ਗੁਰਦੁਆਰਾ ਸਾਹਿਬ ਪੀਪਲੀ, ਪੌੜੀ ਉਤਰਾਖੰਡ.     Gurudwara Sahib Pipli, Pauri, Uttarakhand

ਗੁਰਦੁਆਰਾ ਸਾਹਿਬ ਪੀਪਲੀ, ਪੌੜੀ ਉਤਰਾਖੰਡ. Gurudwara Sahib Pipli, Pauri, Uttarakhand

Average Reviews

Description

ਤਾਂਬੇ ਦੇ ਨਿਸ਼ਾਨ ਸਾਹਿਬ ਵਾਲਾ ਗੁਰਦੁਆਰਾ

ਗੁਰਦੁਆਰਾ ਸਾਹਿਬ ਦਾ ਬਾਹਰੀ ਦ੍ਰਿਸ਼

ਨਿਸ਼ਾਨ ਸਾਹਿਬ ਹਰ ਇਕ ਗੁਰਦੁਆਰਾ ਸਾਹਿਬਾਨ ਦਾ ਮਹੱਤਵਪੂਰਨ ਅੰਗ ਹੈ ਅਤੇ ਇਸ ਨੂੰ ਸਿੱਖ ਪਛਾਣ ਦੇ ਵਿਸ਼ੇਸ਼ ਚਿੰਨ੍ਹ ਅਤੇ ਗੌਰਵਤਾ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਸੱਚਾਈ, ਨਿਆਂ, ਸੁਤੰਤਰਤਾ ਅਤੇ ਚੜ੍ਹਦੀਕਲਾ ਦੀ ਭਾਵਨਾ ਪ੍ਰਗਟ ਕਰਨ ਵਾਲਾ ਨਿਸ਼ਾਨ ਸਾਹਿਬ ਦੂਰ-ਦੁਰਾਡਿਉਂ ਹੀ ਨਜ਼ਰ ਆ ਜਾਂਦਾ ਹੈ ਅਤੇ ਜਦੋਂ ਸੰਗਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਆਉਂਦੀ ਹੈ ਤਾਂ ਇਸ ਨੂੰ ਨਤਮਸਤਕ ਹੋਣ ਵਿਚ ਵੀ ਮਾਣ ਮਹਿਸੂਸ ਕਰਦੀ ਹੈ। ਇਹ ਨਿਸ਼ਾਨ ਸਾਹਿਬ ਜਿਸ ਖੰਭੇ ’ਤੇ ਝੁਲਾਇਆ ਜਾਂਦਾ ਹੈ ਉਹ ਅਕਸਰ ਲੋਹੇ ਦਾ ਹੁੰਦਾ ਹੈ ਪਰ ਇਸ ਤੋਂ ਪਹਿਲਾਂ ਲੱਕੜ ਜਾਂ ਬਾਂਸ ਦੇ ਖੰਭੇ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸੇ ਤਰ੍ਹਾਂ ਇਕ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿਹੜਾ ਕਿ ਤਾਂਬੇ ਦੇ ਖੰਭੇ ’ਤੇ ਝੁਲਾਇਆ ਹੋਇਆ ਸੀ। ਇਹ ਵੱਖਰੀ ਤਰ੍ਹਾਂ ਦਾ ਨਿਸ਼ਾਨ ਸਾਹਿਬ ਤਾਰਾਂ ਆਦਿ ਨਾਲ ਬੰਨਿਆ ਹੋਇਆ ਨਹੀਂ ਹੈ ਅਤੇ ਬਿਨਾਂ ਕਿਸੇ ਸਹਾਰੇ ਦੇ ਸਿੱਧਾ ਇਕ ਮਜ਼ਬੂਤ ਪੱਥਰ ਵਿਚ ਰੱਖਿਆ ਹੋਇਆ ਹੈ। ਲਗ-ਪਗ 20-25 ਫੁੱਟ ਉੱਚੇ ਨਿਸ਼ਾਨ ਸਾਹਿਬ ਦਾ ਚੋਲਾ ਦੁਸਹਿਰੇ ਵਾਲੇ ਦਿਨ ਬਦਲਿਆ ਜਾਂਦਾ ਹੈ। ਇਹ ਪੁਰਾਤਨ ਨਿਸ਼ਾਨ ਸਾਹਿਬ ਉੱਤਰਾਖੰਡ ਦੇ ਪੀਪਲੀ ਪਿੰਡ ਵਿਖੇ ਮੌਜੂਦ ਹੈ।

