Gurudwara Gurusar sahib Siahar ਸਿਆੜ੍ਹ

Gurudwara Gurusar sahib Siahar ਸਿਆੜ੍ਹ

Average Reviews

Description

ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸਿਆੜ੍ਹ, ਲੁਧਿਆਣਾ

ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸਿਆੜ੍ਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਸਥਾਨ ਹੈ । ਮਹਾਨ ਕੋਸ਼ ਅਤੇ ਗੁਰਦੁਆਰਾ ਕੋਸ਼ ਅਨੁਸਾਰ ਗੁਰੂ ਸਾਹਿਬ ਇਸ ਅਸਥਾਨ ਤੇ ਰਾੜਾ ਪਿੰਡ ਤੋਂ ਜਗੇੜੇ ਪਿੰਡ ਨੂੰ ਜਾਂਦੇ ਹੋਏ ਰੁਕੇ ਸਨ । ਗੁਰੂ ਸਾਹਿਬ ਦਾ ਘੋੜਾ ਬਿਮਾਰ ਹੋ ਕੇ ਇੱਥੇ ਚਲਾਣਾ ਕਰ ਗਿਆ ਸੀ ਤਾਂ ਇਸ ਸਥਾਨ ਤੇ ਬੜੀ ਰਮਣੀਕ ਝਿੜੀ ਦੇਖ ਕੇ ਮਹਾਰਾਜ ਨੇ ਘੋੜਾ ਇਥੇ ਦਫ਼ਨਾਇਆ ਸੀ । ਉਹ ਭਗਰੂ ਨਾਮ ਦੇ ਵਿਅਕਤੀ ਦੀ ਜ਼ਮੀਨ ਸੀ । ਭਗਰੂ ਨੇ ਮਹਾਰਾਜ ਨੂੰ ਸਧਾਰਨ ਮਨੁੱਖ ਸਮਝ ਕੇ ਆਖਿਆ ਕਿ ਮੈਂ ਇੱਥੇ ਕਦੇ ਚਿੜੀ ਨਹੀਂ ਫਰਕਣ ਦਿੱਤੀ ਤੁਸੀ ਇੱਥੇ ਘੋੜਾ ਦਫ਼ਨਾਇਆ ਹੈ ਤਾਂ ਮਹਾਰਾਜ ਨੇ ਬਚਨ ਕੀਤੇ ਕਿ ਭਾਈ ਇੱਥੇ ਚਿੜੀਆਂ ਤਾਂ ਫਰਕਣਗੀਆਂ ਪਰ ਤੂੰ ਨਹੀਂ ਫਰਕੇਂਗਾ । ਗੁਰੂ ਸਾਹਿਬ ਦੇ ਬਚਨ ਅਟੱਲ ਹੋਏ ਤੇ ਉਹ ਆਪਣੇ ਪਰਿਵਾਰ ਸਮੇਤ ਨਗਰ ਛੱਡ ਗਿਆ । ਗਿਆਨੀ ਗਿਆਨ ਸਿੰਘ ਅਨੁਸਾਰ ਉਸਦਾ ਅੰਸ਼ ਹੁਣ ਰੋਪੜ ਦੇ ਇਲਾਕੇ ਵਿੱਚ ਵੱਸਦੀ ਹੈ ।

