Gurudwara Sheesh Mahal Sahib Kiratpur Sahib ਗੁਰਦੁਆਰਆ ਸ਼ੀਸ਼ ਮਹਿਲ ਸਾਹਿਬ ਕੀਰਤਪੁਰ ਸਾਹਿਬ

Gurudwara Sheesh Mahal Sahib Kiratpur Sahib ਗੁਰਦੁਆਰਆ ਸ਼ੀਸ਼ ਮਹਿਲ ਸਾਹਿਬ ਕੀਰਤਪੁਰ ਸਾਹਿਬ

Average Reviews

Description

ਕੀਰਤਪੁਰ ਸਾਹਿਬ ਸਿਖ ਤਵਾਰੀਖ ਵਿਚ ਅਹਿਮ ਥਾਂ ਰੱਖਦਾ ਹੈ। ਇਸਦੀ ਸਰਜਮੀਂ ‘ਤੇ ਛੇ ਗੁਰੂ ਸਾਹਿਬਾਨ ਦੇ ਕਦਮਾਂ ਦੀ ਛੋਹ ਲੱਗੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛਰਨ ਛੋਹ ਪ੍ਰਾਪਤ ਹੈ। ਇਤਿਹਾਸ ਅਨੁਸਾਰ ਕਹਿਲੂਰ ਦੇ ਰਾਜਾ ਤਾਰਾ ਚੰਦ ਤੋਂ ਜ਼ਮੀਨ ਲੈਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਵਸਾਇਆ। ਇਸ ਨਗਰ ‘ਚ ਛੇ ਗੁਰੂ ਸਾਹਿਬਾਨ ਤੋਂ ਇਲਾਵਾ ਬਾਬਾ ਸ੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ ਦੀਆਂ ਅਤੇ ਹੋਰ ਇਤਿਹਾਸਕ ਯਾਦਗਾਰਾਂ ਕਾਇਮ ਹਨ।

ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ
ਸ਼ੀਸ਼ ਮਹਿਲ (ਕੀਰਤਪੁਰ) ਰੋਪੜ ਤੋਂ ਆਨੰਦਪੁਰ ਸਾਹਿਬ ਜਾਂਦੇ ਹੋਏ ਰਸਤੇ ਵਿਚ ਲਗਭਗ 20 ਕਿ. ਮੀ . ‘ਤੇ ਸਤਲੁਜ ਦਰਿਆ ਦੇ ਕਿਨਾਰੇ ਕੀਰਤਪੁਰ ਵਿਚ ਸਥਿਤ ਹੈ। ਇਥੇ ਜੋ ਨਿਵਾਸ ਅਸਥਾਨ ਬਣਾਇਆ ਗਿਆ ਉਸ ਦੀ ਨੀਂਹ ਬਾਬਾ ਗੁਰਦਿੱਤਾ ਜੀ ਨੇ ਸੰਨ 1629 ਵਿਚ ਰੱਖੀ । ਇਹ ਹੁਣ ਆਬਾਦੀ ਦੇ ਵਿਚਕਾਰ ਹੈ। ਜਦੋਂ ਕੀਰਤਪੁਰ ਸਾਹਿਬ ਦੀ ਨੀਂਹ ਰੱਖੀ ਗਈ ਤਾਂ ਸਭ ਤੋਂ ਪਹਿਲੀ ਇਮਾਰਤ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਦੇ ਅਸਥਾਨ ‘ਤੇ ਹੀ ਉਸਾਰੀ ਗਈ ਸੀ। ਇਹ ਬਾਬਾ ਗੁਰਦਿੱਤਾ ਜੀ ਦਾ ਘਰ ਸੀ, ਜਿਸ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਪਰਿਵਾਰ ਨੇ ਨਿਵਾਸ ਕੀਤਾ। 