ਗੁਰਦੁਆਰਾ ਡੇਹਰਾ ਸਾਹਿਬ ਪੰਜਵੀਂ ਪਾਤਸ਼ਾਹੀ Gurudwara Dehra Sahib Lahore

ਗੁਰਦੁਆਰਾ ਡੇਹਰਾ ਸਾਹਿਬ ਪੰਜਵੀਂ ਪਾਤਸ਼ਾਹੀ Gurudwara Dehra Sahib Lahore

Description


ਇਹ ਗੁਰਦੁਆਰਾ ਸਾਹਿਬ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਪਾਸ ਹੈ। ਜੋ ਕਿਲ੍ਹੇ ਤੋਂ ਪੱਛਮ ਦੀ ਤਰਫ ੧੦ ਕਰਮਾਂ ਦੇ ਫਾਸਲੇ ‘ਤੇ ਹੈ ਅਤੇ ਮਹਾਰਾਜਾ ਸ਼ੇਰੇ ਪੰਜਾਬ ਰਣਜੀਤ ਸਿੰਘ ਜੀ ਦੀ ਸਮਾਧ ਵੀ ਕੋਲ ਹੀ ਹੈ। ਸਮਾਧ ਦੀ ਉੱਤਰ-ਪੂਰਬੀ ਗੁਠ ਦੀ ਤਰਫ ੫੦-੬੦ ਕਰਮਾਂ ਦੇ ਫਾਸਲੇ ‘ਤੇ ਹੈ। ਸ਼ਾਹੀ ਮਸੀਤ ਵੀ ਪਾਸ ਹੀ ਹੈ।

ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ

ਇਸੀ ਜਗ੍ਹਾ ਪੰਜਵੇਂ ਗੁਰੂ ਜੀ ਦਰਿਆ ਰਾਵੀ ਵਿੱਚ ਚੁੱਬੀ ਮਾਰ ਕੇ ਸਨੇ ਦੇਹੀਂ ਸੱਚਖੰਡ ਨੂੰ ਚਲੇ ਗਏ ਸਨ। ਕੋਈ ਕਹਿੰਦਾ ਹੈ ਕੇ ਚੁੱਬੀ ਮਾਰ ਕੇ ਸੱਚਖੰਡ ਨੂੰ ਨਹੀਂ ਗਏ ਸਨ। ਰਾਵੀ ਦੇ ਕੰਢੇ ‘ ਤੇ ਹੀ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦੇ ਸਨ। ਤੁਸੀਂ ਸ੍ਰੀ ਅੰਮ੍ਰਿਤਸਰ ਜੀ ਨੂੰ ਚਲੇ ਜਾਵੋ ਤੇ ਸਾਡੇ ਸਰੀਰ ਨੂੰ ਰਾਵੀ ਦੀ ਭੇਟਾ ਕਰ ਜਾਣਾ। ਸੋ ਰਾਵੀ ਦੇ ਕੰਢੇ ‘ਤੇ ਹੀ ਬੈਠਿਆਂ ਨੇ ਸਰੀਰ ਛੱਡ ਦਿੱਤਾ ਸੀ। ਜਿਸ ਜਗ੍ਹਾ ਅਜ ਕਲ ਗੁਰਦਵਾਰਾ ਹੈ, ਪੰਜਵੇਂ ਗੁਰੂ ਜੀ ਇਸ ਜਗ੍ਹਾ ੧੬੬੩ ਜੇਠ ਸੁਦੀ ਚੌਥ ਨੂੰ ਜੋਤੀ ਜੋਤ ਸਮਾਏ ਸਨ। ਚੰਦੂ ਪਾਪੀ ਦੇ ਘਰ ਲਾਲ ਖੂਹ, ਲਾਹੌਰ ‘ਤੇ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ ਗਏ ਅਤੇ ਗੁਰਦੁਆਰਾ ਡੇਹਰਾ ਸਾਹਿਬ ਵਾਲੀ ਜਗ੍ਹਾ ‘ਤੇ ਗੁਰੂ ਸਾਹਿਬ ਜੀ ਰਾਵੀ ਕੰਢੇ ਜੋਤੀ ਜੋਤ ਸਮਾਏ ਸਨ। ਇਹਨਾਂ ਦੋਹਾਂ ਅਸਥਾਨ ਦਾ ਫੈਸਲਾ ਲਗਭਗ ਡੇਢ ਕਿਲੋਮੀਟਰ ਹੈ।

ਉਹ ਅਸਥਾਨ ਜਿਥੇ ਗੁਰੂ ਸਾਹਿਬ ਜੋਤੀ ਜੋਤਿ ਸਮਾਏ ਸਨ

ਛੇਵੇਂ ਪਾਤਿਸ਼ਾਹ ਸਮੇਂ ਜਿਸ ਮੌਕੇ ਛੇਵੇਂ ਪਿਤਾ ਜੀ ਸ੍ਰੀ ਅੰਮ੍ਰਿਤਸਰ ਜੀ ਤੋਂ ਲਾਹੌਰ ਸ਼ੈਹਰ ਦੇ ਗੁਰੂ ਅਸਥਾਨਾਂ ਦੇ ਦਰਸ਼ਨ ਕਰਨੇ ਆਏ ਸਨ ਤਾਂ ਸੰਗਤ ਨੂੰ ਪੁੱਛਿਆ ਕਿ ਭਾਈ ਸਾਡੇ ਪਿਤਾ ਜੀ ਕਿਸ ਜਗ੍ਹਾ ਜੋਤੀ ਜੋਤ ਸਮਾਏ ਸਨ। ਤਾਂ ਭਾਈ ਲਗਾਹਾ ਨਾਮੇ ਇੱਕ ਸਿੱਖ ਨੇ ਉਹ ਜਗ੍ਹਾ ਦੱਸੀ ਸੀ ਜਿਸ ਜਗ੍ਹਾ ਅਜ ਕਲ ਗੁਰਦਵਾਰਾ ਹੈ ਤੇ ਛੇਵੇਂ ਪਿਤਾ ਜੀ ਨੇ ਉਸੀ ਜਗ੍ਹਾ ਇੱਕ ਛੋਟੀ ਜੈਸੀ ਮੰਜੀ ਸਾਹਿਬ ਜੀ ਤਿਆਰ ਕਰਕੇ ਭਾਈ ਲਗਾਹਾ ਸਿੱਖ ਨੂੰ ਹੀ ਸੇਵਾਦਾਰ ਬਿਠਾ ਗਏ ਸਨ।
ਖਾਲਸਾ ਰਾਜ ਸਮੇਂ ਅਕੇਰਾਂ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਰਾਵੀ ਦਰਿਆ ਵਿੱਚ ਕਿਸ਼ਤੀ ‘ਤੇ ਬੈਹ ਕੇ ਪਾਰ ਜਾ ਕੇ ਸ਼ਿਕਾਰ ਖੇਡਣ ਗਏ , ਦੋ ਚਾਰ ਸੇਵਾਦਾਰ ਲੈ ਕੇ। ਤਾਂ ਜੰਗਲ ਵਿੱਚੋਂ ਇੱਕ ਹਾਥੀ ਮਿਲ ਪਿਆ ਜੋ ਕਿ ਸਿੱਧਾ ਮਹਾਰਾਜੇ ਕੰਨੀ ਨੂੰ ਜਦ ਆਉਂਦਾ ਦੇਖਿਆ ਤਾਂ ਸੇਵਾਦਾਰ ਤਾਂ ਪਤਰਾ ਵਾਚ ਗਏ ਤੇ ਰੈਹ ਗਏ ਇਕੱਲੇ ਹੀ ਮਹਾਰਾਜਾ। ਤਾਂ ਉਸ ਵਕਤ ਪੰਜਵੇਂ ਗੁਰੂ ਜੀ ਨੂੰ ਧਿਆਉਣ ਲੱਗੇ ਤੇ ਲੱਗੇ ਬੇਨਤੀਆਂ ਕਰਨ ਕਿ ਹੇ ਸੱਚੇ ਪਾਤਸ਼ਾਹ! ਸ੍ਰੀ ਗੁਰੂ ਅਰਜਨ ਦੇਵ ਜੀ!! ਜੇ ਅੱਜ ਬਚਾਓ ਤਾਂ ਜੋ ਸੇਵਾ ਕਹੋ, ਸੋ ਮੈਂ ਕਰਨ ਨੂੰ ਤਿਆਰ ਹਾਂ। ਤਾਂ ਐਤਨੇ ਨੂੰ ਹਾਥੀ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਨੂੰ ਸੁੰਡ ਲਗਾ ਕੇ ਤੁਰਦਾ ਹੋਇਆ। ਤਾਂ ਕਿਲ੍ਹੇ ਵਿਚ ਆ ਕੇ ਆਪਣੇ ਅਹਿਲਕਾਰਾਂ ਨਾਲ ਵਿਚਾਰ ਕੀਤੀ ਕਿ ਪੰਜਵੇਂ ਗੁਰੂ ਜੀ ਦਾ ਅਸਥਾਨ ਪਹਿਲੇ ਕੌਣ ਸਾ ਬਣਾਇਆ ਜਾਵੇ ਤਾਂ ਸਭਨਾਂ ਦੀ ਏਹੀ ਰਾਇ ਹੋਈ ਡੇਹਰਾ ਸਾਹਿਬ ਜੀ। ਸੋ ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਨੇ ਹੀ ਤਾਮੀਰ ਕਰਵਾਇਆ ਸੀ।ਜਿਸ ਮੌਕੇ ਮਹਾਰਾਜਾ ਰਣਜੀਤ ਸਿੰਘ ਜੀ ਕਿਲ੍ਹੇ ਵਿਚ ਰਹਿੰਦੇ ਹੁੰਦੇ ਸਨ ਤਾਂ ਆਪ ਨੇ ਮਹਿਲਾਂ ਕਮਰਿਆਂ ਦੇ ਪਾਸ ਹੀ ਇੱਕ ਛੋਟਾ ਜਿਹਾ ਗੁਰਦਵਾਰਾ ਬਣਾ ਰੱਖਿਆ ਸੀ ਜਿਸ ਵਿਚ ਹਰ ਰੋਜ਼ ਮਹਾਰਾਜ ਜੀ ਦਾ ਪ੍ਰਕਾਸ਼ ਕਰਦਾ ਹੁੰਦਾ ਸੀ। ਜੋ ਕਿ ਗੁਰਦਵਾਰਾ ਡੇਹਰਾ ਸਾਹਿਬ ਜੀ ਤੋਂ ਖੜ੍ਹ ਕੇ ਪਹਾੜ ਦੀ ਤਰਫ ਕਿਲ੍ਹੇ ਵਿੱਚ ਦਿਖਾਈ ਦਿਖਾਈ ਦਿੰਦਾ ਸੀ।
ਅੰਗਰੇਜੀ ਰਾਜ ਸਮੇਂ ਦੇ ਹਲਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਵਡਾ ਹਾਲ ਕਮਰਾ ਨਹੀਂ ਸੀ। ਛੋਟੇ ਜਿਹੇ ਖੁਲੇ ਬਰਾਂਡੇ ਵਿਚ ਹੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ, ਕੋਈ ਰੋਜ਼ਾਨਾ ਦੀਵਾਨ ਨਹੀਂ ਸੀ ਲਗਦਾ, ਕਦੇ ਟਾਵਾਂ ਟਾਵਾਂ ਪ੍ਰੇਮੀ ਦਰਸ਼ਨ ਨੂੰ ਆਉਂਦਾ ਸੀ ਜਾਂ ਰਾਵੀ ਦਰਿਆ ਤੋਂ ਇਸ਼ਨਾਨ ਕਰਕੇ ਮੁੜਨ ਵਾਲਾ ਕੋਈ ਸਜਨ ਹਾਜ਼ਰੀ ਭਰ ਜਾਂਦਾ ਸੀ। ਜੇਠ ਸ਼ੁਦੀ ਚੌਥ ਵਾਲੇ ਦਿਨ ਇਕ ਦੋ ਛਬੀਲਾਂ ਲਗਦੀਆਂ ਸਨ ਅਤੇ ਸ਼ਾਮ ਦੇ ਵੇਲੇ ਥੋੜੀ ਜਿਹੀ ਸੰਗਤ ਆਉਂਦੀ ਸੀ ਪਰ ਉਸਦੇ ਬੈਠਣ ਲਈ ਭੀ ਅੰਦਰ ਕੋਈ ਖੁਲ੍ਹੀ ਥਾਂ ਨਹੀਂ ਸੀ ਹੁੰਦੀ। ਉਕਤ ਹਾਲਤ ਨੂੰ ਦੇਖ ਕੇ ਗੁਰੂ ਘਰ ਦੇ ਪਰਮ ਸੇਵਕ ਸੁਰਗਵਾਸੀ ਸ੍ਰੀ ਮਾਨ ਸ : ਮੋਹਰ ਸਿੰਘ ਜੀ ਚਾਵਲਾ ਨੇ ੧੯੦੯ ਈ: ਵਿਚ ਪ੍ਰਕਾਸ਼ ਅਸਥਾਨ ਲਈ ਮੌਜੂਦਾ ਹਾਲ ਬਨਾਉਣ ਦਾ ਬੀੜਾ ਚੁਕਿਆ। ਪਹਿਲਾਂ ਉਨ੍ਹਾਂ ਆਪਣੇ ਪਾਸੋਂ ਇਕ ਤਕੜੀ ਰਕਮ ਦਿਤੀ ਤੇ ਉਪ੍ਰੰਤ ਝੋਲੀ ਅੱਡ ਕੇ ਸੰਗਤਾਂ ਪਾਸੋਂ ਮਾਇਆ ਮੰਗੀ ਤੇ ਇਸ ਪ੍ਰਕਾਰ ਇਹ ਮੌਜੂਦਾ ਹਾਲ ਤਿਆਰ ਕਰਵਾਇਆ। ਫੇਰ ਰੋਜ਼ਾਨਾ ਦੀਵਾਨ ਦਾ ਪ੍ਰਬੰਧ ਹੋਇਆ। ਲੰਗਰ ਭੀ ਤਿਆਰ ਹੋਕੇ ਵਰਤਣ ਲਗਾ। ਯਾਤਰੂਆਂ ਦੀ ਰਿਹਾਇਸ਼ ਦਾ ਪ੍ਰਬੰਧ ਗਿਆ, ਜਿਸ ਕਰਕੇ ਦਿਨੋ ਦਿਨ ਸੰਗਤਾਂ ਦੀ ਆਵਾਜਾਈ ਵਧਦੀ ਗਈ ਤੇ ਬੜੀ ਭਾਰੀ ਰੌਣਕ ਹੋਣ ਲਗ ਪਈ। ਫੇਰ ਸੰਗਮਰਮਰ ਦੀ ਸੇਵਾ ਸ਼ੁਰੂ ਹੋਈ, ਬਿਜਲੀ ਭੀ ਲਗ ਗਈ, ਜਿਸ ਕਰਕੇ ਸਤਿਗੁਰੂ ਦੀ ਮੇਹਰ ਨਾਲ ਇਤਨੀਆਂ ਰੌਣਕਾਂ ਵਧੀਆਂ ਕਿ ਵਡੇ ਹਾਲ ਅਤੇ ਬਾਹਰਲੇ ਵਿਹੜੇ ਵਿਚ ਭੀ ਤਿਲ ਧਰਨ ਨੂੰ ਥਾਂ ਨਹੀਂ ਸੀ ਮਿਲਦੀ। ਜੇਠ ਸ਼ੁਦੀ ਚੌਥ ਦੇ ਸ਼ਹੀਦੀ ਮੇਲੇ ਪੂਰ ਤਾਂ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੁੰਦੀਆਂ ਤੇ ਥਾਂ ੨ ਛਬੀਲਾਂ ਲਗ ਦੀਆਂ, ਲੰਗਰ ਤੇ ਦੀਵਾਨ ਸਜਦੇ ਅਰ ਕਾਨਫਰੰਸਾਂ ਹੁੰਦੀਆਂ। ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਣ ਪੁਰ ਪੁਰਾਣੇ ਮਹੰਤਾਂ ਨੇ ਆਪਣੇ ਮੁਖੀ , ਗੁਰਦੁਆਰਿਆਂ ਦੇ ਪਰਮ ਸੇਵਕ ਸੁਰਗਵਾਸੀ ਭਾਈ ਸਾਹਿਬ ਤੇਜਾ ਸਿੰਘ ਜੀ ਦੀ ਅਗਵਾਈ ਹੇਠ ਐਲਾਨ ਕੀਤਾ ਕਿ ਗੁਰਦੁਆਰੇ ਪੰਥ ਦੀ ਮਲਕੀਅਤ ਹਨ, ਸਾਡੇ ਪਾਸੋਂ ਪੰਥ ਜਦੋਂ ਚਾਹੇ ਚਾਰਜ ਲੈ ਸਕਦਾ ਹੈ, ਉਨ੍ਹਾਂ ਇਸ ਐਲਾਨ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤੀ, ਜਿਸ ਪੁਰ ਸਨ ੧੯੨੫ ਈ : ਵਿਚ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਮਹੰਤਾਂ ਦੇ ਪ੍ਰਬੰਧ ਵਾਲੇ ਦੋਵੇਂ ਗੁਰਦੁਆਰੇ ਸ੍ਰੀ ਡੇਹਰਾ ਸਾਹਿਬ ਅਤੇ ਛੇਵੀਂ ਪਾਤਸ਼ਾਹੀ ਮੁਜ਼ੰਗ ਦੇ ਪ੍ਰਬੰਧ ਲਈ ਸ਼ਹਿਰ ਵਾਸੀ ਸਜਣਾਂ ਦੀ ਇਕ ਕਮੇਟੀ ਬਣਾਈ ਜਿਸਦੇ ਮੈਂਬਰ ਬਾਵਾ ਸਰੂਪ ਸਿੰਘ, ਸੁਰਗਵਾਸੀ ਸ: ਹਰਨਾਮ ਸਿੰਘ ਆਟੇ ਵਾਲੇ, ਭਾਈ ਸੁੰਦਰ ਸਿੰਘ ਜੀ ਰਾਗੀ ਅਤੇ ਸ. ਖਜ਼ਾਨ ਸਿੰਘ ਨੀਯਤ ਕੀਤੇ ਗਏ। ਪ੍ਰਧਾਨ ਬਾਵਾ ਸਰੂਪ ਸਿੰਘ ਜੀ ਹੋਏ ਤੇ ਸਕਤਰੀ ਦੀ ਸੇਵਾ ਖਜ਼ਾਨ ਸਿੰਘ ਨੂੰ ਬਖਸ਼ੀ ਗਈ। ਇਸ ਕਮੇਟੀ ਨੇ ਸੇਵਾ ਦੀ ਜ਼ਿੰਮਾਵਾਰੀ ਲੈਂਦਿਆਂ ਹੀ ਇਮਾਰਤ ਵਿਚ ਵਾਧੇ ਦਾ ਯਤਨ ਕੀਤਾ। ਇਸ ਤੋਂ ਪਹਿਲਾਂ ਸੰਗਤਾਂ ਦੇ ਇਸ਼ਨਾਨ ਲਈ ਇਕ ਹਰਟ ਅੰਦਰ ਹੀ ਚਲਦਾ ਸੀ ਤੇ ਜੋੜਿਆਂ ਦੀ ਸੇਵਾ ਪ੍ਰਕਾਸ਼ ਅਸਥਾਨ ਦੇ ਐਨ ਸਾਹਮਣੇ ਵਰਾਂਡੇ ਵਿਚ ਅੰਦਰ ਹੀ ਹੁੰਦੀ ਸੀ, ਕਮੇਟੀ ਨੇ ਬਿਜਲੀ ਦੀ ਮੋਟਰ ਲਗਾਕੇ ਇਸ਼ਨਾਨ ਲਈ ਗੁਸਲਖਾਨੇ ਬਾਹਰ ਬਣਾ ਦਿਤੇ ਅੰਦਰਲਾ ਹਰਟ ਬੰਦ ਕਰ ਦਿੱਤਾ, ਜੋੜਿਆਂ ਦੀ ਸੇਵਾ ਵਾਲੇ ਬਰਾਂਡੇ ਦੇ ਦਰਵਾਜ਼ੇ ਬਾਹਰ ਕੱਢ ਦਿਤੇ ਅਤੇ ਨੀਵੀਂ ਥਾਂ ਮਲਬਾ ਪਾਕੇ ਵੇਹੜੇ ਦੇ ਨਾਲ ਮਿਲਾ ਦਿਤੀ ਗਈ। ਇਸ ਤਰ੍ਹਾਂ ਕਰਨ ਨਾਲ ਅੰਦਰੋਂ ਸਭ ਰੌਲਾ ਬੰਦ ਹੋ ਗਿਆ ਤੇ ਥਾਂ ਖੁਲ੍ਹੀ ਹੋ ਗਈ।
੧੯੨੭ ਈ : ਵਿਚ ਗੁਰਦੁਆਰਾ ਐਕਟ ਅਨੁਸਾਰ ਬਣੀ ਕਮੇਟੀ ਨੇ ਸੇਵਾ ਸੰਭਾਲੀ। ਪ੍ਰਬੰਧਕਾਂ ਨੇ ਸੰਗਤਾਂ ਦੀ ਸੇਵਾ ਅਰ ਪ੍ਰਬੰਧ ਨੂੰ ਚੰਗਾ ਬਨਾਉਣ ਵੱਲ ਵਧੇਰੇ ਧਿਆਨ ਦਿਤਾ, ਜਿਸ ਕਰਕੇ ਰੌਣਕਾਂ ਹੋਰ ਵਧੀਆਂ, ਸੰਗਤਾਂ ਵਿਚ ਉਤਸ਼ਾਹ ਹੋਰ ਵਧਿਆ, ਅਰ ਆਮਦਨੀ ਵਿਚ ਭੀ ਤਰੱਕੀ ਹੋਈ। ਲਾਲਾ ਮੋਤੀ ਰਾਮ ਜੀ ਅੰਮ੍ਰਿਤਸਰ ਵਾਲਿਆਂ ਦੀ ਧਰਮ ਪਤਨੀ ਨੇ ਗੁੰਬਦ ਪੁਰ ਸੋਨੇ ਦੇ ਛਤਰ ਦੀ ਸੇਵਾ ਕੀਤੀ। ਸਰਦਾਰ ਸੁਰਜਨ ਸਿੰਘ, ਮੋਹਣ ਸਿੰਘ ਚੋਬ ਫ਼ਰੋਸ਼ ਲਾਹੌਰ ਵਾਸੀਆਂ ਨੇ ਅੰਦਰਲੇ ਗੁੰਬਦ ਪਰ ਸਾਰਾ ਸੋਨਾ ਲਗਵਾਇਆ। ਇਸ ਪਰ ਸੰਗਤਾਂ ਵਿਚ ਇੱਛਾ ਉਤਪਨ ਹੋਈ ਕਿ ਉਪਰਲੇ ਵੱਡੇ ਗੁੰਬਦ ਅਤੇ ਬੁਰਜੀਆਂ ਪਰ ਭੀ ਸੋਨਾ ਲਗਾਇਆ ਜਾਵੇ, ਸੰਗਤਾਂ ਦਾ ਪ੍ਰੇਮ ਦੇਖ ਕੇ ਅਪੀਲ ਕੀਤੀ ਗਈ। ੨੬ ਅਪ੍ਰੈਲ ੧੯੩੦ ਨੂੰ ਇਹ ਸੇਵਾ ਅਰੰਭ ਹੋਈ; ਇਸ ਵਿਚ ਅਨੇਕ ਪ੍ਰੇਮੀਆਂ ਨੇ ਮਾਇਆ ਦੇ ਗੱਫੇ ਦਿਲ ਖੋਲ੍ਹਕੇ ਦਿਤੇ ਅਤੇ ਅਨੇਕ ਮਾਈਆਂ ਬੀਬੀਆਂ ਨੇ ਅਪਣੇ ਗਹਿਣੇ ਅਰਦਾਸ ਕਰਾਏ, ਇਸ ਸੇਵਾ ਪੁਰ ੧੬੫੧੭ ਨਕਦ ਅਤੇ ੩੪੮ ਤੋਲੇ ਸਾਢੇ ਸਤ ਰੁੱਤੀ ਸੋਨਾ ਖਰਚ ਹੋਇਆ। ਇਸ ਪਵਿਤ੍ਰ ਕੰਮ ਵਿਚ ਸਭ ਤੋਂ ਵਧੀਕ ਹਿਸਾ ਮਿਸਤ੍ਰੀ ਜਵਾਲਾ ਸਿੰਘ ਜੀ ਨੇ ਪਾਇਆ। ਜਿਨ੍ਹਾਂ ਨੇ ਆਪਣੀ ਸ੍ਵਰਗਵਾਸੀ ਸਿੰਘਣੀ ਦਾ ਸਾਰਾ ਗਹਿਣਾ ੬੬ ਤੁੱਲੇ ਅਰਦਾਸ ਕਰਾਇਆ। ਇਹ ਸੇਵਾ ੯ ਸਤੰਬਰ ੧੯੩੪ ਈ : ਨੂੰ ਸੰਪੂਰਨ ਹੋਈ। ਇਸ ਵਿਚ ਸੰਗਤਾਂ ਨੂੰ ਪ੍ਰੇਰਨਾ ਕਰਨ ਅਤੇ ਆਪਣੀ ਨਿਗਰਾਨੀ ਵਿਚ ਕੰਮ ਕਰਾਉਣ ਦੀ ਸਾਰੀ ਜ਼ਿੰਮੇਵਾਰੀ ਇਸ ਅਸਥਾਨ ਦੇ ਹੈਡ ਗ੍ਰੰਥੀ, ਹਰਮਨ ਪਿਆਰੇ ਜਥੇਦਾਰ ਅਛਰ ਸਿੰਘ ਜੀ ਨੇ ਨਿਭਾਈ ਜੋ ਇਸ ਅਸਥਾਨ ਦੀ ਤਵਾਰੀਖ ਵਿਚ ਸਦਾ ਯਾਦ ਰਹੇਗੀ। ਨਵੇਂ ਜੇਠ ਸ਼ੁਦੀ ਚੌਥ ਦੇ ਸ਼ਹੀਦੀ ਮੇਲੇ ਪਰ ਮਿਉਂਨਿਸਪਲ ਕਮੇਟੀ ਲਾਹੌਰ ਵਲੋਂ ਛਬੀਲਾਂ ਨੂੰ ਪਾਣੀ ਦੇਣ ਲਈ ਆਰਜ਼ੀ ਨਾਲੀ ਲਗਾਈ ਜਾਂਦੀ ਸੀ ਜਿਸ ਨਾਲ ਪਾਣੀ ਪੂਰਾ ਨਹੀਂ ਸੀ ਪਹੁੰਚਦਾ, ਦੂਜਾ ਕਿਲ੍ਹੇ ਦੇ ਬੂਹੇ ਅਗੇ ਅਤੇ ਸੜਕ ਦੇ ਦੋਹੀਂ ਪਾਸੀਂ ਕੱਚੀ ਥਾਂ ਹੋਣ ਕਰਕੇ ਘਟਾ ਮਿਟੀ ਉਡਦਾ ਰਹਿੰਦਾ ਸੀ, ਜਿਸ ਪਰ ਖਜਾਨ ਸਿੰਘ ਸਕਤਰ (ਜਿਸ ਨੂੰ ਸੰਗਤਾਂ ਨੇ ਮਿਉਂਨਿਸਪਲ ਕਮੇਟੀ ਦਾ ਮੈਂਬਰ ਚੁਣ ਕੇ ਮਾਣ ਬਖਸ਼ਿਆ ਸੀ) ਨੇ ਮਿਉਂਨਿਸਪਲ ਕਮੇਟੀ ਵਿਚ ਮਾਮਲਾ ਪੇਸ਼ ਕਰਕੇ ਲਗਭਗ ਵੀਹ ਹਜ਼ਾਰ ਦੇ ਖਰਚ ਨਾਲ ਦੋਵੇਂ ਕੰਮ ਕਰਵਾਏ ਅਤੇ ਹੈਡ ਗ੍ਰੰਥੀ ਭਾਈ ਸਾਹਿਬ ਤੇਜਾ ਸਿੰਘ ਜੀ ਦੇ ਹੁਕਮ ਕਰਨ ਪੁਰ ਗੁਰਦੁਆਰੇ ਦੇ ਬੂਹੇ ਅੱਗੇ ਆਪਣੇ ਖਰਚ ਪਰ ਸੰਗਮਰਮਰ ਦਾ ਫਰਸ਼ ਲਗਵਾਇਆ। ਡੇਹਰਾ ਸਾਹਿਬ ਦੇ ਅੰਦਰਲੇ ਥੰਮ ਅਤੇ ਡਾਟਾਂ ਸ: ਬਿਸ਼ਨ ਸਿੰਘ ਜੀ ਨੇ ਸੰਗਮਰਮਰ ਦੀਆਂ ਬਨਾਉਣੀਆਂ ਸ਼ੁਰੂ ਕੀਤੀਆਂ, ਅਧਾ ਕੰਮ ਹੋ ਭੀ ਗਿਆ। ਰੋਜ਼ਾਨਾ ਦੀਵਾਨਾਂ ਦੀ ਵਧ ਰਹੀ ਰੌਣਕ ਨੂੰ ਦੇਖਕੇ ਮੌਜੂਦਾ ਹਾਲ ਬਹੁਤ ਛੋਟਾ ਮਾਲੂਮ ਹੁੰਦਾ ਸੀ। ਸੋ ਹਾਲ ਨੂੰ ਹੋਰ ਵਡਿਆਂ ਬਨਾਉਣ ਲਈ ਸੇਵਕਾਂ ਨੇ ਨਕਸ਼ੇ ਬਣਵਾਏ ਤੇ ਐਸਟੀਮੇਟ ਲਗਾ ਲਏ ਸਨ ਪਰ ਲੀਗੀ ਘਲੂਘਾਰੇ ਕਰਕੇ ਸਭੇ ਸਲਾਹਾਂ ਵਿਚੋਂ ਰਹਿ ਗਈਆਂ। ਮੁਸਲਮਾਨ ਗੁੰਡਿਆਂ ਨੇ ੧੩ ਅਗਸਤ ੧੯੪੭ ਨੂੰ ਇਸ ਪਵਿਤ੍ਰ ਅਸਥਾਨ ਪਰ ਹੱਲਾ ਬੋਲ ਦਿਤਾ। ਗੁਰਦੁਆਰੇ ਦੇ ਖਜ਼ਾਨਚੀ ਭਾਈ ਰਣਜੀਤ ਸਿੰਘ, ਮਿਸੜੀ ਹੀਰਾ ਸਿੰਘ ਤੇ ਹੋਰ ਕਈ ਸੇਵਾਦਾਰਾਂ ਨੂੰ ਸ਼ਹੀਦ ਕਰ ਦਿਤਾ, ਇਸ ਕਹਿਰ ਦੇ ਬਾਵਜੂਦ ਏਥੋਂ ਦੇ ਹੈਡ ਗ੍ਰੰਥੀ ਸੰਤ ਕਿਸ਼ਨ ਸਿੰਘ ਜੀ ਕੁਝ ਸੇਵਾਦਾਰਾਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਦੀ ਉਡੀਕ ਵਿਚ ੯ ਸਤੰਬਰ ੧੯੪੭ ਤਕ ਬੈਠੇ ਰਹੇ ਅੰਤ ੧੦ ਸਤੰਬਰ ਨੂੰ ਸਰਕਾਰੀ ਟਰੱਕਾਂ ਪੁਰ ਜਿਨਾਂ ਕੁ ਸਾਮਾਨ ਆ ਸਕਿਆ, ਲੈ ਆਉਣ ਦਾ ਯਤਨ ਕੀਤਾ ਗਿਆ। ਪਰ ਲੀਗੀਆਂ ਨੇ ਹਜ਼ਾਰਾਂ ਰੁਪਈਏ ਨਕਦ, ਕਈ ਬੋਰੀਆਂ ਖੰਡ ਤੇ ਕਣਕ ਆਦਿ ਦੀਆਂ ਖੋਹ ਲਈਆਂ। ਬਹੁਤ ਸਾਰੇ ਪ੍ਰੇਮੀਆਂ ਦਾ ਕੀਮਤੀ ਸਾਮਾਨ ਜੋ ਗੁਰਦੁਆਰੇ ਅੰਦਰ ਬਤੌਰ ਅਮਾਨਤ ਪਿਆ ਸੀ , ਉਹ ਭੀ ਨਹੀਂ ਆ ਸਕਿਆ। ਪਾਕਿਸਤਾਨ ਬਣਨ ਮਗਰੋਂ ਸਤਿਕਾਰਯੋਗ ਸਰਦਾਰ ਹਰੀ ਸਿੰਘ ਜੀ ਇਸ ਦੇ ਪਹਿਲੇ ਗ੍ਰੰਥੀ ਸਨ ਜੋ ੧੯੬੫ ਤੋਂ ਬਹੁਤ ਚਿਰ ਤੱਕ ਰੇਡੀਓ ਪਾਕਿਸਤਾਨ ਦੇ ਪ੍ਰੋਗਰਾਮ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰਦੇ ਰਹੇ।

ਭਾਈ ਧੰਨਾ ਸਿੰਘ ਸਾਇਕਲ ਯਾਤਰੀ ਜਦ ੨੩ ਮਾਰਚ ੧੯੩੨ ਨੂੰ ਲਾਹੌਰ ਆਪਣੀ ਯਾਤਰਾ ਸਮੇਂ ਗਏ ਤਾਂ ਦਸਦੇ ਹਨ ਕਿ ”ਗੁਰਦੁਆਰਾ ਡੇਹਰਾ ਸਾਹਿਬ ਜੀ ਵਿਚ ਲੰਗਰ ਤੇ ਰਹੈਸ਼ ਦਾ ਪ੍ਰਬੰਧ ਸੀ ਅਤੇ ਵੱਡਾ ਦੀਵਾਨ ਜੇਠ ਸੁਦੀ ਚੌਥ ਨੂੰ ਲੱਗਦਾ ਹੈ ਤੇ ਰਿਆਸਤ ਨਾਭੇ ਤੋਂ ਸਾਲਾਨਾ ੯੦ ਰੁਪਏ ਨਾਭੇਸ਼ਾਹੀ ਮਿਲਦੇ ਹੈ। ਜੋ ਕਿ ੬ ਆਨੇ ਵਿੱਚ ਨਾਭੇਸ਼ਾਹੀ ਰੁਪਿਆ ਨਾਭੇ ਵਿਚ ਹੀ ਚੱਲਦਾ ਹੈ । ਰਿਆਸਤ ਵਿਚ ਹੀ ਚਲਦਾ ਹੈ ਬਾਹਰ ਨਹੀਂ ਚਲਦਾ ਹੈ ਤੇ ਇਕ ਪਿੰਡ ਨੰਦੀਪੁਰ ਹੈ ਜੋ ਕਿ ਗੁਜਰਾਂਵਾਲੇ ਦੇ ਤੇ ਡਸਕੇ ਦੇ ਐਨ ਵਿਚ ਹੈ। ਇਸ ਪਿੰਡ ਦਾ ਸਾਲਾਨਾ ਰੁਪਿਆ ੫੦੦ ਰੁਪਏ ਆਉਂਦਾ ਹੈ। ਤੇ ਇੱਕ ਖੂਹ ਸ਼ੈਹਰ ਕਸੂਰ ਵਿਚ ਜੋ ਕਿ ੧੫੦ ਰੁਪਏ ਆਉਂਦੇ ਹੈ। ਏਹ ਖੂਹ ਬਾਬਾ ਫੂਲਾ ਸਿੰਘ ਅਕਾਲੀ ਨੇ ਗੁਰਦੁਆਰੇ ਦੇ ਨਾਮ ਲਗਵਾਇਆ ਸੀ ਤੇ ਸ਼ੈਹਰ ਲਾਹੌਰ ਵਿੱਚ  ਗੁਰਦੁਆਰੇ ਨੂੰ ਮਕਾਨ ਹੈ ਜੋ ਕਿ ਚੂਨੇ ਮੰਡੀ ਕੂਚਾ ਪਟ ਪਟੀਆਂ ਵਿਚ ਹੈ। ਕਿਰਾਇਆ ਇਕ ਮਹੀਨੇ ਦਾ ੨੦ ਰੁਪਏ ਆਉਂਦੇ ਹੈ। ਜਿਸ ਜਗ੍ਹਾ ਡੇਹਰਾ ਸਾਹਿਬ ਜੀ ਗੁਰਦਵਾਰਾ ਹੈ, ਪਹਿਲੇ ਇਸੀ ਜਗ੍ਹਾ ਦੀ ਦਰਿਆ ਰਾਵੀ ਵਗਦਾ ਹੁੰਦਾ ਸੀ, ਜੋ ਕਿ ਅਜ ਕਲ ਬਹੁਤ ਪਿੱਛੇ ਹੱਟ ਚੁੱਕਾ ਹੈ। ਜਥੇਦਾਰ ਤੇ ਗ੍ਰੰਥੀ ਭਾਈ ਅੱਛਰਾ ਸਿੰਘ ਜੀ ਹੈ। ਜਿੰਨੇ ਵੀ ਸ਼ੈਹਰ ਲਾਹੌਰ ਵਿੱਚ ਇਤਿਹਾਸੀ ਗੁਰਦਵਾਰੇ ਹੈ , ਸੋ ਸੱਭਨਾਂ ਦੇ ਪ੍ਰਧਾਨ ਭਾਈ ਅਮਰ ਸਿੰਘ ਜੀ ਹੈ ਤੇ ਸਕੱਤਰ ਦਿਆਲ ਸਿੰਘ ਜੀ ਹੈ। ਡੇਹਰਾ ਸਾਹਿਬ ਜੀ ਆਸਾ ਦੀ ਵਾਰ ਹਰ ਰੋਜ਼ ਲੱਗਦੀ ਹੈ। ਸੰਗਤਾਂ ਦਾ ਪ੍ਰੇਮ ਬਹੁਤ ਹੀ ਅੱਛਾ ਹੈ ਤੇ ਪ੍ਰੇਮ ਨਾਲ ਬਹੁਤ ਸੰਗਤ ਆਉਂਦੀ ਹੈ।”

ਮੌਜੂਦਾ ਪ੍ਰਬੰਧ
ਵੰਡ ਤੋਂ ਬਾਅਦ ਪਾਕਿਸਤਾਨ ਰਹਿ ਗਏ ਇਤਿਹਾਸਕ ਗੁਰਦੁਆਰਿਆਂ ਅਤੇ ਮੰਦਿਰਾਂ ਦਾ ਕੰਟਰੋਲ ਪਾਕਿਸਤਾਨ ਵਕਫ ਬੋਰਡ ਨੇ ਸੰਭਾਲ ਲਿਆ। ਦੋ ਗ੍ਰੰਥੀ ਨਿਯੁਕਤ ਕੀਤੇ। ਸ਼ਹੀਦੀ ਜੋੜ ਮੇਲਾ, ਵਿਸਾਖੀ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ”ਤੇ ਦੁਨੀਆ ਭਰ ਤੋਂ ਸੰਗਤਾਂ ਇਥੇ ਆਉਣ ਲੱਗੀਆਂ। ਨਵੰਬਰ ੧੯੯੬ ਈ. ‘ਚ ਇਸ ਇਤਿਹਾਸਕ ਸਥਾਨ ‘ਤੇ ੪੬ ਕਮਰਿਆਂ ਵਾਲੇ ਮੀਆਂ ਮੀਰ ਬਲਾਕ ਦੀ ਉਸਾਰੀ ਕਰਕੇ ਸੰਗਤਾਂ ਦੇ ਪ੍ਰਵਾਸ ਦਾ ਪ੍ਰਬੰਧ ਬਿਹਤਰ ਬਣਾਇਆ ਗਿਆ। ਹੁਣ ਭਾਰਤੀ ਹਿੰਦੂਆਂ ਦੇ ਜਥੇ ਵੀ ਇਸ ਕੰਪਲੈਕਸ ਵਿਚ ਠਹਿਰਾਏ ਜਾਂਦੇ ਹਨ। ਦਿਲੀ ਵਾਲੇ ਸਰਨੇ ਭਰਾਵਾਂ ਦੀ ਮਦਦ ਨਾਲ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਨੇ ਇਥੇ ਕਾਰ ਸੇਵਾ ਆਰੰਭ ਕੀਤੀ ਹੋਈ ਹੈ। ਬਾਬਾ ਜੀ ਵਲੋਂ ਕਾਰ ਸੇਵਾ ਦੀ ਨਿਗਰਾਨੀ ਕਰ ਰਹੇ ਸੇਵਾਧਾਰੀ ਸ. ਜਸਬੀਰ ਸਿੰਘ ਤਰਨਤਾਰਨ ਵਾਲੇ ਕਰ ਰਹੇ ਹਨ।

ਕੁਝ ਤਸਵੀਰਾਂ ਦੀ ਜੁਬਾਨੀ….

ਭਾਈ ਜਵਾਲਾ ਸਿੰਘ ਜੀ ਰਾਗੀ ਆਪਣੇ ਦੋ ਪੁੱਤਰਾਂ ਭਾਈ ਗੁਰਚਰਨ ਸਿੰਘ ਜੀ ਰਾਗੀ (ਜੋੜੀ ‘ਤੇ) ਅਤੇ ਭਾਈ ਅਵਤਾਰ ਸਿੰਘ ਜੀ ਰਾਗੀ (ਤਾਊਸ ‘ਤੇ) ਨਾਲ ਗਾਉਂਦੇ ਹਨ। ਇਹ ਤਸਵੀਰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਚ ੧੯੩੫ ਈ. ਹੈ ਜੋ ਰਾਗੀ ਭਾਈ ਬਲਦੀਪ ਸਿੰਘ ਹੁਰਾਂ ਦੀ ਨਿਜੀ ਕੁਲੈਕਸ਼ਨ ਵਿਚ ਸੀ।
1. ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਿਹਾੜੇ ‘ਤੇ ਗੁਰਦੁਆਰਾ ਡੇਹਰਾ ਸਾਹਿਬ ਵਿਚ ਭਾਰੀ ਜੋੜ ਮੇਲਾ ਭਰਦਾ ਸੀ ਜਿਸ ਦੀਆਂ ੧੯੪੫ ਈ. ਵਿਚ ‘ਜੌਹਨ ਕਲਾਰਕ’ ਦੁਆਰਾ ਲਈਆਂ ਦੋ ਤਸਵੀਰਾਂ ਮਿਲਦੀਆਂ ਹਨ। ਪਹਿਲੀ ਫੋਟੋ ਵਿਚ ਮੇਲੇ ਵਿਚ ਸੰਗਤਾਂ ਦਾ ਇਕਠ, ਕਿਲ੍ਹਾ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਮਿਨਾਰ ਤੇ ਗੁਰਦੁਆਰਾ ਡੇਹਰਾ ਸਾਹਿਬ ਦਿਖਾਈ ਦਿੰਦੇ ਹਨ।
2. ਜੋੜ ਮੇਲੇ ਦੌਰਾਨ ਸੰਗਤਾਂ ਦਾ ਭਾਰੀ ਇਕੱਠ ਦਿਖ ਰਿਹਾ, ਤਸਵੀਰ ਰਾਵੀ ਦਰਿਆ ਵਲ ਨੂੰ ਖਿਚੀ ਹੈ।

ਉਪਰੋਕਤ ਪੰਜ ਤਸਵੀਰਾਂ ਗੁਰਦੁਆਰਾ ਡੇਹਰਾ ਸਾਹਿਬ ਦੀਆਂ ਹਨ ਜੋ ੧੯੪੬ ਈ. ਵਿਚ ਲਾਈਫ ਮੈਗਜ਼ੀਨ ਲਈ ਮਾਰਗਰੇਟ ਬੋਰਕੇ-ਵਾਈਟ ਦੁਆਰਾ ਸ਼ਹੀਦੀ ਜੋੜ ਮੇਲੇ ‘ਤੇ ਖਿਚੀਆਂ ਸਨ। ਇਹ ਸਾਂਝੇ ਪੰਜਾਬ ਦਾ ਆਖਰੀ ਜੋੜਮੇਲਾ ਸੀ

ਗੁਰਦੁਆਰਾ ਡੇਹਰਾ ਸਾਹਿਬ ਦੀ ਇਕ ਪੁਰਾਤਨ ਤਸਵੀਰ
੧੯੩੦ ਈ. ਦੇ ਲਗਭਗ ਇਮਾਰਤ ਦੀ ਚਲ ਰਹੀ ਸੇਵਾ ਦਾ ਦ੍ਰਿਸ਼
ਪੰਚਮ ਪਾਤਿਸ਼ਾਹ ਦੇ ੪੦੮ ਸ਼ਹੀਦੀ ਪੁਰਬ ਤੇ ਗੁਰਦੁਆਰਾ ਸਾਹਿਬ ਦਾ ਬਣਾਇਆ ਰੇਖਾ ਚਿਤਰ

Photos