ਨਿਸ਼ਾਨ ਸਾਹਿਬ ਦੀ ਸੇਵਾ ਕਰਦੀ ਮੁਕਾਮੀ ਸੰਗਤ

ਇਸ ਗੁਰਦੁਆਰਾ ਸਾਹਿਬ ਵਿਖੇ ਗੁਰਮੁਖੀ ਭਾਸ਼ਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਪੁਰਾਤਨ ਸਰੂਪ ਵੀ ਮੌਜੂਦ ਸੀ ਜਿਹੜਾ ਕਿ ਕੁੱਝ ਸਾਲ ਪਹਿਲਾਂ ਇੱਥੋਂ ਕੋਈ ਲੈ ਗਿਆ ਸੀ ਅਤੇ ਹੁਣ ਇੱਥੇ ਦੋ ਸੈਂਚੀਆਂ ਵਾਲਾ ਹਿੰਦੀ ਭਾਸ਼ਾ ਵਿਚ ਛਪਿਆ ਹੋਇਆ ਸਰੂਪ ਮੌਜੂਦ ਹੈ ਜਿਸ ਤੋਂ ਪਿੰਡ ਦੇ ਵਸਨੀਕ ਪਾਠ ਕਰਦੇ ਹਨ। ਇਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਵਿਖੇ ਪੁਰਾਤਨ ਖੜਾਵਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਨ।

ਇਹ ਪਿੰਡ ਉੱਤਰਾਖੰਡ ਦੇ ਪੌੜੀ ਜ਼ਿਲੇ ਵਿਚ ਸਥਿਤ ਹੈ। ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੀ ਸੰਗਤ ਸ੍ਰੀ ਨਗਰ ਤੋਂ ਪੌੜੀ, ਪਾਬੋ, ਕਿਰਖੂ ਆਦਿ ਨਗਰਾਂ ਵਿਚੋਂ ਹੁੰਦੀ ਹੋਈ 75-80 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਸ ਪਿੰਡ ਵਿਖੇ ਪੁੱਜਦੀ ਹੈ। ਕੋਟਦੁਆਰ ਤੋਂ ਸ੍ਰੀ ਨਗਰ ਜਾਂ ਕਰਣਪ੍ਰਯਾਗ ਦੇ ਰਸਤੇ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੀ ਸੰਗਤ ਦੇ ਰਸਤੇ ਵਿਚ ਵੀ ਇਹ ਪਿੰਡ ਆਉਂਦਾ ਹੈ। ਇਸ ਪਿੰਡ ਵਿਖੇ ਮੌਜੂਦ ਇਹ ਪੁਰਾਤਨ ਗੁਰਧਾਮ ਸੰਗਤ ਲਈ ਦਰਸ਼ਨ ਦੀ ਖਿੱਚ ਪੈਦਾ ਕਰਦਾ ਹੈ।

ਗੁਰਦੁਆਰਾ ਸਾਹਿਬ ਦੀ ਡੇਢ ਦਹਾਕਾ ਪਹਿਲਾਂ ਦੀ ਫੋਟੋ

ਇਹ ਗੁਰਧਾਮ ਇੱਥੇ ਕਦੋਂ ਸਥਾਪਿਤ ਹੋਇਆ ਜਾਂ ਇਹ ਗੁਰਧਾਮ ਕਿਸ ਨੇ ਇਸ ਪਿੰਡ ਵਿਖੇ ਸਥਾਪਿਤ ਕੀਤਾ ਇਸ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਪਰ ਇੱਥੇ ਮੌਜੂਦ ਪੁਰਾਤਨ ਨਿਸ਼ਾਨੀਆਂ ਦੱਸਦੀਆਂ ਹਨ ਕਿ ਇਹ ਬਹੁਤ ਹੀ ਪੁਰਾਤਨ ਗੁਰਧਾਮ ਹੈ ਜਿਹੜਾ ਕਿ ਲੰਮਾ ਸਮਾਂ ਪਹਿਲਾਂ ਸਥਾਪਿਤ ਕੀਤਾ ਗਿਆ ਸੀ।

