Gurudwara Gurusar Sahib Patshahi Dasvi , Bargari, Faridkot ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਦਸਵੀਂ , ਬਰਗਾੜੀ, ਫ਼ਰੀਦਕੋਟ

Gurudwara Gurusar Sahib Patshahi Dasvi , Bargari, Faridkot ਗੁਰਦੁਆਰਾ ਗੁਰੂਸਰ ਸਾਹਿਬ ਪਾਤਿਸ਼ਾਹੀ ਦਸਵੀਂ , ਬਰਗਾੜੀ, ਫ਼ਰੀਦਕੋਟ

Average Reviews

Description

ਗੁਰਦੁਆਰਾ ਸਾਹਿਬ ਬਰਗਾੜੀ ਦੀ ਪੁਰਾਤਨ ਤਸਵੀਰ ਜਿਸ ‘ਤੇ ਬਹੁਤ ਹੀ ਸ਼ਾਨਦਾਰ ਕੰਧ ਚਿਤਰ ਉਕਰੇ ਹੋਏ ਸਨ

ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦੀਨੇ ਕਾਂਗੜ ਨੂੰ ਭਾਗ ਲਾਉਣ ਤੋਂ ਬਾਅਦ ਖਿਦਰਾਣੇ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਵਾਂਦਰ ਪਿੰਡ ਤੋਂ ਚਾਰ-ਪੰਜ ਕਿਲੋਮੀਟਰ ਦੀ ਵਿੱਥ ‘ ਤੇ ਅੱਗੇ ਪਿੰਡ ਬਰਗਾੜੀ ਆਇਆ। ਇਸ ਪਿੰਡ ਉੱਤੇ ਕੋਟ ਕਪੂਰੇ ਦੇ ਚੌਧਰੀ ਕਪੂਰੇ ਦੇ ਛੋਟੇ ਭਰਾ ਨੰਦੇ ਦਾ ਕਬਜ਼ਾ ਸੀ। ਨੰਦੇ ਦਾ ਕਪੂਰੇ ਨਾਲ ਝਗੜਾ ਰਹਿੰਦਾ ਸੀ। ਜਦੋਂ ਗੁਰੂ ਜੀ ਬਰਗਾੜੀ ਪਹੁੰਚੇ ਤਾਂ ਨੰਦਾ ਕਪੂਰੇ ਨਾਲ ਝੜਪ ਲੈਣ ਲਈ ਜਾ ਰਿਹਾ ਸੀ। ਗੁਰੂ ਜੀ ਦਾ ਆਉਣਾ ਸੁਣ ਕੇ ਰੁਕ ਗਿਆ। ਨੰਦੇ ਨੇ ਗੁਰੂ ਜੀ ਦੇ ਵਹੀਰ ਦੀ ਬਹੁਤ ਸੇਵਾ ਕੀਤੀ। ਤਿੰਨ ਦਿਨ ਗੁਰੂ ਜੀ ਨੂੰ ਆਪਣੇ ਪਿੰਡ ਰੱਖਿਆ। ‘ਸੂਰਜ ਪ੍ਰਕਾਸ਼’ ਵਿੱਚ ਭਾਈ ਸੰਤੋਖ ਸਿੰਘ ਦੀ ਸੂਚਨਾ ਅਨੁਸਾਰ ਅਗਲੇ ਦਿਨ ਕਪੂਰੇ ਨੇ ਬਰਗਾੜੀ ਉੱਤੇ ਹਮਲਾ ਕਰ ਦਿੱਤਾ। ਗੁਰੂ ਜੀ ਨੇ ਨੰਦੇ ਨੂੰ ਯੁੱਧ ਵਿੱਚ ਜਾਣੋਂ ਵਰਜਿਆ ਅਤੇ ਕਿਹਾ ਕਿ ਮੁਕਾਬਲੇ ਲਈ ਆਪਣੇ ਬੰਦੇ ਭੇਜ ਦੇ। ਪਰ ਨੰਦਾ ਆਪਣੀ ਪਤਨੀ ਦੇ ਤਾਅਨੇ – ਮਿਹਣੇ ਨਾ ਸਹਾਰਦਾ ਹੋਇਆ ਯੁੱਧ ਵਿੱਚ ਜਾ ਵੜਿਆ ਅਤੇ ਮਾਰਿਆ ਗਿਆ।
