Gurudwara Shaheed Ganj Sahib Muktsar ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁਕਤਸਰ

Gurudwara Shaheed Ganj Sahib Muktsar ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁਕਤਸਰ

Average Reviews

Description

ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਛਿਪਦੇ ਵਾਲੇ ਪਾਸੇ ਬਿਲਕੁਲ ਨਾਲ ਹੈ। ਇਸ ਗੁਰਦਵਾਰੇ ਨੂੰ ਅੰਗੀਠਾ ਸਾਹਿਬ ਵੀ ਕਿਹਾ ਜਾਂਦਾ ਹੈ। ਇਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਜੰਗ ਵਿਚ ਸ਼ਹੀਦ ਹੋਏ 40 ਮੁਕਤਿਆਂ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਸੀ। ਗੁਰੂ ਸਾਹਿਬ ਨੇ ਸ਼ਹੀਦ ਸਿੰਘਾਂ ਦਾ ਸੰਸਕਾਰ ਕਰਨ ਤੋਂ ਬਾਅਦ ਇਸ ਜਗ੍ਹਾ ਅੰਗੀਠਾ ਸੰਭਾਲਿਆ ਸੀ। ਬਾਅਦ ਵਿਚ ਸਥਾਨਿਕ ਸੰਗਤ ਨੇ ਇਸ ਉਪਰ ਥੜ੍ਹਾ ਸਾਹਿਬ ਉਸਾਰ ਦਿਤਾ, ਜਿਥੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।

  ਇਸ ਗੁਰਦੁਆਰਾ ਸਾਹਿਬ ਦੇ ਦਰਬਾਰ ਦੀ ਸੇਵਾ ਮਹਾਰਾਜਾ ਬਿਕਰਮ ਸਿੰਘ ਫਰੀਦਕੋਟ(1842-1898) ਦੁਆਰਾ 1892-93 ਈ : ਵਿਚ ਕਰਵਾਈ ਜਿਸ ਵਿਚ ਇਸ ਸੰਬੰਧੀ ਸ਼ਿਲਾਲੇਖ ਵੀ ਲਗਿਆ ਹੋਇਆ ਸੀ। ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਖ਼ਤਮ ਹੋ ਚੁੱਕੀ ਹੈ। ਪਰ ਖੁਸ਼ਕਿਸਮਤੀ ਨਾਲ ਪੁਰਾਤਨ ਗੁਰਦੁਆਰੇ ਦੀ ਤਸਵੀਰ, ਨਕਸ਼ਾ ਅਤੇ ਕੁਝ ਵੇਰਵਾ  ਡਾ. ਅਰਸ਼ੀ ਨੇ ਸੰਭਾਲ ਲਿਆ ਸੀ , ਜਿਸ ਤੋਂ ਪਤਾ ਲਗਦਾ ਹੈ ਕਿ ਇਮਾਰਤ ਦਾ ਅੰਦਰਲਾ ਭਾਗ ਅੱਠਭੁਜਾ ਅਤੇ ਉਪਰ ਗੁੰਬਦ ਨਾਲ ਛੱਤਿਆ ਹੋਇਆ ਸੀ ਪਰ ਬਾਹਰੋਂ ਇਹ ਵਰਗਾਕਾਰ ਸੀ।

ਪੁਰਾਤਨ ਇਮਾਰਤ ਦਾ ਨਕਸ਼ਾ

ਗੁੰਬਦ ਦੇ ਬਿਲਕੁਲ ਹੇਠਾਂ ਥੜ੍ਹਾ ਸਾਹਿਬ ਉਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਆਲੇ – ਦੁਆਲੇ ਪਰਕਰਮਾ ਸੀ। ਸਾਹਮਣੇ ਵਾਲੇ ਮੱਥੇ ਵਿਚ ਤਿੰਨ ਡਾਟਾਂ ਸਨ। ਉਪਰਲਾ ਗੁੰਬਦ ਧਾਰੀਦਾਰ ਸੀ। ਇਮਾਰਤ ਦੇ ਇਕ ਪਾਸਿਓ ਉਪਰ ਪੌੜੀਆਂ ਚੜ੍ਹਦੀਆਂ ਸਨ। ਬਾਹਰ ਪੱਕਾ ਮਜਬੂਤ ਫਰਸ਼ ਲਗਿਆ ਹੋਇਆ ਸੀ।

ਪੁਰਾਤਨ ਇਮਾਰਤ ਦੀਆਂ ਦੋ ਵਖ ਵਖ ਤਸਵੀਰਾਂ

ਇਮਾਰਤ ਉਪਰਲਾ ਅਭਿਲੇਖ ਜੋ ਉਸ ਸਮੇਂ ਦੀ ਪੰਜਾਬੀ ਦਾ ਨਮੂਨਾ ਹੈ।
ਇਸ ਪ੍ਰਕਾਰ ਸੀ।
ਦੋਹਿਰਾ ਐਸੋ ਪਾਵਨ ਥਾਨ ਲਖ ਬਨਬਯੋ ਦਰਬਾਰ ਧੰਨ ਧੰਨ ਮਹਾਰਾਜ ਹੈ ਫ਼ਰੀਦਕੋਟ ਸ੍ਰਕਾਰ ਦੋ ਕਲਪ ਬ੍ਰਿਛ ਹੈ ਸੁਵਰਗ ਫਨੀਮਨੀ ਪਤਾਲਾ ਸ੍ਰੀ ਬਿਕ੍ਰਮਾ ਜਗਤ ਹੈ ਦੀਨਨ ਕ ਪ੍ਰਤਪਾਲਕ : ਇਲਮ ਅਕਲ ਕੇ ਨਿਧਾਨ ਪਹਿਚਾਨ ਅਤ ਸੀਤਲ ਸੁਭਾਵ ਮੀਠੀ ਸੁਧਾ ਸਮ ਬਾਨੀ ਹੈ ਅਦਲ ਨੋ ਸ੍ਰਵਨ ਪ੍ਰਓਪਕਾਰ ਬਿਕ੍ਰਮ ਸੇ ਹਾਤਮ ਸੇ ਸੁਖਾ ਔ ਕਨ ਸਮ ਦਾਨੀ ਹੈ ਕਹਿਤ ਨਰੈਣ ਸਿੰਘ ਧਾਮ ਕੋ ਜੁਧਿਸਟਰ ਸੇ ਨਾਮ ਸੁਨ ਕੋਸਕ ਸਤ੍ਰ ਹੋਤ ਹਾਨੀ ਹੈ ਬਿਕ੍ਰਮ ਮਿਗਿੰਦ ਸੁ ਨਰਿੰਦ ਹੈ ਸ੍ਰਿਦਸਲੀ ਸ੍ਰਗ ਸਮਾਨੀ ਫਰੀਦਕੋਟ ਰਾਜਧਾਨੀ ਹੈ ਦੋ : ਜਹਾ ਇਸਰ ਗੁਰੂ ਖਾਲਸਾ ਤਹਾ ਕ੍ਰਤ ਉਪਕਾਰ ਬਿਕ੍ਰਮ ਸਿੰਘ ਨਰੇਸ ਕੋ ਜਸ ਪਸਰਿੳ ਦਿਸ ਚਾਰ ਸ੍ਰੀ ਸ੍ਰਬ ਉਪਮਾਯੋਗ ਮਹਾਰਾਜ ਬਿਕਰਮ ਸਿੰਘ ਸਹਿਬ ਬਹਾਦਰ ਬੈਰਾੜ ਬੰਸ ਰਿਆਸਤ ਫਰੀਦਕੋਟ ਨੇ ਗੁਰਦੁਆਰਾ ਸਹੀਦ ਗੰਜ ਕੀ ਟਹਿਲ ਕਰਵਾਈ ਸਮਾਪਤੀ।। ਸੰਮਤ ੧੯੪੯

