ਗੁਰਦੁਆਰਾ ਥੜਾ ਸਾਹਿਬ, ਮੁਲਤਾਨ, ਲਹਿੰਦਾ ਪੰਜਾਬ                               Gurudwara Thara Sahib, Multan, Lehnda Punjab

ਗੁਰਦੁਆਰਾ ਥੜਾ ਸਾਹਿਬ, ਮੁਲਤਾਨ, ਲਹਿੰਦਾ ਪੰਜਾਬ Gurudwara Thara Sahib, Multan, Lehnda Punjab

Average Reviews

Description

ਮੁਲਤਾਨ, ਲਹਿੰਦੇ ਪੰਜਾਬ ਦਾ ਪ੍ਰਮੁੱਖ ਸ਼ਹਿਰ ਹੈ ਜੋ ਝਨਾਂ ਦਰਿਆ ਦੇ ਨੇੜੇ ਵਸਿਆ ਹੋਇਆ ਹੈ। ਇਹ ਕਾਫੀ ਸਮਾਂ ਪਠਾਣਾਂ ਹੇਠ ਰਿਹਾ। ਅਹਿਮਦ ਸ਼ਾਹ ਅਬਦਾਲੀ ਨੇ ਇਸ ਨੂੰ ਆਪਣੇ ਹੇਠ ਕਰਕੇ ਅਫ਼ਗਾਨਿਸਤਾਨ ਦਾ ਹਿੱਸਾ ਬਣਾਇਆ। ੧੮੧੮ ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸਨੂੰ ਜਿਤ ਕੇ ਪੰਜਾਬ ਨਾਲ ਮਿਲਾਇਆ ਗਿਆ। ੧੮੪੯ ਵਿਚ ਅੰਗਰੇਜ਼ਾਂ ਨਾਲ ਅਤੇ ੧੯੪੭ ਵਿਚ ਇਹ ਪਾਕਿਸਤਾਨ ਦਾ ਹਿੱਸਾ ਬਣ ਗਿਆ।