ਇਸ ਜਗ੍ਹਾ ਦੇ ਬਾਰੇ ਵਖ ਵਖ ਪੋਠੀਆਂ ਵਿਚ ਜੋ ਜਾਣਕਾਰੀ ਦਿਤੀ ਗਈ ਹੈ ਉਹ ਅਸੀਂ ਤੁਹਾਡੇ ਨਾਲ ਹੇਠ ਲਿਖੇ ਅਨੁਸਾਰ ਸਾਂਝੀ ਕਰ ਰਹੇ ਹਾਂ
ਪੰਡਿਤ ਤਾਰਾ ਸਿੰਘ ਨਰੋਤਮ (੧੮੮੫)ਨੇ ਇਸ ਬਾਰੇ ਇਉਂ ਲਿਖਿਆ ਹੈ “ ਗੁਰੂ ਜੀ ਇਸ ਗ੍ਰਾਮ ਮੇਂ ਉਤਰੇ ਕਪੂਰੇ ਕੇ ਭਾਈ ਨੰਦ ਨੇ ਬਡੀ ਟਹਲ ਕਰੀ ਗੁਰੂ ਜੀ ਨੇ ਸੂਰਬੀਰਤਾ ਕਾ ਬਰ ਦੀਆਂ।"
ਮਾਲਵੇ ਵਿੱਚ ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਂ ਦੇ ਸਫ਼ਰਾਂ ਬਾਰੇ ਮਿਲਦੀ ‘ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ’ ਵਿਚ ਬਰਗਾੜੀ ( ਬਨਗਾੜੀ ) ਬਾਰੇ ਵਿੱਚ ਬੜੀਆਂ ਅਰਥ – ਭਰਪੂਰ ਅੱਠ ਸਤਰਾਂ ਅੰਕਿਤ ਹਨ— ‘ਅੱਗੇ ਡੇਰਾ ਬਨਗਾੜੀ ਹੋਇਆ। ਨਗਰੀ ਨੇ ਟਹਿਲ ਕੀਤੀ, ਰਸਤ ਦਿੱਤੀ। ਸਿੱਖਾਂ ਆਖਿਆ, ‘ਜੀ, ਪਾਤਸ਼ਾਹ ਏਹ ਤਾਂ ਲੋਕ ਮੋਟੇ ਜੇਹੇ ਹੈਨ। ਗੁਰੂ ਜੀ ਕਹਿੰਦੇ, ‘ ਧਾੜਵੀ ਲੋਕ ਹੈਨ, ਕਿਸੇ ਦੀ ਆਣ ਨਹੀਂ ਮੰਨਦੇ। ਏਸ ਨਗਰੀ ਏਨਾਂ ਦੀਆਂ ਧਾੜਾਂ ਕੱਠੀਆਂ ਹੋਂਦੀਆਂ ਹੈਨਿ। ਹੁਣ ਗੁਰੂ ਕਾ ਚਰਨ ਪਇਆ ਹੈ, ਹੱਛੇ ਹੋ ਜਾਨਿਗੇ। ਸੰਗਤਾਂ ਕੀਆਂ ਟਹਿਲਾਂ ਕਰਨਗੇ’। ‘ਬਰਾੜ ਗੁਰੂ ਨਾਲ। ਪੂਰੇ ਸਤਿਗੁਰ ਕਰੇ ਨਿਹਾਲ॥43 ॥