1630 ਈ. ਵਿਚ ਗੁਰੂ ਹਰਿਗੋਬਿੰਦ ਸਾਹਿਬ ਇਥੇ ਆਏ ਅਤੇ 1644 ਈ. ਵਿਚ ਜੋਤੀ ਜੋਤਿ ਸਮਾਉਣ ਤਕ ਇਥੇ ਹੀ ਰਹੇ। ਇਹ ਰਿਹਾਇਸ਼ੀ ਘਰ ਸੀ । ਇਥੇ ਸੱਤਵੇਂ ਗੁਰੂ ਜੀ ਦਾ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ 1930 ਨੂੰ ਪ੍ਰਕਾਸ਼ ਹੋਇਆ ਅਤੇ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਗੁਰੂ ਹਰਿਰਾਇ ਸਾਹਿਬ ਦੇ ਘਰ ਮਾਤਾ ਹਰਿਕ੍ਰਿਸ਼ਨ ਕੌਰ ਦੀ ਕੁੱਖੋਂ 1656 ਨੂੰ ਪ੍ਰਕਾਸ਼ ਲਿਆ। ਬਾਬਾ ਰਾਮ ਰਾਇ ਜੀ ਵੀ ਸੱਤਵੇਂ ਗੁਰੂ ਸਾਹਿਬ ਦੇ ਘਰ ਮਾਤਾ ਕੋਟ ਕਲਿਆਣੀ ਤੋਂ ਸੰਮਤ 1703 ਵਿਚ ਏਥੇ ਹੀ ਜਨਮੇ ।


ਗੁਰੂ ਤੇਗ ਬਹਾਦਰ ਸਾਹਿਬ ਦੇ ਚੱਕ ਨਾਨਕੀ ਚਲੇ ਜਾਣ ਤੋਂ ਬਾਅਦ ਇਸਦੀ ਇਮਾਰਤ ਢਹਿੰਦੀ ਗਈ ਅਤੇ ਆਸਪਾਸ ਦੇ ਲੋਕਾਂ ਨੇ ਕਬਜਾ ਕਰ ਲਿਆ। 20ਵੀ ਸਦੀ ਵਿਚ ਇਸ ਅਸਥਾਨ ਦੀ ਨਵੀਨ ਇਮਾਰਤ ਉਸਾਰੀ ਗਈ ਹੈ
ਜਿਸਦੇ ਬਾਹਰ ਦੋ ਨਿਸ਼ਾਨ ਸਾਹਿਬ ਝੂਲ ਰਹੇ ਹਨ। 1934 ਵਿਚ ਕੀਤੀ ਆਪਣੀ ਯਾਤਰਾ ਸਮੇਂ ਸਾਇਕਲ ਯਾਤਰੀ ਧੰਨਾ ਸਿੰਘ ਦਸਦੇ ਹਨ ਹਨ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਖਸਤਾ ਹੈ। ਲੋਕ ਪਸ਼ੂ ਡੰਗਦੇ ਬੰਨ੍ਹਦੇ ਹਨ।
