Tutti Gandhi sahib, Muktsar

Tutti Gandhi sahib, Muktsar

Average Reviews

Description

Sample Text

ਗੁਰਦੁਆਰਾ ਸ੍ਰੀ ਮੁੁਕਤਸਰ ਸਾਹਿਬ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲਾਂ ਖਿਲਾਫ਼ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲੇ 40 ਸਿੱਖਾਂ ਨਾਲ ਸਬੰਧਤ ਹੈ । ਇਸ ਜਗਾਹ ‘ਤੇ ਗੁਰੂ ਜੀ ਨੇ ਚਾਲੀ ਸਿੰਘਾਂ ਨੂੰ ਮੁਕਤ ਕੀਤਾ ਸੀ ।

ਇਤਿਹਾਸ

ਵੈਸਾਖ ਸੰਮਤ ੧੭੬੨(1605 ਈ:) ਵਿੱਚ ਸਰਹਿੰਦ ਦਾ ਸੂਬਾ ਵਜ਼ੀਰ ਖਾਂ ਜਦ ਸ੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਪਿੱਛਾ ਕਰਦੇ ਮਾਲਵੇ ਆਇਆ, ਤਦ ਸਿੰਘਾਂ ਨੇ ਖਿਦਰਾਣੇ ਦੀ ਢਾਬ ਨੂੰ ਕਬਜੇ ਵਿਚ ਕਰਕੇ ਵੈਰੀ ਦਾ ਮੁਕਾਬਲਾ ਕੀਤਾ। ਸਭ ਤੋਂ ਪਹਿਲਾਂ ਮਾਈ ਭਾਗੋ ਅਤੇ ਚਾਲੀ ਸਿੰਘਾਂ ਦਾ ਸ਼ਾਹੀ ਫੌਜ ਨਾਲ ਟਾਕਰਾ ਹੋਇਆ ਅਰ ਬੜੀ ਹੀ ਵੀਰਤਾ ਨਾਲ ਜੰਗ ਲੜਿਆ। 

ਇਹ 40 ਸਿੰਘ ਉਹ ਸਨ, ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁਗਲ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ, ਤਾਂ ਇਹ ਸਿੰਘ ਕਿਲ੍ਹਾ ਛੱਡ ਕੇ ਆਪਣੇ ਘਰ ਜਾਣਾ ਚਾਹੁੰਦੇ ਸਨ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਸੀ, ਉਹ ਇੱਕ ਬੇਦਾਵਾ ਲਿੱਖਣ ਤੇ ਉਸ ਉੱਤੇ ਦਸਤਖ਼ਤ ਕਰਕੇ ਦੇਣ, ਜਿਸ ਵਿੱਚ ਲਿਖਿਆ ਸੀ – 

– ‘ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਮੇਰੇ ਗੁਰੂ ਨਹੀਂ’ 

ਇਹਨਾਂ ਸਿੰਘਾਂ ਨੇ ਬੇਦਾਵੇ ਉੱਤੇ ਦਸਤਖ਼ਤ ਕਰਕੇ ਕਿਲ੍ਹਾ ਛੱਡ ਦਿੱਤਾ।

ਗਲਤੀ ਦੇ ਅਹਿਸਾਸ ਅਤੇ ਮਾਈ ਭਾਗੋ ਦੀ ਰਹਿਬਰੀ ਨਾਲ ਇਹ ਖਿਦਰਾਣੇ ਵਾਪਸ ਆਏ ਸਨ।

ਗੁਰਬਿਲਾਸ ਪਾਤਿਸ਼ਾਹੀ ਦਸਵੀ ਵਿਚ ਜ਼ਿਕਰ ਆਉਂਦਾ ਹੈ 

ਸਿਰ ਤੇ ਸਭ ਮੁਕਤੇਸਰ ਲਰੇ

ਨਾਮ ਮੁਕਤਸਰ ਤਾਂ ਤੇ ਧਰੇ

ਜੰਗ ‘ਚ ਜਖ਼ਮੀ ਹੋਏ ਭਾਈ ਮਹਾਂ ਸਿੰਘ ਨੇ ਦਸ਼ਮੇਸ਼ ਪਿਤਾ ਜੀ ਤੋਂ ਬੇਦਾਵਾ ਪੜਵਾ ਕੇ ਇੱਥੇ ਟੁੱਟੀ ਸਿੱਖੀ ਗੰਢੀ ਹੈ। ਕਲਗੀਧਰ ਨੇ ਸ਼ਹੀਦ ਸਿੰਘਾਂ ਨੂੰ ‘ਮੁਕਤ’ ਪਦਵੀ ਬਖਸ਼ ਕੇ ਢਾਬ ਦਾ ਨਾਮ ਮੁਕਤਸਰ ਰੱਖਿਆ ਅਰ ਆਪਣੇ ਹੱਥੀਂ ਸ਼ਹੀਦ ਸਿੰਘ ਦਾ ਸਸਕਾਰ ਕੀਤਾ।

