੂਮੀ ਚੜਾਈ । “ਬਾ ਮੁਜਰਾ ਹੁਕਮ ਅਧਿਕਾਰੀ ਨਾਨਕ ਵਾਲਾ ਜ਼ਮੀਨ ਸ਼ਾਮਲ ਖਾਲਸਾ ਮੰਡਲ ਸ਼ੇਰਾ ਕੇ ਹੂਆ।

ਫਿਰ ਦੂਸਰੀ ਜਗਾ ੮੦ ਨਾਲੀ ਜ਼ਮੀਨ ਸ਼ਾਮਲ ਨਾਨਕ ਜਨ ਉਦਾਸੀ’ ਲਿਖਿਆ ਹੋਇਆ ਮਿਲਿਆ।

ਫਿਰ ਤੀਸਰੀ ਜਗਾ ਇਸ ਤਰਾਂ ਲਿਖਿਆ ਹੋਇਆ ਮਿਲਿਆ

ਫਾਟ ਮਾਲ ਗੁਜਾਰ ਮੈਂ ਦਾਖਲ ਕੀਆ, ਜਾਰੀ ਕੀਆ ੫ ਮਈ ਸੰਨ ੧੯੪੭ ਦਸਤਖਤ ਅੰਬਾ ਦਤ ਡਿਪਟੀ ਕਲੈਕਟਰ, ਅਲਮੋੜਾ। ਪ੍ਰਧਾਨ ਚਾਰੀ ਜ਼ਮੀਨ ੬ ਵਿਸੀ ਹੰਸੋ ਮਾਲ ਗੁਜਾਰ ਮਾਫ਼ ਖਾਤਾ ਹੈ ਫਕਤ ਥੋਕਦਾਰੀ ਪਰਵਾਨਾ ਪੰਡੀਆਂਨ ਕੇ ਨਾਮ ਹੈ ਦਸਤੂਰ ਥੋਕਦਾਰੀ ਗਾਵਾਂ ਕੇ ਦੇਵਤਾਊ ਕੇ ਤੀਸਰੇ ਸਾਲ ਪੰਚਵਨੀ ਕਰਨੇ ਮੇ ਔਰ ਪੂਜਾ ਪਾਠ ਕਰਾਨੇ ਮੇ ਖ਼ਰਚ ਹੋਤਾ ਹੈ। ਸ੍ਰੀ ਬਾਘ ਨਾਥ ਜੀ ਕੇ ਮੰਦਰ ਮੇਂ ਪੂਜਾ ਪਾਠ ਔਰ ਭੋਗ ਲਗਾਨੇ ਮੇਂ ਸਾਲਿੰਦੇ ਦੋ ਰੁਪਿਆ ਫਕਤ ਖ਼ਰਚ ਹੋਤਾ ਹੈ। ਭੈਰੋਂ ਦੇਵਤਾ ਕੇ ਮੰਦਰ ਮੇਂ ਸਾਲਿੰਦੇ ਏਕ ਬਕਰਾ ਮਏ ਸਰੰਜਾਮ ਵਾ ਪੂਜਾ ਪਾਠ ਕਰਨੇ ਮੇ ਤੀਨ ਰੁਪਏ ਖਰਚ ਹੋਤਾ ਹੋ । ਵਾ ਤਰੈਜੁਗੀ ਨਰਾਇਨ ਕੇ ਮੰਦਰ ਮੇਂ ਸਾਲਿੰਦੇ ਭੋਗ ਲਗਾਨੇ ਮੇ ਵਾ ਪੂਜਾ ਪਾਠ ਕਰਨੇ ਮੇ ਏਕ ਰੁਪਿਆ ਖਰਚ ਹੋਤਾ ਹੈ । ‘ਵਾ ਗੁਰੂ ਨਾਨਕ ਦੇਵਤਾ ਕੇ ਪੂਜਾ ਪਾਠ ਸਾਲਿੰਦੇ ਵਾ ਝੰਡਾ ਚੜਾਨੇ ਮੇਂ ਤੀਨ ਰੁਪਏ ਤਕ ਖਰਚ ਹੋਤਾ ਹੈ’।

ਹੋਰ ਕਾਗਜਾਤ ਦੇਖਣ ਤੋਂ ਇਕ ਹੋਰ ਜਗਾ ਮਹਾਰਾਜ ਦੇ ਨਾਮ ਦੀ ਮੋਹਰ ਆਪ ਲਗੀ ਹੋਈ ਮਿਲੀ।
‘ਮੌਜਾ ਮੰਡਲ ਸੇਰਾ, ਪਟੀ ਦੁਗ ਜਿਲਾ ਅਲਮੋੜਾ। ਨਕਲ ਤਾਰੀਖ ਜੂਨ ਸੰਨ ੧੮੩੫ ਈ. ਤਫਸ਼ੀਲ ਸ੍ਰੀ ਗੁਰੂ ਨਾਨਕ ਜੀ ਕੀ ਪੈਮਾਇਸ਼ੀ ਮੁਠੇ ਮੇ ਕੈਫੀਅਤ ਹੇਠਾ ਪਹਾੜੀ ਬੋਲੀ ਵਿਚ ਮਹਾਰਾਜ ਜੀ ਨੂੰ ਅਰਪਨ ਕੀਤੀ ਹੋਈ ਜਮੀਨ ਦੇ ਨੰਬਰ ਹਨ। ਲਗ ਪਗ ੪੦੦ ਨਾਲੀ ਜ਼ਮੀਨ। (ਪਹਾੜੀ ਇਲਾਕੇ ਵਿਚ ੨੦ ਨਾਲੀ ਦਾ ਇਕ ਏਕੜ ਹੁੰਦਾ ਹੈ)