‘ਧਾੜਵੀ’ ਦਾ ਇਕੋ ਅਰਥ ‘ ਧਾੜੇ ਮਾਰਨ ਵਾਲਾ ’ ਹੀ ਨਹੀਂ ਹੁੰਦਾ , ਧੜਵੈਲ ਜਾਂ ਦੁਬੰਗ ਵੀ ਹੁੰਦਾ ਹੈ । ਇਸ ਹਵਾਲੇ ਦੇ ਅੰਤਲੇ ਵਾਕ, ਗੁਰੂ ਪ੍ਰਤੀ ਬਰਾੜਾਂ ਦੀ ਵਫ਼ਾਦਾਰੀ ਅਤੇ ਬਰਾੜਾਂ ਉੱਤੇ ਗੁਰੂ ਜੀ ਦੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਨ।
ਗਿਆਨ ਗਿਆਨ ਸਿੰਘ (੧੯੨੦ ਦੇ ਲਗਭਗ) ਅਨੁਸਾਰ ਏਥੇ ਰਾਏ ਜੱਗੇ ਚੌਧਰੀ ਨੇ ਜੋ ਸੰਘਰ ਕਿਆਂ ਬਰਾੜਾਂ ਵਿਚੋਂ ਸੀ ਨੇ ਬਹੁਤ ਸੇਵਾ ਕੀਤੀ। ਭਾਈ ਜੀਉਣ ਸਿੰਘ ਨੇ ਇਸ ਗੁਰਧਾਮ ਨੂੰ ਪ੍ਰਗਟ ਕੀਤਾ ਸੀ। ਉਹਨਾਂ ਅਨੁਸਾਰ ਸਤਾਰਾਂ ਘੁਮਾਂ ਜ਼ਮੀਨ ਰਿਆਸਤ ਫਰੀਦਕੋਟ ਵੱਲੋਂ ਮਿਲੀ ਹੋਈ ਹੈ।  ਗੁਰਦੁਆਰਾ ਸਾਹਿਬ ਪੱਕਾ ਬਣਿਆ ਹੈ।
੧੭ ਸਤੰਬਰ ੧੯੩੧  ਨੂੰ ਇਸ ਜਗ੍ਹਾ ਸਾਇਕਲ ‘ਤੇ ਯਾਤਰਾ ਕਰਨ ਵਾਲੇ ਭਾਈ ਧੰਨਾ ਸਿੰਘ ਜਦ ਇਸ ਜਗ੍ਹਾ ‘ਤੇ ਆਉਂਦੇ ਹਨ ਤਾਂ ਜੋ ਹਾਲਾਤ ਅਤੇ ਇਤਿਹਾਸ ਬਿਆਨ ਕਰਦੇ ਹਨ ਹੇਠ ਲਿਖੇ ਅਨੁਸਾਰ ਹੈ। ਪਿੰਡ ਦੇ ਉਤਰ ਦੀ ਤਰਫ ਪਾਸ ਹੀ ਦਸਵੇਂ ਪਿਤਾ ਜੀ ਦਾ ਗੁਰਦੁਆਰਾ ਹੈ। ਜੋ ਕਿ ਬਹੁਤ ਅੱਛਾ ਹੈ। ਲੰਗਰ ਤੇ ਰਿਹਾਇਸ਼ ਹੈ। ਇਸ ਜਗ੍ਹਾ ਪਿਤਾ ਜੀ ਤਿੰਨ ਦਿਨ ਠਹਿਰੇ ਸਨ। ਦੋ ਦਿਨ ਗੁਰੂ ਜੀ ਨੂੰ ਕਿਸੇ ਨੇ ਨਹੀਂ ਪੁੱਛਿਆ ਸੀ। ਪਿੰਡ ਦੇ ਸਰਦਾਰ ਤੇਜਾ ਸਿੰਘ ਨੇ ਬਗਾਰੀਆਂ ਦੇ ਹੱਥ ਰਸਦ ਤੀਸਰੇ ਦਿਨ ਭੇਜੀ ਸੀ ਤਾਂ ਬਗਾਰੀਆਂ ਨੂੰ ਗੁਰੂ ਜੀ ਨੇ ਪੁੱਛਿਆ ਕਿ ਭਾਈ ਸਰਦਾਰ ਨਹੀਂ ਆਇਆ ਹੈ ਤਾਂ ਬਗਾਰੀਆਂ ਨੇ ਕਹਿਆ ਕਿ ਮਹਾਰਾਜ ਜੀ ਆਇਆ ਨਹੀਂ ਹੈ ਤਾਂ ਗੁਰੂ ਜੀ ਨੇ ਇਹ ਕਹਿਆ ਕਿ ਭਾਈ ਏਹ ਲੋਕ ਗਰੂਰ ਵਾਲੇ ਹੋਣਗੇ ਤੇ ਧਾੜਵੀ ਹੋਣਗੇ। ਜੋ ਕਿ ਲੁੱਟ – ਲੁੱਟ ਖਾਣਗੇ ਤੇ ਕੋਈ ਦਿਨ ਐਸਾ ਆਵੇਗਾ ਕਿ ਗੁਰੂ ਤੇ ਬੇਮੁੱਖ ਹੋਣਗੇ ਤੇ ਗੁਰਦੁਆਰੇ ਨੂੰ ਨਹੀਂ ਮੰਨੇਗੇ। ਸੋ ਅਜ ਕਲ ਪਿਤਾ ਜੀ ਦੇ ਵਾਕ ਸੱਤ ਹੋ ਰਹੇ ਹੈ ਤੇ ਏਹ ਭੀ ਕਹਿਆ ਸੀ ਕਿ ਪਿੰਡ ਦਾ ਵਾਧਾ ਨਹੀਂ ਹੋਵੇਗਾ। ਸੋ ਅਜ ਕਲ ਪਿੰਡ ਦੀ ਪਦੈਸ਼ ਉਤਨੀ ਹੀ ਚਲੀ ਆਉਂਦੀ ਹੈ। ਪੁਜਾਰੀ ਦਾ ਨਾਮ ਭਗਵਾਨ ਸਿੰਘ ਜੀ ਹੈ। ਜ਼ਮੀਨ 60 ਘੁਮਾਂ ਹੈ। ਜੋ ਕਿ 25 ਘੁਮਾਂ ਤਾਂ ਪੁਜਾਰੀ ਦੇ ਖਰਚ ਵਾਸਤੇ ਦੇ ਦਿੱਤੀ ਹੋਈ ਹੈ ਤੇ ਬਾਕੀ ਦੀ ਆਮਦਨ ਪਿੰਡ ਦੀ ਕਮੇਟੀ ਆਪਨਾ ਢਿੱਡ ਭਰ ਕੇ ਸਰਕਾਰ ਦੇ ਖਜ਼ਾਨੇ ਵਿਚ ਜਮਾਂ ਕਰਾ ਦਿੰਦੀ ਹੈ। ਕਮੇਟੀ ਦੇ ਏਹ ਮੈਂਬਰ ਹੈ –ਨੱਥਾ ਸਿੰਘ , ਫੁਮਣ ਸਿੰਘ ਤੇ ਬਰਿਆਮ ਸਿੰਘ- ਏਹ ਰਿਆਸਤ ਦੀ ਤਰਫ ਸੇ ਹੈ। ਡਾਕਖਾਨਾ ਤੇ ਤਹਿਸੀਲ ਕੋਟਕਪੂਰਾ ਹੀ ਹੈ। ਸਟੇਸ਼ਨ ਜੈਤੋਂ ਤੋਂ ਉੱਤਰ ਦੀ ਤਰਫ 8 ਮੀਲ ਤੋਂ ਹੈ। ਰਿਆਸਤ ਫਰੀਦਕੋਟ ਹੈ। ਇਸ ਜਗ੍ਹਾ ਰਾਤ ਬਿਸਰਾਮ ਕੀਤਾ। ਵਾਹਿਗੁਰੂ ਜੀ ਫਤੇ ।
ਭਾਈ ਜਿਓਣ ਸਿੰਘ ਦੇ ਇਸ ਗੁਰਦੁਆਰਾ ਪ੍ਰਗਟ ਕਰ ਤੋਂ ਬਾਅਦ ਥੜ੍ਹਾ ਸਾਹਿਬ ਬੰਨ੍ਹਿਆ ਗਿਆ। ਥੜ੍ਹਾ ਸਾਹਿਬ ‘ਤੇ  ਗੁਰਦੁਆਰਾ ਸਾਹਿਬ ਦੀ ਇਮਾਰਤ ਇਮਾਰਤ ਸਭ ਤੋਂ ਪਹਿਲਾਂ ਫਰੀਦਕੋਟ ਰਿਆਸਤ ਦੇ ਰਾਜੇ ਬਿਕਰਮ ਸਿੰਘ ਦੁਆਰਾ ਬਣਾਈ ਗਈ ਸੀ। ਇਸ ਇਮਾਰਤ ‘ਤੇ ਬਹੁਤ ਸ਼ਾਨਦਾਰ ਚਿਤਰਕਾਰੀ ਕੀਤੀ ਗਈ ਸੀ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਰਾਇ ਜਗਾ ਨਾਲ ਬਣਿਆ ਇਕ ਕਾਲਪਨਿਕ ਕੰਧ ਚਿਤਰ

ਨਿਹੰਗ ਸਿੰਘਾਂ ਦੁਆਰਾ ਸ਼ਹੀਦੀ ਦੇਗਾਂ ਤਿਆਰ ਕੀਤੇ ਜਾਣ ਦਾ ਕੰਧ ਚਿਤਰ

ਕੰਵਰਜੀਤ ਸਿੰਘ ਕੰਗ ਦੇ ੧੯੮੫ ਈ : ਵਿਚ ਦੱਸਣ ਅਨੁਸਾਰ “ ਗੁਰਦੁਆਰਾ ਸਾਹਿਬ ਤੇ ਹੋਈ ਚਿੱਤਰਕਾਰੀ ਲਗਭਗ ੮੦ ਸਾਲ ਪੁਰਾਣੀ ਹੈ ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਰਾਜਾ ਬਿਕਰਮ ਸਿੰਘ (੧੮੭੪-੯੮) ਸਮੇਂ ਹੀ ਕੀਤੀ ਗਈ ਸੀ। ਜਿਥੇ ਦਸਮੇਸ਼ ਪਿਤਾ ਦਾ ਆਸਣ ਸੀ, ਉਸ ਜਗ੍ਹਾ ਪੱਕਾ ਥੜ੍ਹਾ ਬੰਨ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। ਇਸ ਪੁਰਾਣੀ ਇਮਾਰਤ ਨੂੰ 1990 ਦੇ ਲਗਭਗ ਢਾਹ ਕੇ ਨਵੀਂ ਉਸਾਰੀ ਕੀਤੀ ਗਈ। ਮਹਾਨ ਕੋਸ਼ ਅਨੁਸਾਰ 17 ਘੁਮਾਂ ਜਮੀਨ ਫਰੀਦਕੋਟ ਰਿਆਸਤ ਦੁਆਰਾ ਦਿੱਤੀ ਗਈ ਹੈ ਜਦਕਿ ਵਿਸਾਖਾ ਸਿੰਘ ਦੁਆਰਾ ਕਿਹਾ ਗਿਆ ਹੈ ਕਿ 24 ਘੁਮਾਂ ਜ਼ਮੀਨ ਮਾਫ਼ੀ ਸੀ। ਗੁਰਦੁਆਰਾ ਪਾਤਸ਼ਾਹੀ ਦਸਵੀਂ ਚਾਰ ਦੀਵਾਰੀ ਅੰਦਰ ਬਣਿਆ ਹੈ , ਜਿਸ ਵਿਚ ੫ × ੫ ਮੀਟਰ ਚਕੋਰ ਕਮਰਾ ਹੈ, ਜਿਸ ਨਾਲ ਹੁਣ ੧੦×੧੦ ਮੀਟਰ ਹਾਲ ਦਾ ਵਿਸਥਾਰ ਕੀਤਾ ਗਿਆ ਹੈ। ਆਸ ਪਾਸ ਬਰਾਂਡੇ ਬਣਾਏ ਹੋਏ ਹਨ। ਗੁਰਦੁਆਰਾ ਸਾਹਿਬ ਦੇ ਖੱਬੇ ਹੱਥ ਸਰੋਵਰ ਹੈ। ਦਰਸ਼ਨੀ ਡਿਓਡੀ ਬਣੀ ਹੋਈ ਹੈ ਜੋ ਪਿੰਡ ਦੀ ਫਿਰਨੀ ਦੇ ਬਿਲਕੁਲ ਉਪਰ ਹੈ। ਗੁਰਦੁਆਰਾ ਸਾਹਿਬ ਦੀ ਚਾਰਦੁਆਰੀ ਦੇ ਨਾਲ ਲਗਦਾ ਹੀ ਇਕ ਛੱਖੜ ਹੈ ਜਿਸਦੇ ਦੁਆਲੇ ਸੜਕ ਬਣੀ ਹੋਈ ਹੈ। ਇਥੋਂ ਹੀ ਉਤਰ ਵੱਲ ਨੂੰ ਪਿੰਡ ਸਾਹੋਕੇ ਨੂੰ ਸੜਕ ਜਾਂਦੀ ਹੈ। ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ ਦੇ ਸੈਕਸ਼ਨ ੮੫ ਅਧੀਨ ਕਰਦੀ ਹੈ। ਵੱਡਾ ਦੀਵਾਨ, ਖਾਲਸੇ ਦੇ ਜਨਮ ਦਿਨ ਵਿਸਾਖੀ ‘ਤੇ ਹੁੰਦਾ ਹੈ।