ਖਿਦਰਾਣੇ ਦੀ ਢਾਬ ‘ਤੇ ਸ਼ਸ਼ੋਬਿਤ ਗੁਰਦੁਆਰੇ

ਖਿਦਰਾਣੇ ਦੀ ਢਾਬ ਗੁਰੂ ਸਾਹਿਬ ਦੀ ਛੋਹ ਨਾਲ ਸਰੋਵਰ ਬਣ ਗਈ। ਇਸ ਸਰੋਵਰ ਨੂੰ ਪੱਕਾ ਬਣਾਉਣ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਸੀ। ਬਾਅਦ ‘ਚ ਫਰੀਦਕੋਟ, ਨਾਭਾ ਪਟਿਆਲਾ, ਜੀਂਦ ਰਿਆਸਤਾਂ ਨੇ ਪੂਰਾ ਕਰਵਾਇਆ। ਇਸ ਸਰੋਵਰ ਦੇ ਕੰਢੇ ‘ਤੇ ਹੀ ਗੁਰਦੁਆਰਾ ਮੰਜੀ ਸਾਹਿਬ( ਦਰਬਾਰ ਟੁੱਟੀ ਗੰਢੀ ਸਾਹਿਬ), ਤੰਬੂ ਸਾਹਿਬ, ਗੁਰਦੁਆਰਾ ਮਾਈ ਭਾਗੋ ਬਣੇ ਹੋਏ ਹਨ।

ਸ੍ਰੀ ਦਰਬਾਰ ਸਾਹਿਬ( ਟੁੱਟੀ ਗੰਢੀ ਸਾਹਿਬਬ)

ਇਹ ਮੁਕਤਸਰ ਦਾ ਪ੍ਰਮੁੱਖ ਇਤਿਹਾਸਕ ਗੁਰਦੁਆਰਾ ਹੈ, ਜੋ ਸਰੋਵਰ ਦੇ ਪੱਛਮੀ ਕੰਢੇ ‘ਤੇ ਸਸ਼ੋਭਿਤ ਹੈ। ਪਹਿਲਾਂ ਇਹ ਅਸਥਾਨ ਕੁਝ ਸਿੱਖ ਪਰਿਵਾਰਾਂ ਨੇ 1743 ਵਿਚ ਉਸਾਰਿਆ, ਜਦੋਂ ਉਹ ਇਥੇ ਰਹਿੰਦੇ ਸਨ। ਦੁਬਾਰਾ ਇਸ ਅਸਥਾਨ ਨੂੰ ਭਾਈ ਦੇਸਾ ਸਿੰਘ, ਭਾਈ ਲਾਲ ਸਿੰਘ (ਕੈਂਥਲ) ਅਤੇ ਬਾਅਦ ਵਿਚ ਸਰਦਾਰ ਹਰੀ ਸਿੰਘ ਨਲੂਆ ਨੇ ਬਣਵਾਇਆ। ਇਕ ਉੱਚਾ ਟਾਵਰ ਅਤੇ ਨਿਸ਼ਾਨ ਸਾਹਿਬ ਮਹਾਰਾਜਾ ਹੀਰਾ ਸਿੰਘ ਆਫ਼ ਨਾਭਾ ਨੇ 1880 ਵਿਚ ਬਣਾਇਆ ਸੀ।

ਸੰਤ ਗੁਰਮੁਖ ਸਿੰਘ ਅਤੇ ਸੰਤ ਸਾਧੂ ਸਿੰਘ ਕਾਰ ਸੇਵਾ ਵਾਲਿਆਂ ਵੀ ਇਸ ਅਸਥਾਨ ਦਾ ਵਿਸਥਾਰ ਕੀਤਾ। ਇਹ ਦਰਬਾਰ ਹੁਣ ਸੰਗਮਰਮਰ ਦਾ ਬਣਿਆ ਹੈ। 1980 ਵਿਚ ਦੁਬਾਰਾ ਤਾਮੀਰ ਹੋਇਆ ਹੈ। ਦਰਬਾਰ ਸਹਿਬ ਦੇ ਨਾਲ ਇਕ ਅਟਾਰੀ ਵੀ ਬਣੀ ਹੋਈ ਸੀ ਜੋ ਕਿ ਹੁਣ ਨਹੀਂ ਹੈ।

