ਗੁ. ਸ਼ਹੀਦਗੰਜ ਵੱਡਾ ਘੱਲੂਘਾਰਾ ਕੁੱਪ ਰੋਹੀੜਾ Shaheed Ganj Kup Rohira

ਗੁ. ਸ਼ਹੀਦਗੰਜ ਵੱਡਾ ਘੱਲੂਘਾਰਾ ਕੁੱਪ ਰੋਹੀੜਾ Shaheed Ganj Kup Rohira

ਸੰਗਰੂਰ ਕੁਪ ਰੁਹੀੜਾ

Average Reviews

Description

ਗੁਰਦੁਆਰਾ ਸ਼ਹੀਦ ਗੰਜ, ਯਾਦਗਰ ਵੱਡਾ ਘੱਲੂਘਾਰਾ ਕੁੱਪ ਰੋਹੀੜਾ (ਸੰਗਰੂਰ)

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਕੁੱਪ ਰੋਹੀੜਾ ਅਹਿਮਦ ਸ਼ਾਹ ਅਬਦਾਲੀ ਵੱਲੋਂ 5 ਫ਼ਰਵਰੀ 1762 ਵਿੱਚ ਕੀਤੇ ਗਏ ਹਮਲੇ, ਜਿਸ ਵਿੱਚ ਇੱਕੋ ਦਿਨ 35000 ਸਿੰਘ , ਸਿੰਘਣੀਆਂ ਤੇ ਭੁਜੰਗੀ ਸ਼ਹੀਦ ਹੋ ਗਏ ਸਨ, ਉਹਨਾਂ ਕੌਮੀ ਸ਼ਹੀਦਾਂ ਦੀ ਯਾਦਗਾਰ ਹੈ । ਸਿੱਖ ਇਤਿਹਾਸ ਵਿੱਚ ਇਸ ਘਟਨਾ ਨੂੰ ‘ਵੱਡਾ ਘੱਲੂਘਾਰਾ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ । ਇਸ ਅਸਥਾਨ 'ਤੇ ਸੁੰਦਰ ਗੁਰਦਵਾਰਾ ਸਾਹਿਬ ਸਸ਼ੋਭਤ ਹੈ । ਇਹ ਲੁਧਿਆਣੇ ਤੋਂ ਮਲੇਰਕੋਟਲੇ ਜਾਂਦਿਆਂ ਤਕਰੀਬਨ ਅੱਧ ਵਿੱਚ ਪੈਂਦਾ ਹੈ । ਲੁਧਿਆਣੇ ਤੋਂ ਇਸ ਅਸਥਾਨ ਦੀ ਦੂਰੀ 20 ਕਿੱਲੋਮੀਟਰ ਅਤੇ ਮਲੇਰਕੋਟਲੇ ਤੋਂ 16 ਕਿਲੋਮੀਟਰ ਹੈ । ਇਹ ਅਸਥਾਨ ਰਾਜ ਮਾਰਗ ਤੋਂ ਦੋ ਕੁ ਕਿੱਲੋਮੀਟਰ ਛਿਪਦੇ ਵੱਲ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੋਹੀੜੇ ਵਿੱਚ ਸਥਿਤ ਹੈ । ਜੇ ਤੁਸੀਂ ਲੁਧਿਆਣੇ ਤੋਂ ਸੰਗਰੂਰ ਦਰਮਿਆਨ ਸਫਰ ਕਰ ਰਹੇ ਹੋ ਤਾਂ ਇਹ ਗੁਰਦਾਵਾਰਾ ਸਾਹਿਬ ਦੇ ਦਰਸ਼ਨ ਜਰੂਰ ਕਰੋ ।