ਗੁਰ ਤੀਰਥ ਸਾਇਕਲ ਯਾਤਰਾ ਦੇ ਕਰਤਾ ਭਾਈ ਧੰਨਾ ਸਿੰਘ ਅਨੁਸਾਰ ਗੁਰੂ ਸਾਹਿਬ ਇਸ ਅਸਥਾਨ ਤੇ ਪਿੰਡ ਘੁਡਾਣੀ ਤੋਂ ਆਏ ਸਨ ਅਤੇ ਪਿੰਡ ਰਾੜੇ ਨੂੰ ਗਏ ਸਨ । ਭਾਈ ਧੰਨਾ ਸਿੰਘ ਵੀ ਭਗਰੂ ਵਾਲੀ ਸਾਖੀ ਦਾ ਜ਼ਿਕਰ ਇਸ ਤਰ੍ਹਾਂਕਰਦੇ ਹਨ , “ ਇਸ ਜਗ੍ਹਾ ਗੁਰੂ ਜੀ ਦਾ ਘੋੜਾ ਸਰੀਰ ਛੱਡ ਗਿਆ ਸੀ ਤਾਂ ਪਿਤਾ ਜੀ ਨੇ ਝਿੜਾ ਦੇਖ ਕੇ ਘੋੜਾ ਦੱਬਾ ਦਿੱਤਾ ਸੀ , ਤਾਂ ਜ਼ਿਮੀਂਦਾਰ ਭਗਰੂ ਨੇ ਆ ਕੇ ਕਹਿਆ ਗੁਰੂ ਜੀ ਆਪਨੇ ਮੇਰੀ ਜ਼ਮੀਨ ਵਿੱਚ ਘੋੜਾ ਕਿਉੰ ਦੱਬਿਆ ਹੈ । ਮੈਂ ਤਾਂ ਅੱਜ ਤੱਕ ਇਸ ਜਗ੍ਹਾ ਚਿੜੀ ਨੀ ਛਿਪਨੇ ਦਿੱਤੀ ਹੈ । ਤਾਂ ਗੁਰੂ ਜੀ ਨੇ ਫ਼ਰਮਾਇਆ ਕੇ ਭਾਈ ਭਗਰੂ ਇਸ ਜਗ੍ਹਾ ਚਿੜੀਆਂ ਤਾਂ ਬਹੁਤ ਹੋਇਆ ਕਰਨੀਆਂ ਪਰ ਤੂ ਹੀ ਨਹੀਂ ਰਹੇਗਾ । ਸੋ ਅੱਜ ਕੱਲ ਭਗਰੂ ਦੀ ਅੰਸ ਵਿੱਚ ਕੋਈ ਨਹੀਂ ਹੈ ਤੇ ਗੁਰੂ ਜੀ ਘੋੜੇ ਉੱਤੇ ਦਸਾਲਾ ਪਾ ਕੇ ਪਿੰਡ ਰਾੜੇ ਨੂੰ ਚਲੇ ਗਏ ਸਨ ”

ਅੱਗੇ ਇਸ ਸਥਾਨ ਬਾਬਤ ਸਾਖੀ ਇਸ ਤਰ੍ਹਾਂ ਹੈ ਕਿ ਗੁਰੂ ਸਾਹਿਬ ਦੇ ਇਸ ਅਸਥਾਨ ਤੋਂ ਜਾਣ ਤੋਂ ਬਾਅਦ ਕੁਝ ਲਾਲਚੀ ਲੋਕਾਂ ਨੇ ਜੋ ਕੀਮਤੀ ਦੁਸ਼ਾਲੇ ਸਤਿਗੁਰੂ ਜੀ ਘੋੜੇ ਉੱਪਰ ਪਾ ਕੇ ਗਏ ਸਨ । ਉਹ ਲਾਲਚ ਵੱਸ ਆ ਤੇ ਕੱਢ ਕੇ ਵੇਚ ਦਿੱਤੇ । ਜਦੋਂ ਗੁਰੂ ਸਾਹਿਬ ਨੂੰ ਇਸ ਗੱਲ ਬਾਬਤ ਦੱਸਿਆ ਗਿਆ ਤਾਂ ਉਹਨਾਂ ਬਚਨ ਕੀਤੇ ਸਨ ਕਿ ਜਿਨ੍ਹਾਂ ਨੇ ਵੀ ਇਸ ਸਾਰੇ ਪਾਪ ‘ਚ ਹਿੱਸਾ ਲਿਆ ਭਾਵ ਜਿਸਨੇ ਦੁਸ਼ਾਲਾ ਦੱਬਣ ਦੀ ਗੱਲ ਅੱਗੇ ਦੱਸੀ , ਜਿਸਨੇ ਕੱਢਕੇ ਵੇਚਿਆ ਤੇ ਜਿਸਨੇ ਖ਼ਰੀਦਿਆ । ਉਹ ਸਾਰੇ ਹੀ ਇੱਥੇ ਨਹੀਂ ਵਸਣਗੇ । ਗੁਰੂ ਸਾਹਿਬ ਦੇ ਬਚਨ ਅਟੱਲ ਹੋਏ ਤੇ ਉਹਨਾਂ ਵਿੱਚੋਂ ਕਿਸੇ ਦੀ ਵੀ ਅੰਸ ਪਿੰਡ ਵਿੱਚ ਨਹੀਂ ਵੱਸਦੀ । ਇਸ ਸਾਖੀ ਦੀ ਪ੍ਰੋੜ੍ਹਤਾ ਤਕਰੀਬਨ ਸਾਰੇ ਸਰੋਤ ਹੀ ਕਰਦੇ ਹਨ ।