ਅਜੋਕੇ ਸਮੇਂ ਬਣੀ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀਆਂ ਚਾਰਾਂ ਕੋਨਿਆਂ ‘ਤੇ ਮਿਨਾਰ ਬਣਾਏ ਹੋਏ ਹਨ। ਵਿਚਕਾਰ ਗੁੰਬਦ ਬਣਿਆ ਹੋਇਆ ਹੈ। ਗੁਰੂ ਜੀ ਦੇ ਇਸ ਨਿਵਾਸ ਸ਼ੀਸ ਮਹਿਲ ਦੇ ਨਾਂ ਨਾਲ ਪ੍ਰਸਿਧ ਹੋਣ ਕਾਰਨ ਇਮਾਰਤ ਦੇ ਅੰਦਰ ਸ਼ੀਸ਼ ਲਗਵਾਏ ਗਏ ਹਨ ਅਤੇ ਦੀਵਾਰਾਂ ‘ਤੇ ਸੋਨੇ ਦੀ ਪਾਣ ਚਾੜ੍ਹੀ ਗਈ ਹੈ।
ਦਰਸ਼ਨੀ ਡਿਓਡੀ ਸੜਕ ਬਾਰਬਰ ਨੀਵੀਂ ਬਣੀ ਹੋਈ ਹੈ ਜਦਕਿ ਗੁਰਦੁਆਰਾ ਸਾਹਿਬ ਦਾ ਵਿਹੜਾ ਸੜਕ ਨਾਲੋਂ ਕਾਫੀ ਉੱਚਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਦੀਵਾਰਾਂ ‘ਤੇ ਸੋਨੇ ਦੀ ਪਾਨ ਚੜ੍ਹਾਈ ਗਈ ਹੈ ਅਤੇ ਸ਼ੀਸ਼ੇ ਜੜੇ ਹੋਏ ਹਨ।
ਇਸ ਅਸਥਾਨ ਦੀ ਚਾਰਦੁਆਰੀ ਦੇ ਵਿਚ ਹੀ ਦਮਦਮਾ ਸਾਹਿਬ, ਗੁਰਦੁਆਰਾ ਤਖ਼ਤ ਕੋਟ ਸਾਹਿਬ ਤੇ ਗੁਰਦੁਆਰਾ ਹਰਿਮੰਦਰ ਸਾਹਿਬ ਪਾਤਸ਼ਾਹੀ ਛੇਵੀਂ ਸ਼ੁਸ਼ੋਭਿਤ ਹਨ। ਕਿਸੇਸਮੇਂ ਇਹ ਸਾਰੇ ਗੁਰਦੁਆਰੇ ਇਕ ਕਿਲ੍ਹੇ ਦੀ ਚਾਰਦੁਆਰੀ ਵਿਚ ਹੁੰਦੇ ਸਨ। ਅਜੋਕੇ ਸਮੇਂ ਕਿਲ੍ਹੇ ਦਾ ਕੋਈ ਨਾਮੋਨਿਸ਼ਾਨ ਨਹੀਂ ਹੈ। ਗੁਰਦੁਆਰਾ ਸ਼ੀਸ਼ ਮਹਿਲ ਦੇ ਸਾਹਮਣੇ ਹੀ ਇਕ ਥੜ੍ਹਾ ਸਾਹਿਬ ਹੈ ਜਿਸਨੂੰ ਗੁਰੂ ਹਰਿਗੋਬਿੰਦ ਸਾਹਿਬ ਦਾ ਦਮਦਮਾ ਸਾਹਿਬ ਹੈ ਜਿਥੇ ਗੁਰੂ ਸਾਹਿਬ ਦੀਵਾਨ ਲਗਾਇਆ ਕਰਦੇ ਸਨ।

ਭਾਈ ਧੰਨਾ ਸਿੰਘ ਸਾਇਕਲ ਯਾਤਰੀ ਨੇ 13 ਮਈ 1934 ਨੂੰ ਇਸ ਜਗ੍ਹਾ ਦੇ ਦਰਸ਼ਨ ਕੀਤੇ ਅਤੇ ਅੱਖੀਂ ਡਿੱਠਾ ਹਾਲ ਇਸ ਤਰ੍ਹਾਂ ਬਿਆਨ ਕੀਤਾ ਹੈ –
ਗੁਰਦੁਆਆ ਸ਼ੀਸ਼ ਮਹਿਲ

“ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀਂ, ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਪਾਤਸ਼ਾਹੀ ਸਤਵੀਂ, ਸ੍ਰੀ ਗੁਰੂ ਹਰਿ ਕਿਰਸਨ ਸਾਹਿਬ ਜੀ ਪਾਤਸ਼ਾਹੀ ਅੱਠਵੀਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਜੀ। ਬਾਬਾ ਗੁਰਦਿੱਤਾ ਜੀ , ਸੂਰਜ ਮਲ, ਬਾਬਾ ਅਣੀ ਰਾਏ ਅਤੇ ਗੁਰੂ ਕੇ ਮਹਿਲ ਨਿਵਾਸ ਰਖਦੇ ਸਨ। ਇਸੀ ਅਸਥਾਨ ਵਿਚ ਬਾਬਾ ਗੁਰਦਿੱਤਾ ਜੀ ਦੇ ਮਹਿਲ ਸਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਮਾਤਾ ਗੁਜਰੀ ਜੀ ਭੀ ਨਿਵਾਸ ਰਖਦੇ ਸਨ। ਬਾਬਾ ਰਾਮ ਰਾਇ ਜੀ ਦੇ ਮਹਿਲ ਪੰਜਾਬ ਕੌਰ ਜੀ ਭੀ ਇਸੀ ਜਗਾ ਨਿਵਾਸ ਕਰਦੇ ਸਨ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਪਾਤਸ਼ਾਹੀ ਸਤਵੀਂ ਜੀ ਨੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਸੰਮਤ 1686 ਬਿ ਮਹੀਨਾ ਮਾਘ ਦਿਨ ਦੂਜੇ ਮੰਗਲਵਾਰ ਨੂੰ ਅਵਤਾਰ ਧਾਰਿਆ ਸੀ। ਇਸ ਸੀਸ ਮਹਿਲ ਵਿਖੇ ਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਪਾਤਸ਼ਾਹੀ ਸਤਵੀਂ ਜੀ ਦੇ ਦੋ ਬੇਟੇ ਗੁਰੂ ਹਰਿ ਕਿਰਸਨ ਸਾਹਿਬ ਜੀ ਪਾਤਸ਼ਾਹੀ ਅਠਵੀਂ ਨੇ ਮਾਤਾ ਕਿਰਸਨ ਕੌਰ ਜੀ ਦੀ ਕੁੱਖ ਤੋਂ ਜਗਤ ਉਧਾਰਨ ਕਰਨ ਕਾਰਨ ਸੰਮਤ 1713 ਬਿ . ਮਹੀਨਾ ਸਾਵਣ ਦਿਨ 14 ਇਕ ਪਹਿਰ ਦਿਨ ਚੜੇ ਦਿਨ ਸੋਮਵਾਰ ਨੂੰ ਅਵਤਾਰ ਧਾਰਿਆ ਸੀ। ਸ੍ਰੀ ਮਾਤਾ ਕੋਟ ਕਲਿਆਣੀ ਜੀ ਦੀ ਕੁੱਖ ਤੋਂ ਸੰ . 1703 ਫਗਣ 13 ਵੀਰਵਾਰ ਨੂੰ ਜਨਮ ਲਿਆ ਪਿਤਾ ਗੁਰੂ ਹਰਿ ਰਾਇ ਜੀ ਪਾ : ਸੱਤਵੀਂ ਤੇ ਮਾਤਾ ਕ੍ਰਿਸ਼ਨ ਜੀ ਦੀ ਕੁੱਖ ਤੋਂ ਜਨਮ 1715 ਭਾਦੋਂ ਐਤਵਾਰ ਨੂੰ। ਬਾਬਾ ਰਾਮ ਰਾਇ ਜੀ ਅਤੇ ਬੀਬੀ ਰੂਪ ਕੌਰ ਜੀ ਪਾਤਸ਼ਾਹ ਸੱਤਵੀਂ ਜੀ ਦੀ ਸਪੁਤ੍ਰੀ ਜੀ ਨੇ ਭੀ ਇਸੀ ਜਗਾ ਜਨਮ ਲਿਆ ਸੀ। ਪਾਤਸ਼ਾਹੀ ਛੇਵੀਂ ਜੀ ਦੇ ਸਪੁਤ੍ਰ ਸੂਰਜ ਮਲ, ਜਿਨ੍ਹਾਂ ਦੀ ਉਲਾਦ ਸੋਡੀ ਅਨੰਦਪੁਰ ਵਾਲੇ ਹਨ, ਉਨ੍ਹਾਂ ਦੇ ਮਹਿਲ ਭੀ ਸੀਸ ਮਹਿਲ ਵਿਖੇ ਰਹਿੰਦੇ ਸਨ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਪਾਤਸ਼ਾਹੀ ਸਤਵੀਂ ਜੀ ਦੀ ਸ਼ਾਦੀ ਭੀ ਸੀਸ ਮਹਿਲ ਵਿਖੇ 7 ਮਹਿਲਾਂ ਨਾਲ ਹੋਈ ਸੀ 7 ਡੋਲੇ ਆਏ ਸਨ , ਜਿਨ੍ਹਾਂ ਦੀ ਰਹਾਇਸ਼ ਸੀਸ ਮਹਿਲ ਵਿਖੇ ਹੀ ਰਹੀ ਸੀ। ਗੁਰਦੁਆਰਾ ਸੀਸ ਮਹਿਲ ਅਤੇ ਕਿਲਾ ਬਾਬਾ ਗੁਰਦਿੱਤਾ ਜੀ ਨੇ ਹੀ ਬਨਵਾਏ ਸਨ, ਸੀਸ ਮਹਿਲ ਦੇ ਅੰਦ੍ਰ ਅਜ ਕਲ ਤਿੰਨ ਮੰਜੀਆਂ ਸਾਹਿਬਾਂ ਬਣੀਆਂ ਹੋਈਆਂ ਹਨ ਅਤੇ ਤਿੰਨ ਹੀ ਨਿਸ਼ਾਨ ਸਾਹਿਬ ਜੀ ਝੂਲ ਰਹੇ ਹਨ। ਪਾਤਸਾਹੀ ਛੇਵੀਂ , ਸਤਵੀਂ ਅਤੇ ਅਠਵੀਂ ਜੀ ਦੇ ਅਸਥਾਨ ਬਨੇ ਹੋਏ ਹਨ ।

ਨੋਟ -ਜਿਸ ਮੌਕੇ ਸ੍ਰੀ ਗੁਰੂ ਤੋਗ ਬਹਾਦ੍ਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਚਲ ਕਰ ਦਿੱਲੀ ਸੀਸ ਦੇਣ ਜਾ ਰਹੇ ਸਨ ਤਾਂ ਅਨੰਦਪੁਰ ਤੋਂ ਚਲ ਕੇ ਗੁਰੂ ਜੀ ਕੀਰਤਪੁਰ ਗੁਰਦੁਆਰਾ ਸੀਸ ਮਹਿਲ ਵਿਖੇ ਹੀ 3 ਦਿਨ ਨਵਾਸ ਕਰਕੇ ਚੌਥੇ ਰੋਜ ਦਖਨ ਦੀ ਤ੍ਵਫ 1 ਮੀਲ ਤੇ ਕਸਬਾ ਭਰਤਗੜ ਜਾ ਪਹੁੰਚੇ ਹਨ। ਇਸ ਵਾਸਤੇ ਪਾਤਸ਼ਾਹੀ ਨੌਵੀਂ ਜੀ ਦੋ ਵਾਰੀ ਸੀਸ ਮਹਿਲ ਵਿਖੇ ਠਹਿਰੇ ਹਨ ।

ਨੋਟ – ਗੁਰਦੁਆਰਾ ਸੀਸ ਮਹਿਲ ਇਹ ਇਕ ਬੜਾ ਭਾਰੀ ਕਿਲਾ ਸੀ, ਜਿਸ ਵਿਚ ਗੁਰਦੁਆਰਾ ਸੀਸ ਮਹਿਲ, ਦਮਦਮਾ ਸਾਹਿਬ ਹਰਮੰਦਰ ਸਾਹਿਬ ਸਾਹਿਬ ਜੀ, ਤਖ਼ਤ ਸਾਹਿਬ, ਚਵੱਚਾ ਸਾਹਿਬ ਅਤੇ ਮੱਟ ਸਾਹਿਬ ਅਤੇ ਇਕ ਖੂਹ ਸੀ। ਜੋ ਅਜ ਕਲ ਗੁਰੂ ਕਾ ਖੂਹ ਕਰਕੇ ਮਛਾਹੂਰ ਹੈ, ਅਜ ਕਲ ਕਿਲੇ ਦਾ ਨਿਸ਼ਾਨ ਕੋਈ ਨਹੀਂ ਹੈ। ਸਿਰਫ ਗੁਰਦੁਆਰੇ ਹੀ ਰਹਿ ਗਏ ਹਨ। ਉਹ ਭੀ ਢਠੇ ਪਏ ਹਨ।
