Gurudwara Tibbi Sahib, Behbal Kalan, Faridkot ਗੁਰਦੁਆਰਾ ਟਿੱਬੀ ਸਾਹਿਬ ਬਹਿਬਲ ਕਲਾਂ, ਫਰੀਦਕੋਟ

Gurudwara Tibbi Sahib, Behbal Kalan, Faridkot ਗੁਰਦੁਆਰਾ ਟਿੱਬੀ ਸਾਹਿਬ ਬਹਿਬਲ ਕਲਾਂ, ਫਰੀਦਕੋਟ

Average Reviews

Description

ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿਚ ਕੋਟਕਪੂਰਾ ਦੇ ਦੱਖਣ-ਪੂਰਬ ਵੱਲ ੧੨ ਕਿਲੋਮੀਟਰ ਦੂਰ ਪਿੰਡ ‘ਬਹਿਬਲ ਕਲਾਂ’ ਸਥਿਤ ਹੈ। ਜੈਤੋਂ ਤੋਂ ਉਤਰ ਦਿਸ਼ਾ ਵਲ ਇਹ ਪਿੰਡ ੬ ਕਿਲੋਮੀਟਰ ਦੂਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਿਦਰਾਣੇ ਦੀ ਜੰਗ ਤੋਂ ਪਹਿਲਾਂ ਇਸ ਅਸਥਾਨ ‘ਤੇ ਆਏ ਸਨ। ਗੁਰਦੁਆਰਾ ਸਾਹਿਬ ਪਿੰਡ ਦੀ ਉੱਤਰ ਦਿਸ਼ਾ ਵਲ ਇਕ ਟਿੱਬੀ ‘ਤੇ ਹੈ। ਬਠਿੰਡਾ ਤੋਂ ਅੰਮ੍ਰਿਤਸਰ ਜਾਂਦਿਆ ਐਨ.ਐਚ ੫੪ ਹਾਈਵੇ ‘ਤੇ ਬਰਗਾੜੀ ਤੋਂ ਖੱਬੇ ਹੱਥ ਅਗਲਾ ਅੱਡਾ ਬਹਿਬਲ ਦਾ ਹੈ। ਜਿਥੋਂ ਗੁਰਦੁਆਰਾ ਸਾਹਿਬ ਸੜਕ ਤੋਂ ਲਗਭਗ ੫੦੦ ਕ ਸੌ ਮੀਟਰ ਦੀ ਦੂਰੀ ਹਟਵਾ ਹੈ। ਰੇਤ ਦੇ ਟਿਬੇ ੳਪਰ ਹੋਣ ਕਾਰਨ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਨਾਂ ਟਿੱਬੀ ਸਾਹਿਬ ਹੈ।

ਗੁਰਦੁਆਰਾ ਟਿਬੀ ਸਾਹਿਬ ਬਹਿਬਲ ਕਲਾਂ ‘ਤੇ ਪੰਛੀ ਝਾਤ

ਭਾਈ ਧੰਨਾ ਸਿੰਘ ਨੇ ਇਸ ਅਸਥਾਨ ਦੀ ਯਾਤਰਾ ੧੮ ਸਤੰਬਰ ੧੯੩੧ ਨੂੰ ਕੀਤੀ ਸੀ। ਉਹ ਇਸ ਜਗ੍ਹਾ ਦੀ ਸਾਖੀ ਬਾਰੇ ਦਸਦੇ ਹਨ ਕਿ ਇਥੇ ਦਸਮ ਪਿਤਾ ਜੀ ਗੁਰਦੁਆਰਾ ਗੁਰੂਸਰ ਵਾਲੇ ਅਸਥਾਨ ਤੋਂ ਆ ਕੇ ਨਾਮ ਜਪਦੇ ਹੁੰਦੇ ਸਨ ਤੇ ਪਿੰਡ ਗੁਰੂਸਰ ਹੀ ਵਿਖੇ ਸੰਗਤਾਂ ਉਤ੍ਰੀਆਂ ਹੁੰਦੀਆਂ ਸਨ। ਇਸ ਗੁਰਦੁਆਰੇ ਤੋਂ ਖੜ੍ਹ ਕੇ 5-5 ਕੋਸ ਤੱਕ ਗਾਉਂ ਦਿਖਦੇ ਹੈ। ਇਸ ਗੁਰਦੁਆਰੇ ਦੇ ਛਿਪਦੀ ਦੀ ਤਰਫ 1 ਮੀਲ ਤੇ ਪਿੰਡ ਗੁਰੂਸਰ ਹੈ। ਜਿਸ ਜਗ੍ਹਾ ਤੇ ਗੁਰੂ ਜੀ ਨਾਮ ਜਪਦੇ ਹੁੰਦੇ ਸਨ। ਜ਼ਮੀਨ ਨਹੀਂ ਹੈ। ਸੇਵਾਦਾਰ ਬਹਿੰਗਮ ਭਾਈ ਨਰੈਣ ਸਿੰਘ ਜੀ ਹੈ ਜੋ ਕਿ ਬਹਿੰਗਮੀ ਪੈਰਾ ਹੈ। ਦਸਮ ਪਿਤਾ ਜੀ ਗੁਪਤ ਗਫੇ ਭੇਜਦੇ ਹੈ। ਲੰਗਰ ਤੇ ਰਿਹਾਇਸ਼ ਹੈ। ਛੋਟਾ ਜੇਹਾ ਗੁਰਦੁਆਰਾ ਹੈ। ਵਾਹਿਗੁਰੂ ਜੀ।

ਜਦ ਗੁਰੂ ਸਾਹਿਬ ਬਹਿਬਲ ਪਹੁੰਚੇ ਤਾਂ ਉਹਨਾਂ ਦੇ ਵਹੀਰ ਦੀ ਗਿਣਤੀ ਕਾਫ਼ੀ ਵਧ ਗਈ ਸੀ। ਗੁਰੂ ਜੀ ਦਾ ਡੇਰਾ ਪਿੰਡ ਤੋਂ ਬਾਹਰ ਇਕ ਉੱਚੀ ਟਿੱਬੀ ਉੱਤੇ ਲੱਗਾ ਹੋਇਆ ਸੀ। ਸ਼ਾਮ ਪਈ ਤਾਂ ਗੁਰੂ ਜੀ ਨੇ ਬਹੁਤ ਸਾਰੇ ਸਿੱਖ ਰਾਤ ਦੇ ਲੰਗਰ ਤੇ ਵਿਸਰਾਮ ਲਈ ਪਿੰਡ ਵਿੱਚ ਸਿੱਖਾਂ ਦੇ ਘਰੀਂ ਭੇਜ ਦਿੱਤੇ। ਇਕ ਸ਼ਰੀਕ ਨੇ ਖੁਣਸ ਨਾਲ ਇਕ ਗ਼ਰੀਬ ਸਿੱਖ ਦੇ ਘਰ ਵੀ ਮਲਾਗਰ ਸਿੰਘ ਨਾਂ ਦੇ ਸਿੰਘ ਨੂੰ ਭਿਜਵਾ ਦਿੱਤਾ। ਸ਼ਰੀਕ ਦਾ ਖ਼ਿਆਲ ਸੀ ਕਿ ਇਸ ਤਰ੍ਹਾਂ ਗਰੀਬੜੇ ਸਿੱਖ ਦੀ ਚੰਗੀ ਬਦਨਾਮੀ ਹੋਵੇਗੀ । ‘ ਗੁਰੂ ਕੀਆ ਸਾਖੀਆਂ ‘ ਵਿੱਚ ਇਸ ਗ਼ਰੀਬ ਸਿੱਖ ਦਾ ਨਾਂ ‘ ਭਾਈ ਗੰਗਾ ਸਿੰਘ ਛੀਪਾ ਸਿੱਖ ‘ ਲਿਖਿਆ ਹੈ। ਪ੍ਰਾਹੁਣੇ ਸਿੰਘ ਨੂੰ ਗੰਗਾ ਸਿੰਘ ਆਪਣੇ ਘਰ ਲੈ ਗਿਆ। ਪਰ ਘਰ ਵਿੱਚ ਖਾਣ ਨੂੰ ਅਤੇ ਵਿਛਾਉਣ ਨੂੰ ਕੁਝ ਵੀ ਨਹੀਂ ਸੀ। ਗੰਗਾ ਸਿੰਘ ਨੇ ਜਿਸ ਖੇਸ ਦੀ ਬੁੱਕਲ ਮਾਰੀ ਹੋਈ ਸੀ, ਉਹੀ ਮੰਜੇ ਉੱਤੇ ਵਿਛਾ ਕੇ ਸਿੰਘ ਨੂੰ ਬਿਠਾਇਆ। ਉਸ ਦੀ ਸਿੰਘਣੀ ਨੇ ਪ੍ਰਾਹੁਣੇ ਸਿੰਘ ਦੇ ਪੈਰ ਗਰਮ ਪਾਣੀ ਨਾਲ ਧੋਤੇ। ਘਰ ਵਿੱਚ ਆਟਾ – ਦਾਲ ਤਾਂ ਹੈ ਨਹੀਂ ਸੀ, ਸਿਰਫ਼ ਸੁਕਾ ਕੇ ਰੱਖੇ ਹੋਏ ਪੀਲੂ ਸਨ। ਗੰਗਾ ਸਿੰਘ ਦੀ ਪਤਨੀ ਨੇ ਉਹੀ ਪੀਲੂ ਪਾਣੀ ਵਿੱਚ ਭਿਉਂ ਕੇ ਬੜੀ ਸ਼ਰਧਾ ਨਾਲ ਪ੍ਰਾਹੁਣੇ ਸਿੰਘ ਅੱਗੇ ਪਰੋਸ ਦਿੱਤੇ। ਮਲਾਗਰ ਸਿੰਘ ਨੇ ਇਹ ਭੋਜਨ ਬੜੇ ਪ੍ਰੇਮ ਨਾਲ ਛਕਿਆ ਅਤੇ ਗੁਰੂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ। ਸਵੇਰ ਹੋਈ ਤਾਂ ਸਾਰੇ ਸਿੰਘ ਫੇਰ ਗੁਰੂ ਜੀ ਕੋਲ ਹਾਜ਼ਰ ਹੋ ਗਏ। ਗੁਰੂ ਜੀ ਨੇ ਸੁਭਾਉਕੀ ਪੁੱਛਿਆ, ‘ ਸੁਣਾਓ ਸਿੰਘ , ਰਾਤੀਂ ਕੀ-ਕੀ ਪਦਾਰਥ ਛਕੇ? ਕੋਈ ਕਹੇ ਦਹੀਂ ਭੱਲੇ, ਕੋਈ ਕਹੇ ਖੀਰ ਕੜਾਹ। ਗੁਰੂ ਜੀ ਨੇ ਮਲਾਗਰ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਆਖਿਆ, “ ਜੀ ਵੱਡਾ ਉਮਦਾ ਪ੍ਰਸਾਦਿ ਛਕਿਆ। ਐਸਾ ਪ੍ਰਸਾਦਿ ਅਸੀਂ ਸਾਰੀ ਉਮਰ ਵਿੱਚ ਨਹੀਂ ਛਕਿਆ।’  ਪਿੰਡ ਦੇ ਜ਼ਿਮੀਂਦਾਰ ਬੜੇ ਹੈਰਾਨ ਹੋਏ, ‘ਉਇ, ਗੰਗਾ ਸਿੰਘ ਨੇ ਸਿੰਘ ਨੂੰ ਕੀ ਖਵਾ ਦਿੱਤਾ? ਉਸ ਦੇ ਘਰ ਤਾਂ ਫਾਕੇ ਤੇ ਫਾਕਾ ਪੈਂਦਾ ਹੈ। ਗੁਰੂ ਜੀ ਨੇ ਗੰਗਾ ਸਿੰਘ ਨੂੰ ਬੁਲਾ ਕੇ ਪੁੱਛਿਆ ਤਾਂ ਉਹ ਹੱਥ ਜੋੜ ਕੇ ਬੋਲਿਆ, ‘ ਸੱਚੇ ਪਾਤਸ਼ਾਹੋਂ, ਮੈਂ ਗ਼ਰੀਬ ਸਿੱਖ ਕੀ ਖਵਾ ਸਕਦਾ ਹਾਂ, ਪੀਲੂ ਦੀਆਂ ਕੋਕੜਾਂ ਖਵਾਈਆਂ ਹਨ, ਤੱਤੇ ਪਾਣੀ ਵਿੱਚ ਭਿਉਂ ਕੇ। ਗੁਰੂ ਜੀ ਪ੍ਰਸੰਨ ਚਿਤ ਬੋਲੇ, ‘ ਧੰਨ ਸਿੱਖੀ। ਐਸੇ ਭੀ ਹਨ : ਸਤੀ ਦੇਇ ਸੰਤੋਖੀ ਖਾਇ। ਤਿਸ ਸਿਖ ਕੇ ਗੁਰ ਬਲ ਬਲ ਜਾਇ॥ ਸਿੱਖ ਦੇ ਡੇਰੇ ਹੋਵੇ ਹੱਛਾ ਤੇ ਛਕਾਵੇ ਨਾਹੀ, ਤਾਂ ਸਿੱਖ ਨੂੰ ਛਕਾਵਣ ਵਾਲੇ ਨੂੰ ਔਗੁਣ ਹੈ। ਜੇ ਸਿੱਖ ਦੇ ਡੇਰੇ ਹੋਵੈ ਨਾਹੀ ਤੇ ਸਿੱਖ ਕਹੇ , ਕੇਹਾ ਪ੍ਰਸਾਦਿ ਮਿੱਸਾ ਅੱਗੇ ਧਰਿਆ ਹੈ ਤਾਂ ਸਿੱਖ ਛਕਣ ਵਾਲੇ ਨੂੰ ਹੱਛੀ ਨਾਹੀਂ।   – ਸਾਖੀ ਪੋਥੀ , ਸਾਖੀ 45