ਮਹਾਰਾਜ ਜੀ ਦੇ ਨਾਮ ਨਾਲ ਮਹਾਰਾਜਾ ਬਾਜ ਬਹਾਦਰ ਚੰਦ ਕਤਿਊਰ ਨੇ ਭੇਟ ਕੀਤੀ, ਅਜੇ ਤਕ ਭੀ ਬਾਗੇਸ਼ਵਰ ਵਿਚ ਬਾਜ਼ਾਰਾਂ ਦੇ ਨਾਮ ਕਤਿਊਰ ਬਾਜ਼ਾਰ ਨੰਬਰ ੧, ੨, ਮਹਾਰਾਜਾ ਦੇ ਨਾਮ ਨਾਲ ਪ੍ਰਸਿਧ ਹਨ।

ਇਸ ਤੋਂ ਅੱਗੇ ਮਹਾਰਾਜ ਜੀ ਕੈਲਾਸ਼ ਪਰਬਤ ਨੂੰ ਗਏ। ਹੁਣ ਵੀ ਇਹੋ ਹੀ ਪੁਰਾਨਾ ਰਸਤ ਹੈ ਜੋ ਕੈਲਾਸ਼ ਪ੍ਰਬਤ ਨੂੰ ਜਾਂਦਾ ਹੈ। ਪੁਜਾਰੀ ਆਪਣੀ ਸਾਰੀ ਜਮੀਨ ਤੇ ਮਕਾਨਾਸ਼ ਆਦਿ ਦਾ ਜਿਸ ਦੇ ਵਿਚਕਾਰ ਗੁਰਦੁਆਰਾ ਸਾਹਿਬ ਹੈ ੨੦-੨੫ ਹਜਾਰ ਦੇ ਕਰੀਬ ਰੁਪਿਆ ਮੰਗਦਾ ਹੈ। ੨੫ ਕੁ ਹਜ਼ਾਰ ਦੇ ਕਰੀਬ ਬਿਲਡਿੰਗ ਤੋਂ ਖਰਚ ਆਵੇਗਾ। ਖਾਸ ਅਲਮੜਾ ਸ਼ਹਿਰ ਵਿਚ ਵੀ ਮਹਾਰਾਜ ਜੀ ਦੇ ਚਰਨ ਪਏ ਹਨ। ਰੈਵੀਨਿਊ ਕਾਗਜਾਤਾਂ ਵਿਚੋਂ ਰੀਕਾਰਡ ਦੀ ਖੋਜ ਕੀਤੀ ਜਾ ਰਹੀ ਹੈ।

ਥੜ੍ਹਾ ਸਾਹਿਬ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ( ਝੰਡਾ ਸਾਹਿਬ), ਬਾਗੇਸ਼ਵਰ ਸੰਬੰਧੀ ਡਾ. ਪਰਮਵੀਰ ਸਿੰਘ ਦਾ ੨੦੨੩ ਵਿਚ ਖੋਜ ਭਰਪੂਰ ਲੇਖ