ਗੁਰਦੁਆਰਾ ਕੋਸ਼ ਅਨੁਸਾਰ ਪਿੰਡ ਵਾਸੀਆਂ ਨੇ ਬਾਅਦ ਵਿੱਚ ਜਿੱਥੇ ਘੋੜਾ ਦਫ਼ਨਾਇਆ ਸੀ ਉੱਥੇ ਸਮਾਧ ਅਤੇ ਜਿਸ ਸਥਾਨ ਤੇ ਗੁਰੂ ਸਾਹਿਬ ਬਿਰਾਜੇ ਸਨ । ਉੱਥੇ ਥੜ੍ਹਾ ਸਾਹਿਬ ਦੀ ਉਸਾਰੀ ਕੀਤੀ ਅਤੇ ਸਮਾਂ ਗੁਜ਼ਰਨ ਤੇ ਏਸੇ ਸਥਾਨ ਤੇ ਇਕ ਕਮਰਾ ਤਾਮੀਰ ਕੀਤਾ ਗਿਆ । ਜਿਸਦੀ ਦੇਖ ਭਾਲ ਲੰਮਾ ਸਮਾਂ ਸਾਧੂ ਮਹਾਤਮਾ ਕਰਦੇ ਰਹੇ । ਭਾਈ ਟਹਿਲ ਸਿੰਘ ਦੀ ਅਗਵਾਈ ਹੇਠ ਸਥਾਨਕ ਸੰਗਤ ਨੇ ੧੯੧੮ ਗੁਰਦੁਆਰਾ ਸਾਹਿਬ ਦਾ ਵਿਸਥਾਰ ਕੀਤਾ ਅਤੇ ਛੋਟੇ ਜਿਹੇ ਸਰੋਵਰ ਦੀ ਉਸਾਰੀ ਵੀ ਕੀਤੀ ।ਗਿਆਨੀ ਗਿਆਨ ਸਿੰਘ ਅਨੁਸਾਰ ਫੂਲਕਾ ਮਿਸਲ ਵਿਚਾਲੇ ਸਥਾਨਕ ਜਗੀਰਦਾਰ ਮਲੌਦੀਏ ਸਰਦਾਰ ਨੇ ਵੀ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਸੇਵਾ ਵਿੱਚ ਸਹਿਯੋਗ ਕੀਤਾ । ਗੁਰਧਾਮ ਦਰਸ਼ਨ ਦੇ ਕਰਤਾ ਅਨੁਸਾਰ ਭਾਈ ਨਰਾਇਣ ਸਿੰਘ ਮਹੰਤ ਨੇ ਵੀ ਇਸ ਅਸਥਾਨ ਦੀ ਉਸਾਰੀ ਤੇ ਸਾਂਭ ਸੰਭਾਲ਼ ਦੀ ਸੇਵਾ ਕੀਤੀ ਹੈ ।

