Gurudwara Chola Sahib, Ghudani Kalan, Ludhaina ਗੁਰਦੁਆਰਾ ਚੋਲਾ ਸਾਹਿਬ ਪਾਤਸ਼ਾਹੀ ਛੇਵੀਂ ਘੁਡਾਣੀ ਕਲਾਂ, ਲੁਧਿਆਣਾ

Gurudwara Chola Sahib, Ghudani Kalan, Ludhaina ਗੁਰਦੁਆਰਾ ਚੋਲਾ ਸਾਹਿਬ ਪਾਤਸ਼ਾਹੀ ਛੇਵੀਂ ਘੁਡਾਣੀ ਕਲਾਂ, ਲੁਧਿਆਣਾ

Average Reviews

Description

ਗੁਰਦੁਆਰਾ ਚੋਲਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਘੁਡਾਣੀ ਕਲਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਿਕ ਗੁਰਧਾਮ ਹੈ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਨਾ ਸਿਰਫ਼ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕਿਆਮ ਕੀਤੀ ਸਗੋਂ ਇੱਥੇ ਉਹਨਾਂ ਦਾ ਉਹ ਇਤਿਹਾਸਿਕ ਚੋਲਾ ਸਾਹਿਬ ਵੀ ਹੈ ਜਿਸ ਰਾਹੀਂ ਹਜ਼ੂਰ ਪਿਤਾ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਦੀ ਬੰਦ ਖ਼ਲਾਸੀ ਕਰਵਾਈ ਸੀ। ਏਸੇ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਚੋਲਾ ਸਾਹਿਬ ਪਾਤਸ਼ਾਹੀ ਛੇਵੀਂ ਹੈ ।

ਗੁਰਦੁਆਰਾ ਕੋਸ਼ ਅਨੁਸਾਰ, “ ਇਹ ਗੁਰਦੁਆਰਾ ਉਸ ਥਾਂ ਹੈ , ਜਿੱਥੇ ਪਿੰਡ ਦੇ ਮੁਖੀ ਭਾਈ ਸੂਰਤੀਏ ਮਸੰਦ ਦਾ ਘਰ ਹੁੰਦਾ ਸੀ । ਇਹ ਗੁਰੂ ਸਾਹਿਬ ਦਾ ਮਸੰਦ ਸੀ , ਗੁਰੂ ਸਾਹਿਬ ਇਸ ਦੇ ਘਰ ਹੀ ੪੫ ਦਿਨ ਠਹਿਰੇ ਸਨ। ਗੁਰੂ ਸਾਹਿਬ ਨੇ ਉਸਦੀ ਸੇਵਾ ਅਤੇ ਸ਼ਰਧਾ ਵੇਖ ਕੇ ਉਸਨੂੰ ਕੁਝ ‘ਪਵਿੱਤਰ ਨਿਸ਼ਾਨੀਆਂ’ ਬਖ਼ਸ਼ੀਆਂ ।

੧. ਇੱਕ ਚੋਲਾ ਸਾਹਿਬ ਦਿੱਤਾ , ਜਿਸਦੀਆਂ 52 ਕਲੀਆਂ ਹਨ।

੨. ਇਕ ਛੋਟੀ ਜਿਹੀ ਹੱਥ ਲਿਖਤ ਪੋਥੀ ਹੈ , ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਲਈ ਗਈ ਹੈ । ਸੁਖਮਨੀ ਸਾਹਿਬ ਦਾ ਪਹਿਲਾ ਸਲੋਕ ਅਤੇ ਅਸ਼ਟਪਦੀ ਗੁਰਮੁਖੀ ਦੇ ਸੁਨਹਿਰੀ ਹਰਫਾਂ ਨਾਲ ਲਿਖੀ ਗਈ ਹੈ।
੩.ਪੈਰਾਂ ਦੇ ਜੋੜੇ ਦਾ ਇਕ ਪੈਰ, ਮਖਮਲੀ ਕਢਾਈ ਵਾਲੇ ਕੱਪੜੇ ਵਿੱਚ ਪਿਆ ਹੈ। “

ਘੁਡਾਣੀ ਕਲਾਂ ਪਿੰਡ ਬਾਰੇ ਇਹ ਮਿੱਥ ਹੈ ਕਿ ਪਿੰਡ ਦੀ ਮੋੜੀ ਇੱਥੋਂ ਪੰਜ-ਛੇ ਮੀਲ ਦੂਰ ਕੁਦਰਤੀ ਆਫ਼ਤ ਨਾਲ ਤਬਾਹ ਹੋਏ ਪਿੰਡ ਦੇ ਇੱਕੋ-ਇੱਕ ਬਚੇ ਵਿਅਕਤੀ ਨੇ ਗੱਡੀ ਸੀ। ਛੇਵੇਂ ਪਾਤਸ਼ਾਹ ਦੀ ਇਸ ਨਗਰ ਵਿੱਚ ਆਮਦ ਬਾਰੇ ਸਾਖੀ ਇਹ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾ ਰਹੇ ਸਨ ਤਾਂ ਉਹ ਲੰਮਾ ਪੈਂਡਾ ਤੈਅ ਕਰਦੇ ਵੱਖ ਵੱਖ ਪਿੰਡਾਂ ਵਿਚ ਦੀ ਹੁੰਦੇ ਹੋਏ 25 ਫੱਗਣ 1688 ਬਿਕਰਮੀ 1631 ਈ: ਨੂੰ ਘੁਡਾਣੀ ਨਗਰ ਪਹੁੰਚੇ ਸਨ ।

ਸਿੱਖ ਯਾਤਰੀ ਭਾਈ ਧੰਨਾ ਸਿੰਘ ਅਗਸਤ 1931 ਵਿੱਚ ਇਸ ਸਥਾਨ ਦੀ ਯਾਤਰਾ ਦਾ ਬਿਰਤਾਂਤ ਲਿਖਦਿਆਂ ਦੱਸਦੇ ਹਨ ਕਿ “ਇਸ ਪਿੰਡ ਦੇ ਵਿਚਾਲੇ ਛੇਵੇਂ ਪਿਤਾ ਜੀ ਦਾ ਗੁਰਦੁਆਰਾ ਹੈ । ਇਸ ਜਗ੍ਹਾ ਗੁਰੂ ਜੀ ਨੇ ਇਕ ਨਿੰਮ ਦੇ ਕੀਲੇ ਨਾਲ ਘੋੜਾ ਬੰਨ੍ਹਿਆਂ ਸੀ। ਜਿਸਦਾ ਕਿ ਅਜ ਕਲ ਨਿੰਮ ਦਾ ਦਰਖ਼ਤ ਹੋਇਆ ਖੜਾ ਹੈ। ਏਹ ਨਿੰਮ ਭੀ ਗੁਰਦੁਆਰੇ ਦੇ ਵਿਚੇ ਹੀ ਹੈ । ਤੇ ਇਹ ਗੁਰਦੁਆਰਾ ਇਕ ਬੋਹੜ ਦੇ ਦਰਖ਼ਤ ਹੇਠਾਂ ਹੈ । “

ਪਿੰਡ ਘੁਡਾਣੀ ਕਲਾਂ ਇਲਾਕੇ ਦਾ ਪੁਰਾਣਾ , ਮਸ਼ਹੂਰ ਤੇ ਵੱਡਾ ਪਿੰਡ ਹੈ । ਸਥਾਨਕ ਸਾਖੀਆਂ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿੱਥੇ ਇਸ ਨਗਰ ਵਿੱਚ ਕਈ ਦਿਨ ਠਿਕਾਣਾ ਕਰਕੇ ਜਿੱਥੇ ਸੰਗਤ ਨੂੰ ਗੁਰਮਤ ਉਪਦੇਸ਼ ਤੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤੀ । ਉੱਥੇ ਹੀ ਇਸ ਪਿੰਡ ਤੋਂ ਅੱਗੇ ਜਾਣ ਵੇਲੇ ਗੁਰੂ ਸਾਹਿਬ ਤੇ ਇਸ ਪਿੰਡ ਨੂੰ ਤਿੰਨ ਵਰ ਬਖ਼ਸ਼ੇ ਸਨ :-
੧.ਘੁਡਾਣੀ ਨਗਰ ਨੂੰ ਬਾਹਰੋਂ ਆਇਆ ਦੁਸ਼ਮਣ ਹਰਾ ਨਹੀਂ ਸਕੇਗਾ ।
੨.ਕੁਦਰਤੀ ਆਫ਼ਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ ।
੩.ਇਹ ਪਿੰਡ ਬਹੁਤ ਵਧੇਗਾ-ਫੁੱਲੇਗਾ ਤੇ ਘੁਡਾਣੀ ਤੋਂ ਘੁਡਾਣ ਬਣੇਗਾ।

ਇਸ ਇਤਿਹਾਸਕ ਸਥਾਨ ਬਾਰੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ , “ ਇਸ ਪਿੰਡ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ। ਗੁਰੂ ਸਾਹਿਬ ਨੇ ਸੂਰਤੀਏ ਮਸੰਦ ਨੂੰ ਇਕ ਚੋਲਾ ਬਖ਼ਸ਼ਿਆ, ਜੋ ਉਸਦੀ ਔਲਾਦ ਪਾਸ ਹੈ । ਗੁਰਦ੍ਵਾਰੇ ਨਾਲ ੧੦ ਵਿੱਘੇ ਜ਼ਮੀਨ ਹੈ। ਹੋਲੇ ਨੂੰ ਮੇਲਾ ਹੁੰਦਾ ਹੈ।”