ਪੁਰਾਤਨ ਇਮਾਰਤ 'ਤੇ ਲਗੀ ਸਿਲ ਦੀ ਤਸਵੀਰ

ਅੱਜ ਨਾ ਤਾਂ ਪੁਰਾਤਨ ਇਮਾਰਤ ਹੈ ਨਾ ਹੀ ਸ਼ਿਲਾਲੇਖ ਹੈ। ਪੁਰਾਤਨ ਇਮਾਰਤ ਨੂੰ ਢਾਹ ਕੇ 1980 ਵਿਆਂ ਵਿਚ ਨਵੀਂ ਇਮਾਰਤ ਉਸਾਰ ਦਿਤੀ ਗਈ ਹੈ। ਸਥਾਨਿਕ ਚਸ਼ਮਦੀਦ ਬਜ਼ੁਰਗ ਅਨੁਸਾਰ ਨਵੀਂ ਇਮਾਰਤ ਦੀ ਉਸਾਰੀ ਸਮੇਂ ਜਦ ਥੜ੍ਹ ਸਾਹਿਬ ਨੂੰ ਪੱਟਿਆ ਜਾਣ ਲੱਗਿਆ ਤਾਂ ਹੇਠਾਂ ਤੋਂ ਅੰਗੀਠਾ ਸਾਹਿਬ ਵਾਲੀਆਂ ਸ਼ਹੀਦ ਸਿੰਘਾਂ ਦੀਆਂ ਅਸਥੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ, ਖੁਦਾਈ ਉਥੇ ਹੀ ਰੋਕ ਦਿੱਤੀ ਗਈ। ਜਿਸ ਤੋਂ ਬਾਅਦ ਅਰਦਾਸ ਕਰ ਭੁੱਲ ਬਖਸ਼ਾ ਕੇ ਫੇਰ ਉਸੇ ਤਰ੍ਹਾਂ ਥੜ੍ਹਾ ਸਾਹਿਬ ਨੂੰ ਬੰਨ੍ਹ ਦਿੱਤਾ ਗਿਆ ਅਤੇ ਨਵੀਂ ਇਮਾਰਤ ਉਸਾਰ ਦਿਤੀ ਗਈ।
ਅਜੋਕੇ ਸਮੇਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਗੁ. ਸ਼ਹੀਦ ਗੰਜ ਸਾਹਿਬ ਦਰਬਾਰ ਸਾਹਿਬ ਟੁੱਟੀ ਗੰਢੀ ਦੇ ਪਿਛਲੇ ਪਾਸੇ ਨਾਲ ਲਗਮਾਂ ਹੀ ਹੈ। ਵਿਚਕਾਰ ਦੀ ਇਕ ਛੋਟੀ ਜਿਹੀ ਗਲੀ ਲੰਘਦੀ ਹੈ ਜਿਸਨੂੰ ਸ਼ਹੀਦਾਂ ਵਾਲੀ ਗਲੀ ਕਿਹਾ ਜਾਂਦਾ ਹੈ। ਸਰੋਵਰ ਗੁਰਦੁਆਰਾ ਸਾਹਿਬ ਤੋਂ ਅਲੱਗ ਹੀ ਦੱਖਣ ਵਾਲੇ 50 ਕ ਮੀਟਰ 'ਤੇ ਪਾਸੇ ਹਟਵਾਂ ਹੈ।
ਹਰ ਸਾਲ 21 ਵਿਸਾਖ ਅਤੇ ਮੇਲਾ ਮਾਘੀ 'ਤੇ ਚਾਲੀ ਮੁਕਤਿਆਂ ਦੀ ਯਾਦ ਵਿਚ ਭੋਗ ਪਾਏ ਜਾਂਦੇ ਹਨ। ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੁੰਦੀਆਂ ਹਨ। ਲੰਗਰ ਰਿਹਾਇਸ਼ ਦਾ ਪ੍ਰਬੰਧ ਹੈ। ਇਸ ਅਸਥਾਨ 'ਤੇ ਜਾਣ ਲਈ ਗੱਡੀਆਂ ਦੀ ਪਾਰਕਿੰਗ ਲਈ ਢੁਕਵੀਂ ਜਗ੍ਹਾ ਬਾਬਾ ਹਰਬੰਸ ਸਿੰਘ ਦਿਲੀ ਵਾਲਿਆਂ ਦਾ ਡੇਰਾ ਜਾਂ ਸ਼੍ਰੋਮਣੀ ਕਮੇਟੀ ਦੁਆਰਾ ਭਾਈ ਮਹਾਂ ਸਿੰਘ ਦੀਵਾਨ ਹਾਲ ਕੋਲ ਬਣਾਈ ਪਾਰਕਿੰਗ ਹੈ।

Photos