ਸਥਾਨਿਕ ਰਿਵਾਇਤ ਵਿਚ ਇਹ ਵੀ ਪ੍ਰਚਲਿਤ ਹੈ ਕਿ ਇਥੇ ਗੁਰੂ ਸਾਹਿਬ ਜੀ ਦੋ ਵਾਰ ਆਏ ਸਨ। ਇਕ ਵਾਰ ਤਾਂ ਉਸ ਸਮੇਂ ਜਦੋਂ ਉਹ ਕੋਟਕਪੂਰੇ ਵੱਲ ਜਾ ਰਹੇ ਸਨ ਅਤੇ ਦੂਸਰਾ ਉਦੋਂ ਜਦ ਉਹ ਕੋਟਕਪੂਰੇ ਤੋਂ ਹੋ ਕੇ ਇਧਰ ਪਿੰਡ ਢਿਲਵਾਂ ਸੋਢੀਆਂ ਵੱਲ ਆਏ ਸਨ। ਸਥਾਨਕ ਰਵਾਇਤ ਅਨੁਸਾਰ ਜਿਸ ਸਮੇਂ ਗੁਰੂ ਜੀ ਚੌਧਰੀ ਕਪੂਰੇ ਵੱਲੋਂ ਸੈਨਿਕ ਦੇਣ ਤੋਂ ਬਾਅ ਗੁਰੂ ਜੀ ਢਿਲਵਾਂ ਆਏ ਸਨ ਤਾਂ ਚੌਧਰੀ ਕਪੂਰੇ ਨੂੰ ਆਪਣੀ ਗਲਤੀ ਦੇ ਅਹਿਸਾਸ ਹੋਇਆ ਅਤੇ ਭੁੱਲ ਬਖਸ਼ਾਉਣ ਲਈ ਗੁਰੂ ਜੀ ਦੇ ਪਿੱਛੇ ਗਿਆ ਪਰੰਤੂ ਉਸ ਸਮੇਂ ਗੁਰੂ ਜੀ ਢਿਲਵਾਂ ਸੋਢੀਆਂ ਤੋਂ ਬਹਿਬਲ ਕਲਾਂ ਪਹੁੰਚ ਚੁੱਕੇ ਸਨ। ਇਸ ਲਈ ਕਪੂਰਾ ਇਥੇ ਬਹਿਬਲ ਕਲਾਂ ਆ ਕੇ ਮਿਲਿਆ ਅਤੇ ਆਪਣੀ ਭੁੱਲ ਬਖ਼ਸ਼ਾਈ। 
ਪਿੰਡ ਬਹਿਬਲ ਕਲਾਂ ਦੇ ਉੱਤਰ ਵੱਲ ਗੁਰਦੁਆਰਾ ਟਿੱਬੀ ਸਾਹਿਬ ਸੁਭਾਇਮਾਨ ਹੈ, ਜਿਸ ਦਾ ਨੀਲਾ ਨਿਸ਼ਾਨ ਸਾਹਿਬ ਦੱਸਦਾ ਹੈ ਕਿ ਇਸ ਅਸਥਾਨ ‘ਤੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਦਾ ਪਹਿਰਾ ਹੈ। ਗੁਰੂ ਸਾਹਿਬ ਜੀ ਦੇ ਆਸਣ ਲਗਾਉਣ ਵਾਲੀ ਜਗ੍ਹਾ ‘ਤੇ ਥੜ੍ਹਾ ਸਾਹਿਬ ਨੂੰ ਪੱਕਾ ਕਰਨ ਅਤੇ ਉਪਰ ਇਕ ਛੋਟਾ ਜਿਹਾ ਦਰਬਾਰ ਬਣਾਉਣ ਦੀ ਸੇਵਾ ਫਰੀਦਕੋਟ ਦੇ ਮਹਾਰਾਜਾ ਬਿਕਰਮ ਸਿੰਘ ਨੇ ੧੮੮੦-੯੦ ਦੇ ਦਹਾਕੇ ਵਿਚ ਕੀਤੀ। ਪੰਜ ਘੁਮਾਂ ਜਮੀਨ ਫਰੀਦਕੋਟ ਰਿਆਸਤ ਵੱਲੋਂ ਦਿਤੀ ਗਈ ਹੈ। ਮਾਲਵਾ ਇਤਿਹਾਸ (੧੯੫੪ ਈ.)ਅਨੁਸਾਰ ਗੁਰਦੁਆਰੇ ਦੇ ਨਾਮ ਸੋਲਾਂ ਘੁਮਾਂ ਜ਼ਮੀਨ ਕਿਸੇ ਮਹੰਤ ਜੀ ਨੇ ਖਰੀਦ ਕੇ ਲਗਵਾਈ ਸੀ। ਉਸ ਸਮੇਂ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਬੰਧ ਵਿਚ ਸੀ ਜਿਸ ਦੇ ਪ੍ਰਧਾਨ ਸ੍ਰ : ਗੁਰਬਚਨ ਸਿੰਘ ਸਨ। ਬਾਅਦ ਵਿਚ ਗੁਰਦੁਆਰੇ ਦੀ ਇਮਾਰਤ ਸੰਨ ੧੯੫੫ ਈਸਵੀਂ ਵਿਚ ਇਥੋਂ ਦੀਆਂ ਸਿੱਖ ਸੰਗਤਾਂ ਨੇ ਬਣਵਾਈ ਸੀ।

ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਦੀ ਤਸਵੀਰ

ਮਹਾਰਾਜਾ ਫਰੀਦਕੋਟ ਹਰਿੰਦਰ ਸਿੰਘ ਬਰਾੜ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਪੁਰਾਤਨ ਇਮਾਰਤ ਦੀ ਭਵਨਕਾਰੀ ਚੌਰਸ ਸੀ ਜਿਸਦੇ ਚਾਰੋਂ ਤਰਫ ਦਰਵਾਜੇ ਸਨ। ਹਰ ਦਰਵਾਜੇ ਦੇ ਦੋਹੀਂ ਪਾਸੀਂ ਬਾਰੀਆਂ ਸਨ। ਉਚਾ ਬਨੇਰਾ ਬੰਨਿਆ ਹੋਇਆ ਸੀ। ਛੱਤ ਉਪਰ ਛੋਟਾ ਜਿਹਾ ਗੁੰਬਦ ਬਣਾਇਆ ਹੋਇਆ ਸੀ। ਇਮਾਰਤ ਦੇ ਚੜ੍ਹਦੇ ਵਾਲੇ ਪਾਸੇ ਖੱਬੇ ਹਥ ਪੌੜੀਆਂ ਸਨ, ਸੱਜੇ ਹਥ ਨਿਸ਼ਾਨ ਸਾਹਿਬ ਸ਼ਸ਼ੋਬਿਤ ਸੀ। ਵਿਹੜੇ ਵਿਚ ਇੱਟਾਂ ਦੀ ਫਰਸ਼ ਲੱਗੀ ਹੋਈ ਸੀ।

