ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਜਲ਼ੰਦੇ ਨੂੰ ਤਾਰਨ ਲਈ ਚਾਰੋਂ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ । ਜਿਵੇਂ ਭਾਈ ਗੁਰਦਾਸ ਜੀ ਪਾਤਸ਼ਾਹ ਦੀ ਸਿਫ਼ਤ ਗਾਉੰਦੇ ਹਨ ਕਿ ;
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਇਸ ਤਰ੍ਹਾਂ ਗੁਰੂ ਸਾਹਿਬ ਨੇ ਸਮੂਹ ਲੋਕਾਈ ਨੂੰ ਸਤਿ ਉਪਦੇਸ਼ ਗ੍ਰਹਿਣ ਕਰਵਾਉਣ ਹਿੱਤ ਥਾਂ ਪੁਰ ਥਾਂ ਆਪ ਜਾ ਕੇ ਧਰਤੀ ਨੂੰ ਭਾਗ ਲਾਏ। ਉੱਥੇ ਹੀ ਕਲਯੁਗੀ ਜੀਵਾਂ ਤੇ ਤਪਦੇ ਹਿਰਦਿਆਂ ਵਿੱਚ ਵੀ ਠੰਡ ਵਰਤਾਈ।ਭਾਈ ਗੁਰਦਾਸ ਜੀ ਦੇ ਅਨੁਸਾਰ ਜਿੱਥੇ ਵੀ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨ ਪਏ। ਉਹ ਥਾਂ ਪੂਜਣਯੋਗ ਹੋ ਗਈ।ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ॥ਇਸ ਤਰ੍ਹਾਂ ਸ੍ਰੀ ਹਜ਼ੂਰ ਅਨੇਕਾਂ ਥਾਂਵਾਂ ਨੂੰ ਪੂਜਣਯੋਗ ਗੁਰ ਅਸਥਾਨ ਬਣਾ ਦਿੱਤਾ। ਸਮਾਂ ਪੈਣ ਤੇ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਤੇ ਕਿਤੇ ਪਹਿਲਾ ਥੜ੍ਹੇ ਬਣੇ ਤੇ ਕਿਤੇ ਧਰਮਸ਼ਾਲਾਵਾਂ ਤੇ ਫੇਰ ਸਮਾਂ ਪਾ ਕੇ ਗੁਰੂ ਕੇ ਸਿੱਖਾਂ ਨੇ ਸੁੰਦਰ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ।ਪਰ ਇਹ ਸਮਾਂ ਦਾ ਹੀ ਗੇੜ ਸੀ ਕਿ ਸਮਾਂ ਪਾ ਕੇ ਬਹੁਤ ਸਾਰੇ ਗੁਰ ਅਸਥਾਨ ਮੁੜ ਤੋਂ ਗੁਪਤ ਹੋ ਗਏ। ਅਜਿਹੇ ਹੀ ਇਕ ਗੁਪਤ ਹੋ ਚੁੱਕੇ ਅਸਥਾਨਾਂ ਵਿੱਚੋਂ ਇਕ ਹੈ ‘ਗੁਰਦੁਆਰਾ ਛੋਟਾ ਨਾਨਕਿਆਣਾ ਸਾਹਿਬ ਹੁਜਰਾ ਸ਼ਾਹ ਮੁਕੀਮ’ ਜ਼ਿਲ੍ਹਾ ਓਕਾੜਾ , ਲਹਿੰਦੇ ਪੰਜਾਬ।
ਮਹਿਮਾ ਪ੍ਰਕਾਸ਼ ਵਿਚ ਸਾਖੀ ਆਉੰਦੀ ਹੈ ਕਿ ਗੁਰੂ ਸਾਹਿਬ ਪਾਕਪਟਨ ਤੋਂ ਹੁੰਦੇ ਹੋਏ ਇੱਥੇ ਆਏ ਸਨ। ਜਦੋਂ ਸ੍ਰੀ ਹਜ਼ੂਰ ਇਸ ਇਲਾਕੇ ਵਿੱਚ ਆਏ ਤਾਂ ਇਕਾਂਤ ਜੰਗਲ ਵਿਚ ਆਸਣ ਲਗਾਇਆ।
ਸ਼ੇਖ ਫਰੀਦ ਕੇ ਪਟਨ ਸੋ ਸ਼ਾਹ ਮੁਕਾਮ ਦੀ ਸੋ ਚਰਚਾ ਕੀਦੋਹਰਾਹੁਜਰੇ ਕੇ ਬਾਬਾ ਚਲੇ, ਪਹੁਚੇ ਨਿਕਟਿ ਤਹਾ ਜਾਇ।ਮਰਦਾਨੇ ਕੇ ਆਗਿਆ ਭਈ, “ ਕੁਛ ਗਾਉ ਰਬਾਬ ਵਜਾਇ” ।।੧॥ਜੰਗਲ ਸਬਜ ਸੁਹਾਵਨ। ਬੈਠੇ ਦਇਆਲ ਭਾਵਨਬਾਜੇ ਰਬਾਬ ਕੀ ਧੁਨਿ, ਅਦਭੁਤ ਸ਼ਬਦ ਉਚਾਰਾ ॥੨॥ਆਏ ਤਹਾ ਦੁਇ ਆਦਮ। ਵਹ ਪੀਰ ਕੇ ਥੇ ਖਾਦਮ ।।ਸੁਨ ਸ਼ਬਦ ਮਨ ਮਗਨ ਹੋ, ਕਰ ਯਾਦ ਹੀਏ ਧਾਰਾ ॥੩॥ਹੁਜਰੇ ਮੇਂ ਕਰਤ ਇਬਾਦਤ ਭਈ ਪੀਰ ਕੋ ਬਿਸਾਰ ।।ਦੀਦਾਰ ਕਰੁ ਫਕਰ ਕਾ ਭੇਜਾ ਹੈ ਮੈਂ ਪਿਆਰਾ” ॥੪॥ਖਾਦਮ ਦੋਉ ਵੇ ਆਏ । ਕਹਾ ਪੀਰ ਸੋ ਸੁਨਾਏ ।ਦੇਖਾ ਫਕਰ ਇਲਾਹੀ, ਤਿਸ ਰਾਗ ਕੇ ਅਧਾਰਾ ॥੫॥
ਭਾਈ ਮਰਦਾਨੇ ਜੀ ਰਬਾਬ ਵਜਾ ਰਹੇ ਸਨ ਅਤੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਦਾ ਕੀਰਤਨ ਕਰ ਰਹਾ ਸਨ ;
ਮ: ੧॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ਅੰਧੀ ਫੂਕਿ ਮੁਈ ਦੇਵਾਨੀ ॥ਖਸਮਿ ਮਿਟੀ ਫਿਰਿ ਭਾਨੀ ॥ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥
ਗੁਰੂ ਸਾਹਿਬ ਦਾ ਇਲਾਹੀ ਸ਼ਬਦ ਕੀਰਤਨ ਸੁਣ ਉਸ ਹੁਜਰੇ ਦੇ ਪੀਰ ਦੇ ਦੋ ਸੇਵਕਾਂ ਖਿੱਚੇ ਤੁਰੇ ਆਏ ਤੇ ਕੀਰਤਨ ਦੇ ਰਸ ਨਾਲ ਸਰਸ਼ਾਰ ਹੋ ਕੇ ਵਾਪਸ ਗਏ । ਉਹਨਾਂ ਹੁਜਰੇ ‘ਚ ਜਾ ਕੇ ਪੀਰ ਨੂੰ ਦੱਸਿਆ ਕਿ ਉਹ ਅੱਜ ਇਕ ਰੱਬ ਰੂਪੀ ਇਲਾਹੀ ਪੀਰ ਦੇ ਦਰਸ਼ਨ ਕਰਕੇ ਆਏ ਹਾਂ ਜੋ ਰਾਗ ਨਾਲ ਕੀਰਤਨ ਕਰਦਿਆਂ ਆਪਣਾ ਕਲਾਮ ਗਾਉੰਦਾ ਹੈ । ਇਹ ਸੁਣਕੇ ਉਸ ਹੁਜਰੇ ਦੇ ਪੀਰ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਜਿਸਨੂੰ ਤੁਸੀ ਰੱਬ ਦਾ ਰੂਪ ਪੀਰ ਆਖ ਰਹੇ ਹੋ । ਉਹ ਕਿੱਥੇ ਬੈਠਾ ਹੈ ? ਉਹਦਾ ਨਾਮ ਕੀ ਹੈ ? ਉਹਦੀ ਜਾਤ ਕੀ ਹੈ ? ਸੇਵਾਦਾਰ ਨੇ ਅੱਗੋਂ ਹੱਥ ਜੋੜ ਕੇ ਆਖਿਆ ਕਿ ਉਹਨਾਂ ਦਾ ਨਾਮ ਨਾਨਕ ਹੈ ਉਹ ਜੰਗਲ ਵਿੱਚ ਇਕਾਂਤ ਵਿੱਚ ਬੈਠੇ ਆਪਣੀ ਬਾਣੀ ਰਾਹੀ ਆਪਣੀ ਕਲਾਮ ਗਾ ਰਹੇ ਹਨ । ਪੀਰ ਨੇ ਕਿਹਾ ਕਿ ਤੁਸੀ ਉੱਥੇ ਬਾਣੀ ਦਾ ਕੀਰਤਨ ਸੁਣਕੇ ਆਏ ਹੋ । ਉਹ ਮੈਨੂੰ ਵੀ ਸੁਣਾਵੋ । ਤਾਂ ਉਸ ਸੇਵਾਦਾਰ ਨੇ ਅੱਗੇ ਗੁਰਬਾਣੀ ਦੀਆਂ ਉਹ ਪੰਕਤੀਆਂ ਸੁਣਾਈਆਂ ।
ਗੁਰਬਾਣੀ ਦਾ ਸ਼ਬਦ ਸੁਣਕੇ ਪੀਰ ਦੇ ਮਨ ਨੂੰ ਬਹੁਤ ਚੰਗੇ ਲੱਗੇ ਤਾਂ ਪੀਰ ਦੇ ਹਿਰਦੇ ‘ਚ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਤੇ ਆਪਣੇ ਹੁਜਰੇ ਤੋਂ ਆਪ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਜਾਣ ਦਾ ਮਨ ਬਣਾਇਆ।
ਜਦੋਂ ਉਸ ਪੀਰ ਦੇ ਚੇਲਿਆਂ ਨੇ ਪੀਰ ਦੇ ਹੁਜਰੇ ਤੋਂ ਆਪ ਚੱਲਕੇ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਫੁਰਨਾ ਸੁਣਿਆ ਤਾਂ ਇਹ ਕਹਿ ਕੇ ਉਜ਼ਰ ਕੀਤਾ ਕਿ ਏਨੇ ਸਾਲਾਂ ਤੋਂ ਤੁਸੀ ਪੀਰ ਕਦੇ ਆਪਣੇ ਹੁਜਰੇ ਤੋਂ ਬਾਹਰ ਨਹੀਂ ਨਿਕਲੇ ਅੱਜ ਕੀ ਲੋੜ ਪੈ ਗਈ। ਆਪਣੇ ਚੇਲਿਆਂ ਦਾ ਰੁਖ ਵੇਖ ਕੇ ਉਸ ਪੀਰ ਨੇ ਜਾਣਾ ਮੁਨਸਿਫ਼ ਨਾ ਸਮਝਿਆ ਤੇ ਹੁਜਰੇ ਦੇ ਅੰਦਰ ਹੀ ਬੈਠ ਗਿਆ। ਪਰ ਆਪਣੇ ਹਿਰਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਨਾਲ ਅਰਜੋਈ ਕੀਤੀ। ਉਸਦੀ ਭਾਵਨਾ ਨੂੰ ਦੋਹਾਂ ਜਹਾਨਾਂ ਦੇ ਵਾਲੀ ਜਾਣੀ ਜਾਣ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਸਾਹਿਬ ਸਮਝਦੇ ਹੋਏ ਆਪ ਦਿਆਲੂ ਹੋ ਕੇ ਉਹਦੇ ਹੁਜਰੇ ਦੇ ਬਾਹਰ ਆ ਗਏ। ਸ੍ਰੀ ਹਜ਼ੂਰ ਨੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਦਾ ਹੁਕਮ ਕਰ ਸ਼ਬਦ ਗਾਇਨ ਕੀਤਾ ;
ਸਲੋਕ ਮ: ੧ ॥ ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ।।ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ।। ਏਕ ਤੂਹੀ ਏਕ ਤੁਹੀ ।।੧।।
ਗੁਰੂ ਸਾਹਿਬ ਦੁਆਰਾ ਸ਼ਬਦ ਦਾ ਕੀਰਤਨ ਸੁਣਕੇ ਉਹ ਹੁਜਰੇ ਦਾ ਪੀਰ ਅਨੰਦਿਤ ਹੋ ਗਿਆ। ਆਪ ਚੱਲਕੇ ਬਾਹਰ ਆ ਕੇ ਸ੍ਰੀ ਹਜ਼ੂਰ ਦੇ ਚਰਨਾਂ ਤੇ ਨਤਮਸਤਕ ਹੋਇਆ ਆਖਿਆ ਕਿ ਬਹੁਤ ਭਲਾ ਹੋਇਆ ਤੁਸੀ ਦਰਸ਼ਨ ਬਖ਼ਸ਼ੇ ਹਨ। ਤੁਹਾਡੇ ਦਰਸ਼ਨ ਕਰਕੇ ਮੈੰ ਖੁਦਾ ਨੂੰ ਮਿਲ ਲਿਆ। ਉਸਨੇ ਗੁਰੂ ਸਾਹਿਬ ਦਾ ਬਹੁਤ ਆਦਰ ਸਤਿਕਾਰ ਕੀਤਾ।
ਮੌਜੂਦਾ ਹਾਲਾਤ ਜਿਸ ਸਥਾਨ ਨੇ ਗੁਰੂ ਸਾਹਿਬ ਆ ਕੇ ਬਿਰਾਜੇ ਸਨ। ਉਸ ਸਥਾਨ ਤੇ ਸਮਾਂ ਪਾ ਕੇ ਉਹਨਾਂ ਦੀ ਯਾਦ ‘ਚ ਸੰਗਤ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ। ੪੭ ਦੀ ਵੰਡ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ਼ ਨਾ ਹੋਣ ਕਾਰਨ ਨੁਕਸਾਨਿਆ ਜਾਣਾ ਸ਼ੁਰੂ ਹੋ ਗਿਆ। ਫੇਰ ਸਮਾਂ ਪਾ ਕੇ ਜਾਂ ਤੇ ਇਮਾਰਤ ਆਹ ਹੀ ਢਹਿ ਢੇਰੀ ਹੋ ਗਈ। ਜਾਂ ਆਸ ਪਾਸ ਦੇ ਲੋਕਾਂ ਨੇ ਢਾਹ ਕੇ ਜ਼ਮੀਨ ਤੇ ਕਬਜ਼ਾ ਕਰ ਲਿਆ ਹੋ ਸਕਦਾ ਹੈ। ਲਹਿੰਦੇ ਪੰਜਾਬ ਦੇ ਖੋਜੀ ਇਕਬਾਲ ਕੇਸਰ ਜਿੰਨਾ ਨੇ ਸੰਨ ੨੦੦੦ ਦੇ ਕਰੀਬ ਇਸ ਅਸਥਾਨ ਤੇ ਗਏ ਸਨ। ਤਾਂ ਉਹਨਾਂ ਆਪਣੀ ਕਿਤਾਬ ਵਿੱਚ ਉਸ ਵੇਲੇ ਯਾਦਗਾਰ ਵਾਲੇ ਅਸਥਾਨ ਤੇ ਸਿਰਫ਼ ਇਕ ਬੋਹੜ ਦਾ ਰੁੱਖ ਤੇ ਖੂਹ ਹੋਣ ਦੀ ਗਵਾਹੀ ਦਰਜ ਕੀਤਾ ਹੈ।
ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਲਹਿੰਦੇ ਪੰਜਾਬ ਦੇ ਇਸ ਅਸਥਾਨ ‘ਤੇ ਜਰੂਰ ਜਾਣਾ ਚਾਹੀਦਾ ਹੈ। ਸਥਾਨਿਕ ਲੋਕਾਂ ਦੀਆਂ ਗਵਾਹੀਆਂ ਲੈਕੇ ਇਸ ਪਾਵਨ ਅਸਥਾਨ ਨੂੰ ਮੁੜ ਪ੍ਰਗਟ ਕਰਨ ਲਈ ਯਤਨ ਕਰਨਾ ਚਾਹੀਦਾ ਹੈ।
ਇਹ ਪਾਵਨ ਅਸਥਾਨ ਹੁਜਰਾ ਸ਼ਾਹ ਮੁਕੀਮ ਸ਼ਹਿਰ ਤੋਂ ਪਿੰਡ ਬੋਗਾ ਅਵਾਨ ਵਾਲੀ ਸੜਕ ‘ਤੇ ਲਗਭਗ ਇਕ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ। ਬੋਗਾ ਅਵਾਨ ਪਿੰਡ ਹੁਜਰਾ ਸ਼ਾਹ ਮੁਕੀਮ ਤੋਂ ਦੱਖਣ-ਪੱਛਮ ਵਾਲੇ ਪਾਸੇ ਸਥਿਤ ਹੈ। ਨੇੜਲੇ ਪਿੰਡ ਸਰਾਏ ਅਮਰ ਸਿੰਘ , ਖੂਹ ਭੱਟੀਆਂ, ਅਬਾਦੀ ਮਾਲੀ ਸਿੰਘ, ਸ਼ਮਸ਼ਕੇ ਤੇ ਕੋਟ ਸ਼ੌਕਤ ਆਦਿਕ ਹਨ। ਕਿਸੇ ਵੇਲੇ ਇਸ ਅਸਥਾਨ ‘ਤੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸੁਭਾਇਮਾਨ ਸੀ ਪਰ ਹੁਣ ਸਿਰਫ਼ ਖੇਤ ਹੀ ਦਿੱਸਦੇ ਹਨ। ਪਰ ਇਹ ਅਸਥਾਨ ਅੱਜ ਵੀ ਸਥਾਨਕ ਲੋਕਾਂ ਵਿੱਚ ਛੋਟਾ ਨਾਨਕਿਆਣਾ ਕਰਕੇ ਹੀ ਜਾਣਿਆ ਜਾਂਦਾ ਹੈ। ਇੱਥੇ ਇਸ ਅਸਥਾਨ ਦੇ ਨਾਮ 9.5 ਘੁਮਾਉ ਜ਼ਮੀਨ ਵੀ ਹੈ। ਇਸ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਵੀ ਕਾਫ਼ੀ ਜ਼ਮੀਨ ਇਸ ਅਸਥਾਨ ਦੇ ਨਾਮ ਹੈ।
ਹੁਜਰਾ ਸ਼ਾਹ ਮੁਕੀਮ ਦਾ ੧੮ ਵੀਂ ਸਦੀ ਦੇ ਸਿੱਖ ਇਤਿਹਾਸ ਨਾਲ ਸੰਬੰਧ
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੋਣ ਤੋਂ ਇਲਾਵਾ ਵੀ ਹੁਜਰਾ ਸ਼ਾਹ ਮੁਕੀਮ ਦਾ ਸਿੱਖ ਇਤਿਹਾਸ ਨਾਲ ਇਕ ਹੋਰ ਗੂੜ੍ਹਾ ਸੰਬੰਧ ਹੈ। ਸਿੱਖ ਇਤਿਹਾਸ ਦੀ ਸਭ ਤੋਂ ਲਹੂ ਡੋਲਵੀਂ ੧੮ ਸਦੀ ਦਾ ਇਕ ਵਰਕਾ ਏਥੇ ਵੀ ਲਿਖਿਆ ਗਿਆ ਸੀ। ਸੰਨ 1736 ਈਸਵੀ ਵਿੱਚ ਇਸ ਸਥਾਨ ਤੇ ਸਿੰਘਾਂ ਤੇ ਤੁਰਕਾਂ ਦਾ ਜੰਗ ਹੋਇਆ ਸੀ। ਇਸ ਤੋਂ ਪਹਿਲਾਂ ਬਾਸਰਕੇ ਦੀ ਲੜਾਈ ਤੋਂ ਬਾਅਦ ਸਿੰਘਾਂ ਦਾ ਦਲ ਇਸ ਪਾਸੇ ਆ ਗਿਆ ਤੇ ਪਿੱਛੋਂ ਸ਼ਾਹੀ ਫ਼ੌਜ ਨੇ ਇਸ ਸਥਾਨ ਤੇ ਮੁੜ ਹਮਲਾ ਕੀਤਾ ਸੀ। ਇਸ ਲੜਾਈ ਤੇ ਬਿਰਤਾਂਤ ਨੂੰ ਸਿੱਖ ਇਤਿਹਾਸ ਤੇ ਖੋਜੀ ਸ.ਸਵਰਨ ਸਿੰਘ ਆਪਣੀ ਪੁਸਤਕ ‘ਭੂਰਿਆਂ ਵਾਲੇ ਰਾਜੇ ਕੀਤੇ’ ਵਿੱਚ ਇਉੰ ਪੇਸ਼ ਕਰਦੇ ਹਨ ;
ਹੁਜਰਾ ਸ਼ਾਹ ਮੁਕੀਮ ਦੀ ਲੜਾਈ
ਜਦ ‘ਤਰਨਾ ਦਲ’ ਨੂੰ ਖ਼ਬਰ ਮਿਲੀ ਕਿ ਬਾਸਰਕੇ ‘ਬੁੱਢਾ ਦਲ’ ਦੇ ਸਿੰਘਾਂ ਉੱਤੇ ਸ਼ਾਹੀ ਫ਼ੌਜ ਨੇ ਹਮਲਾ ਕਰ ਦਿੱਤਾ ਹੈ ਤੇ ਉਹ ਖੇਮਕਰਨ ਵੱਲ ਚਲੇ ਗਏ ਹਨ ਤਾਂ ‘ਤਰਨਾ ਦਲ’ ਉਨ੍ਹਾਂ ਦੀ ਸਹਾਇਤਾ ਲਈ ਚੜ੍ਹ ਪਿਆ ਤੇ ਖੇਮਕਰਨ ਦੋਵੇਂ ਦਲ ਫਿਰ ਇਕੱਠੇ ਹੋ ਗਏ। ਸਮੁੰਦ ਖਾਨ ਨੂੰ ਜੁਆਈ ਮਰੇ ਦਾ ਗ਼ੁੱਸਾ ਸੀ । ਲਖਪਤ ਰਾਏ ਵਾਲੀ ਫ਼ੌਜ ਨੂੰ ਨਾਲ ਲੈ ਕੇ , ਲਖਪਤ ਰਾਏ ਦੀ ਕਮਾਨ ਥੱਲੇ ਫ਼ੌਜ ਸਿੰਘਾਂ ਦੇ ਮਗਰ ਚੜ੍ਹਾਅ ਲਈ। ਅੱਗੇ ਅੱਗੇ ਸਿੰਘ ਤੇ ਪਿੱਛੇ ਪਿੱਛੇ ਲਾਹੌਰ ਦੀਆਂ ਗਸ਼ਤੀ ਫ਼ੌਜਾਂ ਆ ਰਹੀਆਂ ਸਨ । ਸਿੰਘਾਂ ਦੇ ਦਲ ਚੂਹਣੀਆਂ ਦੇ ਇਲਾਕੇ ਵਿੱਚ ਜਾ ਵੜੇ। ਸ਼ਾਹੀ ਫ਼ੌਜ ਹੁਣ ਲਾਹੌਰੋਂ ਕਾਫ਼ੀ ਦੂਰ ਆ ਗਈ ਸੀ ਤੇ ਛੇਤੀ ਕਿਸੇ ਹੋਰ ਮੱਦਦ ਦੇ ਪਹੁੰਚਣ ਦੀ ਵੀ ਕੋਈ ਆਸ ਨਹੀਂ ਸੀ। ਹੁਜਰਾ ਸ਼ਾਹ ਮੁਕੀਮ ਦੇ ਲਾਗੇ ਜਾ ਕੇ ਦੋਵੇਂ ਦਲ ਰੁਕ ਗਏ, ਤਾਕਿ ਮਗਰ ਆ ਰਹੀ ਫ਼ੌਜ ਨਾਲ ਦੋ ਦੋ ਹੱਥ ਕਰ ਲਏ ਜਾਣ। ਮੁਗਲ ਫ਼ੌਜ ਜਿੱਤ ਦੇ ਜੋਸ਼ ਵਿੱਚ ਆ ਰਹੀ ਸੀ। ਦੂਜੇ ਪਾਸੇ ਸਿੰਘਾਂ ਨੂੰ ਬਾਸਰਕੇ ਦੀ ਹਾਰ ਦਾ ਬੜਾ ਗ਼ੁੱਸਾ ਸੀ। ਦੋਵੇਂ ਧਿਰਾਂ ਇਕ ਦੂਜੇ ‘ਤੇ ਸ਼ੇਰਾਂ ਵਾਂਗ ਟੁੱਟ ਪਈਆਂ। ਸਿੱਖ ਇਸ ਬਹਾਦਰੀ ਨਾਲ ਲੜੇ ਕਿ ਸ਼ਾਹੀ ਫ਼ੌਜ ਦੇ ਹਜ਼ਾਰਾਂ ਸੂਰਮੇ ਧਰਤੀ ‘ਤੇ ਵਿਛਾ ਦਿੱਤੇ। ਜਮਾਲ ਖਾਨ, ਤਾਤਰ ਖਾਨ, ਦੁਨੀ ਚੰਦ (ਲਖਪਤ ਰਾਏ ਦਾ ਭਤੀਜਾ) ਵਰਗੇ ਜਰਨੈਲ ਮਾਰੇ ਗਏ। ਫ਼ੌਜ ਦੇ ਪੈਰ ਉੱਖੜ ਗਏ। ਆਪਣੇ ਮੁਰਦੇ ਤੇ ਜ਼ਖਮੀ ਛੱਡ ਕੇ ਫ਼ੌਜ ਲਾਹੌਰ ਵੱਲ ਨੱਸ ਗਈ। ਸਿੰਘਾਂ ਦੀ ਮੁਕੰਮਲ ਜਿੱਤ ਹੋਈ। ਇਹ ਹਾਰੀ ਹੋਈ ਫ਼ੌਜ ਦਾ ਬਹੁਤ ਸਾਰਾ ਸਮਾਨ ਤੇ ਘੋੜੇ ਸਿੰਘਾਂ ਦੇ ਹੱਥ ਆਏ।
Near Me