ਚਾਂਦਕੋਟ ਪਰਗਣੇ ਦੀ ਮਵਾਲਸਯੂੰ ਪੱਟੀ ਦੇ ਉੱਤਰ-ਪੂਰਬ ਵਿਖੇ ਸਥਿਤ ਪੀਪਲੀ ਪਿੰਡ ਦੀ ਪਰੰਪਰਾ ਦੱਸਦੀ ਹੈ ਕਿ ਇਸ ਨੂੰ ‘ਸਿੰਘਾਂ ਵਾਲੀ ਪੀਪਲੀ’ ਕਿਹਾ ਜਾਂਦਾ ਸੀ। ਭਾਵੇਂ ਕਿ ਇਸ ਪਿੰਡ ਦੇ ਇਸ ਨਾਂ ਬਾਰੇ ਕੁੱਝ ਪੱਕੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਪਿੰਡ ਦੇ ਵਸਨੀਕਾਂ ਦਾ ਸੰਬੰਧ ਸਿੱਖਾਂ ਨਾਲ ਰਿਹਾ ਹੈ। ਪਿੰਡ ਦੀ ਪਰੰਪਰਾ ਦੱਸਦੀ ਹੈ ਕਿ ਇਹ ਪਿੰਡ ਸਿੱਖਾਂ ਨੇ ਵਸਾਇਆ ਸੀ ਜਿਸ ਕਰਕੇ ਇਸ ਨੂੰ ਸਿੰਘਾਂ ਵਾਲੀ ਪੀਪਲੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜਯਗਾਂਵ, ਹਲੂਣੀ ਆਦਿ ਪਿੰਡਾਂ ਵਿਚ ਅਜਿਹੇ ਪਰਿਵਾਰ ਮੌਜੂਦ ਹਨ ਜਿੱਥੇ ਸਿੱਖ ਪਰੰਪਰਾਵਾਂ ਦੇਖਣ ਨੂੰ ਮਿਲ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਪੀਪਲੀ ਤੋਂ ਹੀ ਕੁੱਝ ਸਿੱਖ ਪਰਿਵਾਰ ਨੇੜਲੇ ਪਿੰਡਾਂ ਵਿਚ ਵੱਸ ਗਏ ਸਨ।

ਲੇਖਕ ਪ੍ਰੋ ਪਰਮਵੀਰ ਸਿੰਘ ਸਾਥੀਆਂ ਨਾਲ ਗੁਰਦੁਆਰਾ ਦੀ ਪਰਿਕਰਮਾ ਕਰਦਿਆਂ

ਸਿੱਖ ਇਸ ਇਲਾਕੇ ਵਿਚ ਕਿਵੇਂ ਆ ਕੇ ਵੱਸੇ? ਇਹ ਇਕ ਖੋਜ-ਭਰਪੂਰ ਵਿਸ਼ਾ ਹੈ। ਇਸ ਸੰਬੰਧੀ ਦੋ ਵਿਚਾਰ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਵਿਚ ਕਿਹਾ ਜਾਂਦਾ ਹੈ ਕਿ ਰਾਮ ਰਾਏ ਡੇਰੇ ਨਾਲ ਜੁੜੇ ਹੋਏ ਸਿੱਖ ਇਸ ਇਲਾਕੇ ਵਿਚ ਆ ਕੇ ਵੱਸ ਗਏ ਸਨ ਅਤੇ ਦੂਜਾ ਜਦੋਂ ਅਠਾਰ੍ਹਵੀਂ ਸਦੀ ਵਿਚ ਸਿੱਖ ਉੱਤਰੀ ਭਾਰਤ ਵਿਚ ਆਪਣੀ ਸ਼ਕਤੀ ਸਥਾਪਿਤ ਕਰਨ ਵਿਚ ਸਫ਼ਲ ਹੋ ਗਏ ਸਨ ਅਤੇ 1783 ਵਿਚ ਉਹਨਾਂ ਨੇ ਦਿੱਲੀ ਨੂੰ ਜਿੱਤ ਲਿਆ ਸੀ ਤਾਂ ਸਿੱਖਾਂ ਦੇ ਬਹੁਤ ਸਾਰੇ ਜੱਥੇ ਪੂਰੇ ਉੱਤਰੀ ਭਾਰਤ ਵਿਚ ਫੈਲ ਗਏ ਸਨ। ਜਿਸ ਵੀ ਇਲਾਕੇ ਵਿਚ ਜਾਂਦੇ ਸਨ, ਸਥਾਨਿਕ ਸਰਦਾਰ, ਚੌਧਰੀ ਜਾਂ ਰਾਜੇ ਉਹਨਾਂ ਨੂੰ ਨਜ਼ਰਾਨੇ ਭੇਟ ਕਰਿਆ ਕਰਦੇ ਸਨ। ਇਸ ਸਮੇਂ ਦੌਰਾਨ ਹੀ ਕੁੱਝ ਸਿੱਖ ਇੱਥੇ ਆ ਕੇ ਵੱਸ ਗਏ ਦੱਸੇ ਜਾਂਦੇ ਸਨ।