ਅਲਮੋੜਾ ਤੋਂ ਲਗ-ਪਗ 75 ਕਿਲੋਮੀਟਰ ਦੀ ਦੂਰੀ ’ਤੇ ਸਰਜੂ ਅਤੇ ਗੋਮਤੀ ਨਦੀ ਦੇ ਸੰਗਮ ਅਸਥਾਨ ਦੇ ਕੰਢੇ ’ਤੇ ਬਾਗੇਸ਼ਵਰ ਨਗਰ ਵਸਿਆ ਹੋਇਆ ਹੈ। ਇੱਥੇ ਸ਼ਿਵਜੀ ਦਾ ਇਕ ਪੁਰਤਾਨ ਮੰਦਰ ਬਹੁਤ ਪ੍ਰਸਿੱਧ ਹੈ ਜਿਸ ਨਾਲ ਇਕ ਪੌਰਾਣਿਕ ਕਥਾ ਜੁੜੀ ਹੋਈ ਹੈ ਜਿਸ ਵਿਚ ਦੱਸਿਆ ਜਾਂਦਾ ਹੈ ਕਿ ਮਾਰਕੰਡੇ ਰਿਸ਼ੀ ਨੇ ਇਸ ਅਸਥਾਨ ’ਤੇ ਸਰਜੂ ਨਦੀ ਵਿਚ ਬੈਠ ਕੇ ਕਠਿਨ ਤਪੱਸਿਆ ਕੀਤੀ ਸੀ। ਲੰਮੇ ਸਮੇਂ ਤੱਕ ਸਾਧਨਾ ਕਰਨ ਨਾਲ ਨਦੀ ਦਾ ਕੁਦਰਤੀ ਵਹਾਅ ਰੁਕਣਾ ਸ਼ੁਰੂ ਹੋ ਗਿਆ ਜਿਸ ਨੂੰ ਦੂਰ ਕਰਨ ਲਈ ਸ਼ਿਵਜੀ ਅਤੇ ਪਾਰਬਤੀ ਨੇ ਇਕ ਕੌਤਕ ਰਚਿਆ ਸੀ। ਪਾਰਬਤੀ ਗਾਂ ਦਾ ਰੂਪ ਧਾਰਨ ਕਰਕੇ ਨਦੀ ਦੇ ਕੰਢੇ ’ਤੇ ਆਈ ਤਾਂ ਸ਼ਿਵਜੀ ਨੇ ਸ਼ੇਰ ਦਾ ਰੂਪ ਧਾਰਨ ਕਰਕੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਨੂੰ ਛੁਡਾਉਣ ਲਈ ਮਾਰਕੰਡੇ ਰਿਸ਼ੀ ਨੇ ਆਪਣੀ ਸਮਾਧੀ ਤੋੜ ਦਿੱਤੀ ਅਤੇ ਨਦੀ ਦਾ ਪਾਣੀ ਆਪਣੇ ਕੁਦਰਤੀ ਵਹਾਅ ਅਨੁਸਾਰ ਵਹਿਣਾ ਸ਼ੁਰੂ ਹੋ ਗਿਆ ਸੀ। ਸ਼ਿਵਜੀ ਦੁਆਰਾ ਬਾਘ (ਸ਼ੇਰ) ਦਾ ਰੂਪ ਧਾਰਨ ਕਰਕੇ ਇਸ ਨਗਰ ਦਾ ਨਾਂ ਬਾਗੇਸ਼ਵਰ ਪ੍ਰਸਿੱਧ ਹੋ ਗਿਆ। ਇੱਥੇ ਹੀ ਸ਼ਿਵਜੀ ਦੀ ਯਾਦ ਵਿਚ ‘ਸ੍ਰੀ ਬਾਗਨਾਥ ਮੰਦਿਰ’ ਮੌਜੂਦ ਹੈ।

ਨਦੀ ਕੰਢੇ ਦਿਖਾਈ ਦਿੰਦੇ ਗੁਰਦੁਆਰਾ ਸਾਹਿਬ ‘ਤੇ ਪੰਛੀ ਛਾਤ

ਬਾਗੇਸ਼ਵਰ ਦੇ ਇਸ ਪ੍ਰਸਿੱਧ ਮੰਦਰ ਤੋਂ ਲਗ-ਪਗ 100 ਮੀਟਰ ਦੀ ਦੂਰੀ ’ਤੇ ‘ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ’ ਸਸ਼ੋਭਿਤ ਹੈ। ਪੁਰਾਣੇ ਬਜ਼ਾਰਾਂ ਵਿਚੋਂ ਹੁੰਦੇ ਹੋਏ ਜਦੋਂ ਮੰਦਰ ਕੋਲ ਖੜੇ ਹੋ ਕੇ ਸਰਜੂ ਨਦੀ ਤੋਂ ਆਉਣ ਵਾਲੇ ਵਹਾਅ ਵੱਲ ਨਜ਼ਰ ਮਾਰੀਏ ਤਾਂ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਨਜ਼ਰੀਂ ਪੈ ਜਾਂਦਾ ਹੈ। ਮੁੱਢਲੇ ਰੂਪ ਵਿਚ ਇਹ ਗੁਰਧਾਮ ਕਦੋਂ ਹੋਂਦ ਵਿਚ ਆਇਆ? ਜਾਂ ਦੇਸ਼-ਵੰਡ ਤੋਂ ਪਹਿਲਾਂ ਇਸ ਦਾ ਕੀ ਰੂਪ ਸੀ? ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਕਿਹਾ ਜਾਂਦਾ ਹੈ ਕਿ ਪੁਰਾਤਨ ਸਮੇਂ ਵਿਚ ਇਕ ਥੜ੍ਹੇ ਕੋਲ ਨਿਸ਼ਾਨ ਸਾਹਿਬ ਮੌਜੂਦ ਸੀ ਅਤੇ ਉੱਥੇ ਰਹਿਣ ਵਾਲੇ ਪੰਜਾਬੀ ਪਰਿਵਾਰ ਇਸਦੇ ਦਰਸ਼ਨ ਕਰਨ ਲਈ ਆਉਂਦੇ ਸਨ। ਉੱਥੋਂ ਦੇ ਲੋਕਾਂ ਨਾਲ ਵਿਚਾਰ ਕਰਨ ਤੋਂ ਪਤਾ ਲੱਗਦਾ ਹੈ ਕਿ ਕਿਸੇ ਸਮੇਂ ਇਹ ਇਕ ਅਬਾਦ ਅਸਥਾਨ ਸੀ ਅਤੇ ਮਹੰਤ ਇਸਦੀ ਸੇਵਾ-ਸੰਭਾਲ ਕਰਦੇ ਸਨ ਪਰ ਸਮੇਂ ਦੇ ਨਾਲ ਇਸ ਦੇ ਆਲੇ-ਦੁਆਲੇ ਸਥਾਨਕ ਲੋਕਾਂ ਵੱਲੋਂ ਕਬਜ਼ੇ ਹੋ ਗਏ ਸਨ ਪਰ ਫਿਰ ਵੀ ‘ਸ੍ਰੀ ਥੜ੍ਹਾ ਸਾਹਿਬ’ ਵਾਲਾ ਅਸਥਾਨ ਬਚਿਆ ਰਿਹਾ ਸੀ।

ਸ਼ੀਸ਼ਾ ਲੱਗਾ ਗੁੰਬਦ

ਇਸ ਅਸਥਾਨ ਸੰਬੰਧੀ ਸਭ ਤੋਂ ਮਹੱਤਵਪੂਰਨ ਜਾਣਕਾਰੀ ‘ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ’ ਦੇ ਸਾਬਕਾ ਮੈਨੇਜਰ ਗਿਆਨੀ ਹਰਚਰਨ ਸਿੰਘ ਰਾਹੀਂ ਸਾਹਮਣੇ ਆਉਂਦੀ ਹੈ। ਆਪਣੀ ਇਕ ਲਿਖਤ ਵਿਚ ਇਹ ਦੱਸਦੇ ਹਨ ਕਿ ਅਪ੍ਰੈਲ 1969 ਵਿਚ ਬਾਗੇਸ਼ਵਰ ਦੇ ਸ੍ਰੀ ਭਗਵਾਨ ਦਾਸ ਕੱਕੜ ਦੀ ਚਿੱਠੀ ਗੁਰਦੁਆਰਾ ਸ੍ਰੀ ਨਾਨਕਮਤਾ ਦੇ ਪ੍ਰਧਾਨ ਕਰਨਲ ਲਾਲ ਸਿੰਘ ਜੀ ਨੂੰ ਆਈ ਜਿਸ ਵਿਚ ਦੱਸਿਆ ਗਿਆ ਸੀ ਕਿ ਇਹ ਅਸਥਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੈ ਅਤੇ ਬਹੁਤ ਸਾਰੀ ਜਗੀਰ ਗੁਰ-ਅਸਥਾਨ ਦੇ ਨਾਂ ਸੀ ਪਰ ਹੁਣ ਕੇਵਲ ਇਕ ਥੜ੍ਹਾ ਸਾਹਿਬ ਬਚਿਆ ਹੈ ਜਿਸ ’ਤੇ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਆਪ ਇਸ ਅਸਥਾਨ ਦੀ ਸੇਵਾ-ਸੰਭਾਲ ਕਰਨ ਦੀ ਕਿਰਪਾ ਕਰੋ। ਪ੍ਰਧਾਨ ਸਾਹਿਬ ਨੇ ਉੱਥੇ ਜਾ ਕੇ ਸਮੁੱਚੀ ਜਾਣਕਾਰੀ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਤਾਂ ਸ੍ਰੀ ਵਿਸਾਖੀ ਰਾਮ ਅਤੇ ਸ. ਆਸਾ ਸਿੰਘ ਨਾਲ ਉੱਥੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ।

ਉਸ ਸਮੇਂ ਇਹ ਨਗਰ ਅਲਮੋੜਾ ਜ਼ਿਲੇ ਵਿਚ ਪੈਂਦਾ ਸੀ ਅਤੇ ਉੱਥੋਂ ਦੇ ਮਾਲ ਵਿਭਾਗ ਵਿਚੋਂ ਇਸ ਗੁਰਧਾਮ ਦੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਵਾਲੇ ਕਾਗਜ਼ ਨਜ਼ਰੀਂ ਪਏ ਜਿਹੜੇ ਉੱਥੋਂ ਦੇ ਰਾਜੇ ਬਾਜ਼ ਬਹਾਦਰ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਨਾਂ ਜ਼ਮੀਨ ਭੇਟ ਕਰਨ ਦੀ ਸ਼ਾਹਦੀ ਭਰਦੇ ਸਨ। ਸਰਕਾਰੀ ਰਿਕਾਰਡ ਵਿਚ ਇਹ ਜਾਣਕਾਰੀ ਦਰਜ ਕੀਤੀ ਮਿਲਦੀ ਹੈ :