ਨੋਟ – ਗੁਰੂ ਗੱਦੀ ਅਨੰਦਪੁਰ ਸਾਹਿਬ ਜਾਣ ਪੂਰ ਇਸ ਵਡੇ ਸੀਸ ਮਹਿਲ ਦੀ ਪੂਰੀ ਸੰਭਾਲ ਨਾ ਹੋ ਸਕੀ ਤੇ ਅਮਾਰਤਾਂ ਗਿਰਦੀਆਂ ਗਈਆਂ । ਲੋਕਾਂ ਨੇ ਜਗਾ ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ । ਅਜ ਕਲ ਸ਼ੈਹਰ ਦੇ ਲੋਕਾਂ ਦੇ ਕਬਜੇ ਵਿਚ ਹੀ ਸਾਰਾ ਕਿਲਾ ਆਇਆ ਹੋਇਆ ਹੈ।

ਨੋਟ – ਚਿਰ ਹੋਇਆ 30 ਬਰਸ ਤੋਂ ਤਕਰੀਬਨ ਹੈ ਗੁਜਰੇ ਕਿ ਇਹ ਸੀਸ ਮਹਿਲ ਗੁਰਦੁਆਰਾ ਬਿਲਕੁਲ ਬੇਰਾਨ ਹੋ ਚੁਕਾ ਸੀ। ਸਿਰਫ ਦਵਾਰਾਂ ਹੀ ਰਹਿ ਗਈਆਂ ਸਨ , ਜਿਨਾਂ ਦਵਾਰਾਂ ਵਿਚ ਭੀ ਬ੍ਰਿਛ ਪੈਦਾ ਹੋ ਗਏ ਸਨ, ਅਤੇ ਸ਼ੌਹਰ ਦੇ ਲੋਕ ਡੰਗਰ ਬੁੱਛਾ ਬਨਣ ਲਗ ਗਏ ਸਨ। ਸਮੇਂ ਦੇ ਗੇੜ ਨਾਲ ਸ੍ਰੀ ਅਨੰਦਪੁਰ ਸਾਹਿਬ ਜੀ ਸੱਚਾ ਸੌਦਾ ਨਗਰ ਉਗੰਧ ਜਿਲਾ ਸੇਖੂਪੁਰਾ ਦੇ ਵਸਨੀਕ ਆਏ ਸਨ, ਜੋ ਅੱਗੇ ਭੀ ਗੁਰਦੁਆਰਾ ਖਰਾ ਸੌਦਾ (ਚੂਹੜਕਾਨਾ, ਅਜੋਕਾ ਪਾਕਿਸਤਾਨ) ਸੇਵਾ ਇਕ ਖੂਹ ਤੇ ਗੁਰਦੁਆਰਾ ਬਨਾਉਣ ਦੀ ਸੇਵਾ ਕਰ ਚੁੱਕੇ ਸਨ। ਇਸ ਸੀਸ ਮਹਿਲ ਦੀ ਇਹ ਹਾਲਾਤ ਵੇਖ ਕੇ ਬਾਬਾ ਜੀ ਨੇ ਆਪਨਾ ਆਸਨ ਗੁਰਦੁਆਰਾ ਸੀਸ ਮਹਿਲ ਵਿਖੇ ਲਗਾ ਦਿੱਤਾ, ਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਰੋਟੀ ਸ਼ਹਿਰ ਵਿਚੋਂ ਮੰਗ ਮੰਗ ਕੇ ਖਾਂਦੇ ਰਹੇ, ਕਿਉਂਕਿ ਗੁਰਦੁਆਰੇ ਨਾਲ ਆਮਦਨ ਕੋਈ ਨਹੀਂ ਸੀ ਹੌਲੀ ਹੌਲੀ ਸੰਗਤਾਂ ਨੂੰ ਪ੍ਰੇਰ ਕੇ ਗੁਰਦੁਆਰੇ ਦੇ ਨਿਸ਼ਾਨ ਪ੍ਰਗਟ ਕਰਕੇ ਗੁਰਦੁਆਰਾ ਸੀਸ ਮਹਿਲ ਤਿਆਰ ਕੀਤਾ, ਅਜ ਕਲ 10 ਹਜਾਰ ਦੀ ਇਮਾਰਤ ਤਿਆਰ ਹੋਈ ਵੀ ਨਜ਼ਰ ਆ ਰਹੀ ਹੈ ਅਤੇ ਇਕ ਵਿਚ ਖੂਹੀ ਲਗਵਾਈ ਹੋਈ ਹੈ। ਅਜ ਕਲ ਭੀ ਗੁਰਦੁਆਰੇ ਨੂੰ ਆਮਦਨ ਕੋਈ ਨਹੀਂ ਹੈ। ਮੰਗ ਮੰਗ ਕੇ ਗੁਜਾਰਾ ਧੂਪ , ਦੀਪ ਅਗੈਰਾ ਬਗੈਰਾ ਦਾ ਖਰਚ ਚਲਾਉਂਦੇ ਪਏ ਹਨ। ਰਹਾਇਸ਼ ਵਾਸਤੇ ਇਨਤਜਾਮ ਬਹੁਤ ਅੱਛਾ ਹੈ ।

ਨੋਟ – ਪਾਤਸ਼ਾਹੀ ਸਤਵੀਂ ਤੇ ਅੱਠਵੀਂ ਜੀ ਦੀ ਬਾਲ ਲੀਲਾ ਕਰਨ ਦੇ ਨਜ਼ਾਰੇ ਇਸੀ ਸੀਸ ਮਹਿਲ ਵਿਚ ਹੀ ਹਨ। ਸੀਸ ਮਹਿਲ ਦੇ ਪਾਸ ਹੀ ਉਤ੍ਰ ਦੀ ਤ੍ਵਫ ਪਿਪਲ ਦੇ ਪੇੜ ਹੇਠਾਂ ਦੋ ਪੱਕੀਆਂ ਮੰਜੀਆਂ ਸਾਹਿਬਾਂ ਬਨੀਆਂ ਹੋਈਆਂ ਹਨ , ਉਤੇ ਬਾਲਪਣ ਵਿਚ ਪਾਤਸ਼ਾਹੀ ਸਤਵੀਂ ਤੋਂ ਅਠਵੀਂ ਅਤੇ ਰਾਮ ਰਾਇ ਜੀ ਅਸ਼ਨਾਨ ਵਗੈਰਾ ਕਰਦੇ ਹੁੰਦੇ ਸਨ।
ਨੋਟ – ਗੁਰਦੁਆਰਾ ਸੀਸ ਮਹਿਲ ਦੇ ਚੜਦੇ ਦੀ ਤਰਫ ਹੀ ਪਾਸ ਹੀ ਇੱਕ ਨਿਸ਼ਾਨ ਖੂਹ ਹੈ। ਇਹ ਖੂਹ ਪਹਿਲਾ ਕਿਲੇ ਵਿੱਚ ਹੁੰਦਾ ਸੀ, ਜੋ ਬੜਾ ਖੂਹ ਦੇ ਨਾਮ ਪੁਰ ਮਛੂਰ ਸੀ ਅਤੇ ਪਰਾਣਾ ਹੋਨੇ ਦੇ ਅਜ ਕਲ ਬੜਾ ਖੂਹ ਕਰਕੇ ਵੀ ਸਦਦੇ ਹਨ।  ਪਰ ਗੁਰੂ ਕਾ ਖੂਹ ਕਰਕੇ ਲੋਕੀ ਮੰਨਦੇ ਹਨ। ਇਹ ਖੂਹ ਭੀ ਗੁਰਦੁਆਰੇ ਦੇ ਕਬਜੇ ਵਿੱਚ ਹੀ ਹੈ। ਹਰ ਪਾਨੀ ਭਰਦਾ ਹੈ। ਇਹ ਖੂਹ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਹੀ ਲਗਵਾਇਆ ਸੀ। ਇਸ ਖੂਹ ਦੇ ਉਤਰ ਦੀ ਪਕੀਆਂ ਪਾਉੜੀਆਂ ਬਣੀਆਂ ਹੋਈਆਂ ਹਨ, ਮਾਇਆਂ ਦੇ ਇਸ਼ਨਾਨ ਕਰਨ ਲਈ।  ਜੋ ਅਜਕਲ ਬੰਦ ਕੀਤੀਆਂ ਹੋਈਆਂ ਹਨ। ਇਸ ਖੂਹ ਦੀ ਇਕ ਸਾਖੀ ਇਹ ਵੀ ਹੈ। 