ਗੁਰਦੁਆਰਾ ਸ਼ਹੀਦ ਗੰਜ ਸਾਹਿਬ

ਗੁਰਦੁਆਰਾ ਸੀਸ ਗੰਜ ਸਾਹਿਬ ਦੀ ਇਮਾਰਤ ਦੇ ਪੁਰਾਤਨ ਚਿੱਤਰ

ਇਸ ਨੂੰ ਅੰਗੀਠਾ ਸਾਹਿਬ ਵੀ ਆਖਿਆ ਜਾਂਦਾ ਹੈ। ਇਹ ਪਵਿੱਤਰ ਸਰੋਵਰ ਤੋਂ 50 ਮੀਟਰ ਪੱਛਮ ਵੱਲ ਸਥਿਤ ਹੈ। ਇਹ ਉਹ ਥਾਂ ਹੈ ਜਿਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼ਹੀਦੀ ਸਿੰਘਾਂ ਦਾ ਸਸਕਾਰ ਕੀਤਾ ਸੀ। ਪਹਿਲਾਂ ਇਹ ਗੁਰਦੁਆਰਾ 1870 ਵਿਚ ਰਾਜਾ ਵਜ਼ੀਰ ਸਿੰਘ ਫਰੀਦਕੋਟ (੧੮੨੮-੭੨) ਨੇ ਬਣਾਇਆ ਸੀ। ਹੁਣ ਨਵੀਂ ਇਮਾਰਤ ਵਿਚ ਸਮਕੋਣ ਹਾਲ, ਗੁੰਬਦਨੁਮਾ ਕਾਰ ਸੇਵਾ ਰਾਹੀਂ 1980 ਵਿਚ ਬਣੀ ਹੈ।

ਗੁਰਦੁਆਰਾ ਤੰਬੂ ਸਾਹਿਬ

ਇਹ ਅਸਥਾਨ ਪਵਿੱਤਰ ਸਰੋਵਰ ਦੇ ਦੱਖਣ ਪੁਰਬੀ ਕੰਢੇ ‘ਤੇ ਹੈ। ਇਹ ਉਹ ਥਾਂ ਹੈ, ਜਿਥੇ ਚਾਲੀ ਮੁਕਤਿਆਂ ਨੇ ਝਾੜੀਆਂ ਅਤੇ ਦਰੱਖਤਾਂ ਵਿਚ ਕੈਂਪ ਲਾਇਆ ਸੀ। ਪੁਰਾਣੀ ਇਮਾਰਤ ਜਿਸ ਰਿਆਸਤ ਨਾਭਾ ਵੱਲੋਂ ਤਾਮੀਰ ਕਰਵਾਇਆ ਗਿਆ ਸੀ, ਦੀ ਥਾਂ ‘ਤੇ ਹੀ 1980 ਵਿਚ ਕਾਰ ਸੇਵਾ ਰਾਹੀਂ ਨਵੀਂ ਇਮਾਰਤ ਉਸਾਰੀ ਗਈ ਹੈ। ਇਸ ਗੁਰਦੁਆਰੇ ਵਿਚ ਗੁੰਬਦਨੁਮਾ ਇਕ ਹਾਲ, ਇਕ ਗੈਲਰੀ ਅਤੇ ਕੇਂਦਰ ਵਿਚ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ।

ਗੁਰਦੁਆਰਾ ਮਾਤਾ ਭਾਗ ਕੌਰ 

ਇਹ ਅਸਥਾਨ ਮਾਤਾ ਭਾਗ ਕੌਰ ਜੀ ਦੀ ਯਾਦ ਵਿਚ ਗੁਰਦੁਆਰਾ ਤੰਬੂ ਸਾਹਿਬ ਦੇ ਕੋਲ ਬਣਿਆ ਹੋਇਆ ਹੈ।

ਰੁੱਖ

ਗੁਰਦੁਆਰਾ ਸਾਹਿਬ ਵਿਚ ਉਹ ਪਵਿੱਤਰ ਵਣ ਦਾ ਰੁੱਖ ਮੌਜੂਦ ਹੈ ਜਿਸ ਨਾਲ ਦਸਮੇਸ਼ ਪਿਤਾ ਨੇ ਘੋੜਾ ਬੰਨ੍ਹਿਆ ਸੀ।