“1835 ਈਸਵੀ ਮਹਾਰਾਜ ਅਧੀਰਾਜ ਬਾਜ਼ ਬਹਾਦੁਰ ਚੰਦ ਕਤਯੂਰ ਭੂਮੀ ਚੜਾਈ। ਬਾਮੂਜਬ ਹੁਕਮ ਅਧਿਕਾਰੀ ਗੁਰੂ ਨਾਨਕ ਬਾਲਾ ਜ਼ਮੀਨ ਸ਼ਾਮਲ ਖਾਲਸਾ ਮੰਡਲ ਸ਼ੇਰਾ ਕੇ ਹੂਆ।”

ਇਸਦੇ ਨਾਲ ਹੀ ਗੁਰਦੁਆਰਾ ਸਾਹਿਬ ਨੂੰ 400 ਨਾਲੀ ਜ਼ਮੀਨ ਭੇਟ ਕਰਨ ਦਾ ਵੇਰਵਾ ਵੀ ਮਿਲਦਾ ਹੈ। 20 ਨਾਲੀ ਦਾ ਇਕ ਏਕੜ ਮੰਨਿਆ ਜਾਂਦਾ ਹੈ, ਇਸ ਹਿਸਾਬ ਨਾਲ 20 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਲਗਾਈ ਗਈ ਸੀ। ਉਸ ਇਲਾਕੇ ਵਿਚ ਰਾਜਿਆਂ ਮਹਾਰਾਜਿਆਂ ਦੁਆਰਾ ਧਰਮ ਅਰਥ ਦਾਨ ਕੀਤੀ ਜਾਣ ਵਾਲੀ ਜ਼ਮੀਨ ਨੂੰ ‘ਗੂੰਠ’ ਕਿਹਾ ਜਾਂਦਾ ਹੈ। ਗਿਆਨੀ ਜੀ ਦੱਸਦੇ ਹਨ ਮਹਾਰਾਜਾ ਬਾਜ਼ ਬਹਾਦਰ ਚੰਦ ਕਤਿਊਰ ਨੇ ਇਹ ਜ਼ਮੀਨ ਗੁਰੂ ਸਾਹਿਬ ਦੇ ਨਾਂ ਭੇਟ ਕੀਤੀ ਸੀ।

ਮਾਲ ਵਿਭਾਗ ਦੇ ਕਾਗਜ਼ਾਂ ਵਿਚ ਦਰਜ ਇਸ ਜ਼ਮੀਨ ’ਤੇ ਹੁਣ ਕਬਜ਼ੇ ਹੋ ਗਏ ਹਨ ਜਿਸ ਵਿਚ ਇਸ ਅਸਥਾਨ ਦੇ ਪੁਜਾਰੀਆਂ ਦਾ ਬਹੁਤ ਕਸੂਰ ਦੱਸਿਆ ਜਾਂਦਾ ਹੈ ਜਿਨ੍ਹਾਂ ਨੇ ‘ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ’ ਅਤੇ ਨਿਸ਼ਾਨ ਸਾਹਿਬ ਨੂੰ ਛੱਡ ਕੇ ਹੌਲੀ-ਹੌਲੀ ਸਾਰੀ ਜ਼ਮੀਨ ਬਾਹਰਲੇ ਲੋਕਾਂ ਨੂੰ ਵੇਚ ਦਿੱਤੀ ਸੀ। ਜਦੋਂ ਗਿਆਨੀ ਹਰਚਰਨ ਸਿੰਘ ਉੱਥੇ ਗਏ ਸਨ ਤਾਂ ਸ਼ੰਕਰ ਲਾਲ ਪੁਜਾਰੀ ਉਸ ਅਸਥਾਨ ਦੀ ਸੇਵਾ-ਸੰਭਾਲ ਕਰਦਾ ਸੀ ਅਤੇ ਆਪਣਾ ਗੁਜਾਰਾ ਕਰਨ ਲਈ ਉਸ ਨੇ ਇਕ ਛੋਟਾ ਜਿਹਾ ਹੋਟਲ ਖੋਲ ਰੱਖਿਆ ਸੀ। ਗੁਰਦੁਆਰਾ ਨਾਨਕਮਤਾ ਦੀ ਕਮੇਟੀ ਨੇ ਇੱਥੋਂ ਦੇ ਇਕ ਪ੍ਰਚਾਰਕ ਗਿਆਨੀ ਪ੍ਰੀਤਮ ਸਿੰਘ ਜਬੋਵਾਲ ਨੂੰ ਬਾਗੇਸ਼ਵਰ ਭੇਜਿਆ ਸੀ ਜਿਸ ਨੇ ਉੱਥੋਂ ਦੇ ਪੰਜਾਬੀ ਪਰਿਵਾਰਾਂ ਨਾਲ ਮਿਲ ਕੇ ਇਸ ਗੁਰਧਾਮ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਯਤਨ ਅਰੰਭ ਕਰ ਦਿੱਤੇ ਸਨ। ਛੇਤੀ ਹੀ ਥੜ੍ਹਾ ਸਾਹਿਬ ਦੇ ਨਾਲ ਦੋ ਕਮਰੇ ਲੈ ਕੇ ਇਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਅਤੇ ਦੂਜਾ ਗ੍ਰੰਥੀ ਸਿੰਘ ਦੀ ਰਿਹਾਇਸ਼ ਲਈ ਵਰਤਿਆ ਜਾਣ ਲੱਗਿਆ ਸੀ।