ਮੌਜੂਦਾ ਸਮੇਂ ਵਿਚ ਗੜਵਾਲ ਦੇ ਇਲਾਕੇ ਵਿਚ ਸਿੱਖਾਂ ਦੀ ਅਬਾਦੀ ਬਹੁਤ ਘੱਟ ਹੈ ਅਤੇ ਜਿਹੜੇ ਉੱਥੇ ਨਿਵਾਸ ਕਰਦੇ ਹਨ ਉਹਨਾਂ ਵਿਚੋਂ ਬਹੁਤਿਆਂ ਨੇ ਆਪਣੀ ਸਿੱਖ ਪਛਾਣ ਨੂੰ ਖ਼ਤਮ ਕਰ ਦਿੱਤਾ ਹੈ। ਰਾਹੁਲ ਸੰਕ੍ਰਤਾਇਨ ਪੀਪਲੀ ਅਤੇ ਗੁਰਾਰਸਯੂੰ ਦੇ ਇਲਾਕਿਆਂ ਵਿਚ ਸਿੱਖਾਂ ਦਾ ਜ਼ਿਕਰ ਕਰਦੇ ਹੋਏ ਦੱਸਦਾ ਹੈ ਕਿ ‘ਗੜਵਾਲ ਵਿਚ ਸਿੱਖਾਂ ਦੀ ਗਿਣਤੀ ਨਾਮਾਤਰ ਹੈ ਅਤੇ ਜੋ ਹਨ ਉਹ ਕੇਸ ਨਹੀਂ ਰੱਖਦੇ ਅਤੇ ਤਮਾਕੂ ਵੀ ਨਹੀਂ ਪੀਂਦੇ।’

ਐਚ. ਜੀ. ਵਾਲਟਨ 1910 ਵਿਚ ਛਪੇ ਬ੍ਰਿਟਿਸ਼ ਗੜਵਾਲ ਗਜ਼ਟੀਅਰ ਵਿਚ ਪੀਪਲੀ ਅਤੇ ਇਸਦੇ ਆਲੇ ਦੁਆਲੇ ਵੱਸੇ ਹੋਏ ਸਿੱਖਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਦਾ ਹੈ ਕਿ ਸ੍ਰੀਨਗਰ ਵਿਚ ਸਿੱਖਾਂ ਦੀਆਂ ਛੋਟੀਆਂ-ਛੋਟੀਆਂ ਬਸਤੀਆਂ ਹਨ, ਮਵਾਲਸਯੂੰ ਵਿਚ ਪੀਪਲੀ, ਅਜਮੇਰ ਵਿਚ ਜੈਗਾਂਵ, ਲੰਗੂਰ ਵਿਚ ਗੂਮ, ਬਿੰਜੌਲੀ ਅਤੇ ਗੁਰਾਰਸਯੂੰ ਵਿਚ ਹਲੂਣੀ। ਵਿਵਹਾਰ ਵਿਚ ਇਹ ਸਾਰੇ ਹਿੰਦੂ ਹੀ ਹਨ ਅਤੇ ਇਹਨਾਂ ਨੇ ਆਪਣੀ ਜਾਤੀ ਨੇਗੀ ਲਿਖਵਾਈ ਹੈ। ਹੁਣ ਇਹ ਲੰਮੇ ਕੇਸ ਨਹੀਂ ਰੱਖਦੇ। ਇਹਨਾਂ ਵਿਚ ਸਿੱਖ ਹੋਣ ਦਾ ਇਕੋ ਇਕ ਨਿਸ਼ਾਨ ਬਾਕੀ ਹੈ ਕਿ ਇਹ ਤਮਾਕੂ ਤੋਂ ਦੂਰ ਰਹਿੰਦੇ ਹਨ।