ਡਾ. ਮਹਿੰਦਰ ਸਿੰਘ ਰੰਧਾਵਾ ਆਪਣੀ ਜੀਵਣੀ ‘ਆਪ ਬੀਤੀ’ ‘ਚ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਖਿਦਰਾਣੇ ਦੇ ਸਰੋਵਰ ਕੰਢੇ ਤੇ ਬਹੁਤ ਸਾਰੇ ਪਿੱਪਲਾਂ, ਬੋਹੜਾਂ ਦੀ ਹੋਂਦ ਦਾ ਜ਼ਿਕਰ ਕਰਦੇ ਹਨ ਪ੍ਰੰਤੂ ਅਜ ਉਪਰੋਕਤ ਵਣ ਤੋਂ ਇਲਾਵਾ ਕੋਈ ਰੁੱਖ ਨਹੀਂ ਹੈ।

ਅਜੋਕਾ ਪ੍ਰਬੰਧ

ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ। ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਹੈ। ਸਰੋਵਰ ਦੇ ਚੜ੍ਹਦੇ ਵਾਲੇ ਪਾਸੇ ਫਰੀਦਕੋਟੀ ਬੁੰਗੇ ਵਾਲੀ ਜਗ੍ਹਾ ਤੇ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੇ ਉੱਦਮ ਨਾਲ ਵੀ 24 ਘੰਟੇ ਲੰਗਰ ਚਲਦਾ ਹੈ।

ਮੇਲਾ ਮਾਘੀ

ਖਿਦਰਾਣੇ ਦੀ ਜੰਗ ਭਾਵੇਂ ਵੈਸਾਖ ਵਿਚ ਹੋਈ ਸੀ ਪ੍ਰੰਤੂ ਹਰੀਕੇ ਪਿੰਡ ਦੇ ਭਾਈ ਲੰਗਰ ਸਿੰਘ ਜੋ ਉਸ ਵੇਲੇ ਗੁਰੂ ਜੀ ਦੇ ਨਾਲ ਸੀ, ਨੇ ਕਈ ਵਰ੍ਹਿਆਂ ਪਿਛੋਂ ਏਸ ਅਸਥਾਨ ਦੇ ਪਤੇ ਸਿੰਘਾਂ ਦੇ ਦਲ ਨੂੰ ਦੱਸਕੇ ਪਹਿਲੀ ਮਾਘ ਨੂੰ ਜੋੜ ਮੇਲਾ ਲਾਉਣਾ ਆਰੰਭਿਆ। ਕਿਉਂਕਿ ਏਹ ਰੁੱਤ ਮਾਲਵੇ ਵਿਚ ਦੇਸ ਵਿਚ ਯਾਤਰਾ ਕਰਨ ਲਈ ਬਹੁਤ ਚੰਗੀ ਮਾਲੂਮ ਹੁੰਦੀ ਹੈ। ਓਦੋ ਤੋਂ ਹਰ ਸਾਲ ਇਹ ਜੋੜ ਮੇਲਾ 40 ਮੁਕਤਿਆਂ ਦੀ ਯਾਦ ਵਿਚ ਭਰਦਾ ਹੈ।

1984 ਦਾ ਹਮਲਾ

ਦਰਬਾਰ ਸਾਹਿਬ ‘ਤੇ ਹੋਏ ਹਮਲੇ ਸਮੇਂ ਗੁਰਦੁਆਰਾ ਮੰਜੀ ਸਾਹਿਬ( ਦਰਬਾਰ ਸਾਹਿਬ ਟੁੱਟੀ ਗੰਢੀ) ‘ਤੇ ਵੀ ਫੌਜੀ ਹਮਲਾ ਹੋਇਆ। ਚਸ਼ਮਦੀਦ ਦੱਸਦੇ ਨੇ ਕਿ ਕਈ ਸਿੰਘ ਸ਼ਹੀਦ ਹੋਏ ਅਤੇ ਆਮ ਸੰਗਤ ਨੂੰ ਨੰਗੇ ਪਿੰਡੇ ਪਰਿਕਰਮਾ ਵਿਚ ਲਿਆ ਕੇ ਜੂਨ ਦੇ ਮਹੀਨੇ ਦੀ ਗਰਮੀ ਵਿਚ ਤਪਦੇ ਪੱਥਰ ਤੇ ਲਿਟਾਇਆ ਗਿਆ ਅਤੇ ਪਾਣੀ ਨਾ ਪਿਆ ਤੜਫਾਇਆ ਗਿਆ।

Photos

Videos