1975 ਵਿਚ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਘਰਾਂ ਦੇ ਲਗ-ਪਗ ਸਮੂਹ ਕਮਰਿਆਂ ਦਾ ਕਬਜ਼ਾ ਛੁਡਾ ਕੇ ਪ੍ਰਬੰਧ ਵਿਚ ਸੁਧਾਰ ਲਿਆਉਣ ਦਾ ਯਤਨ ਕੀਤਾ ਗਿਆ। ਇਸ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਵਿਚ ਬਾਗੇਸ਼ਵਰ ਦੇ ਪੰਜਾਬੀ ਪਰਿਵਾਰਾਂ ਦਾ ਵਿਸ਼ੇਸ਼ ਯੋਗਦਾਨ ਸੀ। ਇਸ ਲਈ ਜਦੋਂ ਪ੍ਰਬੰਧ ਨੂੰ ਪੱਕੇ ਪੈਰੀਂ ਕਰਨ ਲਈ ਇਕ ਸਥਾਨਕ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਸ੍ਰੀ ਭਗਵਾਨ ਦਾਸ ਕੱਕੜ ਨੂੰ ਪ੍ਰਧਾਨ ਅਤੇ ਸ. ਜੁਗਿੰਦਰ ਸਿੰਘ ਨੂੰ ਸੈਕਟਰੀ ਬਣਾਇਆ ਗਿਆ। ਬੈਂਕ ਵਿਚ ਗੁਰਦੁਆਰਾ ਸਾਹਿਬ ਦੇ ਨਾਂ ਖਾਤਾ ਖੋਲਿਆ ਗਿਆ ਜਿਸ ਵਿਚ ਦਾਨੀ ਸੱਜਣਾਂ ਦੁਆਰਾ ਦਿੱਤੀ ਗਈ ਮਾਇਆ ਨਾਲ ਗੁਰਦੁਆਰਾ ਸਾਹਿਬ ਦੀ ਜ਼ਮੀਨ ’ਤੇ ਕਾਬਜ਼ ਲੋਕਾਂ ਨੂੰ ਹਟਾਇਆ ਗਿਆ ਅਤੇ ਪ੍ਰਬੰਧ ਵਿਚ ਨਿਰੰਤਰ ਸੁਧਾਰ ਹੋਣ ਲੱਗਿਆ।

ਗੁਰਦੁਆਰਾ ਸਾਹਿਬ ਦਾ ਮੁਖ ਦੁਆਰ

ਉੱਤਰਾਖੰਡ ਦੀ ਯਾਤਰਾ ਕਰਦੇ ਹੋਏ 4 ਮਈ 2023 ਨੂੰ ਜਦੋਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜੇ ਤਾਂ ਸ੍ਰੀ ਕ੍ਰਿਸ਼ਨ ਕੁਮਾਰ ਸੋਨੀ ਨਾਲ ਮੁਲਾਕਾਤ ਹੋਈ। ਇਹਨਾਂ ਨੂੰ ਸੋਨੀ ਪ੍ਰਧਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਮੌਜੂਦਾ ਸਮੇਂ ਵਿਚ ਇਹੀ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਵਿਚ ਵਿਸ਼ੇਸ਼ ਰੁਚੀ ਲੈ ਰਹੇ ਹਨ। ਇਹ ਸ੍ਰੀ ਪਰਸ਼ੂ ਰਾਮ ਸੋਨੀ ਦੇ ਸਪੁੱਤਰ ਹਨ ਜਿਹੜੇ ਕਿ ਦੇਸ਼-ਵੰਡ ਉਪਰੰਤ ਪਾਕਿਸਤਾਨ ਤੋਂ ਇੱਥੇ ਆ ਕੇ ਵੱਸ ਗਏ ਸਨ। ਇਹਨਾਂ ਦੇ ਨਾਲ ਹੀ ਕੁੱਝ ਹੋਰ ਪੰਜਾਬੀ ਸਹਿਜਧਾਰੀ ਪਰਿਵਾਰ ਵੀ ਇੱਥੇ ਆ ਕੇ ਵੱਸ ਗਏ ਸਨ। ਇਹਨਾਂ ਨੇ ਦੱਸਿਆ ਕਿ ਇੱਥੇ ਮੌਜੂਦ ਪੰਜਾਬੀ ਸਹਿਜਧਾਰੀ ਪਰਿਵਾਰਾਂ ਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਤਾਂ ਅਰੰਭ ਕਰ ਦਿੱਤੀ ਪਰ ਇਹ ਜਗ੍ਹਾ ਬਹੁਤ ਥੋੜ੍ਹੀ ਸੀ। ਪਿਤਾ ਜੀ ਅਤੇ ਕੁੱਝ ਹੋਰ ਪੰਜਾਬੀ ਸਹਿਜਧਾਰੀ ਪਰਿਵਾਰਾਂ ਨੇ ਰਲ ਕੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਜ਼ਮੀਨ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਪੱਥਰਾਂ ਵਾਲੇ ਇਕ ਛੋਟੇ ਜਿਹੇ ਦੋ ਮੰਜ਼ਲਾ ਗੁਰਦੁਆਰਾ ਸਾਹਿਬ ਦੀ ਉਸਾਰੀ ਕਰ ਲਈ ਸੀ।

1984 ਦੇ ਘਟਨਾਕ੍ਰਮ ਦੌਰਾਨ ਇਹਨਾਂ ਦੀ ਉਮਰ ਲਗ-ਪਗ 16 ਸਾਲ ਦੀ ਸੀ ਉਸ ਸਮੇਂ ਇਸ ਗੁਰਦੁਆਰਾ ਸਾਹਿਬ ਦਾ ਭਾਰੀ ਨੁਕਸਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਗੁਰਦੁਆਰਾ ਸਾਹਿਬ ਨਾਲ ਲਗਾਉ ਸੀ ਅਤੇ ਇਸ ਦੀ ਪੁਨਰ-ਉਸਾਰੀ ਅਤੇ ਮਾਣ-ਮਰਿਆਦਾ ਬਹਾਲ ਕਰਨ ਦੀ ਮਨ ਵਿਚ ਬਹੁਤ ਇੱਛਾ ਸੀ। ਉਸ ਸਮੇਂ ਇਹ ਕਾਸ਼ੀਪੁਰ ਵਿਚ ਪੜ੍ਹ ਰਹੇ ਸਨ ਅਤੇ ਗੁਰਦੁਆਰਾ ਨਾਨਕਮਤਾ ਦਰਸ਼ਨ ਕਰਨ ਲਈ ਗਏ ਤਾਂ ਉੱਥੇ ਬਾਬਾ ਫ਼ੌਜਾ ਸਿੰਘ ਕਾਰ ਸੇਵਾ ਵਾਲਿਆਂ ਨਾਲ ਮੁਲਾਕਾਤ ਹੋਈ। ਉਹਨਾਂ ਨੇ ਪੁੱਛਿਆ ਕਿਥੋਂ ਆਏ ਹੋ ਤਾਂ ਦੱਸਿਆ ਕਿ ਬਾਗੇਸ਼ਵਰ ਦਾ ਰਹਿਣ ਵਾਲਾ ਹਾਂ। ਉਹਨਾਂ ਨੂੰ 1984 ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਬਾਗੇਸ਼ਵਰ ਦੇ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਦੀ ਪੁਨਰ-ਉਸਾਰੀ ਲਈ ਯਤਨਸ਼ੀਲ ਹੋ ਗਏ। ਇਹਨਾਂ ਦੇ ਸਮੇਂ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਹੋਈ ਸੀ ਅਤੇ ਇਹਨਾਂ ਤੋਂ ਬਾਅਦ ਬਾਬਾ ਤਰਸੇਮ ਸਿੰਘ ਜੀ ਇਸ ਅਸਥਾਨ ਦੀ ਸੇਵਾ-ਸੰਭਾਲ ਕਰ ਰਹੇ ਹਨ। ਲੰਗਰ ਦੀ ਇਮਾਰਤ ਅਤੇ ਰਿਹਾਇਸ਼ ਲਈ ਕਮਰਿਆਂ ਦੀ ਉਸਾਰੀ ਵਿਚ ਇਹਨਾਂ ਦਾ ਹੀ ਵਿਸ਼ੇਸ਼ ਯੋਗਦਾਨ ਹੈ।

ਸੋਨੀ ਪ੍ਰਧਾਨ ਨੇ ਦੱਸਿਆ ਕਿ ਇਹ ਰਸਤਾ ਕੈਲਾਸ਼ ਪਰਬਤ ਵੱਲ ਜਾਂਦਾ ਹੈ ਅਤੇ 1984 ਤੋਂ ਪਹਿਲਾਂ ਹੇਮਕੁੰਟ ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਵਾਪਸੀ ਸਮੇਂ ਕਰਨ-ਪ੍ਰਯਾਗ, ਥਰੈਲੀ, ਗੁਆਲਦਮ, ਬੈਜਨਾਥ ਆਦਿ ਨਗਰਾਂ ਵਿਚੋਂ ਹੁੰਦੇ ਹੋਈ ਬਾਗੇਸ਼ਵਰ ਵਿਖੇ ਗੁਰੂ ਜੀ ਦੇ ਇਸ ਅਸਥਾਨ ’ਤੇ ਦਰਸ਼ਨ ਕਰਨ ਲਈ ਆਉਂਦੀ ਸੀ ਅਤੇ ਇੱਥੋਂ ਅੱਗੇ ਰੀਠਾ ਸਾਹਿਬ ਅਤੇ ਨਾਨਕਮਤਾ ਦੇ ਦਰਸ਼ਨ ਕਰਨ ਲਈ ਚਲੀ ਜਾਂਦੀ ਸੀ।