੨੦ ਫਰਵਰੀ ੧੯੨੪ ਵਿਚ ਇਹ ਪਿੰਡ ਉਸ ਸਮੇਂ ਹੋਰ ਚਰਚਾ ਵਿਚ ਆਇਆ, ਜਦੋਂ ਜੈਤੋ ਮੋਰਚੇ ਸਮੇਂ ਪਹਿਲਾ ਸ਼ਹੀਦੀ ਜਥਾ ਗੁਰਦੁਆਰਾ ਗੰਗਸਰ ਵੱਲ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਅਤੇ ਰਾਤ ਇਸ ਪਿੰਡ ਵਿਚ ਠਹਿਰਿਆ ਸੀ। ਪਿੰਡ ਵਾਸੀਆਂ ਨੇ ਜਥੇ ਦੀ ਪਿਆਰ ਭਾਵਨਾ ਨਾਲ ਬਹੁਤ ਸੇਵਾ ਕੀਤੀ।

ਦੂਜੀ ਵਾਰ ਇਹ ਪਿੰਡ ਚਰਚਾ ਵਿਚ ਆਇਆ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੀ ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ੧ ਜੂਨ ੨੦੧੫ ਨੂੰ ਗੁਰਦੁਆਰਾ ਸਾਹਿਬ, ਬੁਰਜ ਜਵਾਹਰ ਸਿੰਘ ਵਾਲਾ(ਲਾਗਲਾ ਪਿੰਡ) ਤੋਂ ਚੋਰੀ ਕੀਤੀ ਅਤੇ ਪਿੰਡ ਬਰਗਾੜੀ ਵਿਚ ਸਰੂਪ ਦੀ ਬੇਅਦਬੀ ਕਰਦਿਆ ੧੨ ਅਕਤੂਬਰ ੨੦੧੫ ਨੂੰ ਗਲੀਆਂ ਵਿਚ ਅੰਗ ਖਿਲਾਰੇ ਗਏ ਅਤੇ ਧਮਕੀ ਭਰੇ ਪੋਸਟਰ ਚਿਪਕਾਏ ਗਏ। ਜਿਸ ਤੋਂ ਬਾਅਦ ਪੰਜਾਬ ਵਿਚ ਵੱਡੀ ਪੱਧਰ ‘ਤੇ ਮੁਜਾਹਰੇ ਹੋਏ। ਰੋਸ ਮੁਜਾਹਰੇ ਕਰਦਿਆਂ ਨਜਦੀਕੀ ਪਿੰਡ ਬਹਿਬਲ ਵਿਚ ਪੁਲਿਸ ਦੀ ਗੋਲੀ ਨਾਲ ਦੋ ਸਿਖਾਂ ਨੂੰ ਸ਼ਹੀਦ ਕਰ ਦਿਤਾ ਗਿਆ।
ਰਿਵਾਇਤ – ਸਥਾਨਕ ਰਵਾਇਤ ਮੁਤਾਬਕ ਗੁਰੂ ਸਾਹਿਬ ਇਥੇ ਤਿੰਨ ਦਿਨ ਰਹੇ ਸਨ। ਇਹ ਵੀ ਰਵਾਇਤ ਹੈ ਕਿ ਗੁਰੂ ਸਾਹਿਬ ਇਥੇ ਦੋ ਵਾਰ ਆਏ ਸਨ। ਫਰੀਦਕੋਟ ਸਟੇਟ ਗਜ਼ਟਿਅਰ ( 1915 ) ਅਨੁਸਾਰ “ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਜਗ੍ਹਾ ਆਮਦ ਦੀ ਯਾਦ ਵਿਚ ਹਰ ਸਾਲ 1 ਵਿਸਾਖ ਨੂੰ ਮੇਲਾ ਲਗਦਾ ਜਿਸ ਵਿਚ 500 ਦੇ ਕਰੀਬ ਸੰਗਤ ਦਾ ਇਕੱਠ ਹੁੰਦਾ ਸੀ।”
ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਹੈ।

Photos