ਗੁਰਦੁਆਰਾ ਝਾੜੀ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨਾਲ ਸੰਬੰਧਤ ਹੈ ਜੋ ਲਹਿੰਦੇ ਪੰਜਾਬ ਦੇ ਜਿਲ੍ਹਾ ਕਸੂਰ ਵਿਚ ਪੈਂਦੇ ਪਿੰਡ ਤਰਗੇ ਤੋਂ ਪੱਛਮ ਦੇ ਪਾਸੇ ਪੌਣਾ ਕ ਮੀਲ ‘ਤੇ ਹੈ। ਕਸੂਰ ਸ਼ਹਿਰ ਤੋਂ ਉਤਰ ਵਾਲੇ ਵਾਲੇ ਪਾਸੇ ਇਸ ਅਸਥਾਨ ਦੀ ਦੂਰੀ ਲਗਭਗ ੧੦ ਕ ਕਿਲੋਮੀਟਰ ਹੈ। ਗੁਰਦੁਆਰਾ ਸਾਹਿਬ ਦੇ ਚੜ੍ਹਦੇ ਵਾਲੇ ਪਾਸੇ ਇਕ-ਡੇਢ ਕਿਲੋਮੀਟਰ ‘ਤੇ ਚੜ੍ਹਦੇ ਪੰਜਾਬ ਨਾਲੋਂ ਵੰਡਦੀ ਕੰਡਿਆਲੀ ਤਾਰ ਲੱਗੀ ਹੋਈ ਹੈ। ਪੱਛਮ ਵਾਲੇ ਪਾਸੇ ਪ੍ਰਸਿਧ ਢਾਡੀ ਭਾਈ ਸੋਹਣ ਸਿੰਘ ਸੀਤਲ ਦਾ ਪਿੰਡ ਕਾਦੀਵਿੰਡ ਹੈ।
ਇਤਿਹਾਸ ਗੁਰੂ ਅਮਰਦਾਸ ਜੀ ਜਦ ਕਸੂਰ ਦੇ ਖੱਤ੍ਰੀ ਸਿੱਖਾਂ ਵੱਲ ਆਏ ਸਨ ਤਾਂ ਇੱਥੇ ਕਈ ਦਿਨ ਨਿਵਾਸ ਕੀਤਾ ਸੀ। ਸੰਗਤਾਂ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਸੀ। ਜਿਨ੍ਹਾਂ ਅਗਾੜੀ ਪਛਾੜੀ ਕਿਲਿਆਂ ਨਾਲ ਗੁਰੂ ਜੀ ਦਾ ਘੋੜਾ ਬਧਾ ਸੀ ਉਹ ਹਰੇ ਹੋਏ ਕੇ ਬਿਰਖ ਬਣ ਗਏ। ਜਿਨ੍ਹਾਂ ਦਾ ੧੯੩੦ ਤਕ ਲਿਖੇ ਗਏ ਕਈ ਗ੍ਰੰਥਾਂ ਵਿਚ ਮੌਜੂਦ ਹੋਣ ਦਾ ਜਿਕਰ ਮਿਲਦਾ ਹੈ। ਇਹਨਾਂ ਕਿਲਿਆਂ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਅਗਾੜੀ ਪਛਾੜੀ ਸਾਹਿਬ ਵੀ ਕਿਹਾ ਜਾਂਦਾ ਸੀ।
੧੯੩੦ ਈ. ਦੇ ਸਮੇਂ ਇਥੇ ਇਕ ਨਿੱਕਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ। ਪਾਸ ਹੀ ਇੱਕ ਪ੍ਰਕਾਸ਼ ਅਸਥਾਨ ਹੈ। ਜਿਸਦੀ ਸੇਵਾ ਸਰਦਾਰ ਖੜਕ ਸਿੰਘ ਜੀ ਥਾਣੇਦਾਰ ਹਰਿਗੋਬਿੰਦਪੁਰ ਨੇ ਕਰਾਈ ਸੀ। ਗੁਰਦੁਆਰਾ ਸਾਹਿਬ ਦੇ ਨਾਂ ਪੰਜ ਘੁਮਾਉਂ ਜ਼ਮੀਨ ਸੀ ਜਿਸ ਵਿੱਚੋਂ ੨ ਘੁਮਾਉਂ ਜ਼ਮੀਨ ਸਰਦਾਰ ਸੁਲੱਖਣ ਸਿੰਘ ਜੀ ਕਾਦੀ ਵਿੰਡ ਵਾਲੇ ਵਲੋਂ ਸੀ। ਉਸ ਵਕਤ ਜੋ ਪੁਜਾਰੀ ਸਿੰਘ ਸੀ, ਬ੍ਰਿਧ ਭਲਾ ਲੋਕ ਸੀ। ਇੱਕ- ਦੋ ਸੱਜਣਾਂ ਦੇ ਲੰਗਰ ਅਤੇ ਰਹਾਇਸ਼ ਦਾ ਪ੍ਰਬੰਧ ਹੋ ਸਕਦਾ ਸੀ। ਰੇਲਵੇ ਸਟੇਸ਼ਨ ਕਸੂਰ ਤੋਂ ਅਗਨਿ ਕੋਣ ੪ ਮੀਲ ਕੱਚਾ ਰਸਤਾ ਹੈ। ਸਵਾਰੀ ਲਈ ਖਾਸ ਪ੍ਰਬੰਧ ਕਰਨਾ ਪੈਂਦਾ ਹੈ। ਇੱਥੋਂ ਦਾ ਥਾਨਾ ਕਸੂਰ ਤੇ ਡਾਕਖਾਨਾ ਕਾਦੀ ਵਿੰਡ ਹੈ।
ਮੌਜੂਦਾ ਹਾਲਾਤ – ਗੁਰਦੁਆਰਾ ਸਾਹਿਬ ਤਰਗਾ ਅਤੇ ਕਾਦੀਵਿੰਡ ਪਿੰਡਾਂ ਦੇ ਬਾਹਰਵਾਰ ਖੇਤਾਂ ਵਿਚ ਹੈ। ਜਿਸਦੀ ਇਕ ਹੀ ਨਿਸ਼ਾਨੀ ਬਚੀ ਹੋਈ ਹੈ। ਆਸਪਾਸ ਨਾ ਕੋਈ ਰੁਖ ਹੈ ਅਤੇ ਨਾ ਹੀ ਕੋਈ ਹੋਰ ਇਮਾਰਤ। ਚਾਰ ਬੁਰਜੀਆਂ ਉਪਰ ਉਚਾ ਕਰਕੇ ਗੁੰਬਦ ਬਣਿਆ ਹੋਇਆ ਹੈ ਜੋ ਗੁਰਦੁਆਰਾ ਸਾਹਿਬ ਦੀ ਆਖਰੀ ਨਿਸ਼ਾਨੀ ਹੈ। ਦੁਆਲੇ ਵਾਹੀਯੋਗ ਜਮੀਨ ਹੈ। ਗੁਰਦੁਆਰਾ ਸਾਹਿਬ ਕੋਲ ਜਾਣ ਲਈ ਖੇਤਾਂ ਦੀਆਂ ਵੱਟਾਂ ਉਪਰੋਂ ਲੰਘ ਕੇ ਜਾਣਾ ਪੈਂਦਾ ਹੈ। ਕੁਝ ਸਾਲ ਪਹਿਲਾਂ ਇਸ ਇਮਾਰਤ ਦੀ ਹਾਲਾਤ ਚੰਗੀ ਸੀ ਪ੍ਰੰਤੂ ਹੁਣ ਦਿਨ ਬ ਦਿਨ ਖਸਤਾ ਹੋ ਰਹੀ।
ਇੱਟਾਂ ਦੀਆਂ ਬਣੀਆਂ ਬੁਰਜੀਆਂ ਖੁਰ ਰਹੀਆਂ ਹਨ। ਫਿਰ ਵੀ ਇਹ ਪਵਿੱਤਰ ਸਥਾਨ ਦੋਵੇਂ ਪੰਜਾਬਾਂ ਨੂੰ ਵੰਡਦੀ ਸਰਹੱਦ ‘ਤੇ ਸ਼ਾਨਦਾਰ ਢੰਗ ਨਾਲ ਖੜ੍ਹਾ ਹੈ। ਗੁਰਦੁਆਰੇ ਦੀ ਖ਼ੂਬਸੂਰਤ ਇਮਾਰਤ ਆਖ਼ਰੀ ਸਾਹਾਂ ‘ਤੇ ਹੈ, ਜਿਸ ਦੇ ਥੰਮ੍ਹ ਢਹਿਣ ਦੀ ਕਗਾਰ ‘ਤੇ ਹਨ। ਜੇਕਰ ਥੋੜੀ ਜਿਹੀ ਮਿਹਨਤ ਨਾਲ ਇਨ੍ਹਾਂ ਚਾਰਾਂ ਥੰਮ੍ਹਾਂ ਦੀ ਮੁਰੰਮਤ ਕਰ ਦਿੱਤੀ ਜਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸ਼ਾਨਦਾਰ ਇਮਾਰਤ ਸਾਂਭੀ ਜਾ ਸਕੇਗੀ। ਨਾਨਕ ਨਾਮ ਲੇਵਾ ਸੰਗਤ ਨੂੰ ਇਸ ਅਸਥਾਨ ਦੀ ਆਪਣੀ ਨਿਸ਼ਾਨੀ ਨੂੰ ਬਚਾਉਣ ਲਈ ਉਦਮ ਕਰਨੇ ਚਾਹੀਦੇ।
ਜੋੜ ਮੇਲਾ– ਹਰ ਸਾਲ ਵਿਸਾਖੀ ਨੂੰ ਜੋੜ ਮੇਲਾ ਭਰਦਾ ਸੀ, ਦੂਰੋਂ ਨੇੜਿਓ ਸੰਗਤਾਂ ਹੁੰਮ ਹੁੰਮਾ ਕੇ ਪਹੁੰਚਦੀਆਂ ਸਨ।
ਰੁਖ – ਜੋ ਘੋੜਾ ਬੰਨ੍ਹਣ ਵਾਲੇ ਅਗਾੜੀ ਪਛਾੜੀ ਕਿੱਲੇ ਹਰੇ ਹੋਏ ਉਹ ਅਜ ਨਹੀਂ ਹਨ। ਮਹਾਨ ਕੋਸ਼(੧੯੩੦) ਤਿਆਰ ਕਰਨ ਸਮੇਂ ਇਹ ਰੁਖ ਮੌਜੂਦ ਸਨ।
ਲਾਂਘਾ ਇਹ ਗੁਰੂ ਸਾਹਿਬਾਨ ਨਾਲ ਸੰਬੰਧਿਤ ਉਹਨਾਂ ਪਵਿੱਤਰ ਅਸਥਾਨਾਂ ਵਿਚ ਆਉਂਦਾ ਹੈ ਜੋ ਦੋਵੇਂ ਪੰਜਾਬਾਂ ਨੂੰ ਵੰਡਦੀ ਸਰਹਦ ਦੇ ਬਿਲਕੁਲ ਨਜਦੀਕ ਹੈ। ਸਰਹਦ ਤੋਂ ਇਸਦੀ ਦੂਰੀ ਕਿਲੋ-ਡੇਢ ਕਿਲੋਮੀਟਰ ਹੈ। ਇਸ ਅਸਥਾਨ ਦੇ ਦਰਸ਼ਨਾਂ ਦਾ ਲਾਂਘਾ ਵੀ ਕਰਤਾਰਪੁਰ ਸਾਹਿਬ ਵਾਂਗ ਖੋਲਿਆ ਜਾਣਾ ਚਾਹੀਦਾ।
ਮਹਾਨ ਕੋਸ਼ ਵਿਚ ਜੋ ਇਸ ਅਸਥਾਨ ਦਾ ਇੰਦਰਾਜ ਹੈ ਉਹ ਹੂਬਹੂ ਇਸ ਤਰ੍ਹਾਂ ਹੈ –ਝਾੜੀ ਸਾਹਿਬ, ਪਿੰਡ ਤਰਗੇ (ਜਿਲਾ ਲਾਹੌਰ, ਤਸੀਲ ਥਾਣਾ ਕਸੂਰ) ਤੋਂ ਪੱਛਮ ਦਿਸ਼ਾ ਪੌਣ ਮੀਲ ਦੇ ਕਰੀਬ ਸ਼੍ਰੀ ਗੁਰੂ ਅਮਰਦਾਸ ਜੀ ਦਾ ਗੁਰਦ੍ਵਾਰਾ ਹੈ। ਗੁਰੂ ਜੀ ਕਸੂਰ ਨੂੰ ਜਾ ਰਹੇ ਸਨ ਤਾਂ “ਕਾਦੀਵਿੰਡ” ਦੇ ਲੋਕਾਂ ਨੇ ਪ੍ਰੇਮ ਪ੍ਰਗਟ ਕੀਤਾ, ਬੇਨਤੀ ਮੰਨਕੇ ਗੁਰੂ ਜੀ ਇੱਥੇ ਠਹਿਰਗਏ। ਛੋਟਾ ਜਿਹਾ ਅਸਥਾਨ ਬਣਿਆ ਹੋਇਆ ਹੈ। ਪਾਸ ਹੀ ਉਹ ਬਿਰਛ ਮੌਜੂਦ ਹਨ ਜਿਨ੍ਹਾਂ ਨਾਲ ਗੁਰੂ ਜੀ ਦੇ ਘੋੜੇ ਦੀ ਅਗਾੜੀ ਪਛਾੜੀ ਬੱਧੀ ਸੀ। ਕੋਲ ਇੱਕ ਪੱਕਾ ਦਾਲਾਨ ਹੈ ਜਿਸ ਵਿੱਚ ਗੁਰੂ ਗ੍ਰੰਥ- ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰਦਾਰੇ ਨਾਲ ਢਾਈ ਘੁਮਾਉਂ ਜਮੀਨ ਭਾਈ ਸੁਲੱਖਣ ਸਿੰਘ ਜੀ “ਕਾਦੀਪਿੰਡ ਵਾਲੇ ਵੱਲੋਂ ਹੈ। ਢਾਈ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ। ਮੇਲਾ ਵੈਸਾਖੀ ਨੂੰ ਲਗਦਾ ਹੈ। ਇਹ ਥਾਂ ਰੇਲਵੇ ਸਟੇਸ਼ਨ ਕਸੂਰ ਤੋਂ ਈਸ਼ਾਨ ਕੌਣ ਚਾਰ ਮੀਲ ਦੇ ਕਰੀਬ ਹੈ।
Near Me