ਇਕ ਵੇਰਾਂ ਦੀ ਗੱਲ ਹੈ ਕਿ ਦੀਪ ਮਾਲਾ ਦੇ ਸਮੇਂ ਰੌਸ਼ਨੀ ਕਰਨ ਵਾਸਤੇ ਤੇਲ ਮੁਕ ਗਿਆ ਤਾਂ ਸੰਗਤਾਂ ਦੇ ਅਰਜ ਕਰਨ ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਨੇ ਖੂਹ  ਵਿਚੋਂ ਜਲ ਵਰਤਨ ਦਾ ਹੁਕਮ ਕੀਤਾ, ਜੋ ਕਿ ਤੇਲ ਦੀ ਜਗਾ ਕੰਮ ਦੇਵੇਗਾ ਹੈ। ਪੌੜੀਆਂ ਦੇ ਰਸਤੇ ਜਲ ਕਢ ਕੇ ਤੇਲ ਦੀ ਜਗਾ ਵਰਤਿਆ ਗਿਆ ਸੀ। ਅਜਕਲ ਪੌੜੀਆਂ ਬੰਦ ਹਨ। ਪਰ ਪੌੜੀਆਂ ਵਾਲੇ ਵਾਲੇ ਪਾਸੇ ਵਾਲੇ ਜਲ ਅਜ ਤਾਈਂ ਕਰਾਮਾਤ ਪਾਤਿਸ਼ਾਹੀ ਛੇਵੀਂ ਜੀ ਦੀ ਦਸਦਾ ਪਿਆ ਹੈ। ੳਹ ਇਸ ਤਰ੍ਹਾਂ ਕਿ ਹੋਰ ਚਾਹੇ ਕਿਸੇ ਪਾਸੇ ਤੋਂ ਖੂਹ ਦਾ ਜਲ ਕੱਢ ਕੇ ਚੌਲ ਪਕਾਵੋ ਤਾਂ ਚੌਲਾਂ ਦਾ ਰੰਗ ਚਿੱਟਾ ਰਹਿੰਦਾ ਹੈ ਜੈਸਾ ਰੰਗ ਆਮ ਹੁੰਦਾ ਹੈ। ਪਰ ਜੇ ਪੌੜੀਆਂ ਵਾਲੇ ਪਾਸੇ ਤੋਂ ਲ ਕਢਕੇ ਚੌਲ ਪਕਾਣ ਤਾਂ ਚੌਲਾਂ ਦਾ ਰੰਗ ਪੀਲਾ ਹੋ ਜਾਂਦਾ ਹੈ। ਇਹ ਜਾਹਰਾ ਕਰਾਮਾਤ ਅਜ ਤਾਈਂ ਜਾਹਰ ਹੈ।”

ਉਪਰੋਕਤ ਭਾਈ ਧੰਨਾ ਸਿੰਘ ਦੁਆਰਾ ਦੱਸੇ ਹਾਲ ਮੁਤਾਬਿਕ ਅਜੋਕੇ ਸਮੇਂ ਹਾਲਾਤ ਬਿਲਕੁਲ ਬਦਲੇ ਹੋਏ ਹਨ। ਨਾ ਤਾਂ ਕੋਈ ਪੁਰਾਤਨ ਇਮਾਰਤ ਹੈ, ਨਾ ਪਿਪਲ ਦਾ ਰੁਖ ਹੈ ਨਾ ਹੀ ਉਸ ਹੇਠ ਬਣੀਆਂ ਹੋਈਆਂ ਮੰਜੀਆਂ ਹਨ। ਕੋਈ ਵੀ ਪੁਰਾਤਨ ਇਮਾਰਤ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ। ਗੁਰੂ ਹਰਰਾਏ ਸਾਹਿਬ ਅਤੇ ਗੁਰ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ। ਸੰਗਤਾਂ ਦੂਰੋਂ ਨੇੜਿਆਂ ਦਰਸ਼ਨਾਂ ਨੂੰ ਆਉਂਦੀਆਂ ਹਨ। ਪੁਰਾਤਨ ਸ੍ਰੋਤਾਂ ਵਿਚ ਇਸ ਅਸਥਾਨ ਨੂੰ ਸੀਸ ਮਹਿਲ ਲਿਖਿਆ ਗਿਆ ਹੈ ਪ੍ਰੰਤੂ ਹੁਣ ਸ਼ੀਸ਼ ਮਹਿਲ ਕਿਹਾ ਜਾਂਦਾ ਹੈ।

Photos