ਇਕਬਾਲ ਕੇਸਰ ਦੁਆਰਾ ੨੦੦੦ਈ. ਵਿਚ ਥੜ੍ਹਾ ਸਾਹਿਬ ਨੇੜਿਓ ਖਿਚੀ ਤਸਵੀਰ

ਸਾਖੀ

ਜਦ ਗੁਰੂ ਨਾਨਕ ਦੇਵ ਜੀ ਮੁਲਤਾਨ ਗਏ ਤਾਂ ਇਹ ਸੂਫੀ ਪੀਰਾਂ ਫ਼ਕੀਰਾਂ ਦਾ ਗੜ ਸੀ। ਇਨ੍ਹਾਂ ਪੀਰਾਂ ਨੇ ਗੁਰੂ ਨਾਨਕ ਦੇ ਤੇਜ ਪ੍ਰਤਾਪ ਦੀ ਕਨਸੋਅ ਸੁਣੀ ਹੋਈ ਸੀ। ਇਨ੍ਹਾਂ ਨੂੰ ਪਤਾ ਲਗ ਚੁਕਾ ਸੀ ਕਿ ਗੁਰੂ ਨਾਨਕ ਮੱਕੇ ਮਦੀਨੇ ਤਕ ਬੜਾ ਪ੍ਰਭਾਵ ਪਾ ਕੇ ਆਏ ਹਨ। ਅਚਲ ਬਟਾਲੇ ਦੇ ਸਿਧਾਂ ਵਾਂਗ ਇਨ੍ਹਾਂ ਨੂੰ ਚਿੰਤਾ ਹੋ ਗਈ ਕਿ ਗੁਰੂ ਨਾਨਕ ਦੇ ਆਉਣ ਨਾਲ ਉਨ੍ਹਾਂ ਦੇ ਕਈ ਸੌ ਸਾਲ ਦੇ ਸਥਾਪਤ ਹੋਏ ਸੂਫ਼ੀ ਕੇਂਦਰ ਨਾ ਹਿਲ ਜਾਣ। ਮੁਲਤਾਨ ਦੇ ਸੂਫ਼ੀ ਪੀਰ ਜਦ ਕਿਸੇ ਮਹਾਪੁਰਖ ਨੂੰ ਮੁਲਤਾਨੋਂ ਚਲੇ ਜਾਣ ਲਈ ਪ੍ਰੇਰਨਾ ਚਾਹੁੰਦੇ ਸਨ, ਤਾਂ ਉਹ ਬੜੇ ਸੁਚਜੇ ਇਸ਼ਾਰੇ ਮਾਤਰ ਨਾਲ ਹੀ ਇਹ ਗੱਲ ਆਖਿਆ ਕਰਦੇ ਸਨ। ਜਦ ਸ਼ੇਖ ਫ਼ਰੀਦ ਦੇ ਪੀਰ, ਬਖ਼ਤਿਆਰ ਕਾਕੀ ਮੁਲਤਾਨ ਪਹੁੰਚੇ ਤਾਂ ਉਨ੍ਹਾਂ ਨੂੰ ਜਾਣ ਲਈ ਇਸ਼ਾਰਾ ਕਰਨ ਲਈ ਉਨ੍ਹਾਂ ਦੀ ਪਈ ਜੁੱਤੀ ਦਾ ਮੂੰਹ ਬਾਹਰਵਾਰ ਨੂੰ ਕਰ ਦਿਤਾ ਸੀ। ਜਦ ਗੁਰੂ ਨਾਨਕ ਦੇਵ ਜੀ ਉਥੇ ਪਹੁੰਚੇ ਤਾਂ ਉਨ੍ਹਾਂ ਅਗੇ ਨੱਕਾ ਨੱਕ ਭਰਿਆ ਦੁੱਧ ਦਾ ਕਟੋਰਾ ਰੱਖ ਦਿਤਾ। ਜਿਸ ਦਾ ਭਾਵ ਸੀ ਕਿ ਮੁਲਤਾਨ ਅਗੇ ਹੀ ਪੀਰਾਂ ਫ਼ਕੀਰਾਂ ਨਾਲ ਭਰਿਆ ਹੋਇਆ ਹੈ। ਗੁਰੂ ਨਾਨਕ ਲਈ ਆਪਣਾ ਡੇਰਾ ਖੋਲ੍ਹਣ ਲਈ ਕੋਈ ਥਾਂ ਨਹੀਂ । ਇਸ ਲਈ ਚੰਗੀ ਗੱਲ ਹੋਵੇਗੀ ਜੇ ਉਹ ਚਲੇ ਜਾਣ। ਗੁਰੂ ਸਾਹਿਬ ਨੇ ਉਸ ਦੁੱਧ ਦੇ ਕਟੋਰੇ ਉਪਰ ਚੰਬੇਲੀ ਦਾ ਫੁੱਲ ਰਖ ਦਿਤਾ ਜਿਸ ਤੋਂ ਉਨ੍ਹਾਂ ਦਾ ਭਾਵ ਸੀ ਕਿ ਉਹ ਕਿਸੇ ਪੀਰ ਫ਼ਕੀਰ ਦੀ ਥਾਂ ਮਲਣ ਨਹੀਂ ਆਏ। ਉਹ ਜਿਤਨਾ ਚਿਰ ਮੁਲਤਾਨ ਰਹਿਣਗੇ ਇੰਝ ਰਹਿਣਗੇ ਜਿਵੇਂ ਦੁੱਧ ਉਤੇ ਤਰ ਰਹੀ ਚੰਬੇਲੀ ਆਪਣੀ ਖ਼ੁਸ਼ਬੋ ਖਿਲਾਰਦੀ ਹੈ। ਅਨੇਕਾਂ ਪੀਰਾ ਦੇ ਨਾਲ ਗਿਆਨ ਗੋਸ਼ਟ ਹੋਈ। ਸਾਰੇ ਪੀਰ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਬੜੇ ਪ੍ਰਭਾਵਤ ਹੋਏ। ਪੀਰ ਮਖ਼ਦੂਮ ਬਹਾਉੱਦੀਨ ਇਨ੍ਹਾਂ ਦਾ ਅਨਿਨ ਸ਼ਰਧਾਲੂ ਬਣਿਆ।