ਗੁਰਦੁਆਰਾ ਸਾਹਿਬ ਵਿਚ ਸ਼ਸ਼ੋਭਿਤ ਖੜਾਵਾਂ
 ਭਾਵੇਂ ਕਿ ਇਸ ਪਿੰਡ ਦੇ ਵਸਨੀਕ ਸਿੱਖੀ ਸਰੂਪ ਵਿਚ ਨਹੀਂ ਹਨ ਪਰ ਇਹ ਗੱਲ ਬਹੁਤ ਮਾਣ ਨਾਲ ਦੱਸਦੇ ਹਨ ਕਿ ਉਹਨਾਂ ਦੇ ਪੂਰਵਜ ਪੰਜਾਬ ਨਾਲ ਸੰਬੰਧਿਤ ਸਨ। ਕਿਹੜਾ ਪੰਜਾਬੀ ਪਰਿਵਾਰ ਸਭ ਤੋਂ ਪਹਿਲਾਂ ਇੱਥੇ ਆ ਕੇ ਵਸਿਆ ਸੀ ਜਾਂ ਕਿਸ ਨੇ ਇਹ ਪਿੰਡ ਵਸਾਇਆ ਸੀ? ਇਸ ਬਾਰੇ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਪਰ ਸ. ਜਗਮੋਹਨ ਸਿੰਘ ਅਤੇ ਸ. ਉਦੈ ਪ੍ਰਤਾਪ ਸਿੰਘ ਨੇਗੀ ਦੁਆਰਾ ਪਟਵਾਰ ਖ਼ਾਨੇ ਦੇ ਰਿਕਾਰਡ ਨੂੰ ਖੰਗਾਲ ਕੇ ਜਿਹੜੇ ਤੱਥ ਸਾਹਮਣੇ ਰੱਖੇ ਹਨ ਉਸ ਦੇ ਅਨੁਸਾਰ ਇਸ ਪਿੰਡ ਵਿਖੇ 1859 ਵਿਚ ਜਨਮ ਲੈਣ ਵਾਲੇ ਸ. ਨਰਾਇਣ ਸਿੰਘ ਨੇਗੀ ਸਿੱਖ ਸਨ ਜਿਹੜੇ ਕਿ ਨਾਹਨ ਰਿਆਸਤ ਦੇ ਜੱਜ ਅਤੇ ਫਿਰ ਰਾਜੇ ਦੇ ਮੁੱਖ ਸਕੱਤਰ ਦੀ ਪਦਵੀ ਤੱਕ ਤਰੱਕੀ ਕਰ ਗਏ ਸਨ। ਇਹਨਾਂ ਦੇ ਪਿਤਾ ਸ੍ਰੀ ਸ਼ਿਵ ਸਿੰਘ ਨੇਗੀ ਗੋਰਖਾ ਪਲਟਨ ਵਿਚ ਸੂਬੇਦਾਰ ਮੇਜਰ ਸਨ ਜਿਨ੍ਹਾਂ ਨੂੰ ਸਰਦਾਰ ਬਹਾਦਰ ਦੀ ਪਦਵੀ ਪ੍ਰਾਪਤ ਹੋਈ ਸੀ। 