ਪਿੰਡ ਘੁਡਾਣੀ ਕਲਾਂ ਪਾਇਲ ਤੋਂ ਰਾੜਾ ਸਾਹਿਬ ਵਾਲੀ ਮੁੱਖ ਸੜਕ ਤੇ ਸਥਿਤ ਹੈ। ਜਿੱਥੇ ਪਿੰਡ ਦੇ ਵਿਚਕਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੂਰੋਂ ਹੀ ਨਜ਼ਰ ਪੈਂਦੀ ਹੈ । ਗੁਰਦੁਆਰਾ ਚੋਲਾ ਸਾਹਿਬ ਪਾਤਸ਼ਾਹੀ ਛੇਵੀਂ ਦੀ ਮੌਜੂਦਾ ਇਮਾਰਤ ਬਹੁਤ ਆਲੀਸ਼ਾਨ ਤੇ ਸੁੰਦਰ ਬਣੀ ਹੋਈ ਹੈ। ਦਰਬਾਰ ਸਾਹਿਬ ਉੱਪਰ ਹੈ ਸਥਿਤ ਹੈ ਜਿੱਥੇ ਇਤਿਹਾਸਿਕ ਨਿਸ਼ਾਨੀਆਂ ਵੀ ਦਰਸ਼ਨਾਂ ਲਈ ਰੱਖੀਆਂ ਗਈਆਂ ਹਨ ਅਤੇ ਹੇਠਾਂ ਲੰਗਰ ਹਾਲ, ਦੇਗ ਘਰ ਤੇ ਜੋੜਾ ਘਰ ਆਦਿ ਬਣੇ ਹੋਏ ਹਨ। ਨਿੰਮ ਦੇ ਦਰਖ਼ਤ ਦਾ ਪੁਰਾਣਾ ਸੁੱਕਿਆ ਮੁੱਢ ਖੜ੍ਹਾ ਹੈ ਤੇ ਨਾਲ ਨਵਾਂ ਰੁੱਖ ਲੱਗਿਆ ਹੋਇਆ ਹੈ। ਕਾਰ ਪਾਰਕਿੰਗ ਆਦਿ ਦਾ ਪ੍ਰਬੰਧ ਵੀ ਹੈ। ਗੁਰਦੁਆਰਾ ਸਾਹਿਬ , ਗੁਰਦੁਆਰਾ ਐਕਟ ਦੇ ਸੈਕਸ਼ਨ ੮੭ ਅਧੀਨ ਨੋਟੀਫਾਇਡ ਹੈ। ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋੰ ਨਾਮਜ਼ਦ ਸਥਾਨਕ ਕਮੇਟੀ ਕਰਦੀ ਹੈ। ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਉਦਾਸੀ ਸਾਧੂਆਂ ਦਾ ਮਸ਼ਹੂਰ ਡੇਰਾ ਵੀ ਹੈ ਜੋ ਇਲਾਕੇ ਦੇ ਉਦਾਸੀ ਸਾਧੂਆਂ ਦੇ ਡੇਰਿਆਂ ਦਾ ਕੇਂਦਰ ਹੈ। ਹਰ ਗੁਰਪੁਰਬ ਤੋਂ ਇਲਾਵਾ ਛੇਵੇਂ ਨਾਨਕ ਗੁਰੂ ਹਰਹਰਗੋਬਿੰਦ ਸਾਹਿਬ ਜੀ ਦਾ ਦਾ ਪ੍ਰਕਾਸ਼ ਦਿਹਾੜਾ ਅਤੇ ਹੋਲਾ – ਮਹੱਲਾ ਵਿਸ਼ੇਸ਼ ਤੌਰ ‘ ਤੇ ਮਨਾਏ ਜਾਂਦੇ ਹਨ। ਲੰਗਰ ਦਾ ਪ੍ਰਬੰਧ ਹੈ, ਰਿਹਾਇਸ਼ ਨਹੀਂ ਹੈ।
ਗੁਰਦੁਆਰਾ ਚੋਲਾ ਸਾਹਿਬ ਤੋਂ ਇਲਾਵਾ ਇਸ ਪਿੰਡ ਵਿੱਚ ਛੇਵੇਂ ਪਾਤਸ਼ਾਹ ਦੀ ਯਾਦ ਵਿੱਚ ਤਿੰਨ ਹੋਰ ਇਤਿਹਾਸਕ ਸਥਾਨ ਗੁਰਦੁਆਰਾ ਦਮਦਮਾ ਸਾਹਿਬ,
ਗੁਰਦੁਆਰਾ ਨਿੰਮਸਰ ਸਾਹਿਬ
ਗੁਰਦੁਆਰਾ ਹਵੇਲੀ ਸਾਹਿਬ ਵੀ ਮੌਜੂਦ ਹਨ।

Photos