ਭਾਈ ਗੁਰਦਾਸ ਜੀ ਆਪਣੀ ਬਾਣੀ ਵਿਚ ਇਸ ਅਸਥਾਨ ਦਾ ਇਓਂ ਜਿਕਰ ਕਰਦੇ ਹਨ –

ਮੋਲਿਓ ਬਾਬਾ ਉਠਿਆ ਮੁਲਤਾਨ ਦੀ ਜਾਗਤਿ ਜਾਈ। ਅਗੋਂ ਪੀਰ ਮੁਲਤਾਨ ਦੇ ਦੁਧਿ ਕਟੋਰਾ ਭਰਿ ਲੈ ਆਈ। ਬਾਬੇ ਕਢਿ ਕਰਿ ਬਗਲ ਤੇ ਚੰਬਲੀ ਦੁਧ ਵਿਚ ਮਿਲਾਈ। ਜਿਉ ਸਾਗਰ ਵਿਚ ਗੰਗ ਸਮਾਈ।

ਥੜ੍ਹਾ ਸਾਹਿਬ ਇਹ ਪਵਿੱਤਰ ਅਸਥਾਨ ਸ਼ਾਹ ਸ਼ਮਸ ਰੋਡ ਉੱਤੇ, ਹਜ਼ਰਤ ਸ਼ਾਹ ਸ਼ਮਸ ਸਬਜ਼ਵਾਰੀ ਦੇ ਮਜ਼ਾਰ ਦੇ ਵਰਾਂਡੇ ਵਿਚ ਸੀ। ਮੁਲਤਾਨ ਸ਼ਹਿਰ ਅੰਦਰ ਦੌਲਤ ਦਰਵਾਜ਼ੇ ਦੇ ਅੰਦਰ ਚੌਂਕ ਪਾਰ ਕਰਦਿਆਂ ਹੀ ਇਕ ਬਹੁਤ ਉੱਚੀ ਅੰਬਰਾਂ ਨੂੰ ਛੂੰਹਦੀ ਇਮਾਰਤ ਨਜ਼ਰ ਆਉਂਦੀ ਹੈ, ਇਹ ਸ਼ਾਹ ਸ਼ਮਸ ਦਾ ਮਜ਼ਾਰ ਹੈ।

