ਗੁਰਦੁਆਰਾ ਸ਼ਿਕਾਰਗੜ੍ਹ ਸਾਹਿਬ, ਲਾਹੌਰ Gurudwara Shikargarh Sahib, Lahore

ਗੁਰਦੁਆਰਾ ਸ਼ਿਕਾਰਗੜ੍ਹ ਸਾਹਿਬ, ਲਾਹੌਰ Gurudwara Shikargarh Sahib, Lahore

Average Reviews

Description

ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਸ ਗੁਰਦੁਆਰਾ ਸਾਹਿਬ ਦੀ ਖਜ਼ਾਨ ਸਿੰਘ ਅਤੇ ਭਾਈ ਧੰਨਾ ਸਿੰਘ ਚਹਿਲ ਨੇ ਜੋ ਨਿਸ਼ਾਨਦੇਹੀ ਦੱਸੀ ਹੈ ਉਹ ਮੁਜੰਗ ਨੇੜਲੇ ਜੇਲ੍ਹ ਰੋਡ ਜਾਂ ਫਿਰੋਜ਼ਪੁਰ ਰੋਡ ਤੋਂ ਵਾਰਸ ਰੋਡ ਦੇ ਵਿਚਕਾਰ ਦੀ ਹੈ। ਜੋ ਕਿ ਕਿਲ੍ਹਾ ਖਜਾਨਾ ਤੋਂ ਲਗਭਗ ੨੦੦ ਕਰਮਾਂ ਪਛਮ ਦੀ ਤਰਫ ਹੈ। ਸਾਨੂੰ ਸਟੀਕ ਜਗ੍ਹਾ ਨਹੀਂ ਮਿਲੀ ਕਿ ਗੁਰਦੁਆਰਾ ਸਾਹਿਬ ਕਿਥੇ ਹੈ। ਲੇਕਿਨ ਉਪਰੋਕਤ ਦਿਤੇ ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਜੇਲ੍ਹ ਰੋਡ ਅਤੇ ਵਾਰਸ ਰੋਡ ਦੇ ਵਿਚਕਾਰਲੀ ਜਗ੍ਹਾ ਦਾ ਖੇਤਰ ਕੋਈ ਬਹੁਤ ਨਹੀਂ ਹੈ, ਅਗਰ ਕੋਈ ਸਜਣ ਖੋਜੀ ਬਿਰਤੀ ਨਾਲ ਜਾਂਦਾ ਹੈ ਤਾਂ ਗੁਰਦੁਆਰਾ ਸਾਹਿਬ ਦਾ ਸਹੀ ਅਸਥਾਨ/ ਪੁਰਾਤਨ ਇਮਾਰਤ ਲਭੀ ਜਾ ਸਕਦੀ ਹੈ।