ਸ੍ਰੀ ਨਰਾਇਣ ਸਿੰਘ ਨੇਗੀ ਦੇ ਵੱਡੇ ਭਰਾ ਸ੍ਰੀ ਭੂਪ ਸਿੰਘ ਨੇਗੀ ਪਟਵਾਰੀ ਭਰਤੀ ਹੋਣ ਉਪਰੰਤ ਖਾਸ ਅਧਿਅਕਸ਼ ਦੀ ਪਦਵੀ ਤੋਂ ਸੇਵਾ ਮੁਕਤ ਹੋਏ ਸਨ। 1905 ਵਿਚ ਇਹ ਸਰਕਾਰੀ ਤੌਰ ’ਤੇ ਪਾਣੀ ਗੁਰਦੁਆਰਾ ਸਾਹਿਬ ਤੱਕ ਲਿਆਉਣ ਵਿਚ ਸਫ਼ਲ ਹੋਏ ਸਨ। ਇਸ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੰਦੇ ਹੋਏ ਸ. ਜਗਮੋਹਨ ਸਿੰਘ ਦੱਸਦੇ ਹਨ ਕਿ 1861 ਸਰਕਾਰੀ ਰਿਕਾਰਡ ਵਿਚ ਇਸ ਗੁਰਧਾਮ ਦਾ ਜ਼ਿਕਰ ਮਿਲਦਾ ਹੈ। ਜਿਹੜਾ ਪੱਥਰ ਇਸ ਗੁਰਦੁਆਰੇ ਦੀ ਉਸਾਰੀ ਲਈ ਵਰਤਿਆ ਗਿਆ ਹੈ, ਉਹ ਇਸ ਪਿੰਡ ਦੇ ਆਲੇ ਦੁਆਲੇ ਦਾ ਨਹੀਂ ਹੈ। ਬਾਹਰੋਂ ਪੱਥਰ ਲਿਆ ਕੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਪਹਿਲਾਂ ਇਸ ਦੇ ਉੱਤੇ ਤਾਂਬੇ ਦੀਆਂ ਚਾਦਰਾਂ ਵਾਲੀਆਂ ਛੱਤਾਂ ਸਨ ਜਿਨ੍ਹਾਂ ਨੂੰ ਟੀਨ ਦੀਆਂ ਚਾਦਰਾਂ ਨਾਲ ਬਦਲ ਦਿੱਤਾ ਗਿਆ ਸੀ।

ਪਿੰਡ ਵਾਸੀਆਂ ਵੱਲੋਂ ਸਮੇਂ-ਸਮੇਂ ’ਤੇ ਇਸ ਗੁਰਧਾਮ ਦੀ ਸੇਵਾ ਹੁੰਦੀ ਰਹੀ ਹੈ। 1995-96 ਵਿਚ ਇਸ ਪਿੰਡ ਦੇ ਇਕ ਰਿਟਾਇਰਡ ਪੁਲਿਸ ਅਫ਼ਸਰ ਸ. ਜਗਮੋਹਨ ਸਿੰਘ ਨੇਗੀ ਨੇ ਇਸ ਗੁਰਦੁਆਰਾ ਸਾਹਿਬ ਦੀ ਛੱਤ ਨੂੰ ਬਦਲਿਆ ਸੀ। ਪੁਰਾਤਨ ਛੱਤ ਦੀ ਥਾਂ ਟੀਨ ਦੀਆਂ ਚਾਦਰਾਂ ਦੀ ਨਵੀਂ ਛੱਤ ਪਾਈ ਗਈ ਸੀ ਅਤੇ ਜਿੰਨੀ ਵੀ ਲੱਕੜੀ ਦੀ ਵਰਤੋਂ ਹੋਈ, ਸਾਰੀ ਹਿਮਾਚਲ ਤੋਂ ਮੰਗਵਾਈ ਗਈ ਸੀ। 2014 ਵਿਚ ਉਸਾਰੀ ਗਈ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਮਜ਼ਬੂਤ ਕੰਕਰੀਟ ਦੀ ਛੱਤ ਵਾਲੀ ਹੈ ਜਿਸ ਦੇ ਉੱਤੇ ਇਕ ਗੁੰਬਦ ਸਸ਼ੋਭਿਤ ਹੈ ਪਰ ਇਸ ਗੁਰਦੁਆਰਾ ਸਾਹਿਬ ਦੀ ਸ਼ਾਨ ਮੰਨੇ ਜਾਂਦੇ ਤਾਂਬੇ ਦੇ ਨਿਸ਼ਾਨ ਸਾਹਿਬ ਅਤੇ ਪੁਰਾਤਨ ਪੱਥਰ ਨੂੰ ਨਹੀਂ ਬਦਲਿਆ ਗਿਆ। ਇਸ ਗੁਰਦੁਆਰਾ ਸਾਹਿਬ ਦੀ ਦਿੱਖ ਅਤੇ ਪਰੰਪਰਾ ਇਸ ਦੇ ਪੁਰਾਤਨ ਹੋਣ ਦਾ ਅਹਿਸਾਸ ਕਰਾਉਂਦੀ ਹੈ ਜਿਸ ਬਾਰੇ ਹੋਰ ਵਧੇਰੇ ਖੋਜ ਦੀ ਲੋੜ ਹੈ।

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ

Photos