ਮੁਲਤਾਨ ਵਿਚ ਸ਼ਾਹ ਸਮਸ਼ ਤਬਰੇਜ਼ ਦੀ ਮਜਾਰ

ਗੁਰੂ ਨਾਨਕ ਦੇਵ ਜੀ ਦੇ ਇਸ ਜਗ੍ਹਾ ਆਮਦ ਦੀ ਯਾਦ ਵਿਚ ਕਦੇ ਵੱਖਰਾ ਗੁਰਦੁਆਰਾ ਸਾਹਿਬ ਤਾਂ ਨਹੀਂ ਬਣ ਸਕਿਆ ਪ੍ਰੰਤੂ ਜਿਸ ਜਗ੍ਹਾ ਗੁਰੂ ਜੀ ਬਿਰਾਜੇ ਸਨ ਉਥੇ ਇਕ ਥੜ੍ਹਾ ਸਾਹਿਬ ਉਸਾਰਿਆ ਗਿਆ ਜੋ ਗੁਰੂ ਸਾਹਿਬ ਦੀ ਇਤਿਹਾਸਕ ਯਾਦਗਾਰ ਸੀ ਪਰ ਮੁਸਲਮਾਨਾਂ ਦੀ ਅਧਿਕ ਆਬਾਦੀ ਹੋਣ ਕਾਰ ਇਸ ਨਗਰ ਵਿਚ ਕੋਈ ਗੁਰੂ- ਧਾਮ ਨਾ ਬਣ ਸਕਿਆ। ਮਹਾਰਾਜਾ ਰਣਜੀਤ ਸਿੰਘ ਸਮੇਂ ਇਸ ਬਰਾਮਦੇ ਵਿੱਚ ਹੀ ਪ੍ਰਕਾਸ਼ ਹੁੰਦਾ ਰਿਹਾ । ੧੮੫੦ ਨੂੰ ਅੰਗਰੇਜ਼ਾਂ ਨੇ ਇਹ ਪ੍ਰਕਾਸ਼ ਬੰਦ ਕਰਵਾ ਦਿੱਤਾ। ਉਸ ਤੋਂ ਬਾਅਦ ਕਦੇ ਵੀ ਗੁਰੂ ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ। ਥੜ੍ਹਾ ਸਾਹਿਬ ਬਾਰੇ ਇਕਬਾਲ ਕੇਸਰ (੨੦੦੦ਈ.) ਉਥੇ ਮੌਜੂਦ ਹੋਣ ਦੀ ਗਲ ਕਰਦੇ ਹਨ ਪ੍ਰੰਤੂ ੨੦੨੨ ਵਿਚ ਨਿਸ਼ਾਨ ਸਿੰਘ ਆਸਟਰੇਲੀਆ ਵੱਲੋਂ ਕੀਤੀ ਇਸ ਜਗ੍ਹਾ ਦੀ ਯਾਤਰਾ ਸਮੇਂ ਇਹ ਥੜ੍ਹਾ ਸਾਹਿਬ ਮੌਜੂਦ ਨਹੀਂ ਸੀ, ਨਾ ਹੀ ਕਿਸੇ ਨੂੰ ਇਸ ਅਸਥਾਨ ‘ਤੇ ਗੁਰੂ ਸਾਹਿਬ ਦੇ ਆਮਦ ਦੀ ਸਾਖੀ ਬਾਰੇ ਕੋਈ ਜਾਣਕਾਰੀ ਹੈ।