ਇਤਿਹਾਸ

ਸੰਨ 1762 ਵਿਚ ਅਬਦਾਲੀ ਦਾ ਹਮਲਾ ਲੁਧਿਆਣੇ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਕਿਲਾ ਰਾਏਪੁਰ ਤੋਂ ਸ਼ੁਰੂ ਹੋਇਆ  ਤੇ ਕੁਤਬ- ਬਾਹਮਣੀਆਂ ਤੱਕ ਜਾਰੀ ਰਿਹਾ । ਪਰ ਇਸ ਕਹਿਰੀ ਹਮਲੇ ਦੌਰਾਨ ਕੁੱਪ ਰੋਹੀੜੇ ਦੇ ਸਥਾਨ ਤੇ ਸਭ ਤੋਂ ਵੱਧ ਸ਼ਹੀਦੀਆਂ ਹੋਈਆਂ ।

ਇਮਾਰਤ

ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਤਾਰਨਤਾਰਨ ਵਾਲਿਆਂ ਦੇ ਜੱਥੇ ਵੱਲੋਂ 2001 ਵਿੱਚ ਜ਼ਮੀਨ ਖਰੀਦ ਕੇ ਆਰੰਭ ਕੀਤੀ ਗਈ ਸੀ । ਇਸ ਤੋਂ ਪਹਿਲਾਂ ਏਥੇ ਸਿਰਫ ਪੁਰਾਣਾ ਥੇਹ (ਜੋ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੁਣ ਵੀ ਮੌਜੂਦ ਹੈ) ਸੀ । ਜਿਸ ਉੱਪਰ ਨਿਹੰਗ ਸਿੰਘਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ । ਪਿੰਡ ਰੋਹੀੜੇ ਦੀ ਬਹੁਗਿਣਤੀ ਵੱਸੋਂ ਮੁਸਲਮਾਨ ਹੋਣ ਕਾਰਨ ਪੁਰਾਤਨ ਥੇਹ ਦੇ ਮਲੇਰਕੋਟਲੇ ਵਾਲੇ ਪਾਸੇ ਦੇ ਅੱਧੇ ਹਿੱਸੇ ਉੱਪਰ ਮੁਸਲਮਾਨ ਭਾਈਚਾਰੇ ਦੀਆਂ ਕਬਰਾਂ ਹਨ । ਤੇ ਲੁਧਿਆਣੇ ਵਾਲੇ ਪਾਸੇ ਦੇ ਬਾਕੀ ਅੱਧੇ ਹਿੱਸੇ ਉੱਪਰ ਹੁਣ ਸਿੱਖਾਂ ਦੀ ਮਾਲਕੀ ਹੈ । ਜਿੱਥੇ ਹੁਣ ਕਾਰ ਸੇਵਾ ਵਾਲਿਆਂ ਵੱਲੋਂ ਬਾਗ ਲਗਾ ਦਿੱਤਾ ਗਿਆ ਹੈ । ਪਰ ਫੇਰ ਵੀ ਕਾਫ਼ੀ ਪੁਰਾਣੇ ਰੁੱਖ ਤੇ ਝਾੜੀਆਂ ਮੌਜੂਦ ਹਨ । ਜੋ ਇਸਦੀ ਪੁਰਾਤਨ ਦਿੱਖ ਦਿਖਾਉਂਦੇ ਹਨ ।

ਗੁਰਦੁਆਰਾ ਸਾਹਿਬ ਦੀ ਇਮਾਰਤ ਵਿੱਚ ਰਿਹਾਇਸ਼ੀ ਕਮਰਿਆ ਵਾਲੀ 121 ਫੁੱਟ ਉੱਚੀ ਡਿਊਡੀ , ਦਰਬਾਰ ਸਾਹਿਬ ਦੀ ਇਮਾਰਤ , ਲੰਗਰ ਹਾਲ ਅਤੇ ਕੁਝ ਰਿਹਾਇਸ਼ੀ ਕਮਰੇ ਬਣੇ ਹੋਏ ਹਨ । ਜਿੱਥੇ ਕਾਰ ਸੇਵਾ ਵਾਲੇ ਜਥੇ ਦੇ ਸਿੰਘ ਰਹਿੰਦੇ ਹਨ । ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ ।