ਇਤਿਹਾਸ

ਇਹ ਅਸਥਾਨ ਮੁਜ਼ੰਗਾਂ ਤੋਂ ਅਗੇ ਵਾਰਸ ਅਤੇ ਫੀਰੋਜ਼ਪੁਰ ਰੋਡ ਦੇ ਵਿਚਕਾਰ ਹੈ। ਪੁਰਾਤਨ ਸਮੇਂ ਵਿਚ ਏਥੇ ਬੜਾ ਭਾਰੀ ਜੰਗਲ ਹੁੰਦਾ ਸੀ। ਸ੍ਰੀ ਸਤਿਗੁਰੂ ਹਰਿਗੋਬਿੰਦ ਸਾਹਿਬ ਜਦੋਂ ਕਦੇ ਮੁਜ਼ੰਗ ਵਿਖੇ ਆਕੇ ਠਹਿਰਿਆ ਕਰਦੇ ਸਨ ਤਾਂ ਏਥੇ ਸ਼ਿਕਾਰ ਖੇਡਿਆ ਕਰਦੇ ਸਨ। ਇਸਦੇ ਨਾਲ ਇਕ ਖੁਸ਼ਕ ਤਲਾ ਹੈ ਜੋ ਮਸ਼ਹੂਰ ਪੰਥ ਘਾਤਕ ਲਖਪਤ ਨੇ ਬਣਵਾਇਆ ਸੀ। ਅੰਗਰੇਜ਼ਾਂ ਦੇ ਐਹਦ ਵਿਚ ਗੁਰੂ ਭਗਤ ਭਾਈ ਮਲ ਰਾਏ ਜੀ ਨੇ ਇਥੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਤਿਗੁਰੂ ਜੀ ਦੀ ਅਤੇ ਗੁਰਸਿਖਾਂ ਦੀ ਯਾਦਗਾਰ ਕਾਇਮ ਕਰ ਦਿਤੀ ਸੀ। ਪਰ ਪਿੱਛੋਂ ਭਾਈ ਮਲ ਰਾਏ ਦੀ ਸੰਤਾਨ ਨੇ ਇਸ ਥਾਂ ਨੂੰ ਗ਼ੈਰਅਬਾਦ ਜਿਹਾ ਕਰ ਦਿਤਾ ਜਿਸ ਪੁਰ ਲਾਹੌਰ ਦੇ ਪੁਰਾਣੇ ਸੇਵਕ ਸ: ਲਾਲ ਸਿੰਘ ਜੀ ਨੇ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਵਲੋਂ ਅਦਾਲਤ ਵਿਚ ਦਾਵਾ ਕਰ ਦਿਤਾ, ਜਿਸਦਾ ਫੈਸਲਾ ਸਭਾ ਦੇ ਹਕ ਵਿਚ ਹੋ ਜਾਣ ਕਰਕੇ ਅੰਤ ਤਕ ਇਸ ਦਾ ਪ੍ਰਬੰਧ ਸਿੰਘ ਸਭਾ ਪਾਸ ਹੀ ਰਿਹਾ। ਕੁਝ ਕੁ ਪੰਥ ਪ੍ਰੇਮੀਆਂ ਦਾ ਵਿਚਾਰ ਸੀ ਕਿ ਇਸ ਅਸਥਾਨ ਦੀ ਖੁਲ੍ਹੀ ਜ਼ਮੀਨ ਪੁਰ ਸਿਖ ਬਚੀਆਂ ਦੀ ਉੱਚ ਵਿਦਿਆ ਲਈ ਕਾਲਜ ਦੀ ਇਮਾਰਤ ਬਣਾਈ ਜਾਵੇ ਪਰ ‘ਮਨ ਕੀ ਮਨ ਹੀ ਮਾਹਿੰ ਰਹੀ’।