ਮੌਜੂਦਾ ਸਮੇਂ ਵਿਚ ਲਗ-ਪਗ 3500 ਸੁਕੇਅਰ ਫੁੱਟ ਜ਼ਮੀਨ ’ਤੇ ਦਰਬਾਰ ਹਾਲ, ਲੰਗਰ ਹਾਲ ਅਤੇ ਰਿਹਾਇਸ਼ ਲਈ ਕਮਰੇ ਆਦਿ ਬਣੇ ਹੋਏ ਹਨ। ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਵਿਚ ਭਾਵੇਂ ਕਿ ਰੀਠਾ ਸਾਹਿਬ ਵਿਖੇ ਕਾਰ ਸੇਵਾ ਕਰ ਰਹੇ ਬਾਬਾ ਤਰਸੇਮ ਸਿੰਘ ਅਤੇ ਬਾਬਾ ਸ਼ਾਮ ਸਿੰਘ ਦਾ ਵਡਮੁੱਲਾ ਯੋਗਦਾਨ ਹੈ ਪਰ ਇਸ ਨੂੰ ਹੋਰ ਵਧੇਰੇ ਸੁਚੱਜੇ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਇਹਨਾਂ ਨੇ ਇਕ ਪਿੱਪਲ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਿਹੜਾ ਕਿ ਗੁਰਦੁਆਰਾ ਸਾਹਿਬ ਤੋਂ ਲਗ-ਪਗ 2 ਕਿਲੋਮੀਟਰ ਦੂਰ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਇਸ ਪਿੱਪਲ ਹੇਠਾਂ ਆ ਕੇ ਬਿਰਾਜਮਾਨ ਹੋਏ ਸਨ। ਇਹ ਪਿੱਪਲ ਸੁਕਾ ਹੋਇਆ ਸੀ ਅਤੇ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਨਾਲ ਇਹ ਹਰਾ ਹੋ ਗਿਆ ਸੀ। ਇਸ ਪਿੱਪਲ ਦੀ ਇਲਾਕੇ ਦੇ ਲੋਕਾਂ ਵਿਚ ਬਹੁਤ ਮਾਨਤਾ ਹੈ। ਜਦੋਂ ਇਸ ਪਿੱਪਲ ਨੂੰ ਦੇਖਣ ਗਏ ਤਾਂ ਪਤਾ ਲੱਗਿਆ ਕਿ ਸਥਾਨਕ ਲੋਕਾਂ ਨੇ ਆਪਣੇ ਵਿਸ਼ਵਾਸ ਅਨੁਸਾਰ ਇਸ ਦੇ ਆਲੇ ਦੁਆਲੇ ਛੋਟੀਆਂ-ਛੋਟੀਆਂ ਮੂਰਤੀਆਂ ਰੱਖ ਲਈਆਂ ਹਨ। ਅਖ਼ੀਰ ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਬਹੁਤ ਸਾਰੇ ਕਾਰਜ ਕਰਨੇ ਬਾਕੀ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਮਾਇਆ ਦੀ ਲੋੜ ਪੈਂਦੀ ਹੈ। ਥੋੜ੍ਹੇ ਬਹੁਤ ਕਾਰਜ ਤਾਂ ਆਪ ਹੀ ਕਰ ਲਏ ਜਾਂਦੇ ਹਨ ਪਰ ਵੱਡੇ ਕਾਰਜ ਕਰਨ ਲਈ ਕੁੱਝ ਔਖ ਹੋ ਜਾਂਦੀ ਹੈ। ਜੇਕਰ ਸਿੱਖ ਸੰਗਤ ਦੁਬਾਰਾ ਇਸ ਇਲਾਕੇ ਵਿਚ ਆਉਣੀ ਸ਼ੁਰੂ ਹੋ ਜਾਵੇ ਤਾਂ 1984 ਤੋਂ ਪਹਿਲਾਂ ਵਾਲੀ ਰੌਣਕ ਵਾਪਸ ਪਰਤ ਸਕਦੀ ਹੈ।

In the Picture
Dr Paramvir Singh
A Sikh Woman from Punjab residing there, Specilly came to meet us in the Gurdwara;
Pandit Kishan Rawal Thakur (in red Shirt), Head Priest Bageshwar Temple;
Sh. Krishan Kumar Soni (Blue Jacket),
Dr. Kulwinder Singh, Dehradun
Head Granthi, Gurdwara Sahib

Photos