ਮੁਲਤਾਨ ਦੀ ਜੰਗ

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਤੋਂ ਇਲਾਵਾ ਮੁਲਤਾਨ ਦਾ ਸੰਬੰਧ ਖਾਲਸਾ ਰਾਜ ਦੇ ਸਮੇਂ ਵੀ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ੧੮੧੮ਈ. ਦੇ ਆਰੰਭ ਵਿੱਚ ੨੫ ਹਜ਼ਾਰ ਫੌਜ਼ ਕੰਵਰ ਖੜਕ ਸਿੰਘ ਦੀ ਸਰਦਾਰੀ ਵਿੱਚ ਮੁਲਤਾਨ ਨੂੰ ਤੋਰੀ ਅਤੇ ਦੀਵਾਨ ਚੰਦ ਉਸ ਦਾ ਨਾਇਬ ਮੁਕੱਰਰ ਕੀਤਾ ਗਿਆ। ਇਸ ਮੁਹਿੰਮ ਦੇ ਨਾਲ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਭੀ ਸਨ। ਜਿਸ ਵੇਲੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾਇਆ ਗਿਆ ਤਾਂ ਦੱਖਣੀ ਬਾਹੀ ਦੀ ਕਮਾਨ ਇਹਨਾਂ ਦੇ ਸਪੁਰਦ ਸੀ। ਦੂਸਰੀਆਂ ਬਾਤਰੀਆਂ ਸਰਦਾਰ ਦਲ ਸਿੰਘ ਨਹੇਰਨਾ, ਸਰਦਾਰ ਅਮੀਰ ਸਿੰਘ ਸੰਧਾਂਵਾਲੀਆਂ ਅਤੇ ਸਰਦਾਰ ਦੇਸਾ ਸਿੰਘ ਮਜੀਠੀਆ ਦੀ ਕਮਾਨ ਹੇਠਾਂ ਸਨ। ਮੁਲਤਾਨ ਦੇ ਹਾਕਮ ਨਵਾਬ ਮੁਜ਼ੱਫਰ ਖਾਨ ਨੇ ਵੀ ਕਾਫੀ ਤਿਆਰੀ ਕੀਤੀ ਹੋਈ ਸੀ। ਆਪਣੀ ਮੱਦਦ ਲਈ ਉਸ ਨੇ ਸਿੱਖਾਂ ਵਿਰੁੱਧ ਜਹਾਦ ਦੇ ਨਾਮ ਤੇ ਬੇ-ਸ਼ੁਮਾਰ ਮੁਲਖੱਈਆ ਭੀ ਇਕੱਠਾ ਕਰ ਲਿਆ ਸੀ ਤੇ ਉਹ ਮੁਕਾਬਲੇ ਤੇ ਡਟਿਆ ਹੋਇਆ ਫੌਜ਼ ਦੀ ਆਪ ਕਮਾਨ ਕਰ ਰਿਹਾ ਸੀ। ਭਾਵੇਂ ਖੁਦ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ ਮੁਲਤਾਨ ਮੌਜੂਦ ਨਹੀਂ ਸੀ, ਪਰ ਉਹ ਲਾਹੌਰ ਰੋਜ਼ਾਨਾ ਘੇਰੇ ਅਤੇ ਜੰਗ ਸੰਬੰਧੀ ਹਿਦਾਇਤਾਂ ਭੇਜਦੇ ਸੀ। ਉਸ ਦੀ ਮਨਸ਼ਾ ਸੀ ਕਿ ਕਿਲ੍ਹੇ ਤੇ ਧਾਵਾ ਬੋਲ ਕੇ ਕੋਈ ਖਤਰਾ ਨਾ ਲਿਆ ਜਾਵੇ ਬਲਕਿ ਘੇਰੇ ਨੂੰ ਮਜ਼ਬੂਤ ਕਰ ਕੇ ਮੁਜੱਫਰ ਖਾਨ ਨੂੰ ਕਿਲਾ ਖਾਲੀ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਵੇ। ਪਰ ਤਾਂ ਭੀ ਕਈ ਵਾਰੀ ਇੱਕੇ ਦੁੱਕੇ ਹਲਕੇ ਹੱਲੇ ਤੇ ਝੜਫਾ ਕਦੀ ਕਦੀ ਹੋ ਹੀ ਜਾਂਦੀਆਂ ਸਨ। ਗੋਲੀਬਾਰੀ ਲਗਾਤਾਰ ਜਾਰੀ ਰਹਿੰਦੀ ਸੀ। ਇਸ ਮੌਕੇ ਤੇ ਭੰਗੀਆਂ ਵਾਲੀ ਤੋਪ ਜ਼ਮਜ਼ਮਾ ਲਾਹੌਰੋ ਮੰਗਵਾ ਕੇ ਚਾਰ ਵਾਰੀ ਇੱਥੇ ਚਲਾਈ ਗਈ ਜਿਸ ਨਾਲ ਕਿਲੇ ਦੀ ਦੀਵਾਰ ਜਰਜਰੀ ਹੋ ਗਈ।

ਇਤਿਹਾਸਕ ਜਮਜਮਾ ਤੋਪ, ਲਾਹੌਰ ਸ਼ਹਿਰ ‘ਚ ਇਕ ਚੌਂਕ ਵਿਚ ਖੜ੍ਹੀ ਦੀ ਤਸਵੀਰ

ਇਸ ਵੇਲੇ ਦੀ ਇਕ ਬੜੀ ਅਜੀਬ ਘਟਨਾ ਮੁਨਸ਼ੀ ਗੁਲਾਬ ਜੀਲਾਨੀ ਨੇ ਆਪਣੀ ਲਿਖਤ ‘ਜੰਗਿ ਮਲਤਾਨ’ ਵਿੱਚ ਦਿੱਤੀ ਹੈ। ਉਹ ਲਿਖਦਾ ਹੈ ਕਿ ਇਸ ਜੰਗ ਵਿੱਚ ਮੈਂ ਭੇਸ਼ ਬਦਲਾ ਕੇ ਸੂਹੀਏ ਦਾ ਕੰਮ ਕਰ ਰਿਹਾ ਸਾਂ ਅਤੇ ਆਪਣੇ ਪਟੇ ਸਿੰਘਾਂ ਦੇ ਕੇਸਾਂ ਵਾਗ ਉੱਪਰ ਨੂੰ ਲਪੇਟੇ ਹੋਏ ਸਨ। ਆਖੀਰ ਦੇ ਦਿਨ ੨ ਜੂਨ ੧੮੧੮ ਦੀ ਗੱਲ ਹੈ ਕਿ ਜਦ ਮੈਂ ਖਬਰਾਂ ਸੂਹਾਂ ਲੈਣ ਲਈ ਇਸ ਤਰ੍ਹਾਂ ਸਿੱਖ ਫੌਜ ਵਿੱਚ ਫਿਰ ਰਿਹਾ ਸਾਂ ਤਾਂ ਤੋਪਖ਼ਾਨੇ ਦੇ ਇਕ ਪਾਸਿਓ ਮੈਨੂੰ ਘਬਰਾਹਟ ਵਿੱਚ ਕੀਤੀਆਂ ਜਾ ਰਹੀਆਂ ਹਨ ਕੁੱਝ ਗੱਲਾਂ ਸੁਣਾਈ ਪਈਆਂ। ਮੈਂ ਜਲਦੀ ਨਾਲ ਓਧਰ ਨੂੰ ਹੋ ਗਿਆ ਹੈ। ਕੀ ਵੇਖਦਾ ਹਾਂ ਕਿ ਬਾਰਾਂ ਤੇਰਾਂ ਸਿੰਘ ਆਪਸ ਵਿਚ ਝਗੜ ਰਹੇ ਹਨ ਤੇ “ਪਹਿਲੇ ਮੈਂ’, “ਪਹਿਲੇ ਮੈਂ’ ਕਹਿ ਰਹੇ ਹਨ। ਨਜ਼ਦੀਕ ਜਾਣ ਤੋਂ ਪਤਾ ਲੱਗਾ ਕਿ ਉਹਨਾਂ ਦੀ ਤੋਪ ਦਾ ਪਹੀਆ ਟੁੱਟਾ ਹੋਇਆ ਹੈ।