ਮਾਰਚ ੧੯੩੨ ਨੂੰ ਭਾਈ ਧੰਨਾ ਸਿੰਘ ਦੁਆਰਾ ਇਸ ਜਗ੍ਹਾ ਦੀ ਕੀਤੀ ਯਾਤਰਾ ਦਾ ਦਿਤਾ ਵੇਰਵਾ ਹੂਬਹੂ ਹੇਠ ਲਿਖੇ ਅਨੁਸਾਰ ਹੈ-
ਗੁਰਦੁਵਾਰਾ ਸ਼ਿਕਾਰਗੜ੍ਹ ਛੇਵੇਂ ਪਿਤਾ ਜੀ ਦਾ ਹੈ। ਏਹ ਗੁਰਦੁਵਾਰਾ ਮੁਜੰਗਾਂ ਦੇ ਪਾਸ ਭੂੰਡਪੁਰੇ ਦੇ ਪਿਛੇ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਜੰਗੀ ਠਹਿਰਨ ਦੇ ਸਮੇਂ ਇਥੇ ਸ਼ਿਕਾਰ ਖੇਡਣ ਆਇਆ ਕਰਦੇ ਸਨ। ਏਹ ਗੁਰਦੁਵਾਰਾ ਵਾਰਸ ਰੋਡ ਦੇ ‘ਤੇ ਜੇਲ੍ਹ ਰੋਡ ਦੇ ਵਿਚਕਾਰ ਹੈ। ਏਹ ਗੁਰਦਵਾਰਾ ਸੁੱਕਾ ਤਲਾ ਦੇ ਨਾਮ ਪੁਰ ਵੀ ਮਛਾਹੂਰ ਹੈ। ਗੁਰੂ ਕੀ ਮੰਜੀ ਸਾਹਿਬ ਜੀ ਦੇ ਪਾਸ ਹੀ ਪੱਛਮ ਦੀ ਤਰ੍ਫ ਸੁੱਕਾ ਤਲਾਅ ਹੈ। ਜਲ ਨਹੀਂ ਹੈ, ਪਰ ਹੈ ਪੱਕਾ ਪੌੜੀਆਂ ਚਹੁਤਰਫ ਹੈ। ਜ਼ਮੀਨ ਕੋਈ ੪-੫ ਬਿੱਗੇ ਦੇ ਕਰੀਬਨ ਹੈ। ਦੋ ਖੂਹ ਹੈ ਤੇ ਇਕ ਉੱਤੇ ਹੱਲਟ ਲੱਗਾ ਹੋਇਆ ਹੈ ਤੇ ਇੱਕ ਮੰਜੀ ਸਾਹਿਬ ਦੇ ਪਾਸ ਹੈ। ਇਹ ਗੁਰਦੁਆਰਾ ਕਿਲ੍ਹਾ ਖਜ਼ਾਨੇ ਤੋਂ ਪੱਛਮ ਦੀ ਤਰਫ ੨੦੦ ਕਰਮਾਂ ਦੇ ਕਰੀਬਨ ਫਾਸਲੇ ‘ਤੇ ਹੈ। ਗੁਰਦਵਾਰੇ ਦੇ ਹਾਤੇ ਵਿੱਚ ੧੦ ਦੁਕਾਨਾਂ ਹੈ ਤੇ ੭ ਘਰ ਰਿਹਾਇਸ਼ ਵਾਸਤੇ ਹੈ ਜੋ ਕਿ ਕਿਰਾਏ ‘ ਤੇ ਦਿੱਤੇ ਹੋਏ ਹੈ। ਕੁਲ੍ਹ ਕਿਰਾਇਆ ਇਕ ਮਹੀਨੇ ਦਾ ੮੦ ਰੁਪਏ ਆਉਂਦਾ ਹੈ। ਸਾਲ ਦਾ ਹਿਸਾਬ ਆਪ ਲਾ ਸਕਦੇ ਹੋ ਕਿ ਕਿੰਨਾ ਹੋਇਆ ਹੈ। ਸਕੱਤਰ ਸ. ਪ੍ਰਤਾਪ ਸਿੰਘ ਜੀ ਵਕੀਲ ਜੀ ਹੈ ਤੇ ਪ੍ਰਧਾਨ ਡਾਕਟਰ ਸ. ਕਰਤਾਰ ਸਿੰਘ ਜੀ ਹੈ ਜੋ ਕਿ ਮੁਜੰਗ ਰੋਡ ਟੈਂਪਲ ਵਿਖੇ ਰਹਿੰਦਾ ਹੈ। ਖਜ਼ਾਨਚੀ ਡਾਕਟਰ ਹਰਨਾਮ ਸਿੰਘ ਜੀ ਹੈ। ੪੩ ਨੰਬਰ ਕੋਠੀ ਨਿਸਬਤ ਰੋਡ ‘ਤੇ ਰਹਿੰਦੇ ਹੈ ਤੇ ਗ੍ਰੰਥੀ ਨੇਤਰ ਸਿੰਘ ਜੀ ਹੈ ਜੋ ਕਿ ਮਹਾਵਾਰ ੧੦ ਰੁਪਏ ਤਨਖਾਹ ਹੈ। ਹੋਰ ਕੋਈ ਵੀ ਗੁਰਦਵਾਰੇ ਨੂੰ ਖਰਚ ਨਹੀਂ ਹੈ। ਖਬਰ ਨੀ ਇਤਨੀ ਆਮਦਨ ਹੁੰਦੀ ਹੈ ਕਿਧਰ ਬਹੀ ਖਾਤੇ ਪੈਂਦੀ ਜਾਂਦੀ ਹੈ। ਬਸ ਡਾਕਟਰਾਂ ਦੇ ਪੇਟ ਵਿੱਚ ਜਾਂ ਵਕੀਲਾਂ ਦੇ ਪੇਟ ਵਿੱਚ ਹਜ਼ਮ ਹੋ ਰਹੀ ਹੈ। ਗੁਰਦਵਾਰੇ ਦੀ ਬਹੁਤ ਬੇਅਦਬੀ ਹੋ ਰਹੀ ਹੈ। ਇੱਕ ਛੋਟਾ ਜਿਹਾ ਦੋ ਮੰਜ਼ਿਲਾ ਮਕਾਨ ਹੈ। ਉਪਰ ਮਹਾਰਾਜਾ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਹੇਠਾਂ ਸੇਵਾਦਾਰ ਰਹਿੰਦਾ ਹੈ। ਪਰ ਛੱਤਾਂ ਦੋਨਾਂ ਦੀਆਂ ਟੁੱਟੀਆਂ ਪਈਆਂ ਹੈ ਤੇ ਮਹਾਰਾਜ ਜੀ ਦੀ ਚਾਨਣੀ ਵੀ ਫਟੀ ਪਈ ਹੈ। ਮੁੱਕਦੀ ਗੱਲ ਕਿ ਇਸ ਨਾਲੋਂ ਤਾਂ ਦੋ ਆਨੇ ਮਜ਼ਦੂਰੀ ਕਰਨ ਵਾਲਿਆਂ ਦੇ ਮਕਾਨ ਵੀ ਅੱਛੇ ਹੁੰਦੇ ਹੈ। ਅੱਜ ਏਹ ਛੇਵੇਂ ਪਿਤਾ ਜੀ ਦੇ ਅਸਥਾਨ ਦੇ ਏਹ ਹਾਲ ਹੋ ਰਹੇ ਹੈ। ਜਿਤਨੇ ਵੀ ਮਕਾਨ ਜਾਂ ਦੁਕਾਨਾਂ ਗੁਰਦਵਾਰਾ ਦੀਆਂ ਹੈ, ਸਭ ਹੀ ਮੁਸਲਮਾਨਾਂ ਦੇ ਪਾਸ ਹੈ ਜੋ ਕਿ ਬਹੁਤ ਹੀ ਬੇਅਦਬੀ ਕਰ ਰਹੇ ਹੈ। ਮੰਜੀ ਦੇ ਤੇ ਨਿਸ਼ਾਨ ਸਾਹਿਬ ਦੇ ਆਲੇ – ਦੁਆਲੇ ਡੰਗਰ ਬੰਨ੍ਹਦੇ ਹੈ ਤੇ ਪਾਥੀਆਂ ਪੱਥੀਆਂ ਜਾਂਦੀਆਂ ਹੈ ਤੇ ਇਕ ਬੁੱਢੀ ਤੋਤਈ ਨਾਮ ਦੀ ਰਹਿੰਦੀ ਹੈ ਜੋ ਕਿ ਬਹੁਤ ਹੀ ਬਦਮਾਸ਼ ਹੈ। ਇਸਨੇ ਗੁਰੂ ਘਰ ਦੀ ਬਹੁਤ ਹੀ ਬੇਪ੍ਰਵਾਹ ਕਰ ਛੱਡੀ ਹੈ। ਏਹ ਲੋਕ ਸਾਰੇ ਨਿਸ਼ਾਨ ਸਾਹਿਬ ਦੇ ਪਾਸ ਬੈਠ ਕੇ ਤਮਾਖੂ ਪੀਂਦੇ ਹੈ। ਬਹੁਤ ਬੇਅਦਬੀ ਹੋ ਰਹੀ ਹੈ । ਖ਼ਾਲਸੇ ਦਾ ਕੋਈ ਖਿਆਲ ਨਹੀਂ ਹੈ।

ਇਤਿਹਾਸਕਾਰ ਇਕਬਾਲ ਕੇਸਰ ਇਸ ਅਸਥਾਨ ਦੀ ਨਿਸ਼ਾਨਦੇਹੀ ਕਰਨ ਵਿਚ ਭੁਲੇਖਾ ਖਾ ਗਏ। ਉਹ ਲਾਹੌਰ ਫਿਰੋਜਪੁਰ ਮਾਰਗ ‘ਤੇ ਸੱਜੇ ਵਸੇ ਪਿੰਡ ਕਾਛਾ ਦੇ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸ਼ਿਕਾਰਘਾਟ ਮੰਨ ਬੈਠੇ। ਜਿਸਦੀ ਫੋਟੋ ਅਤੇ ਵੇਰਵਾ ਉਹਨਾਂ ਨੇ ਆਪਣੀ ਕਿਤਾਬ ਵਿਚ ਦਿਤਾ ਹੈ। ਕਾਛਾ ਪਿੰਡ ਗੁਰਦੁਆਰਾ ਮੁਜੰਗ ਤੋਂ ਲਗਭਗ 25 ਕਿਲੋਮੀਟਰ ਹੈ ਜਦਕਿ ਵਾਰਸ ਰੋਡ ਅਤੇ ਜੇਲ੍ਹ ਰੋਡ ਦਾ ਵਿਚਕਾਰਲਾ ਖੇਰ ਲਗਭਗ 1 ਕਿਲੋਮੀਟਰ ਹੈ। ਜਿਸਦੇ ਬਾਰੇ ਭਾਈ ਧੰਨਾ ਸਿੰਘ ਨੇ ਵੀ ਇਹੀ ਲਿਖਿਆ ਹੈ ਕਿ ਗੁਰਦੁਆਰਾ ਮੁਜੰਗ ਦੇ ਭੁੰਡਪੁਰਾ ਦੇ ਪਾਸ ਹੀ ਹੈ।

ਮੁਜੰਗ, ਭੂੰਡਪੁਰ, ਜੇਲ੍ਹ ਰੋਡ, ਵਾਰਿਸ ਰੋਡ, ਫਿਰੋਜਪੁਰ ਰੋਡ ਦੀ ਨਿਸ਼ਾਨਦੇਹੀ ਕਰਦਾ ਗੂਗਲਮੈਪ ਤੋਂ ਲਿਆ ਸਕਰੀਨਸ਼ੌਟ


ਅਲੋਪ ਹੋ ਚੁਕਿਆ ਗੁਰਧਾਮ ੧੯੪੭ ਤਕ ਇਸ ਅਸਥਾਨ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਪ੍ਰੰਤੂ ਹੁਣ ਨਹੀਂ ਹੈ। ਇਸ ਸਮੇਂ ਗੁਰਦੁਆਰਾ ਸਾਹਿਬ ਦਾ ਇਸ ਜਗ੍ਹਾ ਤੋਂ ਨਿਸ਼ਾਨ ਮਿਟ ਚੁਕਾ ਹੈ। ਅਜੋਕੇ ਸਮੇਂ ਗੁਰਦੁਆਰਾ ਸਾਹਿਬ ਦੀ ਨਿਸ਼ਾਨਦੇਹੀ ਬਹੁਤ ਹੀ ਜਰੂਰੀ ਹੈ। ਸਥਾਨਕ ਵਡੀ ਉਮਰ ਦੇ ਬਜ਼ੁਰਗ ਜਿੰਨ੍ਹਾਂ ਨੇ ਪੁਰਾਤਨ ਹਲਾਤ ਦੇਖੇ ਹਨ ਉਹਨਾਂ ਦੀ ਵੀਡਿਓਗ੍ਰਾਫੀ ਬਿਆਨ ਵੀ ਜਰੂਰ ਲੈਣੇ ਚਾਹੀਦੇ ਹਨ।

ਨੋਟ – ਨੱਥੀ ਕੀਤਾ ਗੂਗਲ ਲਿੰਕ ਬਿਲਕੁਲ ਸਟੀਕ ਨਹੀਂ ਹੈ। ਲਾਹੌਰ ਵਿਚਲੇ ਜੇਲ੍ਹ ਰੋਡ/ ਫਿਰੋਜਪੁਰ ਰੋਡ ਅਤੇ ਵਾਰਸ ਰੋਡ ਦੇ ਵਿਚਕਾਰਲੇ ਖੇਤਰ ਦੀ ਨਿਸ਼ਾਨਦੇਹੀ ਲਈ ਦਿਤਾ ਹੈ।

Photos