ਥੇਹ ਦੀ ਪੁਰਾਤਨਤਾ

ਗੁਰਦੁਆਰਾ ਸਾਹਿਬ ਦੇ ਸਾਹਮਣੇ ਸਥਿਤ ਪੁਰਾਣੇ ਥੇਹ ਅਤੇ ਗੁਰੂ-ਘਰ ਦੇ ਵਿਚਕਾਰ ਕਾਫ਼ੀ ਖੁੱਲ੍ਹੀ ਥਾਂ ਹੈ । ਜਿੱਥੇ ਇਕ ਕਾਫ਼ੀ ਪੁਰਾਣੀ ਬੋਹੜ ਦਾ ਰੁੱਖ ਲੱਗਿਆ ਹੋਇਆ ਹੈ । ਜਿਸਦੇ ਦੁਆਲੇ ਬੈਠਣ ਲਈ ਚਬੂਤਰਾ ਬਣਿਆ ਹੋਇਆ ਹੈ  ਤੇ ਨਾਲ ਹੀ ਇਕ ਬੰਦ ਪਈ ਨਿੱਕੀਆਂ ਇੱਟਾਂ ਦੀ ਬਣੀ ਪੁਰਾਣੀ ਖੂਹੀ ਹੈ । ਇਸੇ ਹੀ ਖਾਲ਼ੀਂ ਪਈ ਥਾਂ ਤੇ ਇਸ ਸਥਾਨ ਦੇ ਹੜੱਪਾ ਸੱਭਿਅਤਾ ਨਾਲ ਵੀ ਸੰਬੰਧਿਤ ਹੋਣ ਦੀਆਂ ਨਿਸ਼ਾਨੀਆਂ ਮਿਲੀਆ ਸਨ । ਹੁਣ ਉਹ ਖੁਦਾਈ ਵਾਲੀ ਥਾਂ ਪੂਰ ਦਿੱਤੀ ਗਈ ਹੈ ।

ਜੋੜ ਮੇਲਾ

ਹਰ ਸਾਲ 3-4-5 ਫ਼ਰਵਰੀ ਨੂੰ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਹੁੰਦਾ ਹੈ । 5 ਫ਼ਰਵਰੀ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ । ਜੋ ਗੁਰਦੁਆਰਾ ਸਾਹਿਬ ਤੋਂ ਚੱਲਕੇ ਇਲਾਕੇ ਦੇ ਕਈ ਸਾਰੇ ਪਿੰਡਾਂ ਵਿੱਚ ਹੁੰਦਿਆਂ ਹੋਇਆ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੁੰਦਾ ਹੈ । ਉਂਝ ਇੱਥੇ ਹਰ ਮਹੀਨੇ ਦਸਵੀਂ ਦੇ ਦਿਨ ਦੀਵਾਨ ਸਜਦੇ ਹਨ ਅਤੇ ਇਲਾਕੇ ਦੇ ਪਿੰਡਾਂ ਨੇ ਆਪਸ ਵਿੱਚ ਰਲਕੇ ਹਰ ਮਹੀਨੇ ਦੀ ਦਸਵੀਂ ਦੀ ਤਰੀਕ ਵੰਡੀ ਹੋਈ ਹੈ । ਜਦੋਂ ਸੰਗਤਾਂ ਆਪਣੇ ਪਿੰਡਾਂ ਵਿੱਚੋਂ ਲੰਗਰ ਅਤੇ ਕੜਾਹ ਪ੍ਰਸ਼ਾਦਿ ਦੀਆਂ ਰਸਦਾਂ ਲਿਆਕੇ ਉਹ ਦਿਨ ਮਨਾਉਂਦੀਆਂ ਹਨ ।

ਕੁੱਪ ਰੋਹੀੜਾ ਦੇ ਘੱਲੂਘਾਰੇ ਦਾ ਇਕ ਕਾਲਪਨਿਕ ਚਿਤਰ