ਇਹਨਾਂ ਵਿੱਚੋਂ ਇਕ ਨੇ ਤਜ਼ਵੀਜ ਕੀਤੀ ਕਿ ਜੇ ਇਸ ਟੁੱਟੇ ਹੋਏ ਪਹੀਏ ਦੀ ਥਾਂ ਅਸੀਂ ਵਾਰੀ ਵਾਰੀ ਆਪਣਾ ਮੋਢਾ ਡਾਹੀਏ ਤਾਂ ਇਹ ਤੋਪ ਕੰਮ ਕਰ ਸਕਦੀ ਹੈ ਤੇ ਸਾਡੇ ਪਾਸਿਓਂ ਢਿੱਲੀ ਪੈ ਰਹੀ ਹੈ ਤੋਪਾਂ ਦੀ ਮਾਰ ਫੇਰ ਤੇਜ਼ ਹੋ ਜਾਏਗੀ। ਇਹ ਤਜ਼ਵੀਜ ਸੁਣ ਕੇ ਉਹਨਾਂ ਸਿੰਘਾਂ ਵਿੱਚੋਂ ਹਰ ਕੋਈ ‘ਪਹਿਲੇ ਮੈਂ’, ‘ਪਹਿਲੇ ਮੈਂ’, ਕਹਿ ਰਿਹਾ ਸੀ ਤੇ ਸ਼ੋਰ ਮਚਿਆ ਹੋਇਆ ਸੀ। ਇਤਨੇ ਨੂੰ ਇਕ ਸਿੰਘ ਨੇ , ਜੋ ਅਫਸਰ ਮਾਲੂਮ ਹੁੰਦਾ ਸੀ, ਕਿਹਾ ਕਿ ਮੇਰੀ ਗੱਲ ਸੁਣੋ। ਪਹਿਲਾ ਮੈਂ ਆਪਣਾ ਮੋਢਾ ਡਾਹੁੰਦਾ ਹਾਂ, ਮੇਰੇ ਪਿੱਛੋਂ ਦਹਿਣੇ ਵਾਲਾ ਸਿਪਾਹੀ ਤੇ ਉਸ ਪਿੱਛੋਂ ਉਸ ਦੇ ਬਾਏਂ ਵਾਲਾ। ਇਸ ਤਰ੍ਹਾਂ ਵਾਰੀ ਵਾਰੀ ਆਪਣਾ ਮੋਢਾ ਡਾਹੁੰਦੇ ਚਲੋ, ਜੋ ਗੁਰੂ ਨੂੰ ਭਾਵੇ। ਉਹਨਾਂ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕੀਤਾ ਤੇ ਵਾਰੀ ਵਾਰੀ ਮੋਢਾ ਡਾਹ ਕੇ ਤੋਪ ਦੇ ਧਮਾਕੇ ਨਾਲ ਦਸ ਗਿਆਰਾਂ ਆਦਮੀ ਫਨਾਹ ਹੋ ਗਏ ਪਰ ਤੋਪ ਚਲਾਉਂਦੇ ਗਏ। ਇਤਨੇ ਨੂੰ ਜਰਜਰੀ ਹੋਈ ਕਿਲ੍ਹੇ ਦੀ ਕੰਧ ਵਿੱਚ ਪਾੜ ਪੈ ਗਿਆ ਤੇ ਸਿੰਘ ਦੀਵਾਰ ਉੱਤੇ ਚੜ੍ਹ ਗਏ।