ਪੁਰਾਤਨ ਇਮਾਰਤ ਦੀ ਦੁਰਲਭ ਤਸਵੀਰ

ਅਜੋਕੇ ਸਮੇਂ ਪੁਰਾਤਨ ਇਮਾਰਤ ਨੂੰ ਢਾਹ ਕੇ ੨੦੦੨ ਵਿਚ ਨਵੇਂ ਦਰਬਾਰ ਸਾਹਿਬ ਦੀ ਸੇਵਾ ਬਾਬਾ ਹਰਬੰੰਸ ਸਿੰਘ ਕਾਰਸੇਵਾ ਦਿਲੀ ਵਾਲਿਆਂ ਵੱਲੋਂ ਸੰਗਤ ਦੇ ਸਹਿਯੋੋੋਗ ਨਾਲ ਤਾਮੀਰ ਕੀਤੀ ਗਈ ਹੈ।

ਮੌਜੂਦਾ ਬਣੀ ਇਮਾਰਤ ਦੀ ੨੦੦੨ ਚਲ ਰਹੀ ਰਹੀ ਕਾਰਸੇਵਾ ਦਾ ਦ੍ਰਿਸ਼

ਇਸ ਵਿਚ ਵੱਡਾ ਸੰਗਮਰਮਰ ਦਾ ਹਾਲ ਅਤੇ ਕੇਂਦਰ ਵਿਚ ਪ੍ਰਕਾਸ਼ ਅਸਥਾਨ ਗੁੰਬਦਦਾਰ ਹੈ। ਗੁਰਦੁਆਰੇ ਨਾਲ ੬੦ ਏਕੜ ਜ਼ਮੀਨ ਹੈ ਅਤੇ ਇਸ ਦਾ ਪ੍ਰਬੰਧ ਨਿਹੰਗ ਸਿੰਘਾਂ ਦਾ ਬੁੱਢਾ ਦਲ ਕਰਦਾ ਸੀ। ਇਹ ਗੁਰਦੁਆਰਾ ਨੋਟੀਫਾਈਡ ਹੈ ਅਤੇ ਗੁਰਦੁਆਰਾ ਐਕਟ ਦੇ ਸੈਕਸ਼ਨ ੮੭ ਅਧੀਨ ਨਾਮਜ਼ਦ ਕਮੇਟੀ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਪ੍ਰਬੰਧ ਕਰਦੀ ਹੈ। ਲੰਗਰ ਰਿਹਾਇਸ਼ ਦਾ ਪ੍ਰਬੰਧ ੨੪ ਘੰਟੇ ਹੈ।
੨੦੧੫ ਵਿਚ ਬਹਿਬਲ ਕਲਾਂ ਪਿੰਡ ਚਰਚਾ ਵਿਚ ਆਇਆ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੀ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ੧ ਜੂਨ ੨੦੧੫ ਨੂੰ ਗੁਰਦੁਆਰਾ ਸਾਹਿਬ, ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੀ ਅਤੇ ਪਿੰਡ ਬਰਗਾੜੀ ਵਿਚ ਸਰੂਪ ਦੀ ਬੇਅਦਬੀ ਕਰਦਿਆ ੧੨ ਅਕਤੂਬਰ ੨੦੧੫ ਨੂੰ ਗਲੀਆਂ ਵਿਚ ਅੰਗ ਖਿਲਾਰੇ ਗਏ ਅਤੇ ਧਮਕੀ ਭਰੇ ਪੋਸਟਰ ਚਿਪਕਾਏ ਗਏ। ਜਿਸ ਤੋਂ ਬਾਅਦ ਪੰਜਾਬ ਵਿਚ ਵੱਡੀ ਪੱਧਰ ‘ਤੇ ਮੁਜਾਹਰੇ ਹੋਏ। ਰੋਸ ਮੁਜਾਹਰੇ ਕਰਦਿਆਂ ਬਹਿਬਲ ਕਲਾਂ ਦੇ ਬਸ ਅੱਡੇ ‘ਤੇ ਗੇਟ ਕੋਲ ਸੜਕ ਉਪਰ ਇਲਾਕਾ ਨਿਵਾਸੀਆਂ ਵੱਲੋਂ ਸ਼ਾਂਤਮਈ ਧਰਨਾ ਲਗਾਇਆ ਗਿਆ।

ਗੋਲੀ ਚੱਲਣ ਤੋਂ ਪਹਿਲਾਂ ਸ਼ਾਂਤਮਈ ਬੈਠੀ ਸੰਗਤ

ਜਿਥੇ ਪੰਜਾਬ ਪੁਲਿਸ ਨੇ ਸ਼ਾਂਤਮਈ ਬੈਠੀ ਸੰਗਤ ‘ਤੇ ਗੋਲੀ ਚਲਾ ਦਿਤੀ ਜਿਸ ਨਾਲ ਦੋ ਸਿਖ ਕ੍ਰਿਸ਼ਨ ਭਗਵਾਨ ਸਿੰਘ ਸਰਾਵਾਂ ਅਤੇ ਗੁਰਜੀਤ ਸਿੰਘ ਨਿਆਮੀ ਵਾਲਾ ਨੂੰ ਸ਼ਹੀਦ ਕਰ ਦਿਤਾ ਗਿਆ। ਜਿਸਦਾ ਇਨਸਾਫ ਅਜ ਤਕ(ਅਗਸਤ ੨੦੨੨) ਨਹੀਂ ਮਿਲਿਆ। ਸਿਖ ਸੰਗਤ ਵਲੋਂ ਇਨਸਾਫ ਲਈ ਮੋਰਚਾ ਮੁਖ ਮਾਰਗ ‘ਤੇ ਨਿਰੰਤਰ ਚਲ ਰਿਹਾ ਹੈ।

ਹਾਈਵੇਅ ‘ਤੇ ਬਣੇ ਗੇਟ ਕੋਲ ਜਿਥੇ ਗੋਲੀ ਚੱਲੀ ਸੀ ਵਿਖੇ ਚਲ ਰਹੇ ਮੋਰਚੇ ਦੀ ਤਸਵੀਰ
ਸਵ.ਭਾਈ ਸੰਦੀਪ ਸਿੰਘ ਦੀਪ ਸਿਧੂ ਦੀ ਮੋਰਚੇ ਵਿਚ ਸ਼ਮੂਲੀਅਤ ਦੀ ਪੁਰਾਣੀ ਤਸਵੀਰ

ਪਿਛਲੇ ਸਮੇਂ ਐਨ. ਐਚ. ੫੪ ਹਾਈਵੇ ਸੜਕ ਚੌੜੀ ਹੋਣ ਕਾਰਨ ਬਹਿਲ ਪਿੰਡ ਨੂੰ ਜਾਂਦੀ ਸੜਕ ‘ਤੇ ਬਣੇ ਪੁਰਾਤਨ ਨੀਲੇ ਰੰਗ ਦੇ ਗੇਟ ਨੂੰ ਢਾਹ ਕੇ ਹੁਣ ਕਾਰ ਸੇਵਾ ਦਿੱਲੀ ਵਾਲੇ ਬਾਬਿਆਂ ਵੱਲੋਂ ਨਵੇਂ ਗੇਟ ਦੀ ਉਸਾਰੀ ਕੀਤੀ ਗਈ ਹੈ ਜੋ ਉਪਰੋਕਤ ਮੋਰਚੇ ਦੀ ਤਸਵੀਰ ਵਿਚ ਨਜਰੀਂ ਆਉਂਦਾ ਹੈ।

Photos