ਗੁਰਦੁਆਰਾ ਜੰਡ ਸਾਹਿਬ, ਵੀਰੇ ਵਾਲਾ ਕਲਾਂ (ਫਰੀਦਕੋਟ)
ਇਹ ਗੁਰਦੁਆਰਾ ਸਾਹਿਬ ਫ਼ਰੀਦਕੋਟ ਤੋਂ ਲਹਿੰਦੇ ਵਾਲੇ ਪਾਸੇ ੨੩ ਕਿਲੋਮੀਟਰ ‘ਤੇ ਸਾਦਿਕ ਨੇੜਲੇ ਪਿੰਡ ਵੀਰੇ ਵਾਲਾ ਕਲਾਂ ਦੇ ਰਕਬੇ ਵਿੱਚ ਹੈ। ਸਾਦਿਕ ਪਿੰਡ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ ੫ ਕਿਲੋਮੀਟਰ ਦੀ ਦੂਰੀ ‘ਤੇ ਹੈ। ਗੁਰੂ ਹਰਸਹਾਏ ਮੰਡੀ ਤੋਂ ਲਗਭਗ ੧੩ ਕਿਲੋਮੀਟਰ ‘ਤੇ ਹੈ।
ਇਤਿਹਾਸ
ਇਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਤੋਂ ਵਜ਼ੀਰਪੁਰ ਨੂੰ ਜਾਂਦੇ ਅਤੇ ਵਾਪਸੀ ਤੇ ਆਉਦੋਂ ਹੋਏ ਦੋ ਵਾਰ ਚਰਨ ਪਾਏ ਸਨ ਅਤੇ ਦੋਨਾਂ ਵਾਰ ਹੀ ਇਕ ਇਕ ਰਾਤ ਕੱਟੀ। ਜਿਸ ਦਰੱਖਤਾਂ ਦੀ ਝਿੜੀ ਵਿਚ ਗੁਰੂ ਜੀ ਰੁਕੇ ਸਨ ਉਸ ਵਿਚੋਂ ਇਕ ਬੇਰੀ ਅੱਜ ਵੀ ਖੜ੍ਹੀ ਹੈ ਅਤੇ ਜਿਸ ਜੰਡ ਦੇ ਕਿੱਲੇ ਨਾਲ ਘੋੜਾ ਬੰਨ੍ਹਿਆ ਸੀ, ਉਹ ਕਿੱਲਾ ਦਾ ਅਜ ਜੰਡ ਦਾ ਰੁੱਖ ਖੜ੍ਹਾ ਹੋਇਆ ਹੈ। ਭਾਈ ਧੰਨਾ ਸਿੰਘ ਸਾਇਕਲ ਯਾਤਰੀ ਅਨੁਸਾਰ ਗੁਰੂ ਸਾਹਿਬ ਜੀ ਸੰਮੂ ਫੱਤੂ ਦੀਆਂ ਟਾਹਲੀਆਂ ਤੋਂ ਭਾਟਾ ਪਿੰਡ( ਨੇੜੇ ਗੁਰੂਹਰਸਹਾਏ) ਤੋਂ ਹੁੰਦੇ ਹੋਏ ਇਸ ਅਸਥਾਨ’ਤੇ ਪਹੁੰਚੇ ਸਨ।
ਫ਼ਰੀਦਕੋਟ ਰਿਆਸਤ ਦੁਆਰਾ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਸੀ। ਪੁਰਾਤਨ ਇਮਾਰਤ ਦੇ ਚਾਰੋਂ ਦਿਸ਼ਾਵਾਂ ਵੱਲੋਂ ਦਰਵਾਜ਼ੇ ਸਨ ਜਿਸ ਦਾ ਮੂੰਹ ਚੜ੍ਹਦੇ ਵੱਲ ਸੀ। ਰਿਆਸਤ ਦੁਆਰਾ ਉਸਾਰੇ ਗੁਰਦੁਆਰਾ ਸਾਹਿਬ ਦਾ ਯਾਦਗਾਰੀ ਪੱਥਰ ਉਸ ਇਮਾਰਤ ਵਿੱਚ ਲੱਗਿਆ ਹੋਇਆ ਸੀ। ਪਹਿਲਾਂ ਗੁਰਦੁਆਰਾ ਸਾਹਿਬ ਦੇ ਲਹਿੰਦੇ ਵਾਲੇ ਪਾਸੇ ਨਾਲ ਹੀ ਕੱਚੀ ਬਾਉਲੀ ਬਣੀ ਹੋਈ ਸੀ ਜਿਸਨੂੰ ਬਬਾ ਦਿਆਲ ਦਾਸ ਜੀ ਲੁਬਾਣਿਆਂ ਵਾਲਿਆਂ ਨੇ ਬਣਵਾਇਆ ਸੀ। ਬਾਅਦ ਵਿਚ ਇਸ ਜਗ੍ਹਾ ਸਰੋਵਰ ਬਣਾ ਦਿੱਤਾ ਗਿਆ। 1970 ਵਿਚ ਸੰਤ ਬਾਬਾ ਗੁਰਮੁਖ ਸਿੰਘ ਜੀ ਦੀ ਨਿਗਰਾਨੀ ਹੇਠ ਕਾਰ ਸੇਵਾ ਰਾਹੀ ਨਵੇਂ ਦਰਬਾਰ ਦੀ ਉਸਾਰੀ ਕਰਵਾਈ ਗਈ। ਸੰਗਮਰਮਰ ਦੇ ਹਾਲ ਵਿਚ ਪ੍ਰਕਾਸ਼ ਅਸਥਾਨ ਬਣਾਇਆ ਗਿਆ। ਕਮਲ ਦੇ ਫੁੱਲ ਨੁਮਾ ਦੁੱਧ ਚਿੱਟੇ ਰੰਗ ਦੀ ਪਾਲਕੀ ਸਾਹਿਬ ਦੀ ਸੇਵਾ ਜਸਮੱਤ ਸਿੰਘ ਢਿਲੋਂ ਕਰਵਾਈ ਗਈ ਸੀ।ਸੰਨ 2000 ਦੇ ਨੇੜੇ ਇਸ ਇਮਾਰਤ ਨੂੰ ਵੀ ਢਾਹ ਦਿੱਤਾ ਗਿਆ ਅਤੇ ਨਵੀਂ ਇਮਾਰਤ ਬਣਾਈ। ਸੰਤ ਬਾਬਾ ਅਜੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇਥੇ ਲੰਬਾ ਸਮਾਂ ਸੇਵਾ ਕੀਤੀ ਹੈ।
ਭਾਈ ਧੰਨਾ ਸਿੰਘ ਪਟਿਆਲਵੀ ਦੁਆਰਾ 9 ਅਕਤੂਬਰ 1931 ਈ: ਵਿੱਚ ਕੀਤੀ ਗਈ ਯਾਤਰਾ ਵਿਚ ਦਸਦੇ ਹਨ ਕਿ ਮਹੰਤ ਸੰਤਾ ਸਿੰਘ ਸੇਵਾ ਕਰਦੇ ਸਨ ਅਤੇ ਗੁਰਦੁਆਰੇ ਦੇ ਚੁਫੇਰੇ ਟਿੱਬੇ ਹੀ ਟਿੱਬੇ ਸਨ। ਰਿਆਸਤ ਦੁਆਰਾ ਇਕ ਅੱਠਵੀਂ ਤੱਕ ਦਾ ਖਾਲਸਾ ਸਕੂਲ ਗੁਰਦੁਆਰਾ ਸਾਹਿਬ ਦੇ ਨਾਲ ਖੋਲ੍ਹਿਆ ਗਿਆ ਹੈ ਜੋ ਕਿ ਹਿਠਾੜ ਇਲਾਕੇ ਦਾ ਪਹਿਲਾ ਸਕੂਲ ਹੈ। ਉਸ ਵਕਤ ਗੁਰਦੁਆਰਾ ਸਾਹਿਬ ਦੇ ਨਾਂ 35 ਘੁਮਾਂ ਜ਼ਮੀਨ ਦੱਸੀ ਗਈ ਹੈ ਪ੍ਰੰਤੂ ਮਹਾਨ ਕੋਸ਼ ਅਨੁਸਾਰ 25 ਘੁਮਾਂ ਹੈ ਜੋ ਕਿ ਗਹਿਣੇ ਲਈ ਹੋਈ ਸੀ।ਹੁਣ ਗੁਰਦੁਆਰਾ ਸਾਹਿਬ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਲੋਕਲ ਕਮੇਟੀ ਕਰਵਾ ਰਹੀ ਹੈ। ਅੰਬਾਂ ਦਾ ਰਮਣੀਕ ਬਾਗ ਲਗਿਆ ਹੋਇਆ ਹੈ। ਲੰਗਰ ਰਿਹਾਇਸ਼ ਦਾ ਪ੍ਰਬੰਧ ਹੈ।
ਰੁਖ – ਬੇਰੀ ਦਾ ਰੁਖ ਹੈ ਜਿਸਦੇ ਹੇਠ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਸਣ ਲਗਾਇਆ ਸੀ। ਦੋ ਜੰਡ ਦੇ ਰੁਖ ਹਨ ਇਕ ਉਹ ਜੰਡ ਜਿਸ ਦੇ ਨਾਲ ਸੱਚੇ ਪਾਤਿਸ਼ਾਹ ਨੇ ਘੋੜਾ ਬੰਨ੍ਹਿਆ ਸੀ। ਦੂਸਰਾ ਜੰਡ – ਜੋ ਪਹਿਲੇ ਜੰਡ ਦੀ ਟੁੱਟੀ ਟਾਹਣੀ ਤੋਂ ਕਿਲਾ ਤਿਆਰ ਕਰਕੇ ਅਰਦਾਸ ਕਰ ਗਡ ਦਿਤਾ ਗਿਆ ਜੋ ਹਰਾ ਭਰਿਆ ਹੋ ਗਿਆ। ਸੱਚੇ ਪਾਤਿਸ਼ਾਹ ਦੀ ਕ੍ਰਿਪਾ ਦੇਖੋ ਕਿ ਸਾਦਿਕ, ਜੰਡ ਸਾਹਿਬ ਦੇ ਏਰੀਏ ਵਿਚ ਵੀਹਵੀਂ ਸਦੀ ਦੇ ਛੇਵੇਂ ਸਤਵੇਂ ਦਹਾਕੇ ਵਿਚ ਬੜੀ ਭਾਰੀ ਸੇਮ ਰਹੀ ਜਿਸ ਕਾਰਨ ਪੁਰਾਤਨ ਰੁਖ ਇਸ ਏਰੀਏ ਵਿਚ ਬਹੁਤ ਘਟ ਬਚਿਆ ਪ੍ਰੰਤੂ ਗੁਰੂ ਸਾਹਿਬ ਦੀ ਪਵਿਤਰ ਛੋਹ ਪ੍ਰਾਪਤ ਬੇਰੀ ਅਤੇ ਜੰਡ ਬਚੇ ਰਹੇ ਅਤੇ ਅਜ ਵੀ ਹਰੇ ਭਰੇ ਹਨ। ਜਿਥੇ ਸੰਗਤਾਂ ਦਰਸ਼ਨ ਕਰਦੀਆਂ ਹਨ, ਨਤਮਸਤਕ ਹੁੰਦੀਆਂ ਹਨ।
Near Me