ਮੁਲਤਾਨ ਦੀ ਜੰਗ ਦਾ ਇਕ ਖੂਬਸੂਰਤ ਚਿਤਰ

ਅੰਤ ਵਿਚ ਗੁਲਾਮ ਜੀਲਾਨੀ ਲਿਖਦਾ ਹੈ ਕਿ ਸਿੱਖਾਂ ਦੇ ਇਸ ਸਾਕੇ ਨੂੰ ਵੇਖ ਕੇ ਹੈਰਾਨ ਹੋ ਰਿਹਾ ਸਾਂ ਤੇ ਕਈ ਵਾਰੀ ਮੇਰਾ ਜੀ ਵੀ ਉਛਾਲੇ ਮਾਰਦਾ ਸੀ ਕਿ ਮੈਂ ਭੀ ਆਪਣਾ ਮੋਢਾ ਇਸ ਪਹੀਏ ਦੇ ਹੇਠਾਂ ਦੇ ਦੇਵਾਂ ਅਤੇ ਜੇ ਮੈਂ ਜੀਉਂਦਾ ਰਿਹਾ ਹਾਂ ਤਾਂ ਕਿ ਇਸ ਲਈ ਕਿ ਸਿੱਖਾਂ ਦੀ ਇਸ ਸੂਰਮਗਤੀ ਦੀ ਕਹਾਣੀ ਦੁਨੀਆਂ ਵਿਚ ਜੀਊਂਦਾ ਛੱਡ ਜਾਵਾਂ।ਇਸ ਇਸ ਵੇਲੇ ਦੀ ਹੀ ਗੱਲ ਮਾਲੂਮ ਹੁੰਦੀ ਹੈ ਜਦ ਕਿ ਮੋਕਾ ਤਾੜ ਕੇ ਅਕਾਲੀ ਫੂਲਾ ਸਿੰਘ ਨਿਹੰਗ ਨੇ ਅਚਾਨਕ ਹੀ ਕਿਲ੍ਹੇ ਤੇ ਧਾਵਾ ਬੋਲਿਆ। ਨਵਾਬ ਮੁਜ਼ੱਫਰ ਖਾਨ ਆਪਣੇ ਪੁੱਤਰਾਂ ਸਮੇਤ ਮੁਕਾਬਲੇ ਲਈ ਆਇਆ ਪਰ ਖਾਲਸੇ ਦੀ ਤਲਵਾਰ ਦੇ ਸਾਹਮਣੇ ਪੇਸ਼ ਨਾ ਗਈ ਤੇ ਸਿੰਘ ਅਕਾਲ ਗੂੰਜਾਉਂਦੇ ਅੰਦਰ ਧਸਣੇ ਸ਼ੁਰੂ ਹੋ ਗਏ। ਮੁਜ਼ੱਫਰ ਖਾਨ ਆਪਣੇ ਪੰਜਾ ਪੁੱਤਰਾਂ ਸਮੇਤ ਲੜਦਾ ਮਾਰਿਆ ਗਿਆ। ਇਸ ਵੇਲੇ ਜਿਹੜੇ ਸੂਰਮੇ ਸਾਰਿਆਂ ਨਾਲੋਂ ਮੋਹਰੇ ਸਨ ਤੇ ਜੋ ਪਾੜ ਰਾਹੇ ਕਿਲ੍ਹੇ ਦੇ ਅੰਦਰ ਦਾਖਲ ਹੋਏ, ਉਹਨਾਂ ਵਿੱਚੋਂ ਇਕ ਸਰਦਾਰ ਸ਼ਾਮ ਸਿੰਘ ਭੀ ਸੀ। ਇਸ ਜੰਗ ਵਿੱਚ ਸਰਦਾਰ ਸ਼ਾਮ ਸਿੰਘ ਜ਼ਖਮੀ ਭੀ ਹੋ ਗਏ ਸਨ ਤੇ ਮੋਢੇ ਤੇ ਤਲਵਾਰ ਦਾ ਘਾਓ ਲੱਗਾ ਸੀ।ਨਵਾਬ ਮੁਜ਼ੱਫਰ ਖਾਨ ਦਾ ਵੱਡਾ ਪੁੱਤਰ ਸਰਫ਼ਰਾਜ ਖ਼ਾਨ ਤੇ ਇਕ ਛੋਟਾ ਜ਼ੁਲਫਿਕਾਰ ਖ਼ਾਨ ਜੰਗੀ ਕੈਦੀਆਂ ਦੀ ਹੈਸੀਅਤ ਵਿੱਚ ਲਾਹੌਰ ਪਹੁੰਚਾਏ ਗਏ ਤੇ ਮਹਾਰਾਜੇ ਨੇ ਉਹਨਾਂ ਦੇ ਗੁਜ਼ਾਰੇ ਲਈ ਪੈਨਸ਼ਨ ਤੇ ਜਾਗੀਰ ਦੇ ਦਿੱਤੀ। ਜਿਸ ਵੇਲੇ ਸੂਬਾ ਦੀ ਮੁਲਤਾਨ ਦੀ ਹਕੂਮਤ ਲਈ ਪ੍ਰਬੰਧ ਹੋਣਾ ਸ਼ੁਰੂ ਹੋਇਆ ਅਤੇ ਮਹਾਰਾਜਾ ਨੇ ਥਾਓਂ ਥਾਈ ਆਪਣੇ ਹਾਕਮ ਮੁਕੱਰਰ ਕੀਤੇ ਤਾਂ ਰੰਗਪੁਰ ਦਾ ਇਲਾਕਾ ਸਰਦਾਰ ਸ਼ਾਮ ਸਿੰਘ ਦੇ ਸਪੁਰਦ ਕੀਤਾ ਗਿਆ। ਅਹਿਮਦਪੁਰ ਵਿੱਚ ਸਰਦਾਰ ਦੇਸਾ ਸਿੰਘ ਮਜੀਠੀਏ ਤੇ ਤਲੰਬੇ ਵਿੱਚ ਖਾਲਸਾ ਫ਼ਤਹਿ ਸਿੰਘ ਆਹਲੂਵਾਲੀਏ ਦੇ ਠਾਣੇ ਨੀਯਤ ਹੋਏ।