ਇਲਾਕੇ ਵਿੱਚ ਪ੍ਰਚਲਿਤ ਸਾਖੀ ਅਨੁਸਾਰ ਛੇਵੇਂ ਪਾਤਸ਼ਾਹ ਮਹਿਰਾਜ ਦੀ ਜੰਗ ਉਪਰੰਤ ਵੱਖ ਵੱਖ ਇਲਾਕਿਆਂ ਦੀ ਸੰਗਤ ਨੂੰ ਦਰਸ਼ਨ ਬਖ਼ਸ਼ਦੇ ਹੋਏ । ਪਿੰਡ ਜਗੇੜੇ ਤੋਂ ਜੋ ਕਿ ਸਿਆੜ੍ਹ ਤੋਂ ਪੰਜ ਕਿੱਲੋਮੀਟਰ ਪੱਛਮ ਵੱਲ ਨੂੰ ਹੈ ਉੱਥੋਂ ਹੁੰਦੇ ਹੋਏ ਇੱਥੇ ਪਹੁੰਚੇ ਸਨ । ਇੱਥੇ ਗੁਰੂ ਸਾਹਿਬ ਦਾ ਮਹਿਰਾਜ ਜੀ ਜੰਗ ਵਿੱਚ ਜ਼ਖਮੀ ਮਸ਼ਹੂਰ ਘੋੜਾ “ਦਿਲਬਾਗ” ( ਉਹਨਾਂ ਦੋ ਪ੍ਰਸਿੱਧ ਘੋੜਿਆਂ ਦਿਲਬਾਗ ਤੇ ਗੁਲਬਾਗ ‘ਚੋਂ ਜੋ ਭਾਈ ਬਿਧੀ ਚੰਦ ਲੈ ਕੇ ਆਏ ਸਨ ) ਸਰੀਰ ਛੱਡ ਗਿਆ ਸੀ ਤੇ ਸੱਚੇ ਪਾਤਸ਼ਾਹ ਨੇ ਉੱਥੇ ਆਪ ਮਹਿੰਗੇ ਦੁਸ਼ਾਲੇ ਪਾ ਕੇ ਝਿੜੀ ਵਿੱਚ ਦਫ਼ਨਾਇਆ ਸੀ ਤੇ ਅੱਗੇ ਪਿੰਡ ਘੁਡਾਣੀ ਕਲਾਂ ਚਲੇ ਗਏ ਸਨ । ( ਜਿੱਥੇ ਮਹਾਰਾਜ ਜੀ ਦਾ 52 ਕਲੀਆਂ ਵਾਲਾ ਉਹ ਪਵਿੱਤਰ ਚੋਲਾ ਸਾਹਿਬ ਸ਼ਸ਼ੋਭਿਤ ਹੈ ਜਿਸ ਰਾਹੀਂ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਦੀ ਰਿਹਾਈ ਕਰਵਾਈ ਸੀ । ਘੁਡਾਣੀ ਕਲਾਂ ‘ਚ ਗੁਰੂ ਸਾਹਿਬ ਨਾਲ ਸੰਬੰਧਿਤ ਕਈ ਅਸਥਾਨ ਹਨ । ਭਾਈ ਧੰਨਾ ਸਿੰਘ ਅਨੁਸਾਰ ਗੁਰੂ ਸਾਹਿਬ ਨੇ ਘੁਡਾਣੀ ਕਲਾਂ ਤਿੰਨ ਮਹੀਨੇ ਦਸ ਦਿਨ ਕਿਆਮ ਕੀਤਾ ਸੀ । )

ਇਲਾਕੇ ਦੀ ਸਾਖੀ ਅਨੁਸਾਰ ਦੂਜੀ ਵਾਰ ਗੁਰੂ ਸਾਹਿਬ ਘੁਡਾਣੀ ਕਲਾਂ ਤੋਂ ਫੇਰ ਵਾਪਸ ਆਏ ਤੇ ਜਦੋਂ ਇਲਾਕਾ ਨਿਵਾਸੀਆਂ ਨੇ ਦੁਸ਼ਾਲਾ ਚੋਰੀ ਕਰਨ ਵਾਲੀ ਵਾਰਤਾ ਮਹਾਰਾਜ ਜੀ ਨੂੰ ਦੱਸੀ ਤਾਂ ਗੁਰੂ ਸਾਹਿਬ ਨੇ ਦੁਸ਼ਾਲਾ ਚੋਰੀ ਕਰਨ ਨਾਲ ਸੰਬੰਧਿਤ ਵਿਅਕਤੀਆਂ ਦੇ ਨਗਰ ਵਿੱਚ ਨਾ ਵੱਸਣ ਬਾਰੇ ਬਚਨ ਕੀਤੇ ਸਨ । ਜੋ ਅਟੱਲ ਹੋਏ । ਇਲਾਕੇ ਇਸ ਅਸਥਾਨ ਨੂੰ ਆਮ ਕਰਕੇ ਗੁਰਦੁਆਰਾ ਭਗਰੂਆਣਾ ਸਾਹਿਬ ਹੀ ਸੰਬੋਧਿਤ ਹੁੰਦੀ ਹੈ । ਕਿਉਂਕਿ ਇਸ ਅਸਥਾਨ ਤੇ ਪਹਿਲਾਂ ਪਾਣੀ ਦਾ ਇਕ ਛੱਪੜ ਜਾਂ ਢਾਬ ਸੀ । ਜਿਸਨੂੰ ਕਿ ਪਿੰਡ ਵਾਸੀ ਢਾਬ ਨੂੰ ‘ਆਣਾ’ ਵਜੋਂ ਸੰਬੋਧਿਤ ਹੋਣ ਕਾਰਨ ਜ਼ਿਮੀਂਦਾਰ ਭਗਰੂ ਦੀ ਢਾਬ ਨੂੰ ‘ਭਗਰੂਆਣਾ’ ਆਖਦੇ ਸਨ । ਇਸੇ ਕਰਕੇ ਇਲਾਕੇ ਵਿੱਚ ਅੱਜ ਵੀ ਇਸ ਅਸਥਾਨ ਦਾ ਨਾਮ ਗੁਰਦੁਆਰਾ ਭਗਰੂਆਣਾ ਸਾਹਿਬ ਹੀ ਪ੍ਰਚਲਿਤ ਹੈ । ਇਹ ਅਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਜੋ ਕਿ ਗੁਰਦੁਆਰਾ ਐਕਟ ਦੇ ਸੈਕਸ਼ਨ ੮੭ ਅਧੀਨ ਨੋਟੀਫਾਇਡ ਹੈ । ਜਿਸਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੁਆਰਾ ਨਾਮਜ਼ਦ ਸਥਾਨਕ ਕਮੇਟੀ ਕਰਦੀ ਹੈ । ਇੱਥੇ ਹੋਰ ਪ੍ਰਮੁਖ ਸਿੱਖ ਗੁਰਪੁਰਬਾਂ ਤੋਂ ਇਲਾਵਾ ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ ਹੈ । ਅਤੇ ਹਰੇਕ ਮਹੀਨੇ ਪੂਰਨਮਾਸ਼ੀ ਮੌਕੇ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ ।

ਇਹ ਅਸਥਾਨ ਪਿੰਡ ਸਿਆੜ੍ਹ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਵਿੱਚ ਹੈ । ਮੰਡੀ ਅਹਿਮਦਗੜ੍ਹ ਤੋਂ ਖੰਨਾ ਰੋਡ ਤੇ ਅਹਿਮਦਗੜ੍ਹ ਤੋਂ ਖੰਨੇ ਵੱਲ ਤਿੰਨ ਕਿੱਲੋਮੀਟਰ ਦੀ ਦੂਰੀ ਤੇ ਨਹਿਰ ਤੋਂ ਇਕ ਸੜਕ ਪਿੰਡ ਝੱਮਟ ਤੋਂ ਸਿਆੜ੍ਹ ਨੂੰ ਜਾਂਦੀ ਹੈ । ਜਿਸ ਉੱਪਰ ਅਹਿਮਦਗੜ੍ਹ – ਖੰਨਾ ਰੋਡ ਤੋਂ ਦੋ ਕਿੱਲੋਮੀਟਰ ਚੜ੍ਹਦੇ ਵੱਲ ਇਹ ਇਤਿਹਾਸਕ ਅਸਥਾਨ ਸਸ਼ੋਬਿਤ ਹੈ ।

ਪ੍ਰਬੰਧ ਅਤੇ ਮਰਿਆਦਾ ਦਰਬਾਰ ਸਾਹਿਬ ਦੀ ਸੁੰਦਰ ਇਮਾਰਤ , ਵੱਡਾ ਤੇ ਖੁੱਲ੍ਹਾ ਦੀਵਾਨ ਹਾਲ , ਲੰਗਰ ਹਾਲ , ਸੇਵਾਦਾਰਾਂ ਦੀ ਰਿਹਾਇਸ਼ ਲਈ ਕਮਰੇ ਸਥਿਤ ਹਨ । ਅਤੇ ਜਿਸ ਅਸਥਾਨ ਤੇ ਘੋੜਾ ਦਫ਼ਨਾਇਆ ਗਿਆ ਸੀ ਉਸ ਥਾਂ ਤੇ ਯਾਦਗਾਰ ਬਣੀ ਹੋਈ ਹੈ । ਸਵੇਰ ਸ਼ਾਮ ਦੀ ਮਰਿਆਦਾ ਮੁਤਾਬਕ ਕੀਰਤਨ ਅਤੇ ਨਿਤਨੇਮ ਹੁੰਦਾ ਹੈ ਅਤੇ ਹਰ ਵੇਲੇ ਲੰਗਰ ਵਰਤਦਾ ਹੈ ।

Photos