ਮੌਜੂਦਾ ਹਾਲਾਤ
੪੭ ਦੀ ਵੰਡ ਤੋਂ ਬਾਅਦ ਜਦੋਂ ਸਿੱਖਾਂ ਨੂੰ ਲਾਹੌਰ ਛੱਡ ਕੇ ਜਾਣਾ ਪਿਆ ਤਾਂ ਬਾਕੀ ਅਸਥਾਨਾਂ ਵਾਂਗ ਗੁਰਦੁਆਰਾ ਸ਼ਹੀਦੀ ਅਸਥਾਨ ਭਾਈ ਮਨੀ ਸਿੰਘ ਵੀ ਟਹਿਲ ਸੇਵਾ ਤੋਂ ਵਾਂਝਾ ਹੋ ਗਿਆ। ਲਾਹੌਰ ਦੇ ਸ਼ਹਿਰੀਕਰਨ ਦੇ ਵਾਧੇ ਕਾਰਨ ਹੌਲੀ ਹੌਲੀ ਇਸ ਅਸਥਾਨ ਦੇ ਆਲੇ ਦੁਆਲੇ ਦੁਕਾਨਾਂ ਉਸਰ ਗਈਆਂ, ਇਸ ਵੇਲੇ ਚਾਰੇ ਪਾਸਿਓਂ ਦੁਕਾਨਾਂ ਨਾਲ ਘਿਰਿਆ ਹੋਇਆ ਹੈ ਤੇ ਇਹ ਅਸਥਾਨ ਵੀ ਹੁਣ ਇਕ ਦੁਕਾਨ ਦਾ ਹਿੱਸਾ ਹੀ ਹੈ । ਪਰ ਦੁਕਾਨ ਦੇ ਮਾਲਕ ਵੱਲੋਂ ਇਸ ਅਸਥਾਨ ਨੂੰ ਜਿਉ ਦਾ ਤਿਉਂ ਰੱਖਿਆ ਹੋਣ ਕਾਰਨ ਉਸਦੇ ਵੱਲੋਂ ਹੀ ਇਸਤੀ ਸਤਿਕਾਰ ਵਜੋਂ ਥੋੜੀ ਬਹੁਤ ਸੰਭਾਲ ਹੋ ਰਹੀ ਹੈ । ਸੰਗਤ ਨੂੰ ਚਾਹੀਦਾ ਹੈ ਕਿ ਇਸ ਅਸਥਾਨ ਨੂੰ ਮੁੜ ਤੋਂ ਪੰਥ ਦੀ ਸੇਵਾ ਸੰਭਾਲ ਵਿੱਚ ਲੈ ਕੇ ਮਰਿਆਦਾ ਬਹਾਲ ਕਰਨੀ ਚਾਹੀਦੀ ਹੈ।
ਸ਼ਹੀਦ ਗੰਜ ਭਾਈ ਮਨੀ ਸਿੰਘ
23 ਮਾਰਚ 1932 ਈ.,11 ਚੇਤ ਸੰਮਤ 1989 ਨੂੰ ਕੀਤੀ ਯਾਤਰਾ ਸਮੇਂ ਭਾਈ ਧੰਨ ਸਿੰਘ ਸਾਇਕਲ ਯਾਤਰੀ ਸ ਅਸਥਾਨ ਦਾ ਹਾਲ ਇਸ ਤਰ੍ਹਾਂ ਲਿਖਦੇ ਹਨ –ਏਹ ਸ਼ਹੀਦ ਗੰਜ ਮਸਤੀ ਦਰਵਾਜੇ ਦੇ ਅੰਦਰ ਅਤੇ ਸ਼ਾਹੀ ਕਿਲ੍ਹੇ ਦੇ ਪਿਛਲੇ ਪਾਸੇ ਹੈ। ਇਸੀ ਜਗ੍ਹਾ ਭਾਈ ਮਨੀ ਸਿੰਘ ਜੀ ਦੇ ਬੰਦ – ਬੰਦ ਕੱਟੇ ਗਏ ਸਨ। ਇਸੇ ਸ਼ਹੀਦ ਗੰਜ ਵਿਖੇ ਹੀ ਭਾਈ ਰਾਮ ਸਿੰਘ ਜੀ ਸ਼ਹੀਦ ਦੀ ਯਾਦਗਾਰ ਹੈ, ਜਿਨ੍ਹਾਂ ਨੇ ਗੁਜਰਾਤ ਦੇ ਇਲਾਕੇ ਵਿੱਚ ਪਠਾਣਾਂ ਤੋਂ ਹਿੰਦੂਆਂ ਦੀਆਂ ੧੬੦੦੦ ( ਸੋਲਾਂ ਹਜ਼ਾਰ) ਲੜਕੀਆਂ ਛਡਵਾ ਕੇ ਸ਼ਹੀਦੀ ਪਾਈ ਸੀ। ਭਾਈ ਮਨੀ ਸਿੰਘ ਜੀ ਦੇ ਸ਼ਹੀਦ ਗੰਜ ਵਿਖੇ ਭਾਈ ਮਨੀ ਸਿੰਘ ਜੀ ਦੇ ਹੱਥਾਂ ਦਾ ਲਿਖਿਆ ਹੋਇਆ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜੋ ਕਿ ਭਾਈ ਬੰਨੂ ਦੀ ਬੀੜ ਦੀ ਨਕਲ ਕੀਤੀ ਹੋਈ ਹੈ। ਏਹ ਬੀੜ ਸੰਮਤ ੧੮੬੦ ਮਿਤੀ ਭਾਦੋ ਵਦੀ ੧੦ ਨੂੰ ਤਿਆਰ ਹੋਈ ਸੀ। ਏਹ ਬੀੜ ਛੋਟੀ ਹੈ , ਜੋ ਕਿ ਇੱਕ ਗਿੱਠ ਦੇ ਵਿੱਚ ਹੈ, ਕਿਧਰੇ ਨੂੰ ਮਿਣ ਲਵੋ ਗਿੱਠ ਦੇ ਕਰੀਬ ਨਹੀਂ ਹੋਵੇਗੀ ਅਤੇ ਅੱਠ ਕੰਨੀਆਂ ਦੀ ਬੀੜ ਹੈ ਅਤੇ ਅੱਠ ਸ਼ਾਹੀਆਂ ਦਾ ਲਿਖਾ ਹੋਆ ਹੈ। ਤੇ ਕਾਗਜ਼ ਭੀ ਅੱਠ ਰੰਗਾ ਹੈ ਅਤੇ ਕਸ਼ਮੀਰੀ ਕਾਗਜ ਹੈ ਤਾਂ ੧੪੨੨ ਪੱਕੇ ਪਤਰੇ ਹੈ। ਜਿਸ ਦੇ ਵਿੱਚ ੧੮੧ ਪਤਰੇ ‘ਤੇ ਚੌਥੀ ਪਾਤਸ਼ਾਹੀ ਜੀ ਅਤੇ ਬੀਬੀ ਭਾਨੀ ਜੀ ਦੀ ਤਰ੍ਹਫ ਸੇ ਪੁਜਾਰੀ ਦਰਬਾਰ ਸਾਹਿਬ ਦਿਆਂ ਨੂੰ ਮਿਲਿਆ ਸੀ। ਜਿਸ ਮੌਕੇ ਭਾਈ ਮਨੀ ਸਿੰਘ ਜੀ ਗਰੰਥੀ ਹੋਏ ਸਨ , ਉਸ ਮੌਕੇ ਏਹ ਹੁਕਮਨਾਮਾ ਹੈ। ਮਹਾਰਾਜ ਜੀ ਦੇ ਵਿੱਚ ਲੱਗਾ ਦਿੱਤਾ ਸੀ। ਸੰਗਤਾਂ ਦੇ ਦਰਸ਼ਨ ਕਰਨੇ ਦੇ ਵਾਸਤੇ ਤੇ ਸੰਗਤ ਦਰਸ਼ਨ ਕਰਕੇ ਤੇ ਲੰਗਰ ਵਾਸਤੇ ਮਾਇਆ ਆਪੇ ਭੇਜਦਿਆ ਕਰਨਗੀਆਂ , ਜੋ ਕਿ ਏਹ ਹੁਕਮਨਾਮਾ ਹੈ । ਸੋ ਪੜ੍ਹੋ ਏਹ ਨਕਲ ਕੀਤੀ ਹੋਈ ਹੈ । ਪੜ੍ਹ ਹੁਕਮਨਾਮਾ ਗੁਰੂ ਜੀ ਦਾ ਏਹ ਹੈ“ ੪ ( ਚੌਥੀ ) ਪਾਤਸ਼ਾਹੀ ਦਾ। ਸਿੱਖ ਸੰਗਤਿ ਕੀ ਸੇਵ ਕੀਤੇ ਗੁਰੂ ਗੱਤ ਰਾਮਦਾਸ ਗੁਰੂ ‘ ਬੇਣ ਲਾਲ ਚੰਦ ਸਰਬੱਤ ਸੰਗਤਿ ਗੁਰੂ ਲਏਗਾ , ਰਾਮਦਾਸ ਜੀ ਕਰ ਜੋੜੇ ਸਤਿ ਜੀ ਪਾਸੋਂ ਮਨਜ਼ੂਰ ਕੀਤਾ , ਸੰਗਤਿ ਜੀ ਪ੍ਰ ਦਿਆ (ਦਇਆ ) , ਗੁਰੂ ਤੁਸਾਡੀ ਰਖੇਗਾ , ਤੁਸਾਡੇ ਪ੍ਰ ਗੁਰੂ ਕੀ ਮੇਹਰ ਹੋਇਗੀ । “ਹੁਕਮਨਾਮਾ ਚੌਥੀ ਪਾਤਸ਼ਾਹੀ ਜੀ ਦਾ ਖਤਮਏਹ ਬੀੜ ਭਾਈ ਬੰਨੋ ਜੀ ਦੀ ਬੀੜ ਦੀ ਨਕਲ ਹੈ । ਪਹਿਲੀ ਬੀੜ ਭਾਈ ਬੰਨੋ ਦੀ ਜ਼ਿਲ੍ਹਾ ਗੁਜਰਾਤ ਦੇ ਇਲਾਕੇ ਵਿੱਚ ਪਿੰਡ ਮਾਂਗਟ ਵਿਖੇ ਭਾਈ ਬਨੋ ਦੀ ਹੀ ਉਲਾਦ ਪਾਸ ਹੀ ਹੈ । ਭਾਈ ਬੰਨੋ ਜੀ ਇਸੀ ਪਿੰਡ ਮਾਂਗਟ ਦੇ ਸਨ। ਇਸੀ ਪਿੰਡ ਵਿਖੇ ਹੀ ਭਾਈ ਮਨੀ ਸਿੰਘ ਨੇ ਬੀੜ ਦੀ ਨਕਲ ਕੀਤੀ ਜੋ ਕਿ ਅੱਠ ਦਿਨਾਂ ਦੇ ਵਿਚ ਜੋ ਕਿ ਅੱਠ ਗ੍ਰਹਾਂ ਦੀ ਚਾਲ ਤੇ ਤਿਆਰ ਕੀਤੀ ਸੀ ਬੀੜ। ਜਿਸ ਵਕਤ ਭਾਈ ਮਨੀ ਸਿੰਘ ਲਾਹੌਰ ਵਿਖੇ ਸ਼ਹੀਦ ਹੋਏ ਸਨ ਤਾਂ ਏਹ ਬੀੜ ਲਾਹੌਰ ਦੀ ਸੰਗਤ ਨੂੰ ਦੇ ਗਏ ਸਨ। ਪੁਜਾਰੀ ਮੇਹਰ ਸਿੰਘ ਜੀ ਨੇ ਏਹ ਬੀੜ ੨੫ ਰੁਪਏ ਵਿੱਚ , ਇਕ ਝਟਕਈ ਸਿੰਘ ਪਾਸ ਗੈਹਣੇ ਰੱਖ ਦਿੱਤੀ ਸੀ ਜੋ ਕਿ ਫਿਰ ਸੰਗਤ ਨੇ ਛਡਾਈ ਹੈ। ਬੀੜ ਛਡਾਈ ਨੂੰ ੭ ਸਾਲ ਦੇ ਕਰੀਬ ਹੋ ਗਏ ਹੈ। ਇਸੀ ਜਗ੍ਹਾ ਮਹਾਰਾਜ ਦੀ ਇਕ ਸੁਨੈਹਰੀ ਬੀੜ ਵੀ ਸੀ। ਜੋ ਕਿ ਦਮਦਮੇ ਸਾਹਿਬ ਜੀ ਲਿਖੀ ਸੀ ਭਾਈ ਮਨੀ ਸਿੰਘ ਜੀ ਨੇ ( ਮਾਲਵੇ ਵਿੱਚ ) ਸੋ ਸੁਨੈਹਰੀ ਬੀੜ ਪੁਜਾਰੀਆਂ ਨੇ ੧੦੧ ਰੁਪਏ ਵਿੱਚ ਬੇਚ ਖਾਦੀ। ਅਜ ਕਲ ਕੋਈ ਪਤਾ ਨਹੀਂ ਹੈ ਬੀੜ ਦਾ । ਅੱਠ ਨੁੱਕਰੇ ਮਹਾਰਾਜ ਜੀ ਦੇ ਵਿੱਚ , “ ਤੇਰਾ ਕੀਤਾ । ਜਾਤੋ ਨਾਹੀ ” ਪਹਿਲੇ ਹੈ ਅਤੇ ਮੁਦਾਵਣੀ ਪਿਛੇ ਹੈ। ਤੇ ਨੌਵੇਂ ਪਿਤਾ ਜੀ ਦੇ ਸਲੋਕ ਮੁਦਾਵਣੀ ਦੇ ਪਿਛੇ ਹੈ। ਦਸੋ ਪਾਤਸ਼ਾਹੀਆਂ ਦੇ ਜੋਤੀ ਜੋਤ ਸਮਾਉਣ ਦਾ ਚਰਿੱਤਰ ਹੈ, ਪਿਛਲੇ ਪਾਸੇ । ੧੦ਵੇਂ ਪਿਤਾ ਜੀ ਦੇ ਹੁਕਮਨਾਮੇ ਦੀ ਨਕਲ ਏਹ ਹੈ । ੧੦ਵੇਂ ਪਿਤਾ ਜੀ ਦੇ ਤੀਰ ਨਾਲ ਦਸਖਤ ਹੈ। ਦਸਖਤ ਚਾਰ ਕਿਸਮ ਦੇ ਕੀਤੇ ਹੋਏ ਹੈ।
ੴ ਸਤਿਗੁਰੂ ਜੀ ਸਿਰੀ ਗੁਰੂ ਜੀ ਦੀ ਆਗਿਆ ਹੈ। ਭਾਈ ਕਲਿਆਣ ਰਾਏ ਸਰਬੱਤ ਸੰਗਤਿ ਮਾਛੀਵਾੜੇ ਕੀ ਗੁਰੂ ਰਖੈਗਾ ਸੰਗਤ ਮੇਰਾ ਖ਼ਾਲਸਾ ਹੈ। ਇਕੁ ਤੋਲੇ ਸੁਇਨੇ ਕਾ ਹੁਕਮੁ ਲਿਖਿਆ ਹੈ , ਦੇਖ ਦੇ ਸਿਤਾਬੀ ਹਜ਼ੂਰ ਭੇਜਣਾ ਜੋ ਗੁਰੂ ਕੇ ਨਵਿਤ ਕਾ ਹੋਵੈ , ਗੋਲਕ ਦਸਵੰਧ ਮੰਨਤ ਸੋ ਹਜੂਰ ਆਪ ਲੈ ਆਵਣਾ , ਮਸੰਦਾਂ ਨੋ ਮੰਨਣਾ ਨਹੀਂ , ਗੁਰੂ ਸੰਗਤਿ ਕੀ ਬਾਹੁੜੀ ਕਰੈਗਾ ਮਨੋਰਥ ਪੂਰੇ ਹੋਵਹਿਗੇ , ਸੰਮਤ ੧੭੫੫। ਮਿਤੀ ਚੇਤੋ ਚਾਉਦਸ ੧੪ ਸਤਰਾ ੮॥ ਵਾਹਿਗੁਰੂ ॥
ਏਹ ੧੦ ਵੇਂ ਪਿਤਾ ਜੀ ਦਾ ਹੁਕਮਨਾਮਾ ਪੂਰਾ ਹੋਆ ਹੈ । ਜਿਸ ਜਗ੍ਹਾ ਭਾਈ ਮਨੀ ਸਿੰਘ ਜੀ ਨੇ ਬੈਠ ਕੇ ਬੰਦ – ਬੰਦ ਕਟਵਾਏ ਸਨ , ਅੱਜ ਉਸ ਜਗ੍ਹਾ ਚੌਕੜਾ ਬਨਾ ਹੋਇਆ ਹੈ। ਚੌਕੜਾ ਵੀ ੮ ਕੁਨਾ ਹੈ ਅਤੇ ਪਾਸ ਹੀ ਸੱਜੇ ਪਾਸੇ ਬਾਬਾ ਰਾਮ ਸਿੰਘ ਜੀ ਬੇਦੀ ਜੋ ਕਾਹਨੂੰਵਾਨ ਦੇ ਜਥੇਦਾਰ ਸੇ , ਉਨ੍ਹਾਂ ਦੇ ਸੀਸ ਦਾ ਸੀਸ ਗੰਜ ਹੈ। ਉਨ੍ਹਾਂ ਨੇ ਹੀ ੧੬ ਹਜ਼ਾਰ ਲੜਕੀ ਹਿੰਦੂਆਂ ਦੀ ਛਡਾਈ ਸੀ। ਇਹ ਸ਼ਹੀਦ ਸਿਆਲਕੋਟ ਦੇ ਇਲਾਕੇ ਵਿੱਚ ਤਹਿਸੀਲ ਪ੍ਰਸਰੂਰ ਦੇ ਕੋਲ ਹੋਏ ਸੀ ਤੇ ਸੀਸ ਇਸ ਜਗ੍ਹਾ ਤੁਰਕਾਂ ਨੇ ਲੈ ਆਂਦਾ ਸੀ , ਅਨਾਮ ਵਾਸਤੇ । ਇਨਾਂ ਬਾਬਾ ਜੀ ਦੇ ਅੱਖਾਂ ਦੇ ਦੋਨੋਂ ਪਲਕ ਪੈਦਾਇਸ਼ ਤੋਂ ਹੀ ਚਿੱਟੇ ਸਨ । ਤੇ ੧੬ ਪਹਿਰ ਧੜ ਇਨ੍ਹਾਂ ਦਾ ਸੀਸ ਤੋਂ ਬਗੈਰ ਲੜਦਾ ਰਿਹਾ ਸੀ । ਇਸ ਗੁਰਦਵਾਰੇ ਵਿੱਚ ਇੱਕ ਖੂਹ ਹੈ ਉਨਾਂ ਹੀ ਵਕਤਾਂ ਦਾ , ਜਿਸਦੇ ਵਿੱਚ ਚੁਰਾਸੀ ਹਜ਼ਾਰ ਸਿੱਖ ਕਤਲ ਕਰਕੇ ਸੀਸ ਇਸ ਜਗ੍ਹਾ ਖੂਹ ਵਿੱਚ ਸਿੱਟਿਆ ਜਾਂਦਾ ਸੀ। ਜਿਤਨੇ ਵੀ ਸਿੰਘ ਤੇ ਸਿੰਘਣੀਆਂ ਲਾਹੌਰ ਵਿਖੇ ਸ਼ਹੀਦ ਹੋਏ ਹੈ , ਸਭਨਾਂ ਦੇ ਸੀਸ ਇਸੀ ਜਗ੍ਹਾ ਖੂਹ ਵਿੱਚ ਸਿੱਟੇ ਜਾਂਦੇ ਸਨ । ਪਰ ਪਹਿਲੇ ਇਕ ਇਕ ਰਾਤ ਕਿਲੇ ਦੇ ਉੱਤੇ ਸੀਸ ਰਖ ਰੱਖ ਕੇ ਰਾਤ ਨੂੰ ਦੀਵੇ ਬਾਲੇ ਜਾਂਦੇ ਸਨ। ਅੱਜ ਤੱਕ ਕਿਲ੍ਹੇ ਦੀ ਦਵਾਰ ਉੱਤਰ ਤੇ ਪੱਛਮ ਦੀ ਗੁੱਠ ਵਿੱਚ ੧੦੦ ਕਰਮਾਂ ਦੇ ਕਰੀਬਨ ਹੈ । ਉਸ ਜ਼ਮਾਨੇ ਵਿੱਚ ਇਹ ਦਰਵਾਜ਼ਾ ਕਿਲ੍ਹੇ ਦਾ ਖੁੱਲ੍ਹਾ ਹੁੰਦਾ ਸੀ, ਜੋ ਕਿ ਅਜ ਕਲ ਬੰਦ ਹੈ। ਏਹ ਦਰਵਾਜ਼ਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੰਦ ਕੀਤਾ ਸੀ ਅਤੇ ਇਸੀ ਕਿਲ੍ਹੇ ਦੇ ਸਾਹਮਣੇ ਸ਼ੈਹਰ ਦਾ ਦਰਵਾਜ਼ਾ ਮਸਤੀ ਦਰਵਾਜ਼ਾ ਹੁੰਦਾ ਸੀ। ਅਜ ਕਲ ਮਸਤੀ ਦਰਵਾਜ਼ਾ ਨਹੀਂ ਹੈ ਤੇ ਪਾਸ ਹੀ ਉੱਤਰ ਦੀ ਤਫ ਦਰਿਆ ਰਾਵੀ ਵਗਦਾ ਹੁੰਦਾ ਸੀ ਜੋ ਕਿ ਅੱਜ ਤੱਕ ਪੱਕਾ ਘਾਟ ਬਨਾ ਹੋਇਆ ਮੌਜੂਦ ਹੈ। ਗੁਰਦਵਾਰੇ ਤੋਂ ਕਰੀਬਨ ੫੦ ਕਰਮਾਂ ਦੇ ਫ਼ਾਸਲੇ ‘ ਤੇ ਹੈ । ਇਸੀ ਘਾਟ ਵਿਖੇ ਰਾਵੀ ਵਿੱਚ ਖਾਲਸੇ ਦੀ ਦੇਹ ਜਲ ਪ੍ਰਵਾ ਕੀਤੇ ਜਾਂਦੇ ਸਨ ਤੇ ਸੀਸ ਖੂਹ ਵਿੱਚ ਸਿੱਟੇ ਜਾਂਦੇ ਸਨ । ਇਸੀ ਗੁਰਦਵਾਰੇ ਦੇ ਪਾਸ ਹੀ ਦੱਖਣ ਤੇ ਪੂਰਬ ਦੀ ਗੁੱਠ ਵਿੱਚ ਹੀ ਵਕਤਾਂ ਦੀ ਉਨ੍ਹਾਂ ਮਸੀਤ ਬਣੀ ਹੋਈ ਹੈ , ਜੋ ਕਿ ਕਿਸੇ ਜ਼ਮਾਨੇ ਵਿੱਚ ਮੰਦਰ ਸੀ। ਏਹ ਆਮ ਪ੍ਰਚੱਲਤ ਹੈ ਕਿ ਏਹ ਮੰਦਰ ਲਹੂ ਦਾ ਬਨਾ ਹੋਇਆ ਸੀ , ਜੋ ਅੱਜ ਮਸੀਤ ਦੇਖਣੇ ਵਿੱਚ ਆ ਰਿਹਾ ਹੈ । ਇਸ ਮਸੀਤ ਦੇ ਗੁੰਮਟ ੫ ਹੈ ਤੇ ਬੁਰਜੀਆਂ ੪ ਹੈ , ਤੇ ਇਸ ਮਸੀਤ ਦੀ ਪਿੱਠ ਜਮਰੌਦ ਦੱਖਣ ਦੀ ਤਰਫ ਹੈ । ਏਹ ਨਮੂਨਾ ਲੈਹਦਾ (ਅਲਹਿਦਾ ) ਹੀ ਹੈ। ਮਸੀਤ ਦੀ ਚੌਥੀ ਬੁਰਜੀ ਉੱਤਰ ਦੀ ਤਫ ਹੈ ਜੋ ਕਿ ਅੱਜ ਤੱਕ ਖੜ੍ਹੀ ਹੈ । ਇਸੀ ਬੁਰਜੀ ਵਿੱਚ ਚਰਖੀ ਲੱਗੀ ਹੋਈ ਹੁੰਦੀ ਸੀ , ਜਿਸ ਦੇ ਉੱਤੇ ਚੜ੍ਹਾ ਕੇ ਸਿੰਘ ਸ਼ਹੀਦ ਕੀਤੇ ਜਾਂਦੇ ਹੁੰਦੇ ਸਨ। ੧੦ ਸਾਲ ਹੋ ਗਏ ਹੈ ਚਰਖੀ ਉੱਤਰੀ ਨੂੰ , ਚਰਖੀ ਲੋਹੇ ਦੀ ਸੀ ਤੇ ਵੇਲਨ ਦੀ ਸ਼ਕਲ ਵਿਚ ਸੀ। ਏਹ ਮਸੀਤ ਸਿੰਘਾਂ ਦੇ ਕਬਜ਼ੇ ਵਿੱਚ ਭੀ ਰਹੀ ਹੈ, ਖਾਲਸੇ ਨੇ ਦਮਦਮਾ ਬੁੰਗਾਂ ਨਾਂ ਰੱਖ ਛੱਡਿਆ ਸੀ ਤੇ ਅੰਗਰੇਜ਼ਾਂ ਦੇ ਰਾਜ ਵਿੱਚ ੧੦ ਸਾਲ ਮੁਕੱਦਮਾ ਹਾਈਕੋਰਟ ਤੱਕ ਚੱਲ ਕੇ ਪੁਜਾਰੀਆਂ ਨੇ ਛੱਡ ਦਿੱਤੀ ਸੀ। ਅਜ ਕਲ ਬੇਗਮਸ਼ਾਹੀ ਮਸਜਦ ਨਾਮ ‘ਤੇ ਮਛਾਹੂਰ ਹੈ ਤੇ ਮੁਸਲਮਾਨਾਂ ਦਾ ਕਬਜ਼ਾ ਹੈ। ਵਾਹਿਗੁਰੂ | ੪੦ ਸਾਲ ਹੋਏ ਖਾਲਸੇ ਨੂੰ ਮਸੀਤ ਛੱਡੀ ਨੂੰ ਤੇ ਅਜ ਕਲ ਭੀ ਖ਼ਾਲਸੇ ਨਾਲ ਮੁਸਲਮਾਨ ਪੰਗਾ ਪਾਈ ਹੀ ਰੱਖਦੇ ਹੈ ਤੇ ਸਰਕਾਰ ਨੇ ਗੁਰਦਵਾਰੇ ਨੂੰ ਜਗ੍ਹਾ ਤੰਗੀ ਸਮਝ ਕੇ ਸਾਡੇ ਤਿੰਨ ਕਨਾਲ ਜ਼ਮੀਨ ਹੋਰ ਦਿੱਤੀ ਹੈ। ਇਸ ਗੁਰਦਵਾਰੇ ਦੇ ਸੇਵਾਦਾਰ ਭਾਈ ਹਰਿਬੰਸ ਸਿੰਘ ਜੀ ਹੈ ਤੇ ਜਗੀਰ ਸਾਲਾਨਾ ਪਟਿਆਲੇ ਤੇ ੨੦੦ ਰੁਪਏ ਆਉਂਦਾ ਹੈ ਲੰਗਰ ਤੇ ਰਹੈਸ਼ ਹੈ। ਸ਼ੈਹਰ ਤੋਂ ਉਤਰ ਦੀ ਤਫ ਪਾਸ ਹੀ ਹੈ, ਜੋ ਕੇ ਬਦਾਮੀ ਬਾਗ ਸਟੇਸ਼ਨ ਤੋਂ ਪੱਛਮ ਦੀ ਤਰਫ ਅੱਧ ਮੀਲ ਦੇ ਫਾਸਲੇ ‘ ਤੇ ਹੈ। ਸਾਲਾਨਾ ਦੀਵਾਨ ਮੱਘਰ ਦੀ ਮੱਸਿਆ ਤੋਂ ਪੰਜ ਦਿਨ ਬਾਅਦ ਹੁੰਦਾ ਹੈ। ਇਸੇ ਦਿਨ ਸ਼ਹੀਦੀ ਪਾਈ ਸੀ।
Near Me