ਇਹ ਅਸਥਾਨ ਲਹਿੰਦੇ ਪੰਜਾਬ ਦੀ ਤਹਿਸੀਲ ਤੇ ਜ਼ਿਲਾ ਕਸੂਰ ਵਿੱਚ ਹੈ। ਇਸ ਨੂੰ ਜਾਣ ਵਾਸਤੇ ਰੇਲਵੇ ਸਟੇਸ਼ਨ ਰਾਓਖਾਨ ਵਾਲਾ ਜਾ ਰਾਜਾ ਜੰਗ ‘ਤੇ ਉਤਰਨਾ ਪੈਂਦਾ ਹੈ। ਗੁਰਦੁਆਰਾ ਸਾਹਿਬ ਇਹਨਾਂ ਦੋਹਾਂ ਸਟੇਸ਼ਨਾ ਤੋਂ ਲਗਭਗ ੧੨ ਕਿਲੋਮੀਟਰ ਦੀ ਵਿੱਥ ਤੇ ਹੈ। ਇਹ ਅਸਥਾਨ ਪਿੰਡ ਵਿੱਚ ਹੈ। ਇਸ ਅਸਥਾਨ ਕਰਕੇ ਇਸ ਦਾ ਨਾਮ ਕਾਲੂਖਾਰਾ ਰਾਮ ਥੰਮਣ ਪੈ ਗਿਆ । ਬਾਬਾ ਰਾਮ ਥੰਮਣ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਸੇਰ(ਮਾਸੀ ਦਾ ਪੁਤ) ਸਨ। ਇਹ ਪ੍ਰਤਾਪੀ ਸਾਧੂ ਹਨ।
ਗੁਰੂ ਨਾਨਕ ਦੇਵ ਜੀ ਅਤੇ ਬਾਬਾ ਰਾਮ ਥੰਮਣ ਜੀ ਨਾਲ ਸੰਬੰਧਤ ਜੋ ਸਾਖੀ ਪ੍ਰਚਲਿਤ ਹੈਇਕ ਵਾਰ ਮਾਤਾ ਤ੍ਰਿਪਤਾ ਜੀ ਦੇ ਘਰ ਉਨ੍ਹਾਂ ਦੇ ਭੈਣ ਬੀਬੀ ਲੱਖੋ ਜੀ ਮਿਲਣ ਆਏ ਹੋਏ ਸਨ। ਕਹਿਣ ਲੱਗੇ ਤੇਰਾ ਪੁੱਤ ਤਾਂ ਕਮਲਾ ਜਾਪਦਾ ਹੈ, ਘਰ ਦਾ ਸਭ ਕੁਝ ਬਾਹਰ ਵੰਡ ਆਉੰਦਾ। ਬਾਲ ਉਮਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਮਾਸੀ ਤੇਰਾ ਬਾਲ ਮੇਰੇ ਤੋੰ ਵੱਧ ਕਮਲਾ ਹੋਊ। ਸੋ ਸਤਿਗੁਰਾਂ ਦੇ ਬਚਨਾਂ ‘ਤੇ ਬਾਬਾ ਰਾਮ ਥੰਮਣ ਜੀ ਵੱਡੇ ਸਾਧੂ ਹੋਏ। ਕਾਲੂ ਖਾਰਾ ਵਿਚ ਇਸੇ ਬਾਬਾ ਜੀ ਦੇ ਨਾਮ ‘ਤੇ ਪਿੰਡ ਰਾਮ ਥੰਮਣ ਬੱਝਿਆ ਜਿਥੇ ਵੈਸਾਖੀ ‘ਤੇ ਮੇਲਾ ਭਰਦਾ ਹੈ।ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਲੂ ਖਾਰਾ ਵਿਚ ਕਈ ਵਾਰ ਦਰਸ਼ਨ ਦਿੱਤੇ। ਬਹੁਤ ਸੁੰਦਰ ਕਿਲੇ ਵਰਗਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ।
ਇੱਕ ਵਿਸ਼ਾਲ ਸਰੋਵਰ ਵੀ ਸੀ ਜੋ ਹੁਣ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਸਰੋਵਰ ਦੇ ਕੰਢੇ ‘ਤੇ ਸੁੰਦਰ ਉਦਾੲਈ ਮੰਦਰ ਵੀ ਬਣਿਆ ਹੋਇਆ ਹੈ ਜੋ ਬਾਬਾ ਰਾਮਥੰਮਣ ਜੀ ਨਾਲ ਹੀ ਸੰਬੰਧਤ ਹੈ। ਕਿਹਾ ਜਾਂਦਾ ਹੈ ਕਿ ਰਾਮਥੰਮਣ ਜੀ ਦੇ ਡੇਰੇ ਵਿਚ ਹੀ ਰਾਮਦਾਸ ਬੈਰਾਗੀ ਨਿਵਾਸ ਕਰਦੇ ਸਨ। ਮਾਧੋਦਾਸ (ਬਾਬਾ ਬੰਦਾ ਸਿੰਘ ਬਹਾਦਰ) ਦਾ ਜਦੋਂ ਰਾਮ ਦਾਸ ਬੈਰਾਗੀ ਨਾਲ ਮੇਲ ਹੋਇਆ ਤਾਂ ਉਸ ਨੇ ਸਾਧੂ ਰਾਮਦਾਸ ਬੈਰਾਗੀ ਨੂੰ ਗੁਰੂ ਧਾਰਨ ਕੀਤਾ ਅਤੇ ਉਨ੍ਹਾਂ ਦੀ ਸੇਵਾ ਕਰਦਾ – ਕਰਦਾ ਉਨ੍ਹਾਂ ਦੇ ਉਪਦੇਸ਼ ਵੀ ਸੁਣਦਾ ਰਿਹਾ । ਰਾਮਦਾਸ ਬੈਰਾਗੀ ਦੀ ਮੰਡਲੀ ਨਾਲ ਮਿਲ ਕੇ ਮਾਧੋ ਦਾਸ ਹਿੰਦੁਸਤਾਨ ਦੇ ਤੀਰਥਾਂ ਦੇ ਭਰਮਨ ਨੂੰ ਗਿਆ।
ਵੰਡ ਤੋਂ ਬਾਅਦ ਉਥੋਂ ਦੇ ਉਦਾਸੀ ਪੁਜਾਰੀਆਂ ਉਠ ਕੇ ਚੜ੍ਹਦੇ ਪੰਜਾਬ ਦੇ ਜਲਾਲਾਬਾਦ ਤਹਿਸੀਲ ਨੇੜਲੇ ਪਿੰਡ ਬਾਜੇਕੇ ਡੇਰਾ ਬਣਾ ਲਿਆ।
ਲਹਿੰਦੇ ਪੰਜਾਬ ਦੇ ਕਾਲੂ ਖਾਰਾ ਵਿਚ ਹਰ ਸਾਲ ਚੇਤ ੧੪ ਤੋਂ ਵਿਸਾਖੀ ਤੱਕ ਮੇਲਾ ਲਗਦਾ ਸੀ। ਇਹ ਮੇਲਾ ਹੁਣ ਵੀ ਲਗਦਾ ਹੈ, ਪਰ ਹੁਣ ਉਹ ਸ਼ਾਨਾਂ ਕਿੱਥੇ! ਵੰਡ ਤੋਂ ਪਹਿਲਾਂ ਸਿਖ-ਮੁਸਲਮਾਨ-ਹਿੰਦੂਆਂ ਸਾਂਝੇ ਰੂਪ ਵਿਚ ਜੁੜਦੇ ਸਨ ਪ੍ਰੰਤੂ ਉਜਾੜਿਆਂ ਤੋਂ ਬਾਅਦ ਪਹਿਲਾਂ ਵਾਲਾ ਜੋੜ-ਮੇਲਾ ਨਹੀਂ ਹੁੰਦਾ, ਹੁਣ ਇਹ ਮੇਲਾ ਮੁਸਲਮਾਨ ਹੀ ਕਰਾਉਂਦੇ ਹਨ। ਇਸ ਅਸਥਾਨ ਦੇ ਨਾਮ ਹਜ਼ਾਰਾਂ ਏਕੜ ਜ਼ਮੀਨ ਤੇ ਜਾਗੀਰ ਹੈ। ਇਸ ਅਸਥਾਨ ਦੇ ਸਾਹਮਣੇ ਬਾਵੇ ਦੀ ਮਾਲ ਕਰਕੇ ਅਸਥਾਨ ਪ੍ਰਸਿੱਧ ਹੈ, ਜਿੱਥੇ ਸੁੰਦਰ ਇਮਾਰਤਾਂ ਬਣੀਆਂ ਹੋਈਆ ਹਨ। ਪ੍ਰਸਿੱਧ ਜੱਜ ਬਾਵਾ ਬਾਟੇ ਨਾਥ ਜੀ ਇਸੇ ਪਿੰਡ ਦੇ ਰਹਿਣ ਵਾਲੇ ਸਨ।
Near Me