ਲਹਿੰਦੇ ਪੰਜਾਬ ਵਿਚਲਾ ਸ਼ਹਿਰ ਦੀਪਾਲਪੁਰ ਇੱਕ ਬਹੁਤ ਹੀ ਇਤਿਹਾਸਕ ਨਗਰ ਹੈ। ਇਹ ਕਦੇ ਪੰਜਾਬ ਦੀ ਰਾਜਧਾਨੀ ਰਿਹਾ ਹੈ। ਇਸ ਵੇਲੇ ਇਹ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਮਹਿਜ਼ ਇਕ ਤਹਿਸੀਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਇੱਕ ਸੁੱਕੇ ਪਿੱਪਲ਼ ਹੇਠ ਡੇਰਾ ਕੀਤਾ ਜੋ ਸੱਚੇ ਪਾਤਸ਼ਾਹ ਦੀ ਆਮਦ ਨਾਲ ਹਰਾ ਹੋ ਗਿਆ। ਗੁਰਦੁਆਰਾ ਸਾਹਿਬ ਸ਼ਹਿਰ ਦੇ ਦੱਖਣ ਵਾਲੇ ਪਾਸੇ ਹੈ ਜੋ ਕਿ ਲੰਘਦੇ ਬਾਈਪਾਸ ਤੋਂ ਕੁਝ ਫਰਲਾਂਗ ਸ਼ਹਿਰ ਵਾਲੇ ਪਾਸੇ ਨੂੰ ਹੈ।
ਇਸ ਅਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਸਿੰਧ ਤੋਂ ਹੁੰਦੇ ਹੋਏ ਇਸ ਅਸਥਾਨ ਤੇ ਪਹੁੰਚ ਸਨ। ਗੁਰੂ ਸਾਹਿਬ ਦੇ ਇਸ ਅਸਥਾਨ ਤੇ ਦੋ ਵਾਰ ਮੁਬਾਰਕ ਚਰਨ ਪਾਉਣ ਦੀ ਸਾਖੀ ਵੀ ਮਿਲਦੀ ਹੈ । ਇਸ ਅਸਥਾਨ ਦੇ ਗੁਰੂ ਸਾਹਿਬ ਦੀ ਚਰਨਛੋਹ ਹੋਣ ਦੀ ਗਵਾਹੀ ਸਾਰੇ ਹੀ ਇਤਿਹਾਸਿਕ ਸਰੋਤ ਭਰਦੇ ਹਨ।
‘ਗੁਰਧਾਮ ਦੀਦਾਰ’ ਦੇ ਕਰਤਾ ਅਨੁਸਾਰ , “ ਇੱਥੇ ਗੁਰੂ ਜੀ ਨੇ ਇਕ ਨੂਰੀ ਨਾਮੀ ਮੁਸਲਮਾਨ ਕੋਹੜੀ ਨੂੰ ਰਾਜੀ ਕਰਕੇ ਨਾਮ ਨੌਰੰਗਾ ਰੱਖਿਆ ਅਤੇ ਸੁੱਕਾ ਪਿੱਪਲ਼ ਹਰਾ ਕੀਤਾ ਜੋ ਹੁਣ ਭੀ ਮੌਜੂਦ ਹੈ। ਕੱਤਕ ਦੀ ਪੁੰਨਯਾ ਨੂੰ ਮੇਲਾ ਲੱਗਦਾ ਹੈ, ਨਾਲ ੨੫ ਘੁਮਾਉ ਦੇ ਕਰੀਬ ਜ਼ਮੀਨ ਹੈ ।”
ਏਸੇ ਤਰ੍ਹਾਂ ‘ਵਿਛੜੇ ਗੁਰਧਾਮ’ ਦੇ ਕਰਤਾ ਨੇ ਦਰਜ ਕੀਤਾ ਹੈ ਕਿ , “ਇੱਥੇ ਜੋ ਪਿੱਪਲ਼ ਦਾ ਜੋ ਰੁੱਖ ਹੁਣ ਹਰਾ ਭਰਾ ਹੈ ਪਹਿਲਾ ਸੁੱਕਾ ਹੋਇਆ ਸੀ। ਗੁਰੂ ਜੀ ਇਸ ਹੇਠ ਬਿਰਾਜੇ ਸਨ। ਇੱਥੇ ਹੀ ਨੂਰੀ ਜਿਸਨੂੰ ਕੋਹੜ ਦਾ ਰੋਗ ਲੱਗਾ ਹੋਇਆ ਸੀ, ਠੀਕ ਕੀਤਾ ਸੀ। ਛੋਟਾ ਜਿਹਾ ਗੁਰਦੁਆਰਾ ਪਰ ੨੫ ਏਕੜ ਜ਼ਮੀਨ ਇਸ ਗੁਰਦੁਆਰੇ ਦੇ ਨਾਮ ਸੀ। ਜੋ ਪਿੰਡ ਮਨਚਾਹੀਆ ਦੇ ਕੰਬੋਅ ਸਿੰਘਾਂ ਦਾਨ ਕੀਤੀ ਸੀ। ਇਕ ਏਕੜ ਜੋ ਗੁਰਦੁਆਰੇ ਦੇ ਲਾਗੇ ਖਾਲੀ ਪਈ ਸੀ ਪਿੰਡ ਵੱਲੋਂ ਦਾਨ ਸੀ। ਪਾਕਿਸਤਾਨ ਹੋਂਦ ਵਿੱਚ ਆਉਣ ਤੋਂ ਪਹਿਲਾ ਮੰਗਾ ਸਿੰਘ ਅਕਾਲੀ ਸਿੰਘ ਸੇਵਾ ਕਰਦਾ ਸੀ। ਕੱਤਕ ਦੀ ਪੂਰਨਮਾਸ਼ੀ ਨੂੰ ਬਹੁਤ ਮੇਲਾ ਭਰਦਾ ਸੀ। ਗੁਰੂ ਜੀ ਏਥੇ ਸਾਜਨ ਪਿੰਡ ਤੋਂ ਆਕੇ ਠਹਿਰੇ ਸਨ। ਗੁਰੂ ਜੀ ਨੇ ਇੱਥੇ ਹੇਠ ਲਿਖਿਆ ਸ਼ਬਦ ਉਚਾਰਿਆ ਸੀ।
ਵਾਜਾ ਮਤਿ ਖਵਾਜ ਭਾਉ ॥ਹੋਇ ਆਨੰਦ ਸਦਾ ਮਨ ਚਾਉ ॥
ਭਾਈ ਕਾਹਨ ਸਿੰਘ ਨਾਭਾ ਨੇ ਆਪਣੀ ਸ਼ਾਹਕਾਰ ਕ੍ਰਿਤ ‘ਮਹਾਨਕੋਸ਼’ ਵਿੱਚ ਇਸ ਪਾਵਨ ਅਸਥਾਨ ਦਾ ਜ਼ਿਕਰ ਕਰਦਿਆਂ ਉਚੇਚ ਨਾਲ ਕੀਤਾ ਹੈ। ਉਹ ਵੀ ਪਿੱਪਲ਼ ਹਰਾ ਕਰਨ ਤੇ ਨੂਰੀ ਵਾਲੀ ਸਾਖੀ ਦੀ ਗਵਾਹੀ ਭਰਦੇ ਹਨ। ਉਹਨਾਂ ਅਨੁਸਾਰ , “ ਇਸ ਸ਼ਹਿਰ ਵਿੱਚ ਭਾਈ ਨੱਥੂ ਰਾਮ ਦੀ ਸੰਤਾਨ ਵਿੱਚੋਂ ਭਾਈ ਹਜ਼ੂਰਾ ਸਿੰਘ ਸਹਿਜਧਾਰੀ ਸਿੱਖ ਦੇ ਘਰ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਬਖ਼ਸ਼ੀ ਹੋਈ ਮੰਜੀ ਹੈ, ਜੋ ਪੌਣੇ ਛੇ ਫੁੱਟ ਲੰਮੀ, ਤਿੰਨ ਫੁੱਟ ਚੌੜੀ ਅਤੇ ਸਵਾ ਫੁੱਟ ਉੱਚੀ ਹੈ। ਚਿੱਟੇ ਅਤੇ ਲਾਲ ਸੂਤ ਨਾਲ ਬੁਣੀ ਹੋਈ ਹੈ। ਕਾਲੀ ਲੱਕੜ ਦੀਆਂ ਬਾਹੀਆਂ ਅਤੇ ਰੰਗੀਲੇ ਪਾਵੇ ਹਨ। ਇਕ ਵੇਲਦਾਰ ਚਿਤ੍ਰੀ ਹੋਈ ਲੱਕੜ ਦੀ ਅਲਮਾਰੀ ਹੈ। ਜੋ ਬਹੁਤ ਪੁਰਾਣੀ ਹੈ ਕਹਿੰਦੇ ਹਨ ਕਿ ਇਹ ਅਲਮਾਰੀ ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਭਾਈ ਨੱਥੂ ਨੂੰ ਬਖ਼ਸ਼ੀ ਸੀ। ਸੋ ਅਲਮਾਰੀ ਤਾਂ ਇੱਥੇ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹਨ।” ਪਰ ‘੪੭ ਦੀ ਵੰਡ ਤੋਂ ਬਾਅਦ ਨਾ ਤੇ ਇਹ ਪਰਿਵਾਰ ਇੱਥੇ ਰਿਹਾ ਤੇ ਨਾ ਹੀ ਉਪਰੋਕਤ ਕੋਈ ਵੀ ਨਿਸ਼ਾਨੀ ਇਸ ਸ਼ਹਿਰ ਵਿੱਚ ਰਹੀ। ਮਹਾਨ ਕੋਸ਼ ਲਿਖਣ ਦੇ ਕਾਲ ਸਮੇਂ ਪੁਜਾਰੀ ਬੇਦੀ ਹੀਰਾ ਸਿੰਘ ਜੀ ਸੀ।
ਇਹ ਅਸਥਾਨ ਜ਼ਿਲ੍ਹਾ ਮੁਕਾਮ ਓਕਾੜਾ ਤੋਂ 16 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੰਜਾਬ ਦੇ ਵੰਡ ਵੇਲੇ ਇੱਥੇ ਵੱਸਦੇ ਮੁਕਾਮੀ ਸਿੱਖਾਂ ਨੂੰ ਮਜਬੂਰਨ ਹਿਜਰਤ ਕਰਨੀ ਪਈ ਤੇ ਇਹ ਅਸਥਾਨ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੀ ਟਹਿਲ ਸੇਵਾ ਤੋਂ ਵਾਂਝਾ ਹੋ ਗਿਆ ।
ਮੌਜੂਦਾ ਹਾਲਾਤ ਇਸ ਵੇਲੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਾ ਹੈ। ਮੌਜੂਦਾ ਸਮੇਂ ਇਸ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੋਹਣੇਵਾਲ ਤੋਂ ਗਏ ਮੁਸਲਮਾਨ ਪਰਿਵਾਰ ਵੱਸਦੇ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਅਗਲਾ ਹਿੱਸਾ ਹੀ ਸਾਬਤ ਬਚਿਆ ਹੈ ਪਰ ਉਹ ਵੀ ਢਹਿ ਢੇਰੀ ਹੋ ਰਿਹਾ ਹੈ। ਪਰ ਹਾਲੇ ਵੀ ਬਚੇ ਹੋਏ ਹਿੱਸਾ ਵਿੱਚੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸ਼ਾਨ ਦੇਖਿਆ ਹੀ ਬਣਦੀ ਹੈ ।
ਗੁਰਬਾਣੀ ਦੀਆਂ ਪਾਵਨ ਪੰਕਤੀਆਂ ਦਰਵਾਜ਼ਿਆਂ ਦੇ ਉਪਰਲੇ ਹਿੱਸਿਆਂ ਉੱਪਰ ਉਕਾਰੀਆਂ ਹੋਈਆਂ ਹਨ। ਇਮਾਰਤ ਦੋ ਮੰਜ਼ਿਲਾ ਹੈ। ਪੂਰੀ ਇਮਾਰਤ ਉਪਰ ਹੀ ਖ਼ੂਬਸੂਰਤ ਮੀਨਾਕਾਰੀ ਕੀਤੀ ਗਈ ਹੈ । ਸਿਖਰ ਉਪਰ ਛੋਟੀ ਪਾਲਕੀ ਬਣਾਕੇ ਖੰਡਾ ਅਤੇ ਕਿਰਪਾਨਾਂ ਬਣਾਈਆਂ ਹੋਈਆਂ ਹਨ। ਲੱਕੜ ਦੇ ਦਰਵਾਜ਼ੇ ਅਤੇ ਖਿੜਕੀਆਂ ਵੀ ਹਾਲੇ ਕੁਝ ਕੁਝ ਸਬੂਤੇ ਹਨ। ਪਰ ਇਸ ਵੇਲੇ ਜਾਂ ਤੇ ਹੁਣ ਕਮਰੇ ਬਣਾਕੇ ਰਿਹਾਇਸ਼ ਕੀਤੀ ਗਈ ਹੈ ਤਾਂ ਜਾਂ ਅਹਾਤੇ ਵਿੱਚ ਪਸ਼ੂ ਬੰਨ੍ਹੇ ਹੋਏ ਹਨ।
ਲੰਗਰ ਜਿੱਥੇ ਲੰਗਰ ਅਤੇ ਰਿਹਾਇਸ਼ ਲਈ ਸਰਾਂ ਹੁੰਦੀ ਸੀ। ਇਸ ਥਾਂ ਤੇ ਵੀ ਹੁਣ ਇਹ ਇਮਾਰਤਾਂ ਢਾਹ ਕੇ ਨਵੇਂ ਮਕਾਨ ਬਣ ਗਏ ਹਨ।
ਰੁੱਖ – ਗੁਰੂ ਸਾਹਿਬ ਦੀ ਆਮਦ ਮੌਕੇ ਜੋ ਸੁੱਕਾ ਪਿੱਪਲ਼ ਹਰਾ ਹੋਇਆ ਸੀ। ਸਿੱਖ ਯਾਤਰੀ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵੱਲੋਂ ਮਾਰਚ 2023 ਈ. ‘ਚ ਇਸ ਅਸਥਾਨ ਦੀ ਕੀਤੀ ਯਾਤਰਾ ਦੌਰਾਨ ਇੱਥੋਂ ਦੇ ਸਥਾਨਕ ਬਸ਼ਿੰਦੇ ਮੁਹੰਮਦ ਅਸਲਮ ਜੋ ਕਿ ਗੁਰਦੁਆਰਾ ਸਾਹਿਬ ਦੇ ਹੀ ਇਕ ਹਿੱਸੇ ਵਿੱਚ ਰਹਿੰਦੇ ਹਨ, ਨੇ ਦਸਿਆ ਕਿ ਸੰਨ 2000 ਦੇ ਕਰੀਬ ਇਥੋਂ ਦੇ ਇਕ ਸਥਾਨਕ ਪੀਰ ਨੇ ਪਿਪਲ ਦਾ ਰੁਖ ਜੜ੍ਹੋਂ ਪੁੱਟ ਦਿੱਤਾ ਸੀ। ਮੁਹੰਮਦ ਅਸਲਮ ਨੇ ਉਸ ਪੀਰ ਦੇ ਇਸ ਬੱਜਰ ਪਾਪ ਨੂੰ ਨਿੰਦਦੇ ਹੋਏ ਉਸਨੂੰ ਦੀਨ ਵੱਲੋਂ ‘ਕਾਫ਼ਰ’ ਆਖਿਆ। ਉਹ ਪਵਿੱਤਰ ਯਾਦਗਾਰ ਹੁਣ ਇਸ ਅਸਥਾਨ ਤੇ ਨਹੀਂ ਰਹੀ। ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਹੁਣ ਨਾਜਾਇਜ਼ ਕਬਜ਼ੇ ਕਰਕੇ ਸਥਾਨਕ ਲੋਕਾਂ ਨੇ ਮਕਾਨ ਬਣਾ ਲਏ ਹਨ। ਪਰ ਕਾਗਜ਼ਾਂ ਵਿੱਚ ਜ਼ਮੀਨ ਹਾਲੇ ਵੀ ਗੁਰਦੁਆਰਾ ਸਾਹਿਬ ਦੀ ਹੀ ਹੈ।
ਜੋੜ ਮੇਲਾ– ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ 'ਤੇ ਕੱਤੇ ਦੀ ਪੂਰਨਮਾਸ਼ੀ ਨੂੰ ਵੱਡਾ ਜੋੜ ਮੇਲਾ ਭਰਦਾ ਸੀ ਪ੍ਰੰਤੂ ਸੰਤਾਲੀ ਦੇ ਉਜਾੜਿਆਂ ਤੋਂ ਬਾਅਦ ਮੇਲਾ ਤਾਂ ਕਈ ਭਰਨਾ ਸੀ, ਕੋਈ ਸਿਖ ਵੀ ਇਸ ਅਸਥਾਨ ਦੀ ਸੇਵਾ ਸੰਭਾਲ ਵਾਲਾ ਨਾ ਰਿਹਾ।
ਨੂਰੀ ਦੀ ਕਬਰ ਨੂਰੀ ਕੋਹੜੀ ਜੋ ਗੁਰੂ ਸਾਹਿਬ ਸਾਹਿਬ ਦੀ ਬਖਸ਼ਿਸ਼ ਨਾਲ ਰਾਜੀ ਹੋ ਗਿਆ ਸੀ, ਦੀ ਕਬਰ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਕੁਝ ਫਰਲਾਂਗ 'ਤੇ ਸਥਿਤ ਹੈ। ਇਸ ਕਬਰ ਦੀ ਸਥਾਨ ਮੁਸਲਮਾਨਾਂ ਵਿਚ ਕਾਫੀ ਮਾਨਤਾ ਹੈ।
ਇਸ ਪਵਿੱਤਰ ਅਸਥਾਨ ਨੂੰ ਸਮਾਂ ਰਹਿੰਦੇ ਸੰਭਾਲ਼ਦਿਆਂ ਇਸਦੀ ਕਾਰ ਸੇਵਾ ਕਰਕੇ ਮੁੜ ਤੋਂ ਮਰਿਆਦਾ ਬਹਾਲ ਕਰਨ ਦੀ ਜ਼ਰੂਰਤ ਹੈ। ਤਾਂ ਜੋ ਕੁਝ ਨਿਸ਼ਾਨੀਆਂ ਤਾਂ ਸੰਭਾਲਿਆਂ ਜਾ ਸਕਣ।
ਦੀਪਾਲਪੁਰ ਸ਼ਹਿਰ ਨਾਲ ਸੰਬੰਧਤ ਦੋ ਸਾਖੀਆਂ ਦਾ ਜਿਕਰ ਸ. ਤ੍ਰਿਲੋਚਨ ਸਿੰਘ ਆਪਣੀ ਕਿਤਾਬ ਵਿਚ ਕਰਦੇ ਹਨ।ਦੀਪਾਲਪੁਰ ਦਾ ਕੋਹੜੀ ਸਿੰਧ ਤੋਂ ਗੁਰੂ ਜੀ ਜਦ ਦੀਪਾਲਪੁਰ ਪਹੁੰਚੇ ਤਾਂ ਇਕ ਬ੍ਰਿਛ ਹੇਠ ਟਿਕਾਣਾ ਕੀਤਾ। ਓਥੇ ਖੜੇ ਕੁਝ ਪਿੰਡ ਦੇ ਲੋਕਾਂ ਨੂੰ ਪੁੱਛਿਆ, ਇਥੇ ਕੋਈ ਰੱਬ ਦਾ ਭਗਤ, ਕੋਈ ਫ਼ਕੀਰ ਰਹਿੰਦਾ ਹੈ ਜਿਸ ਦੇ ਪਾਸ ਅਸੀਂ ਰਾਤ ਕੱਟ ਸਕੀਏ। ਇਕ ਦਿਹਾਤੀ ਨੇ ਵਿਅੰਗ ਭਰੀ ਗੰਭੀਰਤਾ ਨਾਲ ਆਖਿਆ, ਓਹ ਪਰ੍ਹੇ ਪਿੰਡੋਂ ਬਾਹਰ ਝੌਂਪੜੀ ਹੈ ਇਥੋਂ ਦੇ ਬੜੇ ਸਖੀ ਦਰਵੇਸ਼ ਦੀ। ਉਸ ਨੂੰ ਨੂਰਸ਼ਾਹ ਨੂਰੀ ਫ਼ਕੀਰ ਕਹਿੰਦੇ ਹਨ। ਆਇਆਂ ਗਿਆਂ ਦੀ ਬੜੀ ਸੇਵਾ ਕਰਦਾ ਹੈ। ਤੁਸੀਂ ਉਸ ਪਾਸ ਠਹਿਰ ਕੇ ਬੜੇ ਪ੍ਰਸੰਨ ਹੋਵੋਗੇ ।
ਗੁਰੂ ਬਾਬੇ ਨਾਨਕ ਨੇ ਉਸ ਦਾ ਦਰਵਾਜ਼ਾ ਜਾ ਖੜਕਾਇਆ ਅਤੇ ਆਖਿਆ, “ਦਰਵੇਸ਼, ਅਸੀਂ ਤੁਹਾਡੀ ਮਹਿਮਾ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਹਾਂ। ਇਕ ਰਾਤ ਕਟਣੀ ਹੈ।” ਅੰਦਰੋਂ ਇਕ ਫਟੇ ਪਾਟੇ ਕਪੜਿਆਂ ਵਾਲਾ ਕੋੜ੍ਹੀ ਨਿਕਲਿਆ। ਉਹ ਸਿਰ ਤੋਂ ਪੈਰਾਂ ਤਕ ਕੰਬ ਉਠਿਆ। ਉਸ ਨੇ ਸਹਿਮ ਕੇ ਆਖਿਆ, “ਦਰਵੇਸ਼ ਪਾਤਸ਼ਾਹ, ਮੈਂ ਤਾਂ ਨਾ ਫ਼ਕੀਰ ਹਾਂ ਨਾ ਦਰਵੇਸ਼। ਤੁਹਾਡੇ ਨਾਲ ਕਿਸੇ ਨੇ ਮਖੌਲ ਕੀਤਾ ਹੈ। “ਜੀ ਮੇਰਿਅਹੁ ਪਾਸਹੁ ਜਾਨਵਰ ਨਸਦੇ ਹੈਨ, ਪਰ ਅੱਜ ਖ਼ੁਦਾਇ ਦਾ ਕਰਮੁ ਹੋਆ ਹੈ ਜੋ ਆਦਮੀ ਦੀ ਸੂਰਤ ਨਦਰਿ ਆਈ ਹੈ। ਮੈਂ ਤਾਂ ਪਾਪੀ ਹਾਂ । ਪਤਾ ਨਹੀਂ ਕਿਸ ਦੋਖ ਦਾ ਦਬਿਆ ਮੈਂ ਕੋੜ੍ਹ ਗ੍ਰਸਤ ਹੋਇਆ । ਕੋਈ ਆਦਮੀ ਮੇਰੇ ਨੇੜੇ ਨਹੀਂ ਢੁਕਦਾ। ਝੁੱਗੀ ਤੋਂ ਬਾਹਰ ਪਏ ਠੂਠੇ ਵਿਚ ਜੇ ਕੋਈ ਕੁਝ ਪਾ ਜਾਏ, ਉਹ ਖਾ ਤੂੰ ਸੰਤੁਸ਼ਟ ਰਹਿੰਦਾ ਹਾਂ। ਹਰ ਕੋਈ ਮੈਥੋਂ ਨਫ਼ਰਤ ਕਰਦਾ ਹੈ। ਸ਼ੁਕਰ ਹੈ ਰੱਬ ਦਾ ਮੈਂ ਕਿਸੇ ਥੀਂ ਨਫ਼ਰਤ ਨਹੀਂ ਕਦੀ ਕੀਤੀ। ਮੇਰੀ ਸ਼ਕਲ ਸੂਰਤ ਤੋਂ ਲੋਕ ਡਰਦੇ ਹਨ।”
ਗੁਰੂ ਸਾਹਿਬ ਨੇ ਆਖਿਆ, “ਨੂਰ ਸ਼ਾਹ ਤੇਰੇ ਸਰੀਰਕ ਕਸ਼ਟ ਨੇ ਤੇਰੀ ਆਤਮਾ ਕੁੰਦਨ ਵਰਗੀ ਕਰ ਦਿਤੀ ਹੈ । ਤੂੰ ਉਨ੍ਹਾਂ ਨਾਲ ਨਫ਼ਰਤ ਨਹੀਂ ਕਰਦਾ ਜੋ ਤੈਨੂੰ ਘਿਰਣਾ ਕਰਦੇ ਹਨ। ਅਲਾਹ ਤੇ ਵਿਸ਼ਵਾਸ਼ ਰੱਖ । ਤੇਰੇ ਸਰੀਰ ਦਾ ਕਸ਼ਟ ਵੀ ਦੂਰ ਹੋਏਗਾ। ਰੱਬ ਦਾ ਨਾਮ ਸਭ ਰੋਗਾਂ ਦੀ ਅਉਖਧੀ ਹੈ। ਤੇਰੇ ਹਿਰਦੇ ਤੇ ਆਤਮਾ ਦਾ ਅੰਮ੍ਰਿਤ ਇਸ ਸਰੀਰ ਦੀ ਜ਼ਹਿਰ ਨੂੰ ਵੀ ਕੱਟ ਦੇਵੇਗਾ।”
ਨੂਰੀ ਕੋੜ੍ਹੀ ਨੂੰ ਨਵਾਂ ਜੀਵਨ ਮਿਲਿਆ, ਨਵੀਂ ਅਰੋਗ ਦੇਹ ਉਸ ਨੂੰ ਪ੍ਰਾਪਤ ਹੋਈ ਗੁਰੂ ਸਾਹਿਬ ਦੇ ਇਲਾਜ ਤੇ ਬਚਨਾਂ ਨਾਲ ਉਹ ਗੁਰੂ ਨਾਨਕ ਦਾ ਅਨਿਨ ਭਗਤ ਬਣਿਆ। ਉਹ ਆਏ ਗਏ ਮੁਸਾਫ਼ਰਾਂ ਦੀ ਦਿਲ ਖੋਲ੍ਹ ਕੇ ਸੇਵਾ ਕਰਨ ਲੱਗਾ।ਦੀਪਾਲਪੁਰ ਵਿਚ ਨੂਰਸ਼ਾਹ ਦੀ ਇਸ ਸਰਾਂ ਵਾਲੀ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਸ਼ਸ਼ੋਬਿਤ ਹੈ।
ਦੀਪਾਲਪੁਰ ਦਾ ਹੰਕਾਰੀ ਸੰਨਿਆਸੀ :
ਦੀਪਾਲਪੁਰ ਵਿਚ ਇਕ ਸੰਨਿਆਸੀ ਰਹਿੰਦਾ ਸੀ, ਜਿਸ ਦੇ ਵਰ ਸਰਾਪ ਦਾ ਸਹਿਮ ਸਾਰੇ ਸ਼ਹਿਰ ਵਿਚ ਛਾਇਆ ਹੋਇਆ ਸੀ। ਗੁਰੂ ਸਾਹਿਬ ਉਸ ਨੂੰ ਇਸ ਪਾਸਿਓਂ ਵਰਜਣ ਲਈ ਪੁੱਛਣ ਲਗੇ, ਸੁਆਮੀ ਜੀ, ਤੁਸੀਂ ਇਹ ਤਾਂ ਦਸੋਂ ਕਿ ਸੰਨਿਆਸੀ ਦਾ ਧਰਮ ਕੀ ਹੈ। ਉਸ ਨੇ ਉੱਤਰ ਦਿੱਤਾ, “ਸੰਨਿਆਸੀ ਦਾ ਧਰਮ ਹੈ ਘਰ ਬਾਰ ਛੱਡਣਾ, ਸਰੀਰ ਦੇ ਰਸ ਤਿਆਗਣੇ ਤੇ ਤਪ ਕਰਨਾ । ਇਹੀਓ ਸੰਨਿਆਸ ਹੈ।” ਗੁਰੂ ਬਾਬੇ ਨੇ ਆਖਿਆ, “ਜਦ ਤਕ ਆਸਾ ਮਨਸਾ ਦੇ ਬੰਧਨਾਂ ਦਾ ਸ਼ਿਕਾਰ ਰਹੇ ਓਹ ਸੰਨਿਆਸੀ ਅਖਵਾਣ ਦਾ ਅਧਿਕਾਰੀ ਨਹੀਂ । ਜਦ ਹਿਰਦੇ ਦੀਆਂ ਵਾਸਨਾ ਖੋ ਹੋਵਣ ਤਾਹੀਓਂ ਉਹ ਸੰਨਿਆਸੀ ਬਣਦਾ ਹੈ । ਨਿਰੋਲ ਭਖ ਨਾਲ ਸੰਨਿਆਸ ਨਹੀਂ ਧਾਰਿਆ ਜਾ ਸਕਦਾ।"
ਉਸ ਸੰਨਿਆਸੀ ਨੇ ਕਿਹਾ ਕਿ ਤੁਸੀਂ ਉਦਾਸੀ ਦਾ ਭੇਖ ਧਾਰਿਆ ਹੈ, ਤੁਹਾਡਾ ਕੀ ਧਰਮ ਨਿਯਮ ਹੈ । ਤਾਂ ਗੁਰੂ ਸਾਹਿਬ ਨੇ ਉੱਤਰ ਦਿਤਾ, “ਸਾਡਾ ਧਰਮ ਹੈ, ਜਗਤ ਦੀ ਸਭ ਵਰਤਣ ਰਖਣੀ। ਆਪਣੀ ਕੋਈ ਚੀਜ਼ ਨਾ ਜਾਨਣੀ । ਜਗਿਆਸਾ ਸਦਾ ਵਾਹਿਗੁਰੂ ਦੀ ਰਖਣੀ । ਜਦ ਕੋਈ ਜਗਿਆਸੀ ਇਕੱਲਾ ਹੋਵੇ ਤਾਂ ਉਸ ਦਾ ਨਾਮ ਸਿੱਖ ਹੈ । ਉਹ ਸਦਾ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੈ । ਜਦ ਦੋਇ ਇਕੱਠੇ ਹੋਣ, ਉਹ ਆਪਸ ਵਿਚ ਗਿਆਨ ਚਰਚਾ ਕਰਦੇ ਹਨ । ਉਹ ਸਾਧ ਸੰਗਤ ਦਾ ਰੂਪ ਧਾਰ ਲੈਂਦੇ ਹਨ। ਜੇ ਚਾਰ ਪੰਜ ਜਾਂ ਵਧ ਇਕੱਠੇ ਹੋਣ, ਅਤੇ ਪਰਮੇਸ਼ਰ ਦੀ ਕਥਾ ਤੇ ਕੀਰਤਨ ਕਰਨ ਤਾਂ ਉਹ ਗੁਰਮੁਖ ਗੁਰੂ ਦਾ ਰੂਪ ਹੁੰਦੇ ਹਨ ।
ਜੇ ਸੰਨਿਆਸੀ ਸੰਸਾਰੀਆਂ ਦੇ ਪਿੱਛੇ ਅੰਨ ਪਾਣੀ ਲਈ ਭਟਕਦਾ ਫਿਰੇ ਤਾਂ ਨਾ ਉਹ ਸੰਨਿਆਸੀ ਰਹਿੰਦਾ ਹੈ ਨਾ ਕੁਟੰਬੀ ਰਹਿੰਦਾ ਹੈ । ਤੂੰ ਜੋ ਸੰਸਾਰੀਆਂ ਨੂੰ ਵਰ ਸਰਾਪ ਨਾਲ ਪ੍ਰਭਾਵਤ ਕਰਨ ਦਾ ਜਤਨ ਕਰਦਾ ਹੈਂ, ਨਿਰਾ ਤ੍ਰਿਸ਼ਨਾ ਦਾ ਸ਼ਿਕਾਰ ਹੁੰਦਾ